Article

ਮਹਿੰਗੇ ਪਿਆਜ਼ ਦਾ ਤੜਕਾ...! ਮੁਹੰਮਦ ਅੱਬਾਸ ਧਾਲੀਵਾਲ

October 09, 2019 09:08 PM
ਮਹਿੰਗੇ ਪਿਆਜ਼ ਦਾ ਤੜਕਾ...! 
 
ਪਿਆਜ਼ ਦਾ ਸਬਜੀਆਂ ਨਾਲ ਉਹੋ ਰਿਸ਼ਤਾ ਹੈ ਜੋ ਨੋਹਾਂ ਤੇ ਮਾਸ ਦਾ ਹੁੰਦਾ ਹੈ। ਪਿਆਜ਼ ਜਿਥੇ ਹਰ ਸਬਜ਼ੀ ਦਾ ਜਾਇਕਾ ਬਨਾਉਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦਾ ਹੈ। ਉਥੇ ਹੀ ਇਸ ਦੀ ਘਾਟ ਕਾਰਨ ਜਿਥੇ ਵਧੇਰੇ ਸਬਜੀਆਂ ਦਾ ਜਾਇਕਾ ਬਰਬਾਦ ਤੇ ਬਦਮਜਾਹ ਹੋ ਜਾਂਦਾ ਹੈ ਉਥੇ ਹੀ ਇਸ ਦੀਆਂ ਕੀਮਤਾਂ ਆਸਮਾਨੀ ਚੜਨ ਨਾਲ ਅਕਸਰ ਘਰਾਂ ਦਾ ਬਜਟ ਦਾ ਵਿਗੜਦਿਆਂ ਦੇਰ ਨਹੀਂ ਲਗਦੀ ਜੇਕਰ ਪਿਆਜ਼ ਦੀ ਮਹਿੰਗਾਈ ਵਾਲੇ ਦਿਨਾਂ ਦੌਰਾਨ ਕਿਸੇ ਸਾਧਾਰਨ ਘਰ ਵਾਲਿਆਂ ਨੇ ਕੁੜੀ ਦਾ ਵਿਆਹ ਧਰਿਆ ਹੋਵੇ ਤਾਂ ਕੁੜੀ ਦੇ ਮਾਪਿਆਂ ਦੀ ਜੋ ਹਾਲਤ ਹੁੰਦੀ ਹੈ ਉਸ ਦਾ ਬਿਆਨ ਮੁਸ਼ਕਲ ਹੈ । 
ਪ੍ਰਧਾਨ ਮੰਤਰੀ ਜੀ ਨੇ ਪਿਛਲੇ ਦਿਨੀਂ ਪੜੇ ਲਿਖੇ ਬੇਰੁਜ਼ਗਾਰ ਯੁਵਕਾਂ ਨੂੰ ਇਹ ਬੇਸ਼ਕੀਮਤੀ ਸਲਾਹ ਦਿੱਤੀ ਕਿ ਜੇਕਰ ਤੁਹਾਨੂੰ ਨੋਕਰੀ ਨਹੀਂ ਮਿਲਦੀ ਤਾਂ ਤੁਹਾਨੂੰ ਚਾਹੀਦਾ ਹੈ ਕਿ ਪਕੌੜਿਆਂ ਦੀ ਰੇੜ੍ਹੀ ਲਗਾ ਲਓ । ਉਨ੍ਹਾਂ ਸ਼ਾਇਦ ਠੀਕ ਹੀ ਕਿਹਾ ਵੈਸੇ ਵੀ ਵਿਹਲਾ ਮੰਨ ਸ਼ੈਤਾਨ ਦਾ ਘਰ ਸਮਝਿਆ ਜਾਂਦਾ ਹੈ ਫੇਰ ਇਹ ਵੀ ਕਿਹਾ ਜਾਂਦਾ ਹੈ ਕਿ ਵਿਹਲੇ ਨਾਲੋਂ ਬਗਾਰ ਚੰਗੀ ਸੋ ਨਤੀਜਾ ਇਹੋ ਸਾਹਮਣੇ ਆਇਆ ਕਿ ਵਿਹਲੇ ਰਹਿਣ ਨਾਲੋਂ ਕੋਈ ਕੰਮ ਕਰਨਾ ਚੰਗਾ ਹੈ ਭਾਵੇਂ ਉਹ ਪਕੌੜਿਆਂ ਦੀ ਰੇਹੜੀ ਲਗਾਉਣ ਵਾਲਾ ਹੀ ਕਿਉਂ ਨਾ ਹੋਵੇ। ਸਾਡਾ ਇਕ ਦੋਸਤ ਐਮ ਏ, ਬੀ. ਐਡ ਹੈ ਬਦਕਿਸਮਤੀ ਇਹ ਕਿ ਹਾਲੇ ਤੱਕ ਬੇਰੁਜ਼ਗਾਰ ਹੈ ਭਾਵੇਂ ਉਸ ਦਾ ਨਾਂ ਅਮੀਰ ਚੰਦ ਹੈ ਪਰ ਉਹ ਦੀ ਮੰਦਹਾਲੀ ਵੇਖਦਿਆਂ ਉਸ ਨੂੰ ਅਮੀਰ ਚੰਦ ਕਹਿੰਦੇ ਹੋਏ ਇੰਝ ਲੱਗਦਾ ਹੈ ਜਿਵੇਂ ਚੰਨ ਨੂੰ ਗਰੀਬੀ ਦਾ ਗ੍ਰਹਿਣ ਲਗਿਆ ਹੋਵੇ। ਖੈਰ ! ਛੱਡੋ ਮੈਂ ਭਾਵੁਕ ਹੋ ਜਾਵਾਂਗਾ। ਪਿਛਲੇ ਦਿਨੀਂ ਉਸ ਨੇ ਪ੍ਰਧਾਨ ਮੰਤਰੀ ਦੀ ਸਲਾਹ ਮੰਨਦਿਆਂ ਪਕੌੜਿਆਂ ਦੀ ਰੇਹੜੀ ਲਾ ਲਈ, ਕੁੱਝ ਦਿਨ ਉਸ ਨੂੰ ਮੁਸ਼ਕਿਲਾਂ ਪੇਸ਼ ਆਈਆਂ ਫਿਰ ਸੱਭ ਨਾਰਮਲ ਹੋ ਗਿਆ ਤੇ ਆਰਾਮ ਨਾਲ ਤਿੰਨ ਤੋਂ ਚਾਰ ਸੌ ਦੀ ਦਿਹਾੜੀ ਪੈਣ ਲੱਗੀ ਤੇ ਉਸ ਨੂੰ ਲੱਗਣ ਲਗਿਆ ਕਿ ਹੁਣ ਕੁੱਝ ਦਿਨਾਂ ਵਿੱਚ ਹੀ ਉਸ ਦੇ ਚੰਗੇ ਦਿਨ ਆ ਜਾਣਗੇ ਪਰ ਉਹ ਹਾਲੇ ਸੁਪਨੇ ਵੇਖ ਰਿਹਾ ਸੀ ਕਿ ਪਿਆਜ਼ਾਂ ਦੀਆਂ ਕੀਮਤਾਂ ਦਿਨਾਂ ਵਿਚ ਆਸਮਾਨੀ ਚੜਨ ਨਾਲ ਜਿਵੇਂ ਉਸ ਦੇ ਸਾਰੇ ਚੂਰ ਹੋ ਗਏ ਹੋਣ ਤੇ ਜਿਵੇਂ "ਦਿਲ ਕੇ ਅਰਮਾਂ ਆਂਸੂਓਂ ਮੇਂ ਬਹਿ ਗਏ "
ਉਧਰ ਪਿਆਜ਼ਾਂ ਨੂੰ ਵੇਖ ਕੇ ਆਲੂਆਂ ਨੇ ਵੀ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਇਨ੍ਹਾਂ ਦੋਵਾਂ ਨੂੰ ਵੇਖ ਟਮਾਟਰਾਂ ਨੂੰ ਗੁੱਸਾ ਆਇਆ ਤੇ ਉਹ ਵੀ ਪਿਆਜ਼ਾਂ ਦੇ ਭਾਅ ਵਿਕਣ ਲੱਗੇ। ਟਮਾਟਰਾਂ ਨੂੰ ਵੇਖ ਕਰੇਲੇ ਦੀਆਂ ਕੀਮਤਾਂ ਵੀ ਨਿੰਮ ਤੇ ਜਾ ਚੜੀਆਂ । ਇਸ ਦੇ ਨਾਲ ਹੀ ਗੋਭੀ ਅਤੇ ਭਿੰਡੀਆਂ ਨੇ ਸੋਚਿਆ ਕਿ ਅਸੀਂ ਕਿਹੜਾ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਹਾਂ ਸੋ ਵੇਖਦੇ ਹੀ ਵੇਖਦਿਆਂ ਉਨ੍ਹਾਂ ਦੀਆਂ ਕੀਮਤਾਂ ਵੀ ਆਸਮਾਨੀ ਜਾ ਚੜੀਆਂ। ਕਹਿਣ ਦਾ ਭਾਵ ਇਕ ਗਰੀਬ ਆਦਮੀ ਦਾ ਦਾਲ ਸਬਜ਼ੀ ਨਾਲ ਰੋਟੀ ਖਾਣਾ ਵੀ ਇਕ ਸੁਪਨਾ ਹੀ ਬਣ ਕੇ ਰਹਿ ਗਿਆ। 
ਸੁਣਿਆ ਅੱਜ ਕਲ ਹਾਲਾਤ ਇਹ ਹਨ ਕਿ ਹੁਣ ਜਦੋਂ ਕੋਈ ਭਰਾ ਆਪਣੀ ਭੈਣ ਨੂੰ ਮਿਲਣ ਦਾ ਪ੍ਰੋਗਰਾਮ ਬਨਾਉਂਦਾ ਹੈ ਤਾਂ ਅਗੋਂ ਭੈਣ ਦਾ ਪਹਿਲਾਂ ਹੀ ਫੋਨ ਆ ਜਾਂਦਾ ਹੈ ਕਿ "ਵੀਰੇ ਸ਼ੂਗਰ ਦੇ ਚਲਦਿਆਂ ਮਿਠਾਈ, ਫਰੂਟ ਲਿਆਉਣ ਦੀ ਖੇਚਲ ਨਾ ਕਰੀਂ ਬਸ ਦੋ ਕਿਲੋ ਪਿਆਜ਼ ਹੀ ਲਿਆਈਂ , ਜਦ ਦਾ ਪਿਆਜ਼ ਮਹਿੰਗਾ ਹੋਇਆ ਹੈ ਤੇਰਾ ਜੀਜਾ ਪਿਆਜ਼ ਲਿਆਉਣਾ ਭੁੱਲ ਹੀ ਜਾਂਦੇ । 
ਇਸੇ ਤਰ੍ਹਾਂ ਅੱਜ ਵਧੇਰੇ ਦਫਤਰਾਂ ਵਿਚ ਬਾਬੂਆਂ ਤੋਂ ਕੰਮ ਕਢਵਾਉਣ ਵਾਲੇ ਆਦਮੀ ਵੀ ਕੈਸ਼ ਦੇਣ ਦੀ ਥਾਂ ਬਾਬੂਆਂ ਦੇ ਰੁਤਬੇ ਮੁਤਾਬਿਕ ਪੰਸੇਰੀ ਜਾਂ ਕੱਟਾ ਪਿਆਜ਼ ਦੇਣ ਚ ਹੀ ਭਲਾਈ ਸਮਝਦੇ ਹਨ ਨਾਲੇ ਪਿਆਜ਼ ਦੇ ਲੈਣ-ਦੇਣ ਨਾਲ ਕਿਸੇ ਅਫਸਰ ਜਾਂ ਕਰਮਚਾਰੀ ਨੂੰ ਰੰਗੇ ਹੱਥੀਂ ਫੜੇ ਜਾਣ ਦਾ ਵੀ ਡਰ ਨਹੀਂ ਰਹਿੰਦਾ । 
ਪਿਆਜ਼ ਇਕ ਅਜਿਹੀ ਸਬਜ਼ੀ ਹੈ ਜੋ ਹਕੂਮਤਾਂ ਦੇ ਤਖਤ ਪਲਟਣ ਦੀ ਤਾਕਤ ਰੱਖਦੀ ਹੈ ਮੈਨੂੰ ਯਾਦ ਹੈ ਕਿ ਇਕ ਵਾਰ ਦਿੱਲੀ ਵਿਚ 90 ਦੇ ਦਹਾਕਿਆਂ ਵਿੱਚ ਜਿਸ ਪਾਰਟੀ ਦੀ ਸਰਕਾਰ ਸੀ ਇਤਫਾਕਨ ਉਸ ਸਮੇਂ ਵੀ ਪਿਆਜ਼ ਦੀ ਕਿੱਲਤ ਦੇ ਚਲਦਿਆਂ ਕੀਮਤਾਂ ਅੱਜ ਵਾਂਗ ਆਸਮਾਨੀ ਚੜ੍ਹ ਗਈਆਂ ਸਨ ਤੇ ਇਸੇ ਵਿਚਕਾਰ ਵੋਟਾਂ ਆ ਗਈਆਂ ਬਸ ਫੇਰ ਕੀ ਸੀ ਪਿਆਜ਼ ਦੀਆਂ ਕੀਮਤਾਂ ਦਾ ਸਾਰਾ ਗੁੱਸਾ ਲੋਕਾਂ ਨੇ ਸੱਤਾ ਪਾਰਟੀ ਨੂੰ ਅਰਸ਼ ਤੋਂ ਫਰਸ਼ ਤੇ ਲਿਆ ਕੇ ਕਢਿਆ। ਅੱਜ ਵੀਹ ਸਾਲ ਹੋਣ ਨੂੰ ਨੇ ਹਾਲੇ ਤੱਕ ਉਸ ਪਾਰਟੀ ਨੂੰ ਦਿੱਲੀ ਵਿਚ ਦੁਬਾਰਾ ਸਰਕਾਰ ਬਨਾਉਣ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਸ਼ਾਇਦ ਇਹੋ ਕਾਰਨ ਹੈ ਕਿ ਅੱਜ ਉਕਤ ਸਟੇਟ ਦੀ ਸਰਕਾਰ ਮਹਿੰਗੇ ਭਾਅ ਦਾ ਪਿਆਜ਼ ਖਰੀਦ ਕੇ ਜਨਤਾ ਦੀ ਨਾਰਾਜ਼ਗੀ ਤੋਂ ਬਚਣ ਲਈ ਲੋਕਾਂ ਵਿੱਚ 23.95 ਪੈਸੇ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ। 
ਸਚਾਈ ਤਾਂ ਇਹ ਹੈ ਕਿ ਪਿਆਜ਼ ਜਿਥੇ ਆਪਣੇ ਛਿਲਣ ਵਾਲਿਆਂ ਨੂੰ ਪਾਣੀ ਦੇ ਹੰਝੂ ਰੁਲਾਉੰਦੇ ਹਨ ਉਥੇ ਹੀ ਇਹ ਅਕਸਰ ਆਪਣੇ ਉਗਾਉਣ ਵਾਲਿਆਂ ਨੂੰ ਕਈ ਵਾਰ ਖੂਨ ਦੇ ਹੰਝੂ ਰੁਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਜਦੋਂ ਕਿ ਸਟੋਰ ਕਰਨ ਵਾਲਿਆਂ ਨੂੰ ਇਹ ਅਕਸਰ ਰਾਤੋ-ਰਾਤ ਪਤੀ ਤੋਂ ਲੱਖ ਪਤੀ ਬਣਾ ਦਿੰਦੇ ਹਨ। 
Have something to say? Post your comment