Article

ਮੰਜਲਾਂ ਸਰ ਕਰ ਰਹੀ ਕਲਮ : ਵਰਿੰਦਰ ਕੌਰ ਰੰਧਾਵਾ

October 15, 2019 10:00 PM

 

        ਪੰਜਾਬੀ ਸਾਹਿਤ ਦੇ ਖਜਾਨੇ ਨੂੰ ਤਨ, ਮਨ, ਧਨ ਨਾਲ ਮਾਲੋ-ਮਾਲ ਕਰਨ ਵਿਚ ਇਕ ਤਪੱਸਵੀ ਵਾਂਗ ਤਪੱਸਿਆ ਕਰ ਰਹੀ ਵਰਿੰਦਰ ਕੌਰ ਰੰਧਾਵਾ ਦੱਸਦੀ ਹੈ ਕਿ ਲਿਖਣ ਅਤੇ ਸੱਭਿਆਚਾਰਕ ਗਤੀ-ਵਿਧੀਆਂ ਦਾ ਸ਼ੌਕ ਤਾਂ ਭਾਂਵੇ ਉਸ ਨੂੰ ਸਕੂਲ ਟਾਈਮ ਤੋਂ ਹੀ ਜਾਗ ਪਿਆ ਸੀ, ਪਰ ਇਸ ਸ਼ੌਕ ਨੂੰ ਪੂਰਾ ਕਰਨ ਲਈ ਖੁੱਲਕੇ ਸਟੇਜੀ ਪਲੇਟਫਾਰਮ ਨਹੀ ਸੀ ਮਿਲ ਰਿਹਾ   ਫਿਰ ਚੱਲਦੇ-ਚੱਲਦਿਆਂ ਅਚਾਨਕ 2014 ਵਿਚ ਉਸ ਦਾ ਸਬੰਧ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਨਾਲ ਉਸ ਵਕਤ ਹੋਇਆ ਜਦਂ ਇਹ ਸੰਸਥਾ ਆਪਣਾ ਛੇਵਾਂ ਸਾਂਝਾ ਕਾਵਿ-ਸੰਗ੍ਰਹਿ ਪ੍ਰਕਾਸ਼ਤ ਕਰਵਾ ਰਹੀ ਸੀ ਵਰਿੰਦਰ ਨੇ ਦੱਸਿਆ ਕਿ ਸੰਸਥਾ ਨੂੰ ਦੇਰੀ ਨਾਲ ਪਹੁੰਚ ਕਰਨ ਕਰਕੇ ਅਤੇ ਰਚਨਾਵਾਂ ਪੁਸਤਕ ਦੇ ਮਿਆਰ ਤੇ ਨਾ ਢੁੱਕਦੀਆਂ ਹੋਣ ਕਰਕੇ ਉਹ ਇਸ ਸੰਗ੍ਰਹਿ ਵਿਚ ਸ਼ਾਮਲ ਤਾਂ ਭਾਂਵੇ ਨਹੀ ਹੋ ਸਕੀ ਪਰ, ਉਸ ਦਾ ਇਸ ਸੰਸਥਾ ਦੇ ਪ੍ਰਧਾਨ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ ਅਤੇ ਸੰਸਥਾ ਨਾਲ ਸਬੰਧ ਜਰੂਰ ਕਾਇਮ ਹੋ ਗਿਆ ਜਿਸ ਸਦਕਾ ਉਸ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਣ ਲੱਗਿਆ ਉਸ ਦੀ ਕਲਮ ਅੱਜ ਹੋਰ ਤੇ ਕੱਲ• ਹੋਰ, ਭਾਵ ਕਲਮ ਵਿਚ ਲਗਾਤਾਰ ਸੁਧਾਰ ਤੇ ਨਿਖਾਰ ਆਉਂਦਾ ਗਿਆ ਨਤੀਜੇ ਵਜੋਂ ਉਸ ਨੇ 'ਸੱਚ ਦਾ ਸੂਰਜ' (ਨਾਵਲ) ਅਤੇ 'ਕਲਮ ਦੀਆਂ ਕਿਰਨਾਂ' (ਕਾਵਿ-ਸੰਗ੍ਰਹਿ) ਦੀ ਸਿਰਜਣਾ ਕੀਤੀ   ਇਸ ਸੰਸਥਾ ਨੇ ਇਨਾਂ ਦੋਵਾਂ ਪੁਸਤਕਾਂ ਨੂੰ ਜਿੱਥੇ ਪੇਸ਼-ਕਰਤਾ ਵਜੋ ਪੇਸ਼ ਕੀਤਾ, ਉਥੇ ਮੁਹਾਲੀ ਸ਼ਹਿਰ ਦੇ ਫੇਸ-6 ਦੇ ਸ਼ਿਵਾਲਿਕ ਪਬਲਿਕ ਸਕੂਲ ਦੇ ਸ਼ਾਨਦਾਰ ਆਡੋਟੋਰੀਅਮ ਵਿਚ ਇਨਾਂ ਦੋਵਾਂ ਪੁਸਤਕਾਂ ਨੂੰ ਬੜੀ ਸ਼ਾਨੋ-ਸ਼ੌਕਤ ਨਾਲ ਰੀਲੀਜ ਕਰਦਿਆਂ ਰੰਧਾਵਾ ਨੂੰ 'ਧੀ ਪੰਜਾਬ ਦੀ ਐਵਾਰਡ-2017' ਨਾਲ ਸਨਮਾਨਿਤ ਕਰ ਕੇ ਉਸ ਦੀ ਕਲਮ ਦੀ ਕਦਰ ਪਾਈ ਬਸ, ਫਿਰ ਤਾਂ ਵਰਿੰਦਰ ਜਾਣੋ ਹੋਰ ਵੀ ਲਗਨ, ਮਿਹਨਤ ਅਤੇ ਸ਼ੌਕ ਨਾਲ ਸਾਹਿਤਕ-ਮੈਦਾਨ ਵਿਚ ਨਿਕਲ ਤੁਰੀ ਉਪਰੰਤ ਦੇਸ਼-ਵਿਦੇਸ਼ ਦਾ ਪੰਜਾਬੀ ਦਾ ਸ਼ਾਇਦ ਹੀ ਕੋਈ ਐਸਾ ਪੇਪਰ ਜਾਂ ਮੈਗਜੀਨ ਬਚਿਆ ਹੋਵੇ ਜਿੱਥੇ ਤੱਕ ਉਸ ਦੀ ਕਲਮ ਦੀ ਸਿਰਜਣਾ ਨਾ ਪਹੁੰਚੀ ਹੋਵੇ

         ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿੰਦਿਆਂ ਖੁੱਲਕੇ ਲਿਖਣ ਦੀ ਹਿੰਮਤ ਕਰਨ ਵਾਲੀ, ਜਿਲਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿਚ ਅਧਿਆਪਕਾ ਦੀਆਂ ਜਿੰਮੇਵਾਰੀਆਂ ਨਿਭਾਉਦੀ, ਲਾਗਲੇ ਪੈਂਦੇ ਪਿੰਡ ਜੈਤੋ ਸਰਜਾ ਵਿਚ ਡੇਰੇ ਲਾਈ ਬੈਠੀ, ਇਸ ਮੁਟਿਆਰ ਕਲਮਕਾਰਾ ਨੇ ਵਧਦੇ ਕਦਮੀ 'ਬੁਝਦੇ ਦੀਵੇ ਦੀ ਲੋਅ' (ਕਹਾਣੀ-ਸੰਗ੍ਰਹਿ) ਸਾਹਿਤ ਦੀ ਝੋਲੀ ਪਾਉਣ ਦਾ ਉਪਰਾਲਾ ਕੀਤਾ ਜਿਸ ਨੂੰ 31 ਮਾਰਚ 2018 ਨੂੰ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਨੇ ਸ਼ਹਿਰ ਮੁਹਾਲੀ ਦੇ ਫੇਸ -1 ਵਿਚ ਲੋਕ-ਅਰਪਣ ਕਰਦਿਆਂ ਉਸ ਨੂੰ 'ਦਲੀਪ ਕੌਰ ਟਿਵਾਣਾ ਐਵਾਰਡ-2018' ਨਾਲ ਨਿਵਾਜਿਆ ਇਸੇ ਹੀ ਸੰਸਥਾ ਨੇ ਫਿਰ ਉਸਦਾ 'ਬੇ-ਜੁਬਾਨ ਰੀਝਾਂ' (ਕਾਵਿ-ਸੰਗ੍ਰਹਿ) ਰਤਨ ਕਾਲਜ ਆਫ ਨਰਸਿੰਗ, ਮੁਹਾਲੀ ਦੇ ਸ਼ਾਨਦਾਰ ਆਡੀਟੋਰੀਅਮ ਵਿਚ 7 ਅਪ੍ਰੈਲ, 2019 ਨੂੰ ਰੀਲੀਜ ਕਰਦਿਆਂ ਉਸਨੂੰ 'ਮਾਣ ਪੰਜਾਬ ਦਾ ਅਵਾਰਡ 2019' ਨਾਲ ਸਨਮਾਨਿਆ

        ਵਰਿੰਦਰ ਦੀ ਕਲਮ ਸਿਰਫ ਇੱਥੇ ਤੱਕ ਹੀ ਸੀਮਿਤ ਨਹੀ, 'ਕਲਮਾਂ ਦਾ ਸਫਰ' (ਕਾਵਿ-ਸੰਗ੍ਰਹਿ), 'ਜੋੜੀਆਂ ਜੱਗ ਥੋੜ•ੀਆਂ' (ਕਹਾਣੀ-ਸੰਗ੍ਰਹਿ) ਅਤੇ 'ਹੋਕਾ ਕਲਮਾਂ ਦਾ' (ਕਾਵਿ-ਸੰਗ੍ਰਹਿ) ਆਦਿ ਵਿਚ ਵੀ ਭਰਵੀਂ ਹਾਜਰੀ ਲਗਵਾ ਚੁੱਕੀ ਹੈ ਇਸ ਤੋਂ ਇਲਾਵਾ ਸੰਪਾਦਨਾ ਖੇਤਰ ਵਿਚ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ 254 ਕਲਮਾਂ ਦੇ ਕਾਵਿ-ਸੰਗ੍ਰਹਿ 'ਕਲਮਾਂ ਦਾ ਸਫਰ' ਅਤੇ ਇਸੇ ਸੰਸਥਾ ਦੀ 906 ਕਲਾ-ਪ੍ਰੇਮੀਆਂ ਦੀ ਟੈਲੀਫੋਨ ਡਾਇਰੈਕਟਰੀ, 'ਵਿਰਸੇ ਦੇ ਪੁਜਾਰੀ' ਦੇ ਸੰਪਾਦਕੀ ਬੋਰਡ ਵਿਚ ਵੀ ਅਹਿਮ ਰੋਲ ਨਿਭਾਇਆ ਹੈ ਉਸ ਨੇ ਇਸ ਸੰਸਥਾ ਦੇ ਮੀਤ ਪ੍ਰਧਾਨ ਦੀਆਂ ਜਿੰਮੇਵਾਰੀਆਂ ਨਿਭਾ ਰਹੀ ਵਰਿੰਦਰ ਦੀਆਂ ਕਲਾਵਾਂ ਦੀ ਇੱਥੇ ਹੀ ਬਸ ਨਹੀ : ਉਹ ਇਕ ਵਧੀਆ ਸਟੇਜ-ਸੰਚਾਲਕਾ, ਵਧੀਆ ਕਵਿੱਤਰੀ ਅਤੇ ਗਿੱਧਿਆਂ ਦੀ ਰਾਣੀ ਗਿੱਧਾ ਕੋਚ ਵੀ ਹੈ      

         ਇਕ ਮੁਲਾਕਾਤ ਦੌਰਾਨ ਆਪਣੀਆਂ ਸਤਿਕਾਰਤ ਭਾਵਨਾਵਾਂ ਜਾਹਰ ਕਰਦਿਆਂ ਉਸ ਕਿਹਾ, 'ਇਸ ਮੁਕਾਮ ਤੱਕ ਪਹੁੰਚਣ ਲਈ ਮੈਂ ਆਪਣੀ ਮਾਤਾ ਜਤਿੰਦਰ ਕੌਰ ਜੀ ਦੇ ਨਾਲ-ਨਾਲ ਸੁਪ੍ਰਸਿੱਧ ਗੀਤਕਾਰ ਲਾਲ ਸਿੰਘ ਲਾਲੀ, ਸੰਸਥਾ ਦੇ ਚੇਅਰਮੈਨ ਬਲਵੰਤ ਸੱਲ•ਣ, ਅਤੇ ਉਨਾਂ ਦੀ ਟੀਮ ਦੇ ਸੁਹਿਰਦ ਸਾਥੀਆਂ ਦੀ ਸ਼ੁਕਰਗੁਜਾਰ ਹਾਂ ਅਤੇ ਸੁਚੱਜੀ ਅਗਵਾਈ ਲਈ ਉਨਾਂ ਦੀ ਵੀ ਦੇਣਦਾਰ ਹਾਂ'

         ਰੱਬ ਕਰੇ ! ਆਪਣੇ ਗੌਰਵ-ਮਈ ਸਾਹਿਤਕ-ਖਜਾਨੇ ਨੂੰ ਮਾਲੋ-ਮਾਲ ਕਰਨ ਵਿਚ ਜੁਟੀ, ਨਾਮਨਾ ਖੱਟਦੀ ਪੰਜਾਬੀ ਮਾਂ-ਬੋਲੀ ਦੀ ਪੁਜਾਰਨ ਵਰਿੰਦਰ ਕੌਰ ਰੰਧਾਵਾ ਇਵੇਂ ਹੀ ਨਵੀਆਂ ਪੈੜਾਂ ਸਿਰਜਦੀ ਪਹਾੜੀ ਝਰਨੇ ਵਾਂਗ ਨਿਰੰਤਰ ਵਗਦੀ, ਪਾਠਕਾਂ ਦੇ ਹਿਰਦਿਆਂ ਨੂੰ ਠੰਡਕ ਵਰਤਾਉਦੀ ਰਵੇ !

-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

Have something to say? Post your comment