Monday, February 24, 2020
FOLLOW US ON

Article

ਰਸਮਾਂ ਵਿਹੂਣੇ ਵਿਆਹ/ਸੁਖਪਾਲ ਸਿੰਘ ਗਿੱਲ

December 12, 2019 12:48 PM

ਰਸਮਾਂ ਵਿਹੂਣੇ ਵਿਆਹ/ਸੁਖਪਾਲ ਸਿੰਘ ਗਿੱਲ


ਸਾਡੀ ਸੱਭਿਅਤਾ, ਸੱਭਿਆਚਾਰ ਅਤੇ ਸਮਾਜਿਕ ਖੁਸ਼ੀਆਂ ਖੇੜਿਆਂ ਦੀ ਬੁਨਿਆਦ ਵਿਆਹ ਉੱਤੇ ਟਿਕੀ ਹੋਈ ਹੈ। ਪੀੜ੍ਹੀ ਦਰ ਪੀੜ੍ਹੀ ਸਮਾਜਿਕ ਵਿਕਾਸ ਸੰਸਾਰ ਦੇ ਆਉਣ ਜਾਣ ਦੀ ਪ੍ਰਕਿਰਿਆ ਤੇ ਟਿਕਿਆ ਹੈ। ਬੱਚੇ ਦੇ ਜੰਮਣ ਸਾਰ ਉਸ ਪ੍ਰਤੀ ਮੋਹ,ਤਰੱਕੀ ਅਤੇ ਵਿਆਹ ਦੀ ਕਲਪਨਾ ਸ਼ੁਰੂ ਹੋ ਜਾਂਦੀ ਹੈ। ਮੋਹ ਅਤੇ ਤਰੱਕੀ ਭਾਵੇਂ ਫਿੱਕੀ ਪੈ ਜਾਵੇ ਪਰ ਵਿਆਹ ਕਰਨ ਅਤੇ ਕਰਾਉਣ ਦੀ ਨੈਤਿਕ ਜ਼ਿੰਮੇਵਾਰੀ ਸਮਝੀ ਜਾਂਦੀ ਹੈ। ਸਮਾਜ ਵਿਚ ਪੈਂਠ ਬਣਾਉਣ ਲਈ ਵੀ ਵਿਆਹ ਕਰਨਾ ਜ਼ਰੂਰੀ ਹੋ ਜਾਂਦਾ ਹੈ ਨਹੀਂ ਤਾਂ ਮਿਹਣਾ ਤਾਅਨਾ ਤਿਆਰ ਹੁੰਦਾ ਹੈ ਕਿ ਤੇਰਾ ਵਿਆਹ ਤਾਂ ਹੋਇਆ ਨਹੀਂ।
ਵਿਆਹ ਦੋ ਜਿੰਦਾਂ ਦੇ ਮੇਲ ਦੇ ਨਾਲ‌  ਨਾਲ ਸਮਾਜ ਦੀ ਨਵੀਂ ਇਕਾਈ ਦਾ ਮੇਲ ਵੀ ਹੁੰਦਾ ਹੈ। ਪਹਿਲਾਂ ਛੋਟੀ ਉਮਰ ਵਿਚ ਵਿਆਹ ਕੀਤੇ ਜਾਂਦੇ ਸਨ ਜੋ ਕਿਸੇ ਹੱਦ ਤੱਕ ਸਹੀ ਵੀ ਸਨ। ਇਸ ਨਾਲ ਦਰਿੰਦਗੀ ਅਤੇ ਅਸੱਭਿਅਕ ਆਦਤਾਂ ਨੂੰ ਰੋਕ ਲੱਗਦੀ ਸੀ। ਉਂਜ ਕਾਨੂੰਨ ਅਨੁਸਾਰ ਬਾਲ ਵਿਆਹ ਰੋਕਣੇ ਸਹੀ ਵੀ ਹਨ ਪਰ ਸੈਕਸ ਸਿੱਖਿਆ ਤੋਂ ਅੱਜ ਤੱਕ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ। ਖੁੱਲ੍ਹਦਿਲੀ ਵਾਲਾ ਵਿਸ਼ਾ ਅਜੇ ਤੱਕ ਵਿਵਾਹਕ ਸਬੰਧ ਨਹੀਂ ਬਣ ਸਕੇ। ਕਿਤੇ ਨਾ ਕਿਤੇ ਇਹ ਵਿਸ਼ਾ ਵੀ ਰੁਕਾਵਟ ਹੈ। ਜੇ ਸਰੀਰਕ ਕ੍ਰਿਆਵਾਂ, ਜੀਵ ਵਿਗਿਆਨਕ ਪਹਿਲੂ ਅਤੇ ਸਿੱਖਿਆ ਦਾ ਸੁਮੇਲ ਪਰਿਵਾਰਕ ਸਾਂਝਾ ਵਿਚ ਘੁਲ ਜਾਵੇ ਤਾਂ ਰਿਸ਼ਤਿਆਂ ਦੀ ਪਕੜ ਸਲਾਮਤ ਰਹਿ ਸਕਦੀ ਹੈ।
ਆਪਣੇ ਵਿਆਹ ਦੀ ਖੁੱਲੀ ਗੱਲ ਕਰਨੀ ਅਜੇ ਵੀ ਮੁੰਡੇ ਕੁੜੀਆਂ ਲਈ ਸ਼ਰਮ ਪੈਦਾ ਕਰਦਾ ਹੈ । ਖਾਸ ਤੌਰ ਤੇ ਧੀਆਂ ਇਸ ਦੇ ਪ੍ਰਭਾਵ ਨੂੰ ਹੰਢਾਉਂਦੀਆਂ ਹਨ। ਬੱਚੇ ਦੇ ਵਿਕਾਸ ਦਾ ਪਹਿਲਾ ਫੌਡਾ ਪਾਲਣ_ਪੋਸ਼ਣ ਦੂਜਾ ਰੁਜ਼ਗਾਰ ਅਤੇ ਤੀਜਾ ਵਿਆਹ ਹੁੰਦਾ ਹੈ। ਵਿਆਹ ਵਿਚ ਰਸਮਾਂ, ਸਭ ਕਿਸਮ ਦੇ ਰਿਵਾਂ ਅਤੇ ਚਾਅ ਮਲ੍ਹਾਰ ਛਿਪੇ ਹੁੰਦੇ ਹਨ। ਪੜਾਅਵਾਰ ਪਾਣੀ ਵਾਰਨ ਤੱਕ ਤਰ੍ਹਾਂ_ਤਰ੍ਹਾਂ ਦੇ ਰਸਮ ਰਿਵਾਜ ਵਿਆਹਾਂ ਨੂੰ ਸ਼ਿੰਗਾਰਦੇ ਹਨ। ਮੰਗਣੀ ਦੀ ਰਸਮ ਤੋਂ ਬਾਅਦ ਸਾਹਾ ਸਧਾਉਣਾ, ਭਾਜੀ ਨਾਲ ਕਾਰਡਾਂ ਦੀ ਵੰਡ, ਪੇਕੇ ਵਿਆਹ ਦੱਸਣ ਜਾਣਾ, ਮਾਈਆਂ ਵੱਟਣਾ, ਨਾਨਕਾ ਮੇਲ, ਜਾਗੋ, ਸੇਹਰਾਬੰਧੀ, ਧਾਰਮਿਕ ਰਸਮਾਂ, ਥਾਲੀ ਦੇਣੀ, ਬੂਟ ਲੁਕਾਉਣੇ, ਧਾਮ ਅਤੇ ਸਿੱਠਣੀਆਂ, ਡੋਲੀ ਤੋਰਨੀ ਅਤੇ ਬੰਨ੍ਹੇ ਦੀ ਮਾਂ ਵੱਲੋਂ ਪਾਣੀ ਵਾਰਨ ਤੱਕ ਦਾ ਸਫਰ ਵਿਆਹ ਨੂੰ ਲੰਬੇ ਸਮੇਂ ਤੱਕ ਮਿਠਾਸ ਭਰਿਆ ਰੱਖਦਾ ਹੈ। ਆਪਣੇ ਅੰਦਰ ਅਤੇ ਆਲੇ_ਦੁਆਲੇ ਝਾਤ ਮਾਰ ਕੇ ਦੇਖੀਏ ਕਿ ਹੁਣ ਇਹ ਰਸਮਾਂ ਕਿੰਨੀਆਂ ਕੁ ਨਿਭਾਈਆਂ ਜਾਂਦੀਆਂ ਹਨ। ਮਹਿਜ ਖਾਨਾ ਪੂਰਤੀ ਹੀ ਚੱਲਦੀ ਹੈ।ਬਹੁਤੀ ਜਗ੍ਹਾ ਇਨ੍ਹਾਂ ਦੀ ਲੋੜ ਹੀ ਨਹੀਂ ਪੈਂਦੀ ਪਰ ਜਿਵੇਂ ਰੋਟੀ ਵਿਚ ਕਿਰਕਲ ਰੋਟੀ ਦੀ ਲੋੜ ਨੂੰ ਬੇਲੋੜ ਕਰ ਦਿੰਦੀ ਹੈ ਇਸੇ ਤਰ੍ਹਾਂ ਰਸਮਾਂ ਤੋਂ ਬਿਨਾਂ ਵਿਆਹ ਵੀ ਇਹੋ ਕੁਝ ਹਾਲਾਤ ਪੈਦਾ ਕਰਦਾ ਹੈ।ਜੇ ਵਿਆਹ ਦੇ ਸਮੇਂ ਚਾਅ ਮਲਾਰਾਂ ਦੀ ਬਜਾਏ ਬੋਝ ਅਤੇ ਪਰੇਸ਼ਾਨੀ ਹੰਢਾਈ ਜਾਵੇ ਤਾਂ ਸਾਡੀ ਸੱਭਿਅਤਾ ਅਤੇ ਸੱਭਿਆਚਾਰ ਲੀਰੋਲੀਰ ਹੁੰਦੀ ਹੈ। ਪਿਆਰ ਵਿਆਹ, ਲੜਕੀ ਨੂੰ ਬੋਝ ਸਮਝਣਾ ਅਤੇ ਰੂੜ੍ਹੀਵਾਦੀ ਮਾਨਸਿਕਤਾ ਸਮਾਜ ਦੀ ਹਿੰਸਾ ਨੇ ਵੀ ਸ਼਼ਾਹੀ ਅਤੇ ਲਾਡਲੇ ਰਸਮ ਰਿਵਾਜ ਘਸਮੈਲੇ ਕੀਤੇ ਹਨ। ਗਿੱਧਾ,ਭੰਗੜ੍ਹਾ ਅਤੇ ਸਿੱਠਣੀਆਂ ਵੀ ਅਤੀਤ ਗਵਾ ਕੇ ਮਜਬੂਰੀ ਦੀ ਝਲਕ ਪੇਸ਼ ਕਰਦੀਆਂ ਹਨ।
ਸੱਭਿਆਚਾਰ ਰੋਜਮਰਾ ਹੰਢਾਉਣ ਵਾਲੀਆਂ ਆਦਤਾਂ ਦਾ ਨਕਸ਼ਾ ਤਾਂ ਹੈ ਪਰ ਜੇ ਇਹ ਆਦਤਾਂ ਵਿਰਸੇ ਨੂੰ ਹੰਢਾਉਣ ਵਿਚ ਨਾਕਾਮ ਰਹਿੰਦੀਆਂ ਹਨ ਤਾਂ ਪਿਆਰ, ਰੰਗ, ਛੋਹ ਅਤੇ ਸਾਂਝਾਂ ਦਾ ਅੰਦਾਂ ਖੁਦ ਹੀ ਲੱਗ ਜਾਂਦਾ ਹੈ। ਵਿਆਹ ਸਬੰਧੀ ਰਸਮਾਂ ਰਿਵਾਜਾਂ ਨੂੰ ਕਿਤਾਬਾਂ ਵਿਚ ਲੁਕਣ ਲਈ ਮਜਬੂਰ ਹੋਣਾ ਪਵੇਗਾ।  ਜਿੰਨਾ ਮਰਜ਼ੀ ਪਦਾਰਥਵਾਦੀ ਬਣ ਜਾਈਏ ਪੈਸੇ ਦਾ ਜਾਲ ਵਿਛਾ ਲਈਏ ਜੇ ਅਨੰਦਮਈ ਤਰੀਕੇ ਨਾਲ ਰਸਮਾਂ ਰਿਵਾਜ ਨਾ ਮਨਾ ਸਕੀਏ ਤਾਂ ਜੀਵਨ ਦਾ ਰੰਗ ਫਿੱਕਾ ਹੀ ਰਹੇਗਾ।ਆਓ ਵਿਰਸੇ ਦੇ ਪੁਰਾਣੇ ਰੰਗਾਂ ਅਨੁਸਾਰ ਵਿਆਹ ਕਰਨ ਦੀ ਪਿਰਤ ਨਵੇਂ ਸਿਰਿਓ ਸ਼ੁਰੂ ਕਰੀਏ।
       ਸੁਖਪਾਲ ਸਿੰਘ ਗਿੱਲ
       ਅਬਿਆਣਾ ਕਲਾਂ
       98781_11445

Have something to say? Post your comment