Article

ਕਲਮ ਦੀ ਸ਼ਹਿਨਸ਼ਾਹ : ਕੁਲਵਿੰਦਰ ਕੌਰ ਮਹਿਕ

October 15, 2019 09:59 PM

 

         ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਕੁਲਵਿੰਦਰ ਕੌਰ ਮਹਿਕ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ। ਉਸ ਨੂੰ ਜਿੱਥੇ ਕਾਵਿ ਅਤੇ ਵਾਰਤਕ ਦੋਹਾਂ ਵਿਚ ਬਰਾਬਰ ਦੀ ਮੁਹਾਰਿਤ ਹਾਸਲ ਹੈ, ਉਥੇ ਗਿਂਧੇ-ਭੰਗੜੇ ਦੀ ਕਲਾ ਦੇ ਨਾਲ-ਨਾਲ ਲਾ-ਜੁਵਾਬ ਸਟੇਜ-ਸੰਚਾਲਕਾ ਹੋਣ ਦੀ ਵੀ ਬਖਸੀਸ਼ ਹਾਸਲ ਹੈ। ਇੱਥੇ ਹੀ ਬਸ ਨਹੀ, ਬਹੁ-ਕਲਾਵਾਂ ਦੇ ਇਸ ਸੁਮੇਲ ਨੂੰ ਮਾਲਕ ਨੇ ਸੁਰੀਲੀ, ਖੂਬਸੂਰਤ ਤੇ ਦਮਦਾਰ ਅਵਾਜ ਵੀ ਦਿੱਤੀ ਹੈ, ਸਰੋਤੇ ਕੀਲਣ ਲਈ।

        'ਅੱਖਰਾਂ ਦੇ ਮੋਤੀ' (ਕਾਵਿ-ਸੰਗ੍ਰਹਿ), 'ਰੌਣਕੀ ਪਿੱਪਲ' (ਕਹਾਣੀ-ਸੰਗ੍ਰਹਿ), 'ਅੱਖਰਾਂ ਦੀ ਮਾਲਾ' (ਕਾਵਿ-ਸੰਗ੍ਰਹਿ) ਅਤੇ 'ਯਾਦਾਂ ਦੇ ਕਾਫਲੇ ' (ਕਹਾਣੀ-ਸੰਗ੍ਰਹਿ) ਸਾਹਿਤ ਦੀ ਝੋਲੀ ਪਾਉਣ ਵਾਲੀ ਕੁਲਵਿੰਦਰ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਦੇ ਮਾਤਾ ਸਵ: ਰਾਜਿੰਦਰ ਕੌਰ ਜੀ ਬੜੇ ਮਧੁਰ ਅਤੇ ਸੁਰੀਲੇ ਗਲੇ ਦੀ ਮਾਲਕਣ ਸਨ। ਜਦੋਂ ਉਹ ਪੁਰਾਣੇ ਪੰਜਾਬੀ ਅਤੇ ਹਿੰਦੀ ਗੀਤ ਘਰ ਵਿਚ ਸੁਣਾਇਆ ਕਰਦੇ ਸਨ ਤਾਂ ਨਰਿੰਦਰ ਬੀਬਾ ਜੀ ਦੀ ਐਸੀ ਕਾਪੀ ਕਰ ਮਾਰਿਆ ਕਰਦੇ ਸਨ ਕਿ ਲੋਕ ਉਨਾਂ ਨੂੰ 'ਮਿੰਨੀ ਨਰਿੰਦਰ ਬੀਬਾ' ਦਾ ਖਿਤਾਬ ਦੇਕੇ ਸਤਿਕਾਰਿਆ ਕਰਦੇ ਸਨ।   ਐਸੇ ਸੰਗੀਤ-ਮਈ ਘਰੇਲੂ ਮਾਹੌਲ ਦਾ ਉਸ ਉਪਰ ਐਸਾ ਅਸਰ ਹੋਇਆ ਕਿ ਜਿੱਥੇ ਉਸ ਨੇ ਸਕੂਲ ਦੀ ਪੜਾਈ ਦੌਰਾਨ ਸਾਹਿਤਕ ਤੇ ਸੱਭਿਆਚਾਰਕ ਗਤੀ-ਵਿਧੀਆਂ ਵਿਚ ਆਪਣੀ ਅੱਡਰੀ ਪਛਾਣ ਕਾਇਮ ਰੱਖੀ ਉਥੇ ਕਾਲਜ ਦੀ ਬੀ. ਏ. ਤੱਕ ਦੀ ਪੜਾਈ ਅਤੇ ਫਿਰ ਪਿੱਛੋਂ ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਕਰਦਿਆਂ ਵੀ ਪੂਰੀ ਝੰਡੀ ਗੱਡੀ ਰੱਖੀ।

         ਫਿਰ ਸੱਤ ਸਾਲ ਸਕੂਲ ਵਿਚ ਅਧਿਆਪਨ ਕਿੱਤੇ ਦਾ ਕਾਰਜ ਕਰਦਿਆਂ ਹਜਾਰਾਂ ਵਿਦਿਆਰਥੀਆਂ ਨੂੰ ਸਾਹਿਤਕ ਤੇ ਸੱਭਿਆਚਾਰਕ ਖੇਤਰ ਵੱਲ ਤੋਰਨ ਦਾ ਨਾਮਨਾ ਖੱਟਿਆ। ਸਵ : ਕਰਨੈਲ ਸਿੰਘ ਦੀ ਲਾਡਲੀ, ਪਟਿਆਲਾ ਸ਼ਹਿਰ ਦੀ ਜਨਮੀ, ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਮੁਲਾਜਮ ਕੁਲਵਿੰਦਰ ਦੱਸਦੀ ਹੈ ਕਿ ਮਾਤਾ ਜੀ ਦੇ ਸਦੀਵੀ ਵਿਛੋੜੇ ਉਪਰੰਤ ਉਸ ਦੀ ਕਲਮ ਦਾ ਜਾਣੋ 'ਲਾਵਾ' ਹੀ ਫੁਟ ਤੁਰਿਆ। ਲਿਖਦੀ ਤਾਂ ਉਹ ਬੇਸ਼ੱਕ ਪਹਿਲੇ ਵੀ ਸੀ ਪਰ ਫਿਰ ਮਾਤਾ ਦੀ ਯਾਦ ਵਿਚ ਚਲਦੀ-ਚਲਦੀ ਉਸ ਦੀ ਕਲਮ ਦਾਜ-ਦਹੇਜ, ਭਰੂਣ-ਹੱਤਿਆ, ਭ੍ਰਿਸ਼ਟਾਚਾਰ, ਨਸ਼ੇ, ਵਿਦਿਆ ਆਦਿ ਵਿਸ਼ਿਆਂ ਨੂੰ ਵੀ ਆਪਣੇ ਕਲਾਵੇ ਵਿਚ ਲੈਣ ਲੱਗ ਪਈ। ਫਿਰ ਬਾਲ ਸਾਹਿਤ ਵੱਲ ਨੂੰ ਹੋ ਤੁਰੀ ਤਾਂ 'ਪੰਖੜੀਆਂ ' ਅਤੇ 'ਪ੍ਰਾਇਮਰੀ ਸਿੱਖਿਆ' ਆਦਿ ਮਾਸਿਕ ਮੈਗਜੀਨਾਂ ਦਾ ਸ਼ਿੰਗਾਰ ਬਣਨ ਲੱਗੀ।

         ਮਹਿਕ ਜਿੱਥੇ ਪੰਜਾਬੀ ਦੇ ਹਰ ਰੋਜਾਨਾ ਅਤੇ ਮਾਸਿਕ ਪੱਤ੍ਰਿਕਾ ਵਿਚ ਛਪਣ ਦਾ ਮਾਣ ਹਾਸਲ ਕਰ ਚੁੱਕੀ ਹੈ, ਉਥੇ ਉਹ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ ਵਿਚ ਮੀਤ ਪ੍ਰਧਾਨ ਵਜੋਂ ਵਿਚਰਦਿਆਂ 'ਕਲਮਾਂ ਦਾ ਸਫਰ' ਅਤੇ 'ਵਿਰਸੇ ਦੇ ਪੁਜਾਰੀ' ਸਾਂਝੀਆਂ ਪੁਸਤਕਾਂ ਵਿਚ ਛਪਣ ਦੇ ਨਾਲ-ਨਾਲ ਇਨਾਂ ਪੁਸਤਕਾਂ ਦੇ ਸੰਪਾਦਕੀ ਬੋਰਡ ਦੀ ਮੈਬਰ ਵਜੋਂ ਵੀ ਸ਼ਾਨਦਾਰ ਭੂਮਿਕਾ ਨਿਭਾ ਚੁੱਕੀ ਹੈ। ਇਸ ਸੰਸਥਾ ਨੇ ਜਿੱਥੇ ਉਸ ਦੀਆਂ ਚਾਰ ਮੌਲਿਕ ਪੁਸਤਕਾਂ 'ਅੱਖਰਾਂ ਦੇ ਮੋਤੀ' (ਕਾਵਿ-ਸੰਗ੍ਰਹਿ), 'ਰੌਣਕੀ ਪਿੱਪਲ' (ਕਹਾਣੀ-ਸੰਗ੍ਰਹਿ), 'ਅੱਖਰਾਂ ਦੀ ਮਾਲਾ' (ਕਾਵਿ-ਸੰਗ੍ਰਹਿ) ਅਤੇ 'ਯਾਦਾਂ ਦੇ ਕਾਫਲੇ ' (ਕਹਾਣੀ-ਸੰਗ੍ਰਹਿ) ਨੂੰ ਪੇਸ਼ਕਰਤਾ ਵਜੋ ਭੂਮਿਕਾ ਨਿਭਾਈ, ਉਥੇ ਸਮੇ-ਸਮੇ ਤੇ ਇਨਾਂ ਨੂੰ ਰੀਲੀਜ ਕਰ ਕੇ ਸਾਹਿਤ ਪ੍ਰੇਮੀਆਂ ਤੱਕ ਅੱਪੜਦਾ ਵੀ ਕੀਤਾ। ਉਸ ਦੀਆਂ, ਸਮਾਜਿਕ, ਧਾਰਮਿਕ ਸੇਵਾਵਾਂ ਦੇ ਨਾਲ-ਨਾਲ ਉਸ ਦੀ ਕਲਮੀ ਤਪੱਸਿਆ ਦੀ ਕਦਰ ਕਰਦਿਆਂ ਸੰਸਥਾ ਨੇ ਉਸ ਨੂੰ 'ਧੀ ਪੰਜਾਬ ਦੀ', 'ਦਲੀਪ ਕੌਰ ਟਿਵਾਣਾ' ਅਤੇ 'ਮਾਣ ਪੰਜਾਬ ਦਾ' ਆਦਿ ਐਵਾਰਡਾਂ ਨਾਲ ਵੀ ਨਿਵਾਜਿਆ।

         ਮਹਿਕ ਖੁਦ ਨਾਰੀ-ਵਰਗ ਵਿਚੋਂ ਹੋਣ ਕਰਕੇ ਨਾਰੀ-ਵਰਗ ਦੇ ਦੁਖਾਂਤ ਨੂੰ ਬਹੁਤ ਹੀ ਭਲੀ-ਭਾਂਤ ਸਮਝਦੀ ਹੈ। ਉਸ ਦੀਆਂ ਰਚਨਾਵਾਂ ਦੇ ਵਿਸ਼ੇ ਨਾਰੀ ਦੁਆਲੇ ਹੀ ਜਿਆਦਾ ਘੁੰਮਦੇ ਹਨ। ਇਸ ਵਿਸ਼ੇ ਤੇ 'ਯਾਦਾਂ ਦੇ ਕਾਫਲੇ ' ਵਿਚ ਤਾਂ ਹੱਦ ਹੀ ਕਰ ਦਿੱਤੀ ਹੈ ਉਸ ਨੇ, ਧੀਆਂ-ਭੈਣਾਂ ਦੇ ਹੱਕ ਵਿਚ ਰੱਬ ਨੂੰ ਖਤ ਲਿਖ ਕੇ। ਪੱਥਰ ਤੋਂ ਪੰਥਰ ਦਿਲ ਦੀਆਂ ਵੀ ਅੱਖਾਂ ਸੇਜਲ ਹੋ ਜਾਂਦੀਆਂ ਹਨ, ਮਾਈ ਭਾਗੋ ਦੇ ਸਿਰਲੇਖ ਹੇਠ ਲਿਖੀ ਇਸ ਕਹਾਣੀ ਨੂੰ ਪੜ ਕੇ। ਇਸ ਤੋਂ ਇਲਾਵਾ ਨਸਿਆਂ ਵਿਚ ਡੁੱਬਦੀ ਜਾ ਰਹੀ ਪੰਜਾਬ ਦੀ ਨੌਜਵਾਨੀ ਅਤੇ ਪੰਜਾਬ ਦੇ ਨਿਘਰਦੇ ਜਾ ਰਹੇ ਹਾਲਾਤਾਂ ਪ੍ਰਤੀ ਵੀ ਬਹੁਤ ਚਿੰਤਤ ਹੈ ਉਹ। ਉਹ ਦੱਸਦੀ ਹੈ ਕਿ 'ਮੈਂ ਆਪਣੀ ਹਰ ਲਿਖਤ ਜਿੱਥੇ ਆਪਣੀ ਵੱਡੀ ਭੈਣ ਦਮਨਜੀਤ ਕੌਰ ਲਵਲੀ ਅਤੇ ਜੀਵਨ-ਸਾਥੀ ਅਵਤਾਰ ਸਿੰਘ ਪਾਲ ਨੂੰ ਵਿਖਾਉਂਦੀ ਹਾਂ, ਉਥੇ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ: ) ਦੇ ਪ੍ਰਧਾਨ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਅਤੇ ਟੀਮ ਦੇ ਸਾਥੀਆਂ ਨਾਲ ਵੀ ਸ਼ੇਅਰ ਕਰਦੀ ਹਾਂ।'

         ਅੱਧੀ ਦਰਜਨ ਸਾਂਝੀਆਂ ਪੁਸਤਕਾਂ ਵਿਚ ਹਾਜਰੀ ਲਵਾ ਚੁੱਕੀ ਮਹਿਕ ਨੇ ਇਕ ਸਵਾਲ ਦਾ ਜੁਵਾਬ ਦਿੰਦਿਆਂ ਕਿਹਾ, 'ਮੈ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ : ਦੇ ਪ੍ਰਧਾਨ ਲਾਲ ਸਿੰਘ ਲਾਲੀ ਅਤੇ ਉਨਾਂ ਦੀ ਸਮੁੱਚੀ ਸੂਝਵਾਨ ਟੀਮ ਦੀ ਤਹਿ-ਦਿਲੋਂ ਸ਼ੁਕਰ-ਗੁਜਾਰ ਹਾਂ ਜਿਨਾਂ ਵਲੋਂ ਮੈਨੂੰ ਕਦਮ-ਕਦਮ ਤੇ ਹਮੇਸ਼ਾਂ ਭਰਵਾਂ ਸਹਿਯੋਗ ਮਿਲਿਆ। ਇਸਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਸਾਹਿਤ-ਪ੍ਰੇਮੀ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਮੈਨੂੰ ਮੇਰੀ ਆਸ ਤੇ ਉਮੀਦ ਤੋਂ ਵੱਧਕੇ ਜੋ ਹੁੰਗਾਰਾ ਮਿਲ ਰਿਹਾ ਹੈ, ਉਸ ਦੇ ਲਈ ਮੈਂ ਹਮੇਸ਼ਾਂ ਕਰਜਦਾਰ ਰਹਾਂਗੀ ਉਨਾਂ ਦੀ।'

         ਪੰਜਾਬੀ ਮਾਂ-ਬੋਲੀ ਦੇ ਖਜਾਨੇ ਨੂੰ ਚਮਕਾਉਣ-ਦਮਕਾਉਣ ਅਤੇ ਪ੍ਰਫੁੱਲਤ ਕਰਨ ਵਿਚ ਦਿਨ ਰਾਤ ਇਕ ਕਰਦਿਆਂ ਮਹਿਕਾਂ ਵਿਖੇਰਨ ਵਾਲੀ ਸਿਦਕੀ, ਸਿਰੜੀ ਅਤੇ ਤਪੱਸਵੀ ਕੁਲਵਿੰਦਰ ਕੌਰ ਮਹਿਕ ਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀ-ਵਿਧੀਆਂ ਨਿਰੰਤਰ ਚੱਲਦੀਆਂ ਰਹਿਣ, ਦਿਲੀ ਅਰਦਾਸਾਂ, ਜੋਦੜੀਆਂ ਅਤੇ ਸੁੱਭ ਇੱਛਾਵਾਂ ਹਨ ਮੇਰੀਆਂ !

  • ਪ੍ਰੀਤਮ ਲੁਧਿਆਣਵੀ,
  • ਚੰਡੀਗੜ (9876428641)
Have something to say? Post your comment