Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

Article

ਭਾਈ ਜੈਤਾ ਜੀ: ਜੀਵਨ ਅਤੇ ਕੁਰਬਾਨੀ / ਡਾ. ਕੁਲਦੀਪ ਕੌਰ

December 12, 2019 01:12 PM
ਭਾਈ ਜੈਤਾ ਜੀ: ਜੀਵਨ ਅਤੇ ਕੁਰਬਾਨੀ
                ***************************
                                           - ਡਾ. ਕੁਲਦੀਪ ਕੌਰ  
 
         ਬੜੀ ਘਾਲਣਾ ਘਾਲੀ ਸੀ, ਸਿੱਖੀ ਵਿੱਚ ਭਾਈ ਜੈਤਾ। 
         ਹਿੰਮਤ, ਜਿਗਰਾ, ਜਾਂਬਾਜ਼ੀ, ਤੇ ਰੱਖਦਾ ਸੀ ਨਿਰਭੈਤਾ।
      ਖ਼ਤਰਿਆਂ, ਔਕੜਾਂ ਕੋਲੋਂ ਮੂਲੋਂ, ਕਦੇ ਨਹੀਂ ਘਬਰਾਇਆ।        ਏਸ ਤਰ੍ਹਾਂ ਸੀ ਬਣ ਗਿਆ- 'ਰੰਗਰੇਟਾ: ਗੁਰੂ ਕਾ ਬੇਟਾ'। 
              ਗੁਰੂ- ਘਰ ਦੇ ਅਨਿੰਨ ਸ਼ਰਧਾਲੂ ਅਤੇ ਮਰਜੀਵੜੇ ਸਿੱਖ ਭਾਈ ਜੈਤਾ ਜੀ ਦੇ ਜੀਵਨ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਨਿਰਭੈ ਯੋਧੇ ਸਨ, ਜਿਨ੍ਹਾਂ  ਨੇ ਬੜੀਆਂ ਮੁਸ਼ਕਿਲ ਪਰਿਸਥਿਤੀਆਂ ਅਤੇ ਸੰਕਟਾਂ ਵਿੱਚੋਂ ਗੁਜ਼ਰਦੇ ਹੋਇਆਂ ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ ਸੀ।
              ਵੱਖ ਵੱਖ ਵਿਦਵਾਨਾਂ ਨੇ ਵਿਭਿੰਨ ਪੁਰਾਤਨ ਰਚਨਾਵਾਂ ਵਿੱਚ ਮਿਲਦੇ ਪ੍ਰਸੰਗਾਂ ਅਤੇ ਸੰਕੇਤਾਂ ਦੇ ਆਧਾਰ ਤੇ ਭਾਈ ਜੈਤਾ ਜੀ ਦਾ ਜੋ ਜੀਵਨ ਬਿਰਤਾਂਤ ਲਿਖਿਆ ਹੈ, ਉਸ ਮੁਤਾਬਕ ਉਨ੍ਹਾਂ ਦੇ ਵੱਡੇ- ਵਡੇਰੇ ਬਾਬਾ ਬੁੱਢਾ ਜੀ ਦੇ ਪ੍ਰਭਾਵ ਅਧੀਨ ਗੁਰੂ ਘਰ ਦੇ ਸੇਵਕ ਬਣੇ ਸਨ। ਇਹ ਪੂਰਵਜ ਪਹਿਲਾਂ ਕੀਰਤਪੁਰ ਸਾਹਿਬ ਰਹਿੰਦੇ ਸਨ, ਪਿੱਛੋਂ ਰਮਦਾਸ ਚਲੇ ਗਏ। ਇਨ੍ਹਾਂ ਵਡੇਰਿਆਂ ਵਿੱਚੋਂ ਹੀ ਇੱਕ ਭਾਈ ਸਦਾਨੰਦ ਗੁਰੂ ਤੇਗ ਬਹਾਦਰ ਜੀ ਦਾ ਸਿਦਕੀ ਸੇਵਕ ਸੀ, ਜਿਸ ਦੇ ਘਰ ਬੀਬੀ ਪ੍ਰੇਮੋ (ਕਰਮੋ) ਦੀ ਕੁੱਖੋਂ 1661ਈ. ਨੂੰ ਭਾਈ ਜੈਤਾ ਜੀ ਦਾ ਜਨਮ ਹੋਇਆ।
             ਕੁਝ ਵਿਦਵਾਨ ਇਸ ਮੱਤ ਦੇ ਧਾਰਨੀ ਹਨ ਕਿ ਭਾਈ ਜੈਤਾ ਅਤੇ ਉਨ੍ਹਾਂ ਦੇ ਭਰਾ ਭਾਈ ਭਾਗ ਚੰਦ ਸੱਤਵੇਂ ਸਤਿਗੁਰੂ, ਗੁਰੂ ਹਰਿਰਾਇ ਜੀ ਦੇ ਸਮੇਂ ਤੋਂ ਹੀ ਸਿੱਖੀ ਨਾਲ ਜੁੜ ਗਏ ਸਨ। ਆਪ ਦਾ ਪਰਿਵਾਰ ਭਾਈ ਗੁਰਦਿੱਤਾ ਜੀ, ਜੋ ਬਾਬਾ ਬੁੱਢਾ ਦੇ ਪੋਤਰੇ ਸਨ, ਨਾਲ ਕੀਰਤਪੁਰ ਵੱਸ ਗਿਆ ਸੀ।
             ਨੌਵੇਂ ਸਤਿਗੁਰੂ, ਗੁਰੂ ਤੇਗ ਬਹਾਦਰ ਜੀ ਨੇ ਮਾਨਵ- ਅਧਿਕਾਰਾਂ ਦੀ ਆਜ਼ਾਦੀ ਅਤੇ ਤਿਲਕ ਤੇ ਜੰਞੂ ਦੀ ਰੱਖਿਆ ਖਾਤਰ ਦਿੱਲੀ ਵਿਖੇ ਗ੍ਰਿਫਤਾਰੀ ਦਿੱਤੀ, ਤਾਂ ਕੋਤਵਾਲੀ ਦਾ ਦਾਰੋਗਾ ਅਬਦੁਲ ਰਹਿਮਾਨ ਖਾਂ ਗੁਰੂ ਜੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦਾ ਮੁਰੀਦ ਬਣ ਗਿਆ। ਭਾਈ ਜੈਤਾ ਜੀ ਨੇ ਇਸੇ ਦਾਰੋਗੇ ਦੀ ਮਦਦ ਨਾਲ ਪਿੰਜਰੇ ਵਿੱਚ ਬੰਦ ਗੁਰੂ ਜੀ ਨਾਲ ਮੁਲਾਕਾਤ ਕੀਤੀ ਤਾਂ ਗੁਰੂ ਜੀ ਨੇ ਭਾਈ ਸਾਹਿਬ ਨੂੰ ਕਿਹਾ ਕਿ "ਉਹ ਵਰਤਣ ਵਾਲੇ ਭਾਣੇ ਤੱਕ ਦਿੱਲੀ ਵਿੱਚ ਹੀ ਰਹੇ ਅਤੇ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਾ ਦੇਵੇ...।" ਗੁਰੂ ਜੀ ਨੇ ਭਾਈ ਜੈਤਾ ਦੇ ਰਾਹੀਂ ਬਾਜ਼ਾਰ 'ਚੋਂ ਇੱਕ ਦਸਤਾਰ ਮੰਗਵਾਈ ਅਤੇ ਆਪਣੇ ਇੱਕ ਸਿੱਖ ਬ੍ਰਹਮ ਭੱਟ ਦੇ ਰਾਹੀਂ ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਕੋਲ ਭੇਜੀ, ਜਿਸ ਨੂੰ ਭਾਈ ਰਾਮ ਕੁਇਰ ਉਰਫ਼ ਗੁਰਬਖ਼ਸ਼ ਸਿੰਘ ਦੇ ਹੱਥੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿਰ ਉੱਪਰ ਸ਼ੁਸ਼ੋਭਿਤ ਕੀਤਾ ਗਿਆ।
            11 ਨਵੰਬਰ 1675 ਈ. ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਲੋਕਾਂ ਦੀ ਭੀੜ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਹਕੂਮਤ ਨੇ ਐਲਾਨ ਕੀਤਾ ਸੀ ਕਿ ਜੋ ਵੀ ਗੁਰੂ ਜੀ ਦਾ ਸੀਸ ਅਤੇ ਧੜ ਚੁੱਕਣ ਦੀ ਜ਼ੁੱਰਅਤ ਕਰੇਗਾ, ਉਸ ਦਾ ਹਸ਼ਰ ਵੀ ਗੁਰੂ ਜੀ ਵਾਲਾ ਹੋਵੇਗਾ। ਅਜਿਹੀਆਂ ਧਮਕੀਆਂ ਦੇ ਬਾਵਜੂਦ ਗੁਰੂ ਜੀ ਦਾ ਧੜ ਦਿੱਲੀ ਦਾ ਇੱਕ ਸਿਦਕੀ ਸਿੱਖ ਭਾਈ ਲੱਖੀ ਸ਼ਾਹ ਵਣਜਾਰਾ ਰੂੰ ਦੇ ਗੱਡੇ ਵਿੱਚ ਛੁਪਾ ਕੇ ਲੈ ਗਿਆ ਅਤੇ ਆਪਣੇ ਘਰ ਨੂੰ ਸਾਮਾਨ ਸਮੇਤ ਅੱਗ ਲਾ ਕੇ ਧੜ ਦਾ ਅੰਤਿਮ ਸਸਕਾਰ ਕਰ ਦਿੱਤਾ। ਦੂਜੇ ਪਾਸੇ ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਭਾਈ ਜੈਤਾ ਜੀ ਵੀ ਸ਼ਾਮਲ ਸਨ। ਇਸ  ਅਣਮਨੁੱਖੀ ਕਾਰੇ ਤੋਂ ਬਾਅਦ ਇੰਨੀ ਤੇਜ਼ ਹਨੇਰੀ ਝੁੱਲੀ, ਜਿਸ ਨਾਲ ਭੀੜ ਵਿੱਚ ਭਗਦੜ ਮੱਚ ਗਈ। ਬਹਾਦਰ ਸੂਰਮੇ ਭਾਈ ਜੈਤਾ ਜੀ ਨੇ ਮੌਤ ਦੀ ਪ੍ਰਵਾਹ ਨਾ ਕਰਦਿਆਂ ਪਹਿਰੇਦਾਰਾਂ ਤੋਂ ਅੱਖ ਬਚਾ ਕੇ ਗੁਰੂ ਜੀ ਦਾ ਖ਼ੂਨ ਨਾਲ ਲੱਥਪਥ ਸੀਸ ਚੁੱਕ ਲਿਆ। ਬਕੌਲ ਸ਼ਾਇਰ: 
        ਵਰਤਿਆ ਭਾਣਾ, ਦਿੱਲੀ ਚੌਕ ਚਾਂਦਨੀ 
        ਦਿੱਤੀ ਕੁਰਬਾਨੀ, ਨੌਵੇਂ ਗੁਰੂ ਆਪਣੀ। 
        ਧੜ ਨਾਲੋਂ ਸੀਸ, ਜਦੋਂ ਵੱਖ ਕਰਿਆ 
        ਆਲਮ ਸੀ ਸਾਰਾ, ਉਦੋਂ ਪਿਆ ਡਰਿਆ। 
        ਚੁੱਕ ਸੀਸ ਘੁੱਟ, ਸੀਨੇ ਨਾਲ ਲਾ ਲਿਆ 
        ਕਾਲੀ 'ਨ੍ਹੇਰੀ ਝੁੱਲੀ ਤੋਂ 
        ਸੀਸ ਚੁੱਕ, 'ਨੰਦਪੁਰ ਚਾਲੇ ਪਾ ਗਿਆ 
        ਭਾਈ ਜੈਤਾ ਦਿੱਲੀ ਤੋਂ।
             ਹਨੇਰੀ ਤੇ ਤੇਜ਼ ਤੂਫ਼ਾਨ ਵਿੱਚ ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਰੁਮਾਲਿਆਂ ਵਿੱਚ ਛੁਪਾ ਕੇ ਦਿੱਲੀ ਤੋਂ ਬਾਹਰ ਨਿਕਲ ਗਏ। ਉਨ੍ਹਾਂ ਨੇ ਮੌਜੂਦਾ ਸੜਕਾਂ ਮੁਤਾਬਕ ਕਰੀਬ 340 ਕਿ.ਮੀ. ਦਾ ਰਸਤਾ ਪੰਜ ਦਿਨਾਂ ਵਿੱਚ ਤੈਅ ਕੀਤਾ ਅਤੇ ਅਨੰਦਪੁਰ ਸਾਹਿਬ ਪਹੁੰਚੇ। ਇਨ੍ਹਾਂ ਪੰਜ ਦਿਨਾਂ ਵਿੱਚ ਉਹ ਦਿੱਲੀ ਤੋਂ ਤ੍ਰਾਵੜੀ, ਅੰਬਾਲਾ, ਨਾਭਾ, ਮੋਹਾਲੀ ਅਤੇ ਕੀਰਤਪੁਰ ਪੜਾਅ ਕਰਦੇ ਹੋਏ ਅੰਤ ਗੁਰੂ- ਪਰਿਵਾਰ ਸਮੇਤ ਆਨੰਦਪੁਰ ਸਾਹਿਬ ਪਹੁੰਚੇ।
            ਜਦੋਂ ਭਾਈ ਜੈਤਾ ਜੀ ਨੇ ਪਾਵਨ ਸੀਸ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪਿਆ, ਤਾਂ ਸਾਹਿਬੇ- ਕਮਾਲ ਨੇ ਭਾਈ ਸਾਹਿਬ ਨੂੰ ਆਪਣੇ ਸੀਨੇ ਨਾਲ ਲਾਇਆ ਅਤੇ "ਰੰਗਰੇਟਾ- ਗੁਰੂ ਕਾ ਬੇਟਾ" ਦਾ ਵਰਦਾਨ ਦੇ ਕੇ ਨਿਵਾਜਿਆ। ਇੱਥੋਂ ਤੱਕ ਕਿ ਭਾਈ ਜੈਤਾ ਜੀ ਨੂੰ 'ਪੰਜਵਾਂ ਸਾਹਿਬਜ਼ਾਦਾ' ਹੋਣ ਦਾ ਮਾਣ ਵੀ ਪ੍ਰਾਪਤ ਹੈ। ਪੰਜਾਬੀ ਤੇ ਸਨਮਾਨਿਤ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਇਸੇ ਨਾਂ ਹੇਠ ਉਨ੍ਹਾਂ ਦੇ ਵਿਅਕਤਿੱਤਵ ਤੇ ਇੱਕ ਨਾਵਲ ਦੀ ਸਿਰਜਣਾ ਵੀ ਕੀਤੀ ਹੈ।
           1699 ਈ. ਦੀ ਵਿਸਾਖੀ ਸਮੇਂ ਭਾਈ ਸਾਹਿਬ ਨੇ ਦਸ਼ਮੇਸ਼ ਪਿਤਾ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਆਪ ਜੀਵਨ ਸਿੰਘ ਬਣ ਗਏ। ਪਰ ਸਿੱਖ ਮੱਤ ਵਿੱਚ ਆਪ ਨੂੰ ਭਾਈ ਜੈਤਾ ਜੀ ਦੇ ਨਾਲ ਨਾਲ ਹੀ ਵਧੇਰੇ ਮਕਬੂਲੀਅਤ ਪ੍ਰਾਪਤ ਹੈ।
           ਭਾਈ ਜੈਤਾ ਜੀ ਦੀ ਸ਼ਾਦੀ ਪੱਟੀ ਦੇ ਨੇੜੇ ਪਿੰਡ ਰਿਆੜਕੀ (ਜ਼ਿਲ੍ਹਾ ਅੰਮ੍ਰਿਤਸਰ) ਦੇ ਵਾਸੀ ਭਾਈ ਸੁਜਾਨ ਸਿੰਘ ਦੀ ਸਪੁੱਤਰੀ ਬੀਬੀ ਰਾਜ ਕੌਰ ਨਾਲ 1688 ਈ. ਵਿੱਚ ਹੋਈ ਸੀ। ਆਪ ਦੇ ਘਰ ਚਾਰ ਪੁੱਤਰਾਂ- ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ, ਭਾਈ ਗੁਲਜ਼ਾਰ ਸਿੰਘ ਤੇ ਭਾਈ ਗੁਰਦਿਆਲ ਸਿੰਘ ਨੇ ਜਨਮ ਲਿਆ। ਇਹ ਸਾਰੇ ਹੀ ਮੈਦਾਨੇ-ਜੰਗ ਵਿੱਚ ਧਰਮਯੁੱਧ ਹੇਤ ਸ਼ਹਾਦਤ ਦਾ ਜਾਮ ਪੀ ਗਏ ਸਨ।
          ਜ਼ੁਲਮ ਅਤੇ ਜ਼ਾਲਮ ਨਾਲ ਟੱਕਰ ਲੈਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜਾਂ ਅਤੇ ਕਿਲ੍ਹਿਆਂ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਅਤੇ ਪਹਿਲੀ ਵਾਰ ਦਸ ਹਜ਼ਾਰ ਖਾਲਸਾ ਫੌਜ ਭਾਈ ਜੈਤਾ ਜੀ ਦੀ ਕਮਾਨ ਹੇਠ ਤਿਆਰ ਕੀਤੀ। ਜਿਸ ਦੇ ਸੈਨਾਪਤੀ ਵੀ ਭਾਈ ਜੈਤਾ ਜੀ ਨੂੰ ਹੀ ਥਾਪਿਆ ਗਿਆ। 
         ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਬਹੁਤ ਸਾਰੇ ਧਰਮ ਯੁੱਧਾਂ ਵਿੱਚ ਹਿੱਸਾ ਲੈ ਕੇ ਤਲਵਾਰ ਦੇ ਜੌਹਰ ਵਿਖਾਏ। ਜਿਨ੍ਹਾਂ ਵਿੱਚ ਭੰਗਾਣੀ, ਨਦੌਣ, ਨਿਰਮੋਹਗੜ੍ਹ, ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਆਦਿ ਦਾ ਨਾਂ ਸ਼ਾਮਿਲ ਹੈ। ਆਪ ਬਾਰੇ ਇਹ ਪ੍ਰਸਿੱਧ ਸੀ ਕਿ ਉਹ ਘੋੜੇ ਤੇ ਚੜ੍ਹ ਕੇ ਘੋੜੇ ਦੀ ਲਗਾਮ ਮੂੰਹ ਵਿੱਚ ਲੈ ਲੈਂਦੇ ਸਨ ਅਤੇ ਦੋਹਾਂ ਹੱਥਾਂ ਵਿੱਚ ਤਲਵਾਰਾਂ ਫੜ ਕੇ ਦੁਸ਼ਮਣ ਨਾਲ ਲੋਹਾ ਲੈਂਦੇ ਸਨ।ਭਾਈ ਸਾਹਿਬ ਕੋਲ ਦੋ ਬੰਦੂਕਾਂ ਸਨ- ਨਾਗਣੀ ਤੇ ਬਾਘਣੀ। ਉਹ ਇਨ੍ਹਾਂ ਦੋਹਾਂ ਬੰਦੂਕਾਂ ਨੂੰ ਇੱਕੋ ਸਮੇਂ ਦੋਹਾਂ ਹੱਥਾਂ ਵਿੱਚ ਫੜ ਕੇ ਇੱਕੋ ਜਿਹੇ ਨਿਸ਼ਾਨੇ ਲਾਉਣ ਦੀ ਮੁਹਾਰਤ ਵੀ ਰੱਖਦੇ ਸਨ। 'ਪ੍ਰਾਚੀਨ ਪੰਥ ਪ੍ਰਕਾਸ਼' ਮੁਤਾਬਕ:
        ਜੀਵਨ ਸਿੰਘ ਰੰਗਰੇਟੜੋ ਬੰਦੂਕੀ ਖ਼ੂਬ ਅਖਵਾਏ।
           ਭਾਈ ਜੈਤਾ ਜੀ ਮਹਾਨ ਸੂਰਮੇ ਹੋਣ ਦੇ ਨਾਲ- ਨਾਲ ਮਹਾਨ ਕਵੀ ਅਤੇ ਲੇਖਕ ਵੀ ਸਨ। ਉਨ੍ਹਾਂ ਦਾ ਲਿਖਿਆ 'ਸ੍ਰੀ ਗੁਰ ਕਥਾ' ਨਾਮੀ ਇਕ ਗ੍ਰੰਥ ਮਿਲਦਾ ਹੈ, ਜਿਸ ਵਿੱਚ ਉਨ੍ਹਾਂ ਨੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ, ਖਾਲਸਾ ਪੰਥ ਦੀ ਸਿਰਜਣਾ, ਪੰਜ ਕਕਾਰਾਂ ਦਾ ਮਹੱਤਵ, ਸਿੱਖ ਰਹਿਤ ਮਰਿਆਦਾ ਆਦਿ ਬਾਰੇ ਵਿਸਤ੍ਰਿਤ  ਖੁਲਾਸਾ ਕੀਤਾ ਹੈ। ਇਸ ਗ੍ਰੰਥ ਵਿੱਚ ਗੁਰੂ- ਪ੍ਰੇਮ ਅਤੇ ਗੁਰੂ- ਮਹਿਮਾ ਦਾ ਰੰਗ ਡੁੱਲ੍ਹ- ਡੁੱਲ੍ਹ ਪੈਂਦਾ ਹੈ।
          ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲ੍ਹਾ ਖਾਲੀ ਕੀਤਾ ਅਤੇ ਚਮਕੌਰ ਦੀ ਗੜੀ ਨੂੰ ਆਪਣਾ ਟਿਕਾਣਾ ਬਣਾਇਆ ਤਾਂ ਭਾਈ ਜੈਤਾ ਜੀ ਵੀ ਗੁਰੂ ਸਾਹਿਬ ਦੇ ਨਾਲ ਸਨ। ਕਵੀ ਕੋੱਕਣ ਅਨੁਸਾਰ ਦਸੰਬਰ 1704 ਈ. ਨੂੰ ਜਦੋਂ ਗੁਰੂ ਜੀ ਚਮਕੌਰ ਦੀ ਗੜ੍ਹੀ ਵਿੱਚੋਂ ਨਿਕਲੇ ਤਾਂ ਉਨ੍ਹਾਂ ਨੇ ਆਪਣੀ ਕਲਗੀ ਅਤੇ ਪੁਸ਼ਾਕ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਨੂੰ ਪ੍ਰਦਾਨ ਕਰ ਦਿੱਤੀ, ਤਾਂ ਜੋ ਦੁਸ਼ਮਣ ਨੂੰ ਭੁਲੇਖਾ ਬਣਿਆ ਰਹੇ। 'ਦਸ ਗੁਰੂ ਕਥਾ' ਮੁਤਾਬਕ:
     ਨਿਜ ਕਲਗੀ ਸਿਰ ਰਹੀ ਸਜਾਈ।
     ਕਈ ਪੁਸ਼ਾਕ ਅਪਨੀ ਪਹਿਰਾਈ।
     ਜੀਵਨ ਸਿੰਘ ਕੋ ਬੁਰਜ ਬਿਠਾਈ।
     ਤਜਿ ਗੜੀ ਗੁਰੂ ਗੋਬਿੰਦ ਸਿੰਘ ਜਾਈ।
            1704 ਈ. ਨੂੰ ਚਮਕੌਰ ਦੀ ਜੰਗ ਵਿੱਚ ਹੀ ਦੁਸ਼ਮਣ ਨਾਲ ਮੁਕਾਬਲਾ ਕਰਦੇ ਹੋਏ ਭਾਈ ਜੈਤਾ ਜੀ ਸ਼ਹੀਦੀ ਪ੍ਰਾਪਤ ਕਰ ਗਏ। ਆਪ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਇੱਕ ਗੁਰਦੁਆਰਾ/ ਬੁਰਜ ਸੁਭਾਇਮਾਨ ਹੈ।
           ਸਿੱਖ ਇਤਿਹਾਸ ਵਿੱਚ ਭਾਈ ਜੈਤਾ ਜੀ ਹੀ ਇੱਕੋ ਇੱਕ ਮਿਸਾਲ ਹਨ, ਜਿਨ੍ਹਾਂ ਨੂੰ ਇੱਕ ਸੇਵਕ ਹੁੰਦਿਆਂ 'ਗੁਰੂ ਕੇ ਬੇਟੇ' ਹੋਣ ਦਾ ਮਾਣ ਪ੍ਰਾਪਤ ਹੋਇਆ। ਜਿਸ ਨਿਰਭੈਤਾ ਨਾਲ ਉਨ੍ਹਾਂ ਨੇ ਨੌਵੇਂ ਸਤਿਗੁਰੂ  ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਪਹੁੰਚਾਇਆ ਅਤੇ ਮੁਗਲਾਂ ਨਾਲ ਹੋਏ ਯੁੱਧਾਂ ਵਿੱਚ ਵੈਰੀਆਂ ਨੂੰ ਮਾਤ ਦਿੱਤੀ, ਉਹ ਆਪਣੇ- ਆਪ ਵਿੱਚ ਲਾਸਾਨੀ ਤੇ ਬੇਨਜ਼ੀਰ ਹੈ:
      ਯੋਧਾ ਬੜਾ ਜਾਂਬਾਜ਼ ਸੀ, ਭਾਈ ਜੈਤਾ ਸੂਰਾ।
      ਮੁਸ਼ਕਿਲ ਹਰ ਇੱਕ ਕੰਮ ਨੂੰ, ਉਸ ਕੀਤਾ ਪੂਰਾ।
      ਸ਼ਸਤਰ- ਸ਼ਾਸਤਰ ਵਿੱਚ ਸੀ, ਉਹ ਮਾਹਿਰ ਪੂਰਾ।
      ਸਿੱਖ ਧਰਮ ਵਿੱਚ ਅਮਰ ਹੈ, ਨੂਰਾਨੀ ਨੂਰਾ।
~~~~~~~~~~~~~~~~~~~~~~~~~~
 # ਐਸੋਸੀਏਟ ਪ੍ਰੋਫ਼ੈਸਰ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ -151302 (ਬਠਿੰਡਾ)
Have something to say? Post your comment