Article

ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ

November 10, 2019 02:54 AM
ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ?
ਸਮੇ ਦੇ ਸ਼ਾਸ਼ਕਾਂ ਦੇ ਜਬਰ ਜੁਲਮ ਖਿਲਾਫ ਉੱਚੀ ਸੁਰ ਚ ਅਵਾਜ ਬੁਲੰਦ ਕਰਕੇ “ਪਾਪ ਕੀ ਜੰਝ ਲੈ ਕਾਬਲੋਂ ਧਾਇਆ” ਕਹਿਣ ਵਾਲੇ,ਸਿੱਖ ਕੌਂਮ ਦੇ ਬਾਨੀ,ਜਗਤ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਮੌਕੇ ਇਉਂ ਪਰਤੀਤ ਹੋ ਰਿਹਾ ਹੈ ਜਿਵੇਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਤੋ ਇਲਾਵਾ ਸਮੁੱਚੀ ਮਾਨਵਤਾ ਹੀ ਨਾਨਕ ਦੇ ਰੰਗ ਵਿੱਚ ਰੱਤੀ ਜਾ ਚੁੱਕੀ ਹੈ।ਇਹ ਉਸ ਜਗਤ ਗੁਰੂ ਦੀ ਪਰਮਾਣਿਕਤਾ ਦਾ ਸਬੂਤ ਹੀ ਤਾਂ ਹੈ ਕਿ ਸੰਸਾਰ ਦੇ ਵੱਡੇ ਮੁਲਕ ਸਿੱਖਾਂ ਨਾਲ ਇਸ ਇਤਿਹਾਸਿਕ ਦਿਹਾੜੇ ਚ ਸ਼ਾਮਿਲ ਹੋ ਕੇ ਸਿੱਖੀ ਦੀ ਸਰਬ ਸਾਂਝੀਵਾਲਤਾ ਦੀ ਸੋਚ ਨੂੰ ਹੁਲਾਰਾ ਦੇ ਰਹੇ ਹਨ।ਵੱਖ ਵੱਖ ਮੁਲਕਾਂ ਦੀਆਂ ਸਰਕਾਰਾਂ ਗੁਰੂ ਬਾਬੇ ਦੇ ਸਰਬ ਸਾਂਝੇ ਜੀਵਨ ਫਲਸਫੇ ਤੋ ਪ੍ਰਭਾਵਿਤ ਹੋ ਰਹੀਆਂ ਹਨ।ਕਿਸੇ ਮੁਲਕ ਵਿੱਚ ਗੁਰੂ ਸਾਹਿਬ ਦੇ ਨਾਮ ਤੇ ਸਿੱਕੇ ਜਾਰੀ ਹੋ ਰਹੇ ਹਨ,ਕਿਸੇ ਮੁਲਕ ਦੀਆਂ ਯੁਨੀਵਰਸਿਟੀਆਂ ਵਿੱਚ ਗੁਰੂ ਨਾਨਕ ਚੇਅਰਾਂ ਸਥਾਪਿਤ ਹੋ ਰਹੀਆਂ ਹਨ ਅਤੇ ਕਨੇਡਾ ਵਰਗੇ ਮੁਲਕਾਂ ਵਿੱਚ ਗਲੀਆਂ ਦੇ ਨਾਮ ਤੱਕ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਰੱਖੇ ਜਾਣੇ ਸਿੱਖ ਧਰਮ ਦੇ ਪੂਰੀ ਦੁਨੀਆਂ ਦੇ ਧਰਮ ਵਜੋਂ ਪਰਵਾਨ ਹੋਣ ਵੱਲ ਇਸਾਰਾ ਕਰਦੇ ਹਨ।ਗੁਰੂ ਨਾਨਕ ਸਾਹਿਬ ਦੀ ਸਾਢੇ ਪੰਜ ਸੌ ਸਾਲਾ ਜਨਮ ਸਤਾਬਦੀ ਦੀ ਸਭ ਤੋ ਵੱਡੀ ਪਰਾਪਤੀ ਇਹ ਵੀ ਹੈ ਕਿ ਇਸ ਪਵਿੱਤਰ ਇਤਿਹਾਸਿਕ ਦਿਹਾੜਿਆਂ ਨੇ ਦੋ ਵੱਡੇ ਫਿਰਕਿਆਂ ਨੂੰ ਇੱਕ ਲੜੀ ਚ ਪਰੋਣ ਅਤੇ ਆਪਸੀ ਭਾਈਚਾਰਕ ਸਾਝਾਂ ਨੂੰ ਮੁੜ ਜਿਉਂਦਾ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ। ਦੇਸ਼ ਵੰਡ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਧਰਮ ਦੇ ਬਾਨੀ ਦੇ ਅੰਤਲੇ 18 ਸਾਲਾਂ ਦੀਆਂ ਯਾਦਾਂ ਨੂੰ ਅਪਣੇ ਬੁੱਕਲ ਚ ਸੰਭਾਲੀ ਬੈਠੀ ਉਸ ਸੁਹਾਵੀ ਧਰਤ ਦੇ ਖੁੱਲੇ ਦਰਸ਼ਣ ਦੀਦਾਰਿਆਂ ਦੀ ਕੀਤੀ ਜਾਂਦੀ ਨਿਤਾ ਪ੍ਰਤੀ ਅਰਦਾਸ ਨੂੰ ਅਕਾਲ ਪੁਰਖ ਨੇ ਨੇੜਿਓਂ ਹੋ ਕੇ ਸੁਣਿਆ ਹੈ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਜਾ ਰਿਹਾ ਹੈ,ਜਿਸ ਨੇ ਜਿੱਥੇ ਦੋ ਮੁਲਕਾਂ ਦੀ ਆਪਸੀ ਕੁੜੱਤਣ ਨੂੰ ਮਿਟਾਉਣਾ ਹੈ,ਓਥੇ ਦੋਨੋ ਮੁਲਕਾਂ ਦੀ ਤਰੱਕੀ ਦੇ ਰਾਹ ਵੀ ਖੁੱਲਣ ਦੀ ਸੰਭਾਵਨਾ ਬਣੀ ਹੈ।ਇਸ ਇਤਿਹਾਸਿਕ ਮੌਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਕੇ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਸਿੱਖ ਕੌਂਮ ਦੇ ਦਿਲਾਂ ਅੰਦਰ ਖਾਸ ਜਗਾਹ ਬਣਾ ਲਈ ਹੈ।ਏਥੇ ਹੀ ਬੱਸ ਨਹੀ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਸਿੱਕੇ ਜਾਰੀ ਕੀਤੇ ਗਏ ਹਨ ਅਤੇ ਹੋਰ ਸੁਰੂ ਕੀਤੇ ਜਾ ਰਹੇ ਪਰੋਜੈਕਟਾਂ ਵਿੱਚੋਂ ਗੁਰੂ ਨਾਨਕ ਯੂਨੀਵਰਸਿਟੀ ਦਾ ਸਥਾਪਤ ਹੋਣਾ ਇੱਕ ਬੇਹੱਦ ਮਹੱਤਵਪੂਰਨ ਪਰੋਜੈਕਟ ਹੈ,ਜਿਸ ਨਾਲ ਗੁਰੂ ਸਾਹਿਬ ਦੀਆਂ ਸਖਿਆਵਾਂ ਨੂੰ ਪ੍ਰਚਾਰਨ ਵਿੱਚ ਬਹੁਤ ਵੱਡਾ ਹੁਲਾਰਾ ਮਿਲਣ ਦੀ ਸੰਭਾਵਨਾ ਪੈਦਾ ਹੋਈ ਹੈ। ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸੂਬਾ ਸਰਕਾਰ ਅਤੇ ਬਾਬਾ ਸਰਬਜੋਤ ਸਿੱਖ ਬੇਦੀ ਦੀ ਅਗਵਾਈ ਵਾਲੀ ਗੁਰਮਤਿ ਪਰਚਾਰਕ ਸੰਤ ਸਭਾ ਵੱਲੋਂ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਮਨਾਏ ਜਾ ਰਹੇ ਵੱਡੇ ਸਮਾਗਮਾਂ ਤੋ ਇਲਾਵਾ ਪੰਜਾਬ ਦੇ  ਹਰ ਪਿੰਡ,ਸਹਿਰ ਅਤੇ ਕਸਬੇ ਵਿੱਚ ਵੀ ਇਸ ਵਾਰ ਦਾ ਪ੍ਰਕਾਸ਼ ਪੁਰਬ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ।ਬੁੱਧੀਜੀਵੀਆਂ ਵੱਲੋਂ ਗੁਰੂ ਨਾਨਕ ਸਾਹਿਬ  ਦੇ ਸਤਾਬਦੀ ਸਮਾਗਮਾਂ ਨੂੰ ਸਮੱਰਪਿਤ ਸੈਮੀਨਾਰ ਕੀਤੇ ਜਾ ਰਹੇ ਹਨ।ਭਾਵ ਕਿ ਹਰ ਵਰਗ ਇਸ ਇਤਿਹਾਸਿਕ ਸਮਾਗਮਾਂ ਦਾ ਹਿੱਸਾ ਬਣਨ ਵਿੱਚ ਆਪਣਾ ਫਰਜ ਅਦਾ ਕਰ ਰਿਹਾ ਹੈ,ਪ੍ਰੰਤੂ ਇਸ ਸਭ ਦੇ ਬਾਵਜੂਦ ਜੋ  ਕੁੱਝ ਬਾਬਾ ਨਾਨਕ ਸਾਹਿਬ ਦੀ ਨਿੱਘੀ ਯਾਦ ਦੇ ਨਾਮ ਤੇ ਪਰੋਸਿਆ ਜਾ ਰਿਹਾ ਹੈ,ਉਹ ਬਿਲਕੁਲ ਵੀ ਬਾਬਾ ਗੁਰੂ ਨਾਨਕ ਸਾਹਿਬ ਦੀ ਸੋਚ ਨਾਲ ਮੇਲ ਨਹੀ ਖਾਂਦਾ।ਇੰਝ ਪਰਤੀਤ ਹੋ ਰਿਹਾ ਹੈ ਕਿ ਰਾਜਨੀਤਕ ਲੋਕਾਂ ਨੂੰ ਗੁਰੂ ਦਾ ਕੋਈ ਭੈਅ ਨਹੀ,ਬਲਕਿ ਉਹ ਤਾਂ ਇਸ ਇਤਿਹਾਸਿਕ ਦਿਹਾੜੇ ਨੂੰ ਸਿਆਸੀ ਨਜਰੀਏ ਤੋਂ ਮਨਾ ਰਹੇ ਹਨ।ਇਹ ਕਿਹੋ ਜਿਹਾ ਇਤਫਾਕ ਹੈ ਕਿ ਬਾਬਾ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੀ ਸ਼ੁਰੂਆਤ ਉਹਨਾਂ ਲੋਕਾਂ ਕੋਲੋ ਕਰਵਾਈ ਗਈ ਹੈ,ਜਿਹੜੇ ਬਾਬੇ ਦੀ ਸੋਚ ਨੂੰ ਖਤਮ ਕਰ ਦੇਣਾ ਚਾਹੁੰਦੇ ਹਨ,ਜਿਹੜੇ ਬਾਬਾ ਨਾਨਕ ਸਾਹਿਬ ਦੀ ਸਿੱਖੀ ਦੀ ਵੱਖਰੀ ਹੋਂਦ ਖਤਮ ਕਰਨ ਲਈ ਉਤਾਵਲੇ ਹਨ।ਜਿੰਨੀ ਦੇਰ ਗੁਰੂ ਨਾਨਕ ਸਾਹਿਬ ਦੇ ਪਰਕਾਸ਼ ਪੁਰਬ ਨੂੰ ਮਨਾਉਣ ਦਾ ਠੇਕਾ ਮਲਕ ਭਾਗੋ ਦੇ ਵਾਰਸਾਂ ਕੋਲ ਰਹੇਗਾ,ਓਨੀ ਦੇਰ ਇਹਨਾਂ ਇਤਿਹਾਸਿਕ ਸਤਾਬਦੀਆਂ ਚੋ ਕੋਈ ਪਰਾਪਤੀ ਪੰਥ ਦੀ ਝੋਲੀ ਪੈਣ ਦੀ ਕੋਈ ਆਸ ਨਹੀ ਰੱਖਣੀ ਚਾਹੀਦੀ।ਉਹ ਵੱਖਰੀ ਗੱਲ ਹੈ ਕਿ ਅਧੁਨਿਕਤਾ ਦਾ ਯੁੱਗ ਹੋਣ ਕਰਕੇ ਗੁਰੂ ਸਹਿਬਾਨਾਂ ਦੇ ਵਾਰਸ ਵੀ ਅਪਣੇ ਤੌਰ ਤੇ ਇਹਨਾਂ ਦਿਹਾੜਿਆਂ ਦੀ ਮਹਾਨਤਾ ਨੂੰ ਦੁਨੀਆਂ ਸਾਹਮਣੇ ਰੱਖ ਕੇ ਸਿੱਖੀ ਦਾ ਪ੍ਰਚਾਰ ਪਾਸਾਰ ਕਰ ਰਹੇ ਹਨ।ਦੁਨੀਆਂ ਪੱਧਰ ਤੇ ਸਿੱਖੀ ਸੋਚ ਪ੍ਰਤੀ ਆਈ ਜਾਗਰੂਕਤਾ ਉਹਨਾਂ ਗੁਰੂ ਕੇ ਵਾਰਸਾਂ ਦੀ ਬਦੌਲਤ ਹੀ ਹੈ,ਜਿਹੜੇ ਅਧੁਨਿਕਤਾ ਦਾ ਸਹੀ ਇਸਤੇਮਾਲ ਕਰਕੇ ਸੰਸਾਰ ਦੇ ਲੋਕਾਂ ਨੂੰ ਸਿੱਖੀ ਸਿਧਾਤਾਂ ਸਬੰਧੀ ਜਾਣੂ ਕਰਵਾਉਣ ਵਿੱਚ ਕਾਮਯਾਬ ਹੋਏ ਹਨ।ਦੋਵੇਂ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿੱਚ ਇਹ ਪਰਕਾਸ਼ ਪੁਰਬ ਇੱਕੋ ਸਮੇ ਮਨਾਏ ਜਾ ਰਹੇ ਹਨ,ਪਰ ਦੋਨਾਂ ਮੁਲਕਾਂ ਵਿੱਚ ਇਹਨਾਂ ਸਮਾਗਮਾਂ ਨੂੰ ਲੈ ਕੇ ਜਮੀਨ ਅਸਮਾਨ ਜਿੰਨਾ ਅੰਤਰ ਸਾਫ ਦੇਖਿਆ ਜਾ ਰਿਹਾ ਹੈ,ਇੱਕ ਪਾਸੇ ਇਹਨਾਂ ਸਮਾਗਮਾਂ ਤੋ ਸਿਆਸੀ ਲਾਹਾ ਲੈਣ ਦੀ ਹੋੜ ਲੱਗੀ ਹੋਈ ਹੈ,ਅਸਲ ਸਿੱਖੀ ਸੋਚ ਨੂੰ ਮਨਫੀ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਸਰਹੱਦ ਤੋ ਪਾਰ ਹੋ ਰਹੇ ਸਮਾਗਮਾਂ ਵਿੱਚ ਗੁਰੂ ਬਾਬੇ ਪ੍ਰਤੀ ਸ਼ਰਧਾ ਦੀ ਮਿਸ਼ਾਲ ਕਾਇਮ ਕੀਤੀ ਜਾ ਰਹੀ ਹੈ,ਜਿਸ ਨੇ ਜਿੱਥੇ ਦੋ ਮੁਲਕਾਂ ਦੀ ਪਿਛਲੇ 72 ਸਾਲਾਂ ਦੀ ਕੁੜੱਤਣ ਨੂੰ ਮੁਹੱਬਤ ਦੀ ਮਿਠਾਸ ਵਿੱਚ ਬਦਲਣ ਦਾ ਨਿੱਗਰ ਉਪਰਾਲਾ ਕੀਤਾ ਹੈ,ਓਥੇ ਚੜਦੇ ਲਹਿੰਦੇ ਪੰਜਾਬ ਦੇ ਸਿੱਖਾਂ ਅਤੇ ਮੁਸਲਮਾਨਾਂ ਦੀ ਪੁਰਾਤਨ ਸਾਂਝ ਨੂੰ ਹੋਰ ਮਜਬੂਤ ਕੀਤਾ ਹੈ। ਹੁਣ ਜਦੋ ਸਿੱਖ ਕੌਂਮ ਦੁਨੀਆਂ ਪੱਧਰ ਤੇ ਯੁੱਗ ਪੁਰਸ਼ ਬਾਬਾ ਗੁਰੂ ਨਾਨਕ ਸਾਹਿਬ ਦਾ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਬੜੇ ਉਤਸਾਹ ਨਾਲ ਮਨਾਉਣ ਲੱਗੀ ਹੋਈ ਹੈ,ਤਾਂ ਇਹ ਸੋਚਣਾ ਜਰੂਰ ਬਣਦਾ ਹੈ ਕਿ ਉਹ ਕਿਹੜੇ ਕਾਰਨ ਹਨ,ਜਿੰਨਾਂ ਕਰਕੇ ਸਿੱਖ ਕੌਂਮ ਦੀ ਵੱਡੀ ਗਿਣਤੀ ਗੁਰੂ ਸਾਹਿਬ ਦੀਆਂ ਮਾਨਵਵਾਦੀ ਸਖਿਆਵਾਂ ਤੋ ਅਣਜਾਣ ਰਹਿ ਗਈ ਹੋਈ ਹੈ।ਕਿਉਂ ਨਾਨਕ ਵਿਰੋਧੀ ਸੋਚ ਬੜੀ ਚਤੁਰਾਈ ਨਾਲ ਅਪਣੇ ਮਨਸੂਬਿਆਂ ਵਿੱਚ ਸਫਲ ਹੋਣ ਦੇ ਬਿਲਕੁਲ ਕਰੀਬ ਖੜੀ ਹੈ ? ਕਿਉਂ ਵਿਗਿਆਨਿਕ ਸੋਚ ਦੇ ਝੰਡਾ ਬਰਦਾਰ ਬਾਬੇ ਦੇ ਭੋਲ਼ੇ ਭਾਲ਼ੇ ਸਿੱਖਾਂ ਨੂੰ ਮਲਕ ਭਾਗੋਆਂ ਦੀ ਸੋਚ ਦੇ ਲੰਗਰਾਂ ਤੋ ਬਾਹਰ ਨਹੀ ਨਿਕਲਣ ਦਿੱਤਾ ਜਾ ਰਿਹਾ ? ਜੇਕਰ ਇਹਨਾਂ ਸਮਾਗਮਾਂ ਮੌਕੇ ਅਜਿਹੇ ਮਹੱਤਵਪੂਰਨ ਪਹਿਲੂਆਂ ਨੂੰ ਵਿਚਾਰਿਆ ਨਹੀ ਜਾਂਦਾ,ਤਾਂ ਇਸ ਇਤਿਹਾਸਿਕ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਦੀ ਸਾਰਥਿਕਤਾ ਤੇ ਪ੍ਰਸ਼ਨ ਚਿੰਨ ਜਰੂਰ ਲੱਗਣਗੇ।ਇਸ ਧੁੰਦੂਕਾਰੇ ਨੂੰ ਗੁਰੂ ਬਾਬੇ ਦੀ ਸਰਬ ਸਾਂਝੀ ਗੁਰਬਾਣੀ ਦੀ ਰੌਸ਼ਨੀ ਨਾਲ ਪ੍ਰਕਾਸ਼ ਵਿੱਚ ਬਦਲਣ ਦੀ ਜੁੰਮੇਵਾਰੀ ਗੁਰੂ ਕੇ ਉਹਨਾਂ ਸੁਚੇਤ ਸਿੱਖਾਂ ਦੀ ਬਣਦੀ ਹੈ,ਜਿਹੜੇ ਗੁਰੂ ਸਿਧਾਂਤਾਂ ਨਾਲ ਹੋ ਰਹੀ ਛੇੜ ਛਾੜ ਤੋਂ ਪਹਿਲਾਂ ਹੀ ਚਿੰਤਤ ਹਨ,ਕਿਉਕਿ ਇਹਨਾਂ ਪਹਿਲੂਆਂ ਤੇ ਨਜਰਸਾਨੀ ਸਮੇ ਦੇ ਮਲਕ ਭਾਗੋਆਂ ਤੇ ਬਾਬਰਕਿਆਂ ਨੇ ਨਹੀ,ਸਗੋਂ ਗੁਰੂ ਬਾਬੇ ਦੇ ਵਾਰਸਾਂ ਨੇ ਹੀ ਕਰਨੀ ਹੈ।
ਬਘੇਲ ਸਿੰਘ ਧਾਲੀਵਾਲ
99142-58142
Have something to say? Post your comment