Article

ਕਲਿ ਤਾਰਣ ਗੁਰੁ ਨਾਨਕ ਆਇਆ / ਪ੍ਰੋ.ਨਵ ਸੰਗੀਤ ਸਿੰਘ

November 04, 2019 10:58 PM
 
 
       ਪੰਦਰ੍ਹਵੀਂ ਸਦੀ ਵਿੱਚ ਹਿੰਦੋਸਤਾਨ ਦੀ ਧਰਤੀ ਤੇ ਇੱਕ ਅਜਿਹੇ 'ਮਰਦੇ- ਕਾਮਿਲ' ਦਾ ਪ੍ਰਕਾਸ਼ ਹੋਇਆ, ਜਿਸ ਨੇ ਭੁੱਲੀ- ਭਟਕੀ ਮਾਨਵਤਾ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਕਰੀਬ 39000 ਮੀਲ   ਦੀ ਯਾਤਰਾ ਕੀਤੀ। ਉਸ 'ਜ਼ਾਹਿਰ ਪੀਰ' ਅਤੇ 'ਜਗਤ ਗੁਰੂ' ਬਾਬਾ ਨਾਨਕ (1469-1539) ਦੀ 550ਵੀਂ ਜਯੰਤੀ ਸਾਰੇ ਵਿਸ਼ਵ ਵਿੱਚ ਪੂਰੀ ਸ਼ਰਧਾ ਅਤੇ ਜਲੌਅ ਨਾਲ ਮਨਾਈ ਜਾ ਰਹੀ ਹੈ।
     ਆਪਣੇ ਜੀਵਨ ਦੇ ਮੁੱਢਲੇ ਵਰ੍ਹਿਆਂ ਤੋਂ ਹੀ ਉਨ੍ਹਾਂ ਨੇ ਨੀਵਿਆਂ ਅਤੇ ਦੱਬੇ- ਕੁਚਲੇ ਲੋਕਾਂ ਨੂੰ ਆਪਣਾ ਸੰਗੀ- ਸਾਥੀ ਬਣਾ ਕੇ ਪਹਾੜਾਂ, ਨਦੀਆਂ, ਜੰਗਲਾਂ ਤੇ ਬੀਆਬਾਨਾਂ ਵਿੱਚ ਰੱਬੀ- ਨਾਦ ਸੁਣਾ ਕੇ ਇੱਕ ਓਅੰਕਾਰ ਦੀ ਧੁਨੀ ਨੂੰ ਦਿੜ੍ਹ ਕਰਵਾਇਆ। ਆਪਣੇ ਸਮੁੱਚੇ  ਜੀਵਨ- ਕਾਲ ਦੌਰਾਨ ਉਨ੍ਹਾਂ ਨੇ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਸਿਧਾਂਤ ਨੂੰ ਸਿਰਫ਼ ਪ੍ਰਚਾਰਿਆ ਹੀ ਨਹੀਂ, ਸਗੋਂ ਇਸ ਤੇ ਅਮਲ ਕਰਕੇ ਦੁਨੀਆਂ ਦੇ ਸਾਹਵੇਂ ਅਨੋਖੀ ਮਿਸਾਲ ਕਾਇਮ ਕੀਤੀ। ਧਰਤ ਲੋਕਾਈ ਨੂੰ ਸੋਧਣ ਲਈ ਉਨ੍ਹਾਂ ਦੇ ਸਤਿ- ਮਾਰਗ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ, ਪਰ ਇਸ ਪ੍ਰੀਤ- ਪੈਗੰਬਰ ਨੇ ਖਿੜੇ ਮੱਥੇ ਇਨ੍ਹਾਂ ਦਾ ਮੁਕਾਬਲਾ ਕੀਤਾ। ਲੋਕ ਉਨ੍ਹਾਂ ਨੂੰ ਕੁਰਾਹੀਆ, ਬੇਤਾਲਾ ਅਤੇ ਭੂਤਨਾ ਵੀ ਕਹਿੰਦੇ ਰਹੇ, ਪਰ ਉਨ੍ਹਾਂ ਦੇ ਸਮਾਜ- ਸੁਧਾਰ ਦੇ ਮਿਸ਼ਨ ਵਿੱਚ ਕੋਈ ਪਰਿਵਰਤਨ ਨਾ ਆਇਆ।
        ਫੋਕੇ ਕਰਮਕਾਂਡਾਂ ਅਤੇ ਅਖੌਤੀ ਵਰਣ- ਵੰਡ ਦਾ ਡਟ ਕੇ ਵਿਰੋਧ ਕਰਦਿਆਂ ਉਨ੍ਹਾਂ ਨੇ ਸਦੀਆਂ ਤੋਂ ਲਤਾੜੀ ਅਤੇ ਤ੍ਰਿਸਕਾਰੀ ਜਾ ਰਹੀ ਔਰਤ ਦੇ ਸਨਮਾਨ ਵਿੱਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ: 
          ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ 
        ਗੁਰੂ ਜੀ ਨੇ ਕੇਵਲ ਹਿੰਦੁਸਤਾਨ ਵਿੱਚ ਹੀ ਆਪਣੇ ਪ੍ਰਚਾਰ- ਦੌਰੇ ਨਹੀਂ ਕੀਤੇ, ਸਗੋਂ ਵਿਦੇਸ਼ਾਂ ਵਿੱਚ ਵੀ ਮਾਨਵ ਏਕਤਾ ਅਤੇ ਸਦ- ਭਾਵਨਾ ਦੀ ਸਿੱਖਿਆ/ ਉਪਦੇਸ਼ ਦਿੱਤੇ। ਉਨ੍ਹਾਂ ਦੇ ਪ੍ਰਚਾਰ ਦੀ ਵਿਧੀ ਸੰਵਾਦਾਤਮਕ ਅਤੇ ਨਾਟਕੀ ਸੀ, ਜਿਸ ਰਾਹੀਂ ਉਨ੍ਹਾਂ ਨੇ ਲੋਕਾਂ ਦੀ ਜਗਿਆਸਾ ਅਤੇ ਸ਼ੰਕਾਵਾਂ ਦਾ ਸਮਾਧਾਨ ਕੀਤਾ। 
       ਗੁਰੂ ਜੀ ਪੰਜਾਬੀ, ਹਿੰਦੀ, ਸੰਸਕ੍ਰਿਤ, ਅਰਬੀ, ਫਾਰਸੀ ਆਦਿ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਦੀ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ 19 ਰਾਗਾਂ ਵਿੱਚ 947 ਸ਼ਬਦਾਂ ਦੇ ਰੂਪ ਵਿੱਚ ਸੁਭਾਇਮਾਨ ਹੈ। ਉਨ੍ਹਾਂ ਦੀਆਂ ਪ੍ਰਮੁੱਖ ਪਾਣੀਆਂ ਵਿੱਚ ਜਪੁ, ਬਾਰਾਂਮਾਹ ਤੁਖਾਰੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਅਲਾਹੁਣੀਆਂ, ਦੱਖਣੀ ਓਅੰਕਾਰ ਅਤੇ ਪੱਟੀ ਆਦਿ ਸ਼ਾਮਿਲ ਹਨ। 
       ਗੁਰੂ ਜੀ ਦੇ ਜੀਵਨ ਵਿੱਚ ਆਏ ਅੱਤਿਆਚਾਰੀ, ਕਰੋਧੀ, ਚੋਰ, ਡਾਕੂ (ਸੱਜਣ ਠੱਗ, ਕੌਡਾ ਰਾਖਸ਼, ਵਲੀ ਕੰਧਾਰੀ, ਭੂਮੀਆ ਚੋਰ) ਆਦਿ ਉਨ੍ਹਾਂ ਦੀ ਪਾਰਸ- ਛੋਹ ਅਤੇ ਦਿੱਬ- ਦ੍ਰਿਸ਼ਟੀ ਨਾਲ ਉਚਾਰੀ ਇਲਾਹੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਚੰਗੇ ਇਨਸਾਨ ਬਣ ਗਏ।
       ਗੁਰੂ ਜੀ ਦੇ ਸਮੇਂ ਵਿੱਚ ਸਮਾਜ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) ਵਿੱਚ ਵੰਡਿਆ ਹੋਇਆ ਸੀ, ਜਿਸ ਵਿੱਚ ਬ੍ਰਾਹਮਣਾਂ ਨੂੰ ਸਭ ਤੋਂ ਉੱਤਮ ਸਥਾਨ ਅਤੇ ਸ਼ੂਦਰਾਂ ਨੂੰ ਸਭ ਤੋਂ ਨੀਵਾਂ ਸਥਾਨ ਪ੍ਰਾਪਤ ਸੀ। ਪਰ ਗੁਰੂ ਜੀ ਨੇ ਆਪਣੇ ਆਪ ਨੂੰ ਨੀਵਿਆਂ ਅਤੇ ਦੱਬੇ ਕੁਚਲੇ ਲੋਕਾਂ ਦਾ ਸਾਥੀ ਬਣਾਇਆ। ਉਨ੍ਹਾਂ ਦੇ ਪ੍ਰਚਾਰ- ਦੌਰਿਆਂ (ਉਦਾਸੀਆਂ) ਵਿੱਚ ਉਨ੍ਹਾਂ ਦਾ ਸਾਥ ਦੇਣ ਵਾਲਾ ਮਰਦਾਨਾ ਉਸ ਸਮੇਂ ਦੀ ਅਖੌਤੀ ਨੀਵੀਂ ਜ਼ਾਤ (ਮਰਾਸੀ) ਵਿੱਚੋਂ ਸੀ। ਇਸਦੇ ਨਾਲ- ਨਾਲ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੇ ਨਾਮ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਸ਼ਲੋਕ ਲਿਖ ਕੇ ਅਤੇ ਕਿਰਤੀ ਸ਼੍ਰੇਣੀ ਵਿੱਚੋਂ ਭਾਈ ਲਾਲੋ ਜੀ ਦਾ ਨਾਮ ਸੱਤ ਵਾਰੀ ਲਿਖ ਕੇ ਇਨ੍ਹਾਂ ਵਿਅਕਤੀਆਂ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। 
       ਗੁਰੂ ਨਾਨਕ ਦੇਵ ਜੀ ਦੀ ਜੀਵਨੀ ਜਨਮ ਸਾਖੀਆਂ ਵਿੱਚ ਅਤੇ ਸੰਦੇਸ਼ ਗੁਰੂ ਗ੍ਰੰਥ ਸਾਹਿਬ ਵਿੱਚ ਸੰਭਾਲੇ ਹੋਏ ਹਨ। ਉਨ੍ਹਾਂ ਦੀ ਸ਼ਖ਼ਸੀਅਤ ਅਤੇ ਸਿੱਖਿਆਵਾਂ ਬਾਰੇ ਸਭ ਤੋਂ ਪ੍ਰਮਾਣਿਕ ਅਤੇ ਸਟੀਕ ਹਵਾਲੇ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਮਿਲਦੇ ਹਨ। 
      ਉਨ੍ਹਾਂ ਨੇ ਗੁਰਗੱਦੀ ਦਾ ਵਾਰਿਸ ਆਪਣੇ ਪਰਿਵਾਰਕ ਮੈਂਬਰਾਂ ਜਾਂ ਪੁੱਤਰਾਂ ਦੀ ਥਾਂ ਤੇ ਭਾਈ ਲਹਿਣਾ ਜੀ ਨੂੰ ਚੁਣਿਆ, ਜੋ ਸਿੱਖ ਜਗਤ ਵਿੱਚ ਗੁਰੂ ਅੰਗਦ ਦੇਵ ਜੀ ਵਜੋਂ ਜਾਣੇ ਜਾਂਦੇ ਹਨ।
        ਪੂਰੇ ਸੰਸਾਰ ਵਿੱਚ ਇਸ ਸਾਲ ਆਪ ਜੀ ਦਾ 550-ਸਾਲਾ ਪ੍ਰਕਾਸ਼ ਦਿਹਾੜਾ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਭਾਰਤ (ਸੁਲਤਾਨਪੁਰ ਲੋਧੀ) ਅਤੇ ਪਾਕਿਸਤਾਨ (ਨਨਕਾਣਾ ਸਾਹਿਬ, ਕਰਤਾਰਪੁਰ) ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਉਨ੍ਹਾਂ ਦੇ ਅਵਤਾਰ ਪੁਰਬ ਸਬੰਧੀ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ।ਸਾਨੂੰ ਚਾਹੀਦਾ ਹੈ ਕਿ ਗੁਰੂ ਜੀ ਦੇ ਉਪਦੇਸ਼ਾਂ ਨੂੰ ਅਮਲੀ ਜਾਮਾ ਪਹਿਨਾ ਕੇ ਉਨ੍ਹਾਂ ਪ੍ਰਤੀ ਸ਼ਰਧਾ ਤੇ ਅਕੀਦਤ ਦੇ ਫੁੱਲ ਭੇਟ ਕਰੀਏ! 
 
Have something to say? Post your comment