Monday, December 09, 2019
FOLLOW US ON

Article

ਕੀ ਕਦੇ ਜ਼ਾਤ ਪਾਤ ਦਾ ਭੇਦ ਭਾਵ ਖਤਮ ਹੋ ਸਕਦਾ ਹੈ?/ਬਲਰਾਜ ਸਿੰਘ ਸਿੱਧੂ ਐਸ.ਪੀ.

December 02, 2019 02:35 PM

  ਕੀ ਕਦੇ ਜ਼ਾਤ ਪਾਤ ਦਾ ਭੇਦ ਭਾਵ ਖਤਮ ਹੋ ਸਕਦਾ ਹੈ?/ਬਲਰਾਜ ਸਿੰਘ ਸਿੱਧੂ ਐਸ.ਪੀ.


ਕੁਝ ਦਿਨ ਪਹਿਲਾਂ ਸੰਗਰੂਰ ਜਿਲ੍ਹੇ ਵਿੱਚ ਇੱਕ ਦਲਿਤ ਨੌਜਵਾਨ ਦੀ ਛੋਟੀ ਜਿਹੀ ਗੱਲ 'ਤੇ ਭਿਆਨਕ ਕੁੱਟ ਮਾਰ ਕੀਤੀ ਗਈ ਜਿਸ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਭਾਵੇਂ ਇਹ ਝਗੜਾ ਕਿਸੇ ਹੋਰ ਕਾਰਨ ਹੋਇਆ ਸੀ, ਪਰ ਜਲਦੀ ਹੀ ਜ਼ਾਤੀ ਵਾਦੀ ਰੂਪ ਧਾਰਨ ਕਰ ਗਿਆ। ਜੇ ਮੌਕੇ ਸਿਰ ਇਸ ਮਸਲੇ ਨਾਲ ਨਾ ਨਜਿੱਠਿਆ ਜਾਂਦਾ ਤਾਂ ਗੱਲ ਹੋਰ ਵਧ ਸਕਦੀ ਸੀ। ਇਸ ਤਰਾਂ ਦੇ ਇੱਕ ਮਾਮਲੇ ਕਾਰਨ ਕੁਝ ਸਾਲ ਪਹਿਲਾਂ ਦੁਆਬੇ ਵਿੱਚ ਭਿਆਨਕ ਦੰਗੇ ਹੋਏ ਸਨ। ਜ਼ਾਤ ਪਾਤ ਦੀ ਇਸ ਬੁਰਾਈ ਕਾਰਨ ਭਾਰਤ ਸੈਂਕੜੇ ਸਾਲਾਂ ਤੱਕ ਵਿਦੇਸ਼ੀ ਹਮਲਾਵਰਾਂ ਦੁਆਰਾ ਰੌਂਦਿਆ ਜਾਂਦਾ ਰਿਹਾ ਹੈ।  ਪਾਣੀਪੱਤ ਦੀ ਪਹਿਲੀ ਜੰਗ (21 ਅਪਰੈਲ 1526 ਈਸਵੀ) ਮੁਗਲ ਬਾਦਸ਼ਾਹ ਬਾਬਰ ਅਤੇ ਦਿੱਲੀ ਦੇ ਸੁਲਤਾਨ ਇਬਰਾਹੀਮ ਲੋਧੀ ਦਰਮਿਆਨ ਹੋਈ ਸੀ। ਬਾਬਰ ਦੀ ਫੌਜ ਸਿਰਫ 30000 ਅਤੇ ਇਬਰਾਹੀਮ ਲੋਧੀ ਦੀ ਇੱਕ ਲੱਖ ਦੇ ਕਰੀਬ ਸੀ। ਇੱਕ ਰਾਤ ਬਾਬਰ  ਭੇਸ ਬਦਲ ਕੇ ਇਬਰਾਹੀਮ ਲੋਧੀ ਦੇ ਕੈਂਪ ਵਿੱਚ ਉਸ ਦੀਆਂ ਜੰਗੀ ਤਿਆਰੀਆਂ ਦੀ ਸੂਹ ਲੈਣ ਲਈ ਘੁੰਮ ਰਿਹਾ ਸੀ ਤਾਂ ਉਸ ਨੇ ਵੇਖਿਆ ਕਿ ਲੋਧੀ ਦੀ ਫੌਜ ਦੇ ਹਰ ਟੈਂਟ ਅੱਗੇ ਚੁਲ੍ਹੇ ਬਲ ਰਹੇ ਹਨ। ਉਸ ਨੇ ਆਪਣੇ ਜਸੂਸਾਂ ਨੂੰ ਇਸ ਬਾਰੇ ਪੁੱਛਿਆ ਤਾਂ ਜਵਾਬ ਮਿਲਿਆ ਕਿ ਕਿ ਇਹ ਲੋਕ ਵੱਖ ਵੱਖ ਜ਼ਾਤਾਂ, ਧਰਮਾਂ ਅਤੇ ਫਿਰਕਿਆਂ ਨਾਲ ਸਬੰਧ ਰੱਖਦੇ ਹਨ। ਛੂਤ ਛਾਤ ਮੰਨਣ ਕਾਰਨ ਇਹ ਇੱਕ ਦੂਸਰੇ ਨਾਲ ਬੈਠ ਕੇ ਖਾਣਾ ਨਹੀਂ ਖਾਂਦੇ। ਇਹ ਸੁਣ ਕੇ ਬਾਬਰ ਖੁਸ਼ ਹੋ ਗਿਆ ਕਿ ਜੇ ਇਹ ਫੌਜੀ 'ਕੱਠੇ ਬੈਠ ਕੇ ਰੋਟੀ ਨਹੀਂ ਖਾ ਸਕਦੇ ਤਾਂ ਇਹਨਾਂ ਨੇ ਲੜਾਈ ਵਿੱਚ ਇੱਕ ਮੁੱਠ ਹੋ ਕੇ ਸਵਾਹ ਲੜਨਾ ਹੈ? ਅਜਿਹੀ ਪਾਟੋਧਾੜ ਸੈਨਾ ਤਾਂ ਕੁਝ ਹੀ ਪਲਾਂ ਵਿੱਚ ਤਬਾਹ ਕੀਤੀ ਜਾ ਸਕਦੀ ਹੈ। ਉਹੀ ਗੱਲ ਹੋਈ, ਅਗਲੇ ਦਿਨ ਸਿਰਫ ਕੁਝ ਘੰਟਿਆਂ ਵਿੱਚ ਹੀ ਇਬਰਾਹੀਮ ਲੋਧੀ ਦੀ ਸਾਰੀ ਫੌਜ ਨਸ਼ਟ ਕਰ ਦਿੱਤੀ ਗਈ ਤੇ ਉਹ ਜੰਗ ਵਿੱਚ ਮਾਰਿਆ ਗਿਆ। ਮੌਜੂਦਾ ਸਮੇਂ ਵੀ ਇਹੋ ਕੁਝ ਹੋ ਰਿਹਾ ਹੈ। ਦੇਸ਼ ਦੀ ਤਰੱਕੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਜ਼ਾਤੀ ਪ੍ਰਥਾ ਹੀ ਹੈ। ਲੋਕ ਵੋਟ ਪਾਉਣ ਲੱਗਿਆਂ ਉਮੀਦਵਾਰ ਦੀ ਕਾਬਲੀਅਤ ਵਾਚਣ ਦੀ ਬਜਾਏ ਉਸ ਦੀ ਜ਼ਾਤ ਵੇਖਦੇ ਹਨ। ਉਹ ਗੱਲ ਅਲੱਗ ਹੈ ਅੱਜ ਤੱਕ ਕਿਸੇ ਨੇਤਾ ਨੇ ਤਾਕਤ ਮਿਲਣ ਤੋਂ ਬਾਅਦ ਆਪਣੀ ਜ਼ਾਤ ਦਾ ਭਲਾ ਨਹੀਂ ਕੀਤਾ। ਮੰਤਰੀ ਬਣਨ ਤੋਂ ਬਾਅਦ ਉਸ ਦਾ ਸਭ ਤੋਂ ਪਹਿਲਾ ਕੰਮ ਕਿਸੇ ਪਾਸ਼ ਕਲੋਨੀ ਵਿੱਚ ਮਹਿਲ ਪਾ ਕੇ ਗੇਟ 'ਤੇ ਗੰਨਮੈਨ ਬਿਠਾਉਣ ਦਾ ਹੁੰਦਾ ਹੈ ਤਾਂ ਜੋ ਗਰੀਬ ਗੁਰਬਾ ਉਸ ਨੂੰ ਕਿਸੇ ਕੰਮ ਲਈ ਤੰਗ ਪਰੇਸ਼ਾਨ ਨਾ ਕਰ ਸਕੇ।
  ਸੰਸਾਰ ਵਿੱਚ ਸ਼ਾਇਦ ਭਾਰਤ ਹੀ ਇੱਕੋ ਇੱਕ ਦੇਸ਼ ਹੈ ਜਿੱਥੇ ਇਸ ਕੰਪਿਊਟਰ ਯੁੱਗ ਵਿੱਚ ਵੀ ਜ਼ਾਤੀ ਪ੍ਰਥਾ ਵਰਗੇ ਕਲੰਕ ਦੀ ਪੂਰੀ ਕਰੜਾਈ ਨਾਲ ਪਾਲਣਾ ਕੀਤੀ ਜਾ ਰਹੀ ਹੈ। ਭਾਰਤ ਵਿੱਚ ਜ਼ਾਤੀਵਾਦੀ ਸਿਸਟਮ ਦਾ ਘੋਰ ਅਣਮਨੁੱਖੀ ਰੂਪ ਯੂ.ਪੀ., ਬਿਹਾਰ ਅਤੇ ਦੱਖਣੀ ਭਾਰਤ ਵਿੱਚ ਵੇਖਣ ਨੂੰ ਮਿਲਦਾ ਹੈ। ਇਹਨਾਂ ਸੂਬਿਆਂ ਦੇ ਪਿੰਡਾਂ ਵਿੱਚ ਅੱਜ ਵੀ ਕਥਿੱਤ ਛੋਟੀਆਂ ਜਾਤਾਂ ਲਈ ਪਾਣੀ ਦੇ ਖੂਹ ਤੱਕ ਵੱਖਰੇ ਹਨ, ਉਹ ਪਿੰਡ ਦੇ ਚੌਧਰੀ ਦੇ ਬਰਾਬਰ ਕੁਰਸੀ ਜਾਂ ਮੰਜੇ 'ਤੇ ਨਹੀਂ ਬੈਠ ਸਕਦੇ। ਯੂ.ਪੀ. ਅਤੇ ਬਿਹਾਰ ਦੀ ਤਾਂ ਸਾਰੀ ਸਿਆਸਤ ਅਤੇ ਸਮਾਜਿਕ ਤਾਣਾ ਬਾਣਾ ਹੀ ਜ਼ਾਤੀਵਾਦ ਦੇ ਇਰਦ ਗਿਰਦ ਘੁੰਮਦਾ ਹੈ। ਜ਼ਾਤ ਅਧਾਰਿਤ ਰਾਜਨੀਤਕ ਪਾਰਟੀਆਂ ਹਨ, ਇਥੋਂ ਤੱਕ ਕਿ ਗੁੰਡਿਆਂ ਅਤੇ ਡਾਕੂਆਂ ਦੇ ਗਿਰੋਹ ਵੀ ਜ਼ਾਤ ਅਧਾਰਿਤ ਹਨ। 1992-93 ਵਿੱਚ ਮੈਂ ਕਿਸੇ ਮੁਲਜ਼ਮ ਨੂੰ ਪਕੜਨ ਲਈ ਯੂ.ਪੀ. ਦੇ ਕਿਸੇ ਸ਼ਹਿਰ ਗਿਆ ਸੀ। ਸਾਨੂੰ ਪੁਲਿਸ ਮਦਦ ਲੈਣ ਲਈ ਸਥਾਨਿਕ ਥਾਣੇ ਜਾਣਾ ਪਿਆ। ਉਥੇ ਵੇਖਿਆ ਕਿ ਥਾਣੇ ਵਿੱਚ ਵੱਖ ਵੱਖ ਜ਼ਾਤਾਂ ਲਈ ਦੋ ਮੈੱਸਾਂ ਸਨ ਤੇ ਸ਼ਰੇਆਮ ਲਿਖਿਆ ਹੋਇਆ ਸੀ ਕਿ ਇਹ ਮੈੱਸ ਫਲਾਣੀ ਜ਼ਾਤ ਲਈ ਹੈ। ਜਦੋਂ ਮੈਂ ਹੈਰਾਨ ਹੋ ਕਿ ਇਸ ਸਬੰਧੀ ਐਸ.ਐਚ.ਉ. ਨੂੰ ਪੁੱਛਿਆ ਤਾਂ ਉਹ ਬਹੁਤ ਅਰਾਮ ਨਾਲ ਬੋਲਿਆ ਕਿ ਇਸ ਵਿੱਚ ਕੀ ਖਾਸ ਗੱਲ ਹੈ? ਇਹ ਤਾਂ ਹੁੰਦਾ ਹੀ ਹੈ।
  ਰਾਜਸਥਾਨ ਵਿੱਚ ਤਾਂ 40-50 ਸਾਲ ਪਹਿਲਾਂ ਤੱਕ ਕੋਈ ਗੈਰ ਰਾਜਪੂਤ ਆਪਣੇ ਨਾਮ ਨਾਲ ਸਿੰਘ ਨਹੀਂ ਸੀ ਲਗਾ ਸਕਦਾ (ਇਹ ਸਿਰਫ ਰਾਜਪੂਤਾਂ ਵਾਸਤੇ ਰਿਜ਼ਰਵ ਸੀ),  ਘੋੜੀ 'ਤੇ ਨਹੀਂ ਸੀ ਚੜ੍ਹ ਸਕਦਾ ਤੇ ਚੰਗਾ ਊਠ ਨਹੀਂ ਸੀ ਰੱਖ ਸਕਦਾ। ਅੱਜ ਵੀ ਰਾਜਸਥਾਨ 'ਚ ਰਾਜਪੂਤਾਂ ਨੂੰ ਛੱਡ ਕੇ ਬਹੁਤੇ ਲੋਕਾਂ ਦੇ ਨਾਮ ਸ਼ਾਮ ਲਾਲ, ਨਿਉਲਾ ਰਾਮ, ਦੂੜੇ ਰਾਮ, ਰਤਨ ਲਾਲ ਜਾਂ ਗੋਦਾ ਰਾਮ ਆਦਿ ਹਨ। ਧਰਮਿੰਦਰ ਦੀ ਫਿਲਮ ਗੁਲਾਮੀ (1985) ਵਿੱਚ ਇਹ ਭੇਦ ਭਾਵ ਬਹੁਤ ਸਟੀਕਤਾ ਨਾਲ ਵਿਖਾਇਆ ਗਿਆ ਸੀ। ਦੱਖਣ ਵਿੱਚ ਤਾਂ ਹਾਲਾਤ ਹੋਰ ਵੀ ਬੁਰੇ ਹਨ। ਉਥੇ ਇੱਕ ਯੇਲੱਮਾ ਦੇਵੀ ਦਾ ਮੰਦਰ ਹੈ ਜਿੱਥੇ ਸਿਰਫ ਕਥਿੱਤ ਛੋਟੀਆਂ ਜ਼ਾਤਾਂ ਦੀਆਂ ਬੱਚੀਆਂ ਨੂੰ ਦੇਵ ਦਾਸੀਆਂ ਬਣਾਇਆ ਜਾਂਦਾ ਹੈ ਤੇ ਬਾਅਦ ਵਿੱਚ ਇਹਨਾਂ ਵਿੱਚੋਂ ਬਹੁਤੀਆਂ ਵੇਸਵਾ ਬਜ਼ਾਰ ਵਿੱਚ ਵੇਚ ਦਿੱਤੀਆਂ ਜਾਂਦੀਆਂ ਹਨ। ਪੰਜਾਬ ਵਿੱਚ ਵੀ ਮਾਲਵਾ ਖੇਤਰ ਵਿੱਚ ਸਿਆਸੀ ਲੋਕਾਂ ਦਾ ਮਨਪਸੰਦ ਇੱਕ ਅਜਿਹਾ ਡੇਰਾ ਹੈ ਜਿੱਥੇ ਅੱਜ ਦੇ ਯੁੱਗ ਵਿੱਚ ਵੀ ਵੱਖ ਵੱਖ ਜ਼ਾਤਾਂ ਦੇ ਭਾਂਡੇ ਅਲੱਗ ਅੱਲਗ ਰੱਖ ਕੇ ਸਿੱਖ ਧਰਮ ਦੇ ਸਭ ਤੋਂ ਬੁਨਿਆਦੀ ਅਸੂਲ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
  ਪੰਜਾਬ ਵਿੱਚ ਗੁਰੂਆਂ ਅਤੇ ਭਗਤਾਂ ਨੇ ਜ਼ਾਤ ਪਾਤ ਮਿਟਾਉਣ ਲਈ ਬਹੁਤ ਉਪਰਾਲੇ ਕੀਤੇ  ਪਰ ਇਹ ਬਿਮਾਰੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕਰਨ ਵੇਲੇ ਇਸ ਬੁਰਾਈ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਵੱਖ ਵੱਖ ਜ਼ਾਤਾਂ ਦੇ ਪੰਜ ਸੂਰਮਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਤੇ ਫਿਰ ਆਪ ਉਹਨਾਂ ਹੱਥੋਂ ਅੰਮ੍ਰਿਤ ਛਕਿਆ। ਪਰ ਹੁਣ ਹਾਲਾਤ ਇਹ ਬਣ ਗਏ ਹਨ ਕਿ ਅਸੀਂ ਗੁਰੂ ਸਾਹਿਬਾਨ ਨੂੰ ਤਾਂ ਮੰਨਦੇ ਹਾਂ ਪਰ ਉਹਨਾਂ ਦੀਆਂ ਸਿੱਖਿਆਵਾਂ ਨੂੰ ਨਹੀਂ ਮੰਨਣ ਲਈ ਤਿਆਰ ਨਹੀਂ। ਅੱਜ ਪੰਜਾਬ ਦੇ ਹਰ ਪਿੰਡ-ਸ਼ਹਿਰ ਵਿੱਚ ਵੱਖ ਵੱਖ ਜ਼ਾਤਾਂ ਦੇ ਅਲੱਗ ਅਲੱਗ ਗੁਰਦਵਾਰੇ, ਮੰਦਰ ਅਤੇ ਸ਼ਮਸ਼ਾਨ ਘਾਟ ਬਣੇ ਹੋਏ ਹਨ, ਜ਼ਾਤ ਪਾਤ ਮਰਨ ਤੋਂ ਬਾਅਦ ਵੀ ਬੰਦੇ ਦਾ ਪਿੱਛਾ ਨਹੀਂ ਛੱਡਦੀ। ਪੱਛਮੀ ਦੇਸ਼ਾਂ ਵਿੱਚ ਵੀ ਭਾਰਤੀ ਆਪਣੀ ਇਹ ਨੀਚ ਪ੍ਰਥਾ ਨਾਲ ਹੀ ਲੈ ਗਏ ਹਨ। ਉਥੇ ਵੀ ਅਲੱਗ ਅਲੱਗ ਜ਼ਾਤਾਂ ਦੇ ਧਰਮ ਅਸਥਾਨ ਉਸਾਰ ਲਏ ਹਨ।  
  ਜ਼ਾਤ ਪਾਤ ਵੈਦਿਕ ਕਾਲ ਵਿੱਚ ਕੰਮ ਦੇ ਅਧਾਰ 'ਤੇ ਸ਼ੁਰੂ ਹੋਈ ਹੋਈ ਸੀ, ਪਰ ਸਮਾਂ ਪਾ ਕੇ ਰਾਜਿਆਂ ਅਤੇ ਪੁਜਾਰੀਆਂ ਦੀਆਂ ਸਾਜ਼ਿਸ਼ਾਂ ਕਾਰਨ ਇਹ ਪ੍ਰਥਾ ਪੱਕੀ ਹੀ ਹੋ ਗਈ। ਅੱਜ ਭਾਰਤੀ ਜਿਸ ਜ਼ਾਤ ਵਿੱਚ ਪੈਦਾ ਹੁੰਦਾ ਹੈ, ਉਸੇ ਵਿੱਚ ਮਰਦਾ ਹੈ। ਫਿਲਹਾਲ ਇਹ ਪ੍ਰਥਾ ਖਤਮ ਹੋਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ। ਇਸ ਨੂੰ ਦੇਸ਼ ਦੇ ਰਾਜਨੀਤਕ ਅਤੇ ਧਾਰਮਿਕ ਰਹਿਨੁਮਾਵਾਂ ਵੱਲੋਂ ਭਰਪੂਰ ਬੜਾਵਾ ਦਿੱਤਾ ਜਾ ਰਿਹਾ ਹੈ। ਇਲੈਕਸ਼ਨਾਂ, ਸਰਕਾਰੀ ਨੌਕਰੀਆਂ, ਇਥੋਂ ਤੱਕ ਕੇ ਪੰਚਾਇਤਾਂ ਵੀ ਜ਼ਾਤ ਅਧਾਰਿਤ ਬਣਦੀਆਂ ਹਨ। ਅਫਸਰਾਂ ਦੇ ਸ਼ਰੇਆਮ ਜ਼ਾਤ ਅਧਾਰਿਤ ਗਰੁੱਪ ਬਣੇ ਹੋਏ ਹਨ ਜਿਹਨਾਂ ਵਿੱਚ ਰੱਜ ਕੇ ਦੂਸਰੀ ਜ਼ਾਤ ਵਾਲਿਆਂ ਦੀ ਬਦਖੋਈ ਕੀਤੀ ਜਾਂਦੀ ਹੈ। ਵੈਸੇ ਜ਼ਾਤ ਪਾਤ ਵੀ ਵਿਅਕਤੀ ਦੀ ਆਰਥਿਕ ਸਥਿੱਤੀ ਅਨੁਸਾਰ  ਬਦਲ ਜਾਂਦੀ ਹੈ। ਜੇ ਵਿਅਕਤੀ ਗਰੀਬ ਹੋਵੇ ਤਾਂ ਉਸ ਨਾਲ ਜ਼ਾਤ ਦੇ ਅਧਾਰ 'ਤੇ ਰੱਜ ਕੇ ਵਿਤਕਰਾ ਕੀਤਾ ਜਾਂਦਾ ਹੈ, ਪਰ ਜੇ ਉਹ ਵਿਅਕਤੀ ਜਾਂ ਉਸ ਦਾ ਕੋਈ ਬੱਚਾ ਪੜ੍ਹ ਲਿਖ ਕੇ ਵੱਡਾ ਅਫਸਰ ਜਾਂ ਮੰਤਰੀ ਬਣ ਜਾਵੇ ਤਾਂ ਇਲਾਕੇ ਦੇ ਵੱਡੇ ਤੋਂ ਵੱਡੇ ਚੌਧਰੀ ਵੀ ਉਸ ਨੂੰ ਸਲਾਮ ਮਾਰਨ ਪਹੁੰਚ ਜਾਂਦੇ ਹਨ।  ਕਹਿੰਦੇ ਹਨ ਕਿ ਪਹਿਲੀ ਪੀੜ੍ਹੀ ਦਾ ਪਾਖੰਡ ਦੂਸਰੀ ਪੀੜ੍ਹੀ ਦੀ ਪਰੰਪਰਾ ਅਤੇ ਤੀਸਰੀ ਪੀੜ੍ਹੀ ਦਾ ਧਰਮ ਬਣ ਜਾਂਦਾ ਹੈ। ਇਹ ਜ਼ਾਤ ਪਾਤ ਵੀ ਸਦੀਆਂ ਗੁਜ਼ਰਨ ਨਾਲ ਸਾਡਾ ਧਰਮ ਹੀ ਬਣ ਗਿਆ ਹੈ। ਇਸ ਭੇਦ ਭਾਵ ਤੋਂ ਅੱਕ ਕੇ ਭਾਰਤ ਵਿੱਚ ਕਰੋੜਾਂ ਲੋਕਾਂ ਨੇ ਧਰਮ ਪਰਿਵਰਤਨ ਕੀਤਾ ਸੀ ਤੇ ਅੱਜ ਵੀ ਕਰ ਰਹੇ ਹਨ।  
  ਪੰਜਾਬ ਦੇ ਪਿੰਡਾਂ ਵਿੱਚ ਜ਼ਾਤ ਅਧਾਰਿਤ ਕਲੋਨੀਆਂ ਅਤੇ ਮਹੱਲੇ ਬਣੇ ਹੋਏ ਹਨ। ਸਾਡੇ ਨੇਤਾ ਭਾਵੇਂ ਜ਼ਾਤ ਪਾਤ ਖਤਮ ਕਰਨ ਦੀਆਂ ਗੱਲਾਂ ਕਰਦੇ ਹਨ, ਪਰ ਵੱਖ ਵੱਖ ਜ਼ਾਤਾਂ ਦੇ ਧਰਮ ਸਥਾਨਾਂ ਅਤੇ ਧਰਮਸ਼ਾਲਵਾਂ ਲਈ ਖੁਲ੍ਹ ਕੇ ਗਰਾਂਟਾਂ ਦਿੰਦੇ ਹਨ। ਵੋਟਾਂ ਖੁੱਸਣ ਦੇ ਡਰੋਂ ਇਸ ਗੱਲ 'ਤੇ ਕਦੇ ਵੀ ਜ਼ੋਰ ਨਹੀਂ ਦਿੰਦੇ ਕਿ ਸਾਰੀਆਂ ਜ਼ਾਤਾਂ ਲਈ ਇੱਕ ਹੀ ਸਾਂਝਾ ਧਰਮ ਸਥਾਨ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਲਵ ਮੈਰਿਜ ਭਾਵੇਂ ਅੰਤਰਜ਼ਾਤੀ ਹੋ ਜਾਵੇ, ਪਰ ਅਰੇਂਜ਼ਡ ਮੈਰਿਜ 99% ਇੱਕ ਹੀ ਜ਼ਾਤ ਵਿੱਚ ਹੁੰਦੀ ਹੈ। ਲੋਕ ਅੰਤਰਜ਼ਾਤੀ ਵਿਆਹਾਂ ਨੂੰ ਬਰਦਾਸ਼ਤ ਨਹੀਂ ਕਰਦੇ, ਲੜਕੇ ਲੜਕੀ ਨੂੰ ਕਤਲ ਤੱਕ ਕਰ ਦਿੱਤਾ ਜਾਂਦਾ ਹੈ। ਪਰ ਜ਼ਾਤ ਪਾਤ ਵਰਗੇ ਕਲੰਕ ਨੂੰ ਮਿਟਾਉਣ ਦਾ ਜਿਹੜਾ ਕੰਮ ਸਾਡੇ ਧਾਰਮਿਕ ਰਹਿਨੁਮਾ ਨਹੀਂ ਕਰ ਸਕੇ, ਉਸ ਆਈਲੈਟਸ ਨੇ ਕਰ ਵਿਖਾਇਆ ਹੈ। ਹੁਣ ਵਿਆਹ ਵੇਲੇ ਸਿਰਫ ਲੜਕੀ ਦੇ ਬੈਂਡ ਵੇਖੇ ਜਾਂਦੇ ਹਨ, ਜ਼ਾਤ ਪਾਤ ਕੋਈ ਨਹੀਂ ਪੁੱਛਦਾ। ਪਰ ਜਿੰਨਾਂ ਚਿਰ ਭਾਰਤੀਆਂ ਵਿੱਚ ਖੁਦ ਜਾਗਰਤੀ ਨਹੀਂ ਆਉਂਦੀ, ਜਨਤਾ ਜ਼ਾਤ ਦੀ ਬਜਾਏ ਕਾਬਲੀਅਤ ਨਹੀਂ ਵੇਖਦੀ, ਰਾਜਨੀਤਕ ਲੋਕ ਆਪਣੀਆਂ ਰੋਟੀਆਂ ਸੇਕਣੀਆਂ ਬੰਦ ਨਹੀਂ ਕਰਦੇ, ਅੰਤਰ ਜ਼ਾਤੀ ਵਿਆਹ ਆਮ ਨਹੀਂ ਹੁੰਦੇ ਤੇ ਧਾਰਮਿਕ ਛੂਤ ਛਾਤ ਖਤਮ ਨਹੀਂ ਹੁੰਦੀ, ਸਾਡੇ ਸਮਾਜ ਦਾ ਇਹ ਮਹਾਂ ਕਲੰਕ ਕਦੇ ਵੀ ਖਤਮ ਨਹੀਂ ਹੋ ਸਕਦਾ।
        ਬਲਰਾਜ ਸਿੰਘ ਸਿੱਧੂ ਐਸ.ਪੀ.
        ਪੰਡੋਰੀ ਸਿੱਧਵਾਂ 9501100062

Have something to say? Post your comment

More Article News

ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! /ਮੁਹੰਮਦ ਅੱਬਾਸ ਧਾਲੀਵਾਲ, ਹੈਦਰਾਬਾਦ ਐਨਕਾਊਂਟਰ ਬੁੱਧੀਜੀਵੀ , ਰਾਜਨੀਤਕ ਤੇ ਨਿਆਇਕ ਪ੍ਰਣਾਲੀ ਨਾਲ ਜੁੜੇ ਲੋਕਾਂ ਦੀ ਨਜ਼ਰ ਵਿਚ..! ਮੁਹੰਮਦ ਅੱਬਾਸ ਧਾਲੀਵਾਲ ਕਬੱਡੀ ਕੂਮੈਟਰੀ ਵਾਲੇ ਵੀਰ ਅਵਤਾਰ ਸਿੰਘ ਤਾਰਾ ਕਿਸ਼ਨਪੁਰਾ ਦੇਸ ਵਿਚ ਸਮੂਹਿਕ ਬਲਾਤਕਾਰ ਦੀਆਂ ਘਟਨਾਵਾਂ ਵਿਚ ਵਾਧਾ ਚਿੰਤਾ ਦਾ ਵਿਸ਼ਾ/ਉਜਾਗਰ ਸਿੰਘ ਸਮਾਜਵਾਦ ਦਾ ਰਾਹੀਂ, ਬੋਲੀਵੀਆ ! ਸੀ.ਆਈ.ਏ. ਦਾ ਸ਼ਿਕਾਰ /ਜਗਦੀਸ਼ ਸਿੰਘ ਚੋਹਕਾ ਤਿੱਥ, ਤਾਰੀਖ ਅਤੇ ਪ੍ਰਵਿਸ਼ਟਾ /ਸਰਵਜੀਤ ਸਿੰਘ ਸੈਕਰਾਮੈਂਟੋ ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ/ਬਘੇਲ ਸਿੰਘ ਧਾਲੀਵਾਲ " ਲੋੜ ਹੈ ਰਾਜਪਾਲ ਮਲਿਕ ਤੇ ਰਾਹੁਲ ਬਜਾਜ ਦੀਆਂ ਕਹੀਆਂ ਗੱਲਾਂ ਤੇ ਚਿੰਤਨ ਕਰਨ ਦੀ " /ਮੁਹੰਮਦ ਅੱਬਾਸ ਧਾਲੀਵਾਲ, ਟੁੱਟ ਰਹੇ ਰਿਸ਼ਤਿਆਂ ਨੂੰ ਸੰਭਾਲਣ ਦੀ ਲੋੜ /ਖੁਸ਼ਵਿੰਦਰਕੌਰ ਧਾਲੀਵਾਲ 7 ਦਸੰਬਰ 2019 ਨੂੰ ਫਲੈਗ ਡੇ ਤੇ ਵਿਸ਼ੇਸ਼: “ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਜੋ ਸਦਾ ਲਈ ਸੋ ਗਏ, ਦੇਸ਼ ਦੀ ਆਣ ਤੇ ਸ਼ਾਨ ਲਈ ਜੋ ਕੁਰਬਾਨ ਹੋ ਗਏ”
-
-
-