Tuesday, December 01, 2020
FOLLOW US ON

Article

ਮਾਸੂਮੀਅਤ /ਮਨਪ੍ਰੀਤ ਕੌਰ ਮਰਾੜ੍ਹ

October 09, 2019 09:12 PM
ਮਾਸੂਮੀਅਤ
 
       ਓਸ ਦਿਨ ਮੌਸਮ ਬਹੁਤ ਸੋਹਣਾ ਸੀ। ਸਰਦੀ ਬਸ ਜਾ ਹੀ ਰਹੀ ਸੀ। ਮੈਂ ਆਫਿਸ ਜਾਣ ਲਈ ਘਰ ਤੋਂ ਚੱਲਿਆ। ਮੈਂ ਹਜੇ ਚੌਂਕ 'ਚ ਪਹੁੰਚਿਆ ਹੀ ਸੀ। ਤਦ ਹੀ ਮੈਂ ਦੇਖਿਆ, ਇੱਕ ਬੱਚੀ, ਜਿਸਦੇ ਵਾਲ ਬਿਖਰੇ ਹੋਏ, ਕੱਪੜੇ ਏਹੋ ਜੇ ਕਿ ਕਈ ਦਿਨ ਦੇ ਏਹੀ ਪਾਏ ਹੋਣ, ਪਾਗਲਾਂ ਵਰਗੀ ਹਰਕਤਾਂ ਕਰਦੀ ਸੜਕ ਦੇ ਵਿੱਚੋ-ਵਿੱਚ ਜਾ ਰਹੀ ਸੀ।
     ਮੈਂ ਓਹਦੇ ਕੋਲ ਜਾਕੇ ਕੁੱਝ ਗੱਲ ਕਰਦਾ ਕਿ ਉਦੋਂ ਹੀ ਪਿੱਛੋਂ ਆਵਾਜ ਆਈ,
          "ਪਾਪਾ" 
      ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰਾ ਬੇਟਾ ਬੈਗ ਲੈਕੇ ਆ ਰਿਹਾ ਸੀ, ਜੋ ਜਲਦੀ 'ਚ ਮੈਂ ਘਰ ਭੁੱਲ ਗਿਆ ਸੀ। ਬੈਗ ਲੈਕੇ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਓਹ ਬੱਚੀ ਓਥੇ ਨਹੀਂ ਸੀ। ਇੱਕ ਦੋ ਦੁਕਾਨਦਾਰਾਂ ਤੋਂ ਵੀ ਪੁੱਛਿਆ ਪਰ ਕੋਈ ਚੰਗੀ ਤਰ੍ਹਾਂ ਕੁੱਝ ਨਹੀਂ ਦੱਸ ਸਕਿਆ। ਕਿਸੇ ਨੇ ਕਿਹਾ ਕਿ ਦੇਖਿਆ ਤਾਂ ਸੀ ਪਰ ਗਾਹਕ ਆਉਣ ਕਰਕੇ ਧਿਆਨ ਨਹੀਂ ਕਿੱਧਰ ਗਈ , ਕੋਈ ਤਾਂ ਮੁੱਕਰ ਈ ਗਿਆ ਤੇ ਕਹਿਣ ਲੱਗਾ ਕਿ ਕਿਸ ਕੁੜੀ ਦੀ ਗੱਲ ਕਰ ਰਹੇ ਹੋ, ਉਸਨੇ ਕਿਸੇ ਕੁੜੀ ਨੂੰ ਨਹੀਂ ਦੇਖਿਆ।
     ਉਦੋਂ ਤੱਕ ਮੇਰੇ ਆਫਿਸ ਦੀ ਵੈਨ ਵੀ ਆ ਗਈ। ਉਸ ਦਿਨ ਕੋਈ ਕੰਮ ਢੰਗ ਨਾਲ ਨਾ ਕਰ ਸਕਿਆ। ਧਿਆਨ ਵਾਰੀ ਵਾਰੀ ਓਸ ਬੱਚੀ ਦੀ ਤਰਫ ਜਾਂਦਾ।
      ਏਹੀ ਸੋਚਦਾ ਰਿਹਾ ਕਿ ਕੀ ਹੋਇਆ ਹੋਊ ਉਸ ਨਾਲ? ਇੱਕਦਮ ਕਿੱਥੇ ਚਲੀ ਗਈ? ਕਿਸੇ ਨੂੰ ਓਹਦੇ ਬਾਰੇ ਕੁੱਝ ਵੀ ਕਿਉਂ ਨਹੀਂ ਪਤਾ? ਬਹੁਤ ਸਾਰੇ ਸਵਾਲ ਆ ਰਹੇ ਸੀ ਦਿਮਾਗ ਵਿੱਚ।
     ਫ਼ੇਰ ਬਹੁਤ ਦਿਨ ਹੋ ਗਏ ਉਸ ਬੱਚੀ ਨੂੰ ਨਹੀਂ ਦੇਖਿਆ। ਮੇਰੀਆਂ ਨਜ਼ਰਾਂ ਵਾਰ-ਵਾਰ ਓਸੇ ਨੂੰ ਹੀ ਲੱਭਦੀਆਂ। ਘਰ ਵੀ ਤੇ ਆਫਿਸ ਵੀ ਓਸੇ ਬਾਰੇ ਸੋਚਦਾ ਤੇ ਹਰ ਵਾਰ ਚਿੰਤਾ ਪਹਿਲਾਂ ਨਾਲੋਂ ਵਧ ਜਾਂਦੀ। ਪਤਨੀ ਬੱਚੇ ਸਭ ਮੈਨੂੰ ਸੋਚਾਂ ਵਿੱਚ ਡੁੱਬਿਆ ਦੇਖ ਕੇ ਕਾਰਨ ਪੁੱਛਦੇ ਪਰ ਮੈਂ ਦੱਸ ਨਾ ਪਾਉਂਦਾ।
 
Part-2
     ਫਿਰ ਕੁੱਝ ਦਿਨਾਂ ਵਿੱਚ ਜਿਵੇਂ ਹੀ ਸਭ ਧੁੰਦਲਾ ਹੋਣ ਲੱਗਿਆ ਓਦੋਂ ਹੀ ਓਹ ਮੈਨੂੰ ਫੇਰ ਦਿਖੀ। ਸੜਕ ਤੇ ਬਹੁਤ ਭੀੜ ਸੀ ਤੇ ਕੋਈ ਉਸਨੂੰ ਖਿੱਚ ਕੇ ਲੈਜਾ ਰਿਹਾ ਸੀ। ਓਹ ਰੋਈ, ਚਿੱਲਾਈ ਪਰ ਸਭ ਮੁਸਕੁਰਾਹਟ ਨਾਲ ਦੇਖਦੇ ਰਹੇ। ਉਹ ਦੇਖਣ 'ਚ ਪਾਗਲ ਲੱਗ ਰਹੀ ਸੀ ਤਾਂਹੀ ਸ਼ਾਇਦ ਉਸਦੀ ਪੁਕਾਰ ਅਣਸੁਣੀ ਕੀਤੀ ਜਾ ਰਹੀ ਸੀ। ਸਾਰੇ ਇੰਜ ਹੱਸ ਰਹੇ ਸੀ ਕਿ ਕੋਈ ਤਮਾਸ਼ਾ ਲੱਗਿਆ ਹੋਇਆ ਹੈ।
    ਮੈਂ ਕੋਲ ਗਿਆ ਤੇ ਉਸ ਆਦਮੀ ਨੂੰ ਪੁੱਛਿਆ,
        "ਕੀ ਹੋਇਆ, ਇਹ ਕੌਣ ਹੈ, ਤੇ ਇਹਨੂੰ ਕਿੱਥੇ ਲੈਕੇ ਜਾ ਰਹੇ ਹੋ?"
    ਉਸ ਆਦਮੀ ਨੇ ਮੈਨੂੰ ਜਵਾਬ ਦੇਣਾ ਜਰੂਰੀ ਨਾ ਸਮਝਿਆ। ਤੇ ਅੱਗੇ ਵਧਦਾ ਗਿਆ। ਬੱਚੀ ਮੇਰੀ ਤਰਫ ਅੈਸੀ ਨਜ਼ਰਾਂ ਨਾਲ ਦੇਖ ਰਹੀ ਸੀ ਜਿਵੇਂ ਕਹਿ ਰਹੀ ਹੋਵੇ। ਮੈਨੂੰ ਬਚਾ ਲਓ ਮੈਂ ਨਹੀਂ ਜਾਣਾ ਚਾਹੁੰਦੀ। ਬੱਸ ਫੇਰ ਕੀ ਸੀ। ਮੈਂ ਝਟਕੇ ਨਾਲ ਓਹਦਾ ਹੱਥ ਛੁਡਾਇਆ। ਲੋਕਾਂ ਦੀ ਭੀੜ ਨੂੰ ਲਈ ਤਾਂ ਮੰਨੋ ਕਹਾਣੀ ਵਿੱਚ ਨਵਾਂ ਮੋੜ ਆ ਗਿਆ। 
     ਓਹ ਆਦਮੀ ਉਲਟਾ ਮੈਥੋਂ ਪੁੱਛਣ ਲੱਗ ਗਿਆ,
         " ਕੌਣ ਹੈ ਤੂੰ? ਕੀ ਚਾਹੀਦਾ ਹੈ?"
     ਮੈਂ ਕਿਹਾ,
          "ਓਹੀ, ਜੋ ਤੂੰ ਨਹੀਂ ਹੈਂ - ਇਨਸਾਨ "
         "ਇਹ ਕੁੜੀ ਤੇਰੀ ਕੁੱਝ ਲੱਗਦੀ ਹੈ?"
         "ਬਿਲਕੁਲ ਇਹ ਬੱਚੀ ਵੀ ਮੇਰੇ ਵਾਹਿਗੁਰੂ ਦੀ ਰਚਨਾ ਹੈ। ਏਹਦੇ ਕੋਲ ਵੀ ਓਹੀ ਸਾਰੇ ਹੱਕ ਨੇ ਜੋ ਤੇਰੇ ਯਾ ਮੇਰੇ ਕੋਲ ਨੇ।"
         "ਪਰ ਮੈਂ ਤਾਂ ਏਹਦੇ ਨਾਲ ਵਿਆਹ ਕਰਵਾਉਣ ਲਈ ਲੈਕੇ ਜਾ ਰਿਹਾ ਹਾਂ।"
         "ਅਰੇ ਏਹਨੂੰ ਵਿਆਹ ਦਾ ਮਤਲਬ ਵੀ ਨਹੀਂ ਪਤਾ। ਤੇ ਉਂਜ ਵੀ ਤੂੰ ਕਿਸੇ ਬਾਲਗ ਨਾਲ ਵੀ ਓਹਦੀ ਮਰਜ਼ੀ ਤੋਂ ਬਿਨਾਂ ਵਿਆਹ ਨਹੀਂ ਕਰਾ ਸਕਦਾ ਏਹ ਤਾਂ ਫ਼ੇਰ ਵੀ ਬੱਚੀ ਹੈ।"
     ਉਹ ਕੁੜੀ ਮੇਰੇ ਪਿੱਛੇ ਆ ਕੇ ਇੰਜ ਖੜੀ ਹੋ ਗਈ ਜਿਵੇਂ ਬਚਾਉਣ ਲਈ ਧੰਨਵਾਦ ਕਰ ਰਹੀ ਹੋਵੇ। ਮੈਂ ਪੁਲਿਸ ਨੂੰ ਫੋਨ ਕੀਤਾ ਤੇ ਏਦੂੰ ਪਹਿਲਾਂ ਕਿ ਕੁੱਝ ਦੱਸ ਪਾਉਂਦਾ, ਓਹ ਭੱਜ ਗਿਆ। ਮੈਂ ਫ਼ੇਰ ਵੀ  ਲਿਖਵਾ ਦਿੱਤੀ।
     ਬੱਚੀ ਨੂੰ ਘਰ ਲੈਕੇ ਗਿਆ। ਬੱਚੀ ਬਿਲਕੁਲ ਚੁੱਪ ਸੀ ਪਰ ਉਸਦੀਆਂ ਅੱਖਾਂ ਵਿੱਚ ਇੱਕ ਸੁਕੂਨ ਸੀ। ਪਤਾ ਨਹੀਂ ਉਸਨੂੰ ਮੇਰੇ ਤੇ ਏਨਾ ਭਰੋਸਾ ਕਦ ਹੋ ਗਿਆ।
      ਪਤਨੀ ਨੂੰ ਸਾਰੀ ਗੱਲ ਦੱਸੀ ਓਹ ਵੀ ਮੇਰੇ ਜਿੰਨੀ ਹੈਰਾਨ ਸੀ। ਫੇਰ ਮੈਨੂੰ ਆਫਿਸ ਤੋਂ ਫੋਨ ਆ ਗਿਆ। ਅੱਜ ਜਾਣਾ ਜਰੂਰੀ ਸੀ। ਮੈਂ ਉਸਨੂੰ ਘਰ ਛੱਡਕੇ ਆਪ ਆਫਿਸ ਜਾਣ ਲੱਗਿਆ ਤਾਂ ਓਹ ਉਦਾਸ ਹੋ ਗਈ। ਮੈਂ ਸਮਝਾਇਆ,"ਬੇਟਾ ਆਂਟੀ ਹੈ ਤੁਹਾਡੇ ਕੋਲ, ਮੈਂ ਵੀ ਜਲਦੀ ਹੀ ਆ ਜਾਊਂਗਾ"। 
      ਅੰਮ੍ਰਿਤ (ਮੇਰੀ ਪਤਨੀ) ਨੇ ਪਿਆਰ ਨਾਲ ਓਹਦੇ ਚਿਹਰੇ ਤੇ ਹੱਥ ਰੱਖਿਆ ਤੇ ਓਹ ਖੁਸ਼ ਹੋ ਗਈ। ਮੈਂ ਫ਼ੇਰ ਆਫਿਸ ਆ ਗਿਆ। ਇੱਕ ਖੁਸ਼ੀ ਸੀ ਕਿ ਉਹ ਹੁਣ ਸੁਰੱਖਿਅਤ ਹੈ। 
         "ਓਹ?"
     ਮੈਂ ਨਾਮ ਤਾਂ ਪੁੱਛਣਾ ਭੁੱਲ ਹੀ ਗਿਆ। ਉਂਜ ਵੀ ਹਜੇ ਜਾਣਨਾ ਬਾਕੀ ਸੀ ਕਿ ਓਹ ਕਿਥੋਂ ਆਈ ਤੇ ਓਹਦੀ ਏਹ ਹਾਲਤ ਕਿਵੇਂ ਹੋਈ। ਮੈਂ ਸਾਰਾ ਕੰਮ ਜਲਦੀ ਨਾਲ ਮੁਕਾ ਕੇ ਘਰ ਜਾਣਾ ਚਾਹੁੰਦਾ ਸੀ। ਮੈਂ ਉਸ ਦਿਨ ਬਹੁਤ ਖੁਸ਼ ਸੀ ਸਭ ਪੁੱਛ ਰਹੇ ਸੀ ਕਿ ਇਸ ਖੁਸ਼ੀ ਦਾ ਕੀ ਰਾਜ਼ ਹੈ ਪਰ ਮੈਂ ਇੱਕ ਮਿੰਟ ਵੀ ਜਾਇਆ ਨਹੀਂ ਕਰਨਾ ਚਾਹੁੰਦਾ ਸੀ। ਮੈਂ ਬੱਸ ਛੇਤੀ ਛੇਤੀ ਕੰਮ ਮੁਕਾ ਕੇ ਘਰ ਆ ਗਿਆ।
     ਜਦੋਂ ਘਰ ਆਇਆ ਤਾਂ ਉਹ ਸੌਂ ਰਹੀ ਸੀ। ਅੰਮ੍ਰਿਤ ਨੇ ਕਿਹਾ," ਓਹ ਹੁਣ ਠੀਕ ਹੈ। ਗੱਲਬਾਤ ਵੀ ਕਰ ਪਾ ਰਹੀ ਹੈ ਪਰ ਓਹਨੂੰ ਮੈਂ ਹਜੇ ਕੁੱਝ ਪੁੱਛਿਆ ਨਹੀਂ ਹੈ ਕਿ ਓਹ ਥੋੜਾ ਆਰਾਮ ਕਰ ਲਵੇ ਇਹ ਸਭ ਗੱਲਾਂ ਤਾਂ ਬਾਦ ਵਿੱਚ ਵੀ ਹੋ ਸਕਦੀਆਂ ਹਨ।" 
     ਮੈਂ ਹਾਂ ਦਾ ਹੁੰਗਾਰਾ ਭਰ ਕੇ ਸੁੱਤੀ ਪਈ ਬੱਚੀ ਵੱਲ ਦੇਖਿਆ।ਕਿੰਨੀ ਪਿਆਰੀ ਬੱਚੀ ਹੈ। ਕੋਈ 12-13 ਸਾਲ ਦੀ ਬੱਚੀ ਦੇ ਨਾਲ ਜ਼ਿਆਦਤੀ ਕਰ ਕਿਵੇਂ ਸਕਦਾ ਹੈ। 
 
Part- 3
         "ਵਾਹ! ਇਹ ਕੱਪੜੇ ਏਹਦੇ ਕਿੰਨੇ ਸੋਹਣੇ ਲੱਗਦੇ ਆ! ਏਨੇ ਤਾਂ ਕਦੇ ਨਵਰੀਤ ਦੇ ਵੀ ਨਹੀਂ ਲੱਗੇ!"
     ਮੈਂ ਕੋਲ ਖੜੀ ਆਪਣੀ ਬੇਟੀ ਨੂੰ ਮਜ਼ਾਕ ਨਾਲ ਕਿਹਾ। ਓਹ ਮੁਸਕਰਾਉਣ ਲੱਗੀ। ਵੈਸੇ ਮੈਂ ਅਜਿਹਾ ਕੁੱਝ ਵੀ ਕਹਿਣਾ ਭੁੱਲ ਗਿਆ ਸੀ। ਇਹ ਸਭ ਅੰਮ੍ਰਿਤ ਨੇ ਖੁਦ ਕੀਤਾ। ਕਾਸ਼ ਉਸ ਬੱਚੀ ਦੀ ਮਾਂ ਵੀ ਏਨੀ ਚੰਗੀ ਹੁੰਦੀ।
         "ਓਹਦੀ ਮਾਂ??? ਓਹ ਹੈ ਵੀ ਯਾ ਨਹੀਂ??" 
      ਇੱਕ ਹੋਰ ਸਵਾਲ ਦਿਮਾਗ ਵਿੱਚ ਆ ਗਿਆ। ਮੈਂ ਬੇਸਬਰੀ ਨਾਲ ਓਹਦੇ ਜਾਗਣ ਦਾ ਇੰਤਜ਼ਾਰ ਕਰਨ ਲੱਗਾ। ਮੈਂ ਸੋਚਿਆ ਥੋੜਾ ਬਾਜ਼ਾਰ ਦਾ ਕੰਮ ਨਿਪਟਾ ਲਵਾਂ ਓਦੋਂ ਤੱਕ ਓਹ ਵੀ ਸੌਂਕੇ ਉੱਠ ਜਾਵੇਗੀ ਤਾਂ ਓਹਦੇ ਕੋਲ ਬੈਠਕੇ ਆਰਾਮ ਨਾਲ ਗੱਲਾਂ ਕਰੂ।
     ਪਤਾ ਨਹੀਂ ਕਿਉਂ ਪਰ ਓਹਦੇ ਲਈ ਕੱਪੜੇ, ਖਿਲੋਨੇ ਬਹੁਤ ਕੁੱਝ ਲੈ ਆਇਆ। ਆਪਣੇ ਬੱਚਿਆਂ ਤਰ੍ਹਾਂ ਪਿਆਰ ਆ ਰਿਹਾ ਸੀ ਓਹਦੇ ਤੇ ਵੀ ਮੈਨੂੰ। ਵਾਪਿਸ ਆਇਆ ਤਾਂ ਓਹ ਜਾਗ ਗਈ ਸੀ। ਕੱਪੜੇ ਖਿਲੌਣੇ ਦੇਖ ਕੇ ਏਨਾ ਖੁਸ਼ ਨਹੀਂ ਹੋਈ ਜਿੰਨੀ ਮੈਨੂੰ ਦੇਖ ਕੇ ਹੋਈ। ਭੱਜ ਕੇ ਆਕੇ ਮੇਰੇ ਨਾਲ ਲਿਪਟ ਗਈ।
 
         " ਬੱਚੇ ਤੁਹਾਡੇ ਲਈ ਦੇਖੋ ਕੀ ਲੈਕੇ ਆਇਆ ਹਾਂ "
      ਓਹਨੂੰ ਸਭ ਕੁੱਝ ਦਿਖਾਇਆ। ਓਹਦੇ ਚਿਹਰੇ ਦੀ ਮੁਸਕਾਨ ਕਿੰਨੀ ਭੋਲੀ ਤੇ ਪਿਆਰੀ ਹੈ। ਪਹਿਲੀ ਵਾਰ ਓਹਨੂੰ ਇੰਨੇ ਚੰਗੇ ਤਰ੍ਹਾਂ ਮੁਸਕੁਰਾਉਂਦਿਆਂ ਦੇਖਿਆ ਮੈਂ। ਫੇਰ ਅਸੀਂ ਚਾਹ ਨਾਸ਼ਤਾ ਕਰਨ ਲੱਗ ਗਏ। ਲੱਗ ਹੀ ਨਹੀਂ ਰਿਹਾ ਸੀ ਕਿ ਇਹ ਓਹੀ ਕੁੜੀ ਹੈ ਜੋ ਪਾਗਲਾਂ ਵਰਗੀ ਹਰਕਤਾਂ ਕਰ ਰਹੀ ਸੀ।
     ਸੋਚਿਆ ਹੁਣ ਓਹ ਠੀਕ ਹੈ, ਹੁਣ ਪੁੱਛਦਾ ਹਾਂ ਸਭ।
         " ਬੇਟਾ, ਤੁਹਾਡਾ ਨਾਮ ਕੀ ਹੈ।"
         "ਜੀ, ਅਮੀਰਾ ਕੈ....!" 
     ਓਹ ਬੋਲਦੀ ਬੋਲ ਰੁਕ ਗਈ।
         "ਕੀ ਹੋਇਆ ਬੇਟਾ, ਰੁਕ ਕਿਉਂ ਗਏ।"
         "ਅੰਮੀ ਮਾਰਦੀ ਹੈ ਜੇ ਅਮੀਰਾ ਨਾਲ ਕੈਫ਼ ਲਗਾਉਂਦੀ ਹਾਂ ਤਾਂ"
     ਮੇਰਾ ਧਿਆਨ ਓਹਦੀ ਗੱਲ ਵਿੱਚ ਇੱਕ ਸ਼ਬਦ ਤੇ ਗਿਆ, "ਅੰਮੀ", ਮਤਲਬ ਓਹਦੀ ਅੰਮੀ ਹੈ। 
     ਪੁੱਛਣ ਤੇ ਓਹਨੇ ਦੱਸਿਆ,
          " ਸਭ ਕਹਿੰਦੇ ਆ ਕਿ ਮੈਨੂੰ ਆਨਾਥ ਆਸ਼ਰਮ ਚੋਂ ਲਿਆਂਦਾ ਹੈ। ਪਰ ਅੰਮੀ ਅੱਬੂ ਮੈਨੂੰ ਬਹੁਤ ਪਿਆਰ ਕਰਦੇ ਸੀ। ਫੇਰ 6 ਸਾਲ ਪਹਿਲਾਂ ਅੰਮੀ ਖੁਦਾ ਨੂੰ ਪਿਆਰੇ ਹੋ ਗਏ। ਫੇਰ ਅੱਬੂ ਨੇ ਦੂਜਾ ਨਿਕਾਹ ਕਰਾ ਲਿਆ। ਫੇਰ ਮੇਰਾ ਭਰਾ ਇਰਫਾਨ ਇਸ ਦੁਨੀਆਂ ਵਿੱਚ ਆਇਆ ਤੇ ਹੁਣ.....।" 
     ਏਨਾ ਬੋਲ ਕੇ ਓਹ ਰੋਣ ਲੱਗ ਗਈ। ਅੰਮ੍ਰਿਤ ਓਹਦੇ ਕੋਲ ਗਈ ਤੇ ਓਹਨੂੰ ਚੁੱਪ ਕਰਾਉਣ ਲੱਗ ਗਈ।
     ਉਸਨੇ ਬੋਲਣਾ ਸ਼ੁਰੂ ਕੀਤਾ,
           "ਅਸੀਂ ਕੁੱਝ 15 ਦਿਨ ਪਹਿਲਾਂ ਨਵੀਂ ਅੰਮੀ ਦੇ ਭਰਾ ਦੇ ਨਿਕਾਹ ਤੇ ਗਏ। ਉਂਜ ਮੈਨੂੰ ਨਾਲ ਲੈਕੇ ਨਹੀਂ ਜਾਂਦੇ ਪਰ ਮੈਂ ਖੁਸ਼ ਸੀ ਕਿ ਮੈਂ ਨਾਲ ਜਾ ਰਹੀ ਸੀ। ਅੱਬੂ ਨੂੰ ਕੁੱਝ ਕੰਮ ਸੀ ਤਾਂ ਓਹਨਾਂ ਨੇ ਅਗਲੇ ਦਿਨ ਆਉਣਾ ਸੀ। ਅਸੀਂ ਰੇਲਗੱਡੀ ਵਿੱਚ ਜਾ ਰਹੇ ਸੀ। ਮੈਂ ਸੌਂ ਗਈ। ਤੇ ਜਦੋਂ ਉਠਕੇ ਦੇਖਿਆ ਤਾਂ ਅੰਮੀ ਤੇ ਇਰਫਾਨ ਓਥੇ ਨਹੀਂ ਸੀ।"
     ਓਹ ਬਿਨਾਂ ਰੁਕੇ ਰੋਂਦੇ ਰੋਂਦੇ ਬੋਲਦੀ ਰਹੀ,
           "ਅੰਮੀ ਹਮੇਸ਼ਾ ਕਹਿੰਦੇ ਆ ਕਿ ਮੈਂ ਪਾਗਲ ਹਾਂ ਤੇ ਉਸ ਦਿਨ ਤੋਂ ਸਭ ਮੈਨੂੰ ਪਾਗਲ ਹੀ ਬੁਲਾ ਰਹੇ ਆ।",
      ਉਹ ਫ਼ੇਰ ਫੁੱਟ ਫੁੱਟ ਕੇ ਰੋਣ ਲੱਗੀ, "ਪਰ ਮੈਂ ਪਾਗਲ ਨਹੀਂ ਹਾਂ।"
           "ਬੇਟਾ ਫ਼ੇਰ ਉਸਤੋਂ ਬਾਅਦ ਅੰਮੀ ਅੱਬੂ ਨਾਲ ਗੱਲ ਨਹੀਂ ਹੋਈ",ਅੰਮ੍ਰਿਤ ਨੇ ਆਪਣੀ ਗਲਵੱਕੜੀ 'ਚ ਲੈਂਦਿਆਂ ਪੁੱਛਿਆ।
           "ਹੋਈ ਸੀ, ਮੈਂ ਬਿਨਾਂ ਟਿਕਟ ਟਰੇਨ ਵਿੱਚ ਛੁਪ ਕੇ ਘਰ ਗਈ ਸੀ।ਅੱਬੂ ਤਾਂ ਬਾਹਰ ਹੀ ਨਹੀਂ ਆਏ। ਓਹਨਾਂ ਦੀ ਆਵਾਜ਼ ਆ ਰਹੀ ਸੀ। ਓਹ ਘਰ ਹੀ ਸੀ ਪਰ ਬਾਹਰ ਨਹੀਂ ਆਏ। ਅੰਮੀ ਬਾਹਰ ਆਈ ਤੇ ਮੈਨੂੰ ਬਹੁਤ ਕੁੱਟਿਆ।"
      "ਜਦੋਂ ਆਸ ਪਾਸ ਦੇ ਲੋਕਾਂ ਨੇ ਪੁੱਛਿਆ ਤਾਂ ਕਹਿਣ ਲੱਗੀ - ਅੱਜ ਤੈਨੂੰ ਮੈਂਟਲ ਹਸਪਤਾਲ ਲੈ ਕੇ ਹੀ ਜਾਂਦੀ ਆ। ਫੇਰ ਮੈਨੂੰ ਏਥੇ ਛੱਡ ਕੇ ਚਲੀ ਗਈ। ਮੈਂ ਬਹੁਤ ਕਿਹਾ ਕਿ ਜੋ ਕਹੋਗੇ ਓਹੀ ਕਰੂ ਪਰ ਓਹ ਨਹੀਂ ਰੁਕੀ ਬਸ ਚਲੀ ਗਈ।"
     ਓਹਦੀਆਂ ਗੱਲਾਂ ਸੁਣਕੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਏਨੀ ਪਿਆਰੀ ਏਨੀ ਮਾਸੂਮ ਜਿਹੀ ਬੱਚੀ ਨੂੰ ਏਵੇਂ ਕਿਵੇਂ ਛੱਡ ਦਿੱਤਾ। ਮੇਰੀ ਮਾਂ ਕਹਿੰਦੀ ਸੀ ਕਿ ਅਸੀਂ ਕੋਈ ਨਹੀਂ ਹੁੰਦੇ ਕੁੱਝ ਕਰਨ ਵਾਲੇ, ਸਭ ਵਾਹਿਗੁਰੂ ਕਰਾਉਂਦਾ ਹੈ। ਸ਼ਾਇਦ ਵਾਹਿਗੁਰੂ ਨੇ ਹੀ ਓਹਨੂੰ ਮੇਰੇ ਸਾਹਮਣੇ ਖੜਾ ਕੀਤਾ।
           "ਅਮੀਰਾ ਬੇਟਾ, ਚਿੰਤਾ ਨਾ ਕਰੋ, ਹੁਣ ਤੱਕ ਤੁਸੀਂ ਇਕੱਲੇ ਸੀ, ਹੁਣ ਅਸੀਂ ਸਭ ਹਾਂ ਤੁਹਾਡੇ ਨਾਲ।", ਇਹ ਕਹਿ ਕੇ ਮੈਂ ਉਸਦੀ ਗੱਲ ਤੇ ਹੱਥ ਰੱਖ ਕੇ ਥੋੜਾ ਮੁਸਕੁਰਾਇਆ। ਏਨੇ ਨੂੰ ਅੰਮ੍ਰਿਤ ਸੇਬ ਕੱਟ ਕੇ ਲੈ ਆਈ।
           "ਇਹ ਕੌਣ ਖਾਏਗਾ?"
       ਮੈਂ ਅਮੀਰਾ ਤੋਂ ਸ਼ਰਾਰਤ ਨਾਲ ਪੁੱਛਿਆ। ਓਹਦੇ ਚਿਹਰੇ ਤੇ ਵੀ ਮੁਸਕਾਨ ਆ ਗਈ। ਮੈਂ ਸ਼ੁਕਰ ਮਨਾਇਆ। ਅੱਜ ਤੋਂ ਬਾਅਦ ਏਹਨੂੰ ਕਦੇ ਰੋਣ ਨਹੀਂ ਦਊਂਗਾ - ਖੁਦ ਨਾਲ ਵਾਅਦਾ ਕੀਤਾ ਮੈਂ। ਅੰਮ੍ਰਿਤ ਨੇ ਮੇਰੀਆਂ ਅੱਖਾਂ ਪੜ ਲਈਆਂ ਤੇ ਓਹਨੇ ਵੀ ਇੱਕ ਮੁਸਕਾਨ ਨਾਲ *ਹਾਂ* ਦਾ ਇਸ਼ਾਰਾ ਕੀਤਾ।
 
Part -4
     ਮੇਰੇ ਵੱਡੇ ਭਰਾ ਪੁਲਿਸ ਵਿੱਚ ਹੈ। ਉਹਨਾਂ ਨੂੰ ਸਭ ਦੱਸਿਆ ਮੈਂ। ਅਮੀਰਾ ਬਹੁਤ ਚੰਗੀ ਹੈ, ਓਹ ਨਹੀਂ ਚਾਹੁੰਦੀ ਕਿ ਓਹਦੀ ਵਜ੍ਹਾ ਨਾਲ ਅੰਮੀ ਅੱਬੂ ਜੇਲ੍ਹ ਜਾਣ। ਮੈਂ ਵੀ ਓਹਨੂੰ ਹੁਣ ਉਦਾਸ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਓਹਦੇ ਅੰਮੀ ਅੱਬੂ ਨੂੰ ਡਰਾਇਆ ਬਸ ਤੇ ਗੋਦ ਲੈਣ ਦੇ ਕਾਗਜ਼ ਤਿਆਰ ਕਰਵਾਏ।
     ਓਦੋਂ ਤੋਂ ਅਮੀਰਾ ਮੇਰੀ ਬੱਚੀ ਹੈ। ਹੁਣ ਓਹਦੇ ਦਸਵੀਂ ਦੇ ਸਰਟੀਫਿਕੇਟ ਤੇ *ਪਿਤਾ ਦਾ ਨਾਮ* ਦੇ ਅੱਗੇ ਮੇਰਾ ਨਾਮ ਦੇਖਕੇ ਬਹੁਤ ਸੁਕੂਨ ਮਿਲਦਾ ਹੈ ਕਿ ਘੱਟੋ-ਘੱਟ ਇੱਕ ਮਾਸੂਮ ਦੀ ਮਾਸੂਮੀਅਤ ਤਾਂ ਬਚਾ ਸਕਿਆ ਮੈਂ। 
     ਇੱਕ ਵਾਰ ਮੈਨੂੰ ਪੁੱਛਦੀ,
           "ਵਾਹਿਗੁਰੂ ਖੁਦਾ ਤੋਂ ਜ਼ਿਆਦਾ ਜਲਦੀ ਸੁਣਦੇ ਆ? ਵਾਹਿਗੁਰੂ ਦਾ ਖਿਆਲ ਮੇਰੇ ਮਨ 'ਚ ਪਹਿਲੀ ਵਾਰ ਤੁਹਾਨੂੰ ਦੇਖ ਕੇ ਆਇਆ ਸੀ ਜਦੋਂ ਤੁਸੀਂ ਉਸ ਆਦਮੀ ਤੋਂ ਮੈਨੂੰ ਬਚਾ ਰਹੇ ਸੀ। ਵਾਹਿਗੁਰੂ ਨੇ ਹੀ ਤੁਹਾਨੂੰ ਮੇਰੇ ਕੋਲ ਭੇਜ...."
     ਮੈਂ ਓਹਦੀ ਗੱਲ ਵਿੱਚ ਕੱਟਕੇ ਹੀ ਬੋਲਿਆ,
           "ਪੁੱਤ ਵਾਹਿਗੁਰੂ ਤੇ ਖੁਦਾ ਇੱਕ ਹੀ ਸ਼ਕਤੀ ਦੇ ਦੋ ਨਾਮ ਹਨ। ਜੋ ਮੇਰੇ ਲਈ ਵਾਹਿਗੁਰੂ ਹੈ ਉਸਨੂੰ ਹੀ ਤੁਸੀਂ ਖੁਦਾ ਦੇ ਨਾਮ ਨਾਲ ਜਾਣਦੇ ਹੋ।"
         "ਪਰ ਮੈਂ ਹੁਣ ਜੇ ਸਿੱਖ ਬਨਣਾ ਚਾਹੁੰਦੀ ਹੋਵਾਂ?"
         "ਤੁਸੀਂ ਬਿਲਕੁਲ ਬਣ ਸਕਦੇ ਹੋ ਪਰ ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਆਪਣਾ ਨਾਮ ਦਵਾਂ ਪਰ ਧਰਮ ਪਰਿਵਰਤਨ ਦੇ ਖਿਲਾਫ਼ ਆਂ। ਤੁਸੀਂ ਜਦੋਂ ਬਾਲਿਗ ਹੋ ਜਾਓਗੇ ਤਾਂ ਕੁੱਝ ਵੀ ਕਰ ਸਕਦੇ ਓ। ਤੇ ਅਗਰ ਮੁਸਲਿਮ ਧਰਮ 'ਚ ਵੀ ਰਹੋਂਗੇ ਤਾਂ ਮੇਰਾ ਯਾ ਅੰਮ੍ਰਿਤ ਤੇ ਬਾਕੀ ਸਭ ਦਾ ਪਿਆਰ ਓਨਾ ਹੀ ਮਿਲੂ। ਤਾਂ ਏਸ ਗੱਲ ਨੂੰ ਏਨੀ ਮਹੱਤਤਾ ਨਾ ਦਿਓ।"
     ਮੇਰੀ ਗੱਲ ਨੂੰ ਸੁਣਕੇ ਅਮੀਰਾ ਦਾ ਚਿਹਰਾ ਖਿੜ ਗਿਆ।
     ਬਸ ਓਸ ਦਿਨ ਤੋਂ ਬਾਅਦ ਅਮੀਰਾ ਕੈਫ਼ ਦਾ ਨਾਮ ਬਦਲ ਕੇ ਅਮੀਰਾ ਮਰਾੜ੍ਹ ਹੋ ਗਿਆ ਪਰ ਨਾਮ ਤੋਂ ਇਲਾਵਾ ਸਾਡੇ ਰਿਸ਼ਤੇ 'ਚ ਕੋਈ ਬਦਲਾਵ ਆਇਆ ਤਾਂ ਬਸ ਇਹ ਕਿ ਪਿਆਰ ਤੇ ਲਗਾਵ ਦਿਨੋ-ਦਿਨ ਵਧਦਾ ਗਿਆ।
     ਅੱਜ ਅਮੀਰਾ 26 ਵਰ੍ਹਿਆਂ ਦੀ ਹੋ ਗਈ ਹੈ ਤੇ ਇੱਕ ਮੁਸਲਿਮ ਪਰਿਵਾਰ 'ਚ ਓਹਦਾ ਵਿਆਹ ਹੋ ਰਿਹਾ ਹੈ। ਪਰ ਮੇਰੀ ਬੱਚੀ ਨੇ ਜ਼ਿੰਦਗੀ ਭਰ ਆਪਣੇ ਨਾਮ ਨਾਲ ਮਰਾੜ੍ਹ ਲਗਾਉਣ ਦਾ ਫ਼ੈਸਲਾ ਕੀਤਾ ਹੈ।
 
     ਮੇਰੀ ਮਾਸੂਮ ਬੱਚੀ ਹੁਣ ਵੱਡੀ ਹੋ ਗਈ ਜਾਪਦੀ ਹੈ ।
 
-ਮਨਪ੍ਰੀਤ ਕੌਰ ਮਰਾੜ੍ਹ
Have something to say? Post your comment
 

More Article News

2020 ਕਿਸਾਨ ਅੰਦੋਲਨ ਤੋਂ ਪਹਿਲਾਂ 1982 ਏਸ਼ੀਅਨ ਖੇਡਾਂ ਮੌਕੇ ਵੀ ਸਿੱਖ ਖਿਡਾਰੀਆਂ ਤੇ ਸਿੱਖਾਂ ਨਾਲ ਹੋਇਆ ਸੀ ਧੱਕਾ ਬੰਦ ਦਰਵਾਜ਼ੇ - ਪ੍ਰੋ. ਗੁਰਮੀਤ ਸਿੰਘ ਵਿਸੇਸ਼ ਸ੍ਰੀ ਗੁਰੂ ਨਾਨਕ ਦੇਵ ਜੀ ਦੀਵਾਲੀ ਤੇ ਲਕਸ਼ਮੀ। ਕਿਸਾਨੀ ਅੰਦੋਲਨ ਦੇ ਸੰਦਰਭ ਵਿੱਚ : ਵਗਦੇ ਦਰਿਆਵਾਂ ਵਰਗੇ  ਲੋਕ ਲਹਿਰਾਂ ਦੇ ਕਾਫਲੇ - ਬਘੇਲ ਸਿੰਘ ਧਾਲੀਵਾਲ ਆਪਣੇ ਕਿੱਤੇ ਪ੍ਰਤੀ ਸਮਰਪਿਤ ਅਣਥੱਕ ਮਿਹਨਤੀ  ਤੇ ਪੁੱਜ ਕੇ  ਇਮਾਨਦਾਰ ਅਤੇ  ਦ੍ਰਿੜ੍ਹ ਇਰਾਦੇ ਵਾਲੇ ਸੈਂਟਰ ਹੈੱਡ ਟੀਚਰ -ਸ੍ਰੀਮਤੀ ਮਨਜੀਤ ਕੌਰ  - ਜਤਿੰਦਰ ਸ਼ਰਮਾ ਸਾਡੀ ਗਲਤੀ ਹੀ ਜਾਨਲੇਵਾ ਬਣਾ ਰਹੀ ਹੈ ਕੋਰੋਨਾ ਨੂੰ ਕਾਂਗਰਸ ਪਾਰਟੀ ਦਾ ਸੰਕਟ ਮੋਚਨ ਅਹਿਮਦ ਪਟੇਲ ਕੋਵਿਡ-19 ਦੀ ਭੇਂਟ ਚੜ੍ਹ ਗਿਆ - ਉਜਾਗਰ ਸਿੰਘ ਲਘੂ ਕਥਾ  ' ਹਕੀਕਤ ' ਕਲੀਆ ਦਾ ਬਾਦਸਾਹ-ਕੁਲਦੀਪ ਮਾਣਕ ਜਾਂ ਗਾਇਕੀ ਅੰਬਰ ਦਾ ਧਰੂ ਤਾਰਾ-ਕੁਲਦੀਪ ਮਾਣਕ 30 ਨਵੰਬਰ ਵਿਸੇਸ (ਬਰਸੀ)
-
-
-