Tuesday, January 21, 2020
FOLLOW US ON

Poem

ਮਾਘੀ ਦਾ ਤਿਉਹਾਰ /# ਪ੍ਰੋ. ਨਵ ਸੰਗੀਤ ਸਿੰਘ

January 09, 2020 12:14 PM
prof nav sangeet singh
ਮਾਘੀ ਦਾ ਤਿਉਹਾਰ /# ਪ੍ਰੋ. ਨਵ ਸੰਗੀਤ ਸਿੰਘ 
 
ਆਇਆ ਮਾਘੀ ਦਾ ਤਿਉਹਾਰ, ਲੈ ਕੇ ਖ਼ੁਸ਼ੀਆਂ ਹਜ਼ਾਰ
ਸਾਰੇ ਮੇਲੇ ਵਿੱਚ ਆਏ, ਕਰ ਹਾਰ ਤੇ ਸ਼ਿੰਗਾਰ ।
 
ਆਓ ਮੁਕਤਸਰ ਜਾਈਏ, ਗੁਰੂ-ਘਰ ਸਿਰ ਝੁਕਾਈਏ
'ਟੁੱਟੀ- ਗੰਢੀ' ਚੱਲ ਨ੍ਹਾਈਏ, ਭਾਵੇਂ ਮੌਸਮ ਠੰਡਾ- ਠਾਰ।
 
ਇਹ ਸੀ ਢਾਬ ਖਿਦਰਾਣਾ,ਗੁਰੂ ਕੀਤਾ ਆ ਟਿਕਾਣਾ
ਘੇਰਾ ਮੁਗ਼ਲਾਂ ਨੇ ਪਾਇਆ , ਤੇਗ਼ਾਂ- ਤੀਰਾਂ ਕੀਤੇ ਵਾਰ।   
 
ਸ਼ੀਹਣੀ ਇੱਕ ਭਾਗੋ ਮਾਈ, ਅੈਸੀ ਤੇਗ਼ ਉਸ ਚਲਾਈ
ਤਾਅਨੇ ਸਿੰਘਾਂ ਤਾਈਂ ਦਿੱਤੇ, ਸਿੰਘ ਹੋਏ ਸ਼ਰਮਸਾਰ।
 
ਮਹਾਂ ਸਿੰਘ ਦਾ ਬੇਦਾਵਾ, ਹੁਣ ਕੀਤਾ ਪੱਛੋਤਾਵਾ
ਜੰਗ ਜੌਹਰ ਉਹ ਵਿਖਾਏ, ਦਿੱਤੀ ਵੈਰੀਆਂ ਨੂੰ ਹਾਰ।
 
ਗੁਰੂ ਟੁੱਟੀ ਏਥੇ ਗੰਢੀ, ਕੀਤੀ ਮੰਦੀਓਂ ਸੀ ਚੰਗੀ
ਚਾਲੀ ਮੁਕਤਿਆਂ ਦਾ ਹੱਥੀਂ, ਕੀਤਾ ਆਪ ਸਸਕਾਰ।
 
ਵੇਖੋ ਸਜੀਆਂ ਦੁਕਾਨਾਂ, ਢਾਲਾਂ ਤੇ ਨੇ ਕਿਰਪਾਨਾਂ
ਵਿੱਚ ਰਾਜਸੀ ਇਕੱਠਾਂ, ਭਾਸ਼ਨ ਹੁੰਦੇ ਧੂੰਆਂਧਾਰ।
 
ਲੰਗਰ ਕਈ ਥਾਂਈਂ ਲੱਗੇ, ਵੱਜੇ ਢੋਲ ਉੱਤੇ ਡੱਗੇ
ਛਿੰਜਾਂ ਵਿੱਚ ਕਿਵੇਂ ਉੱਡੇ, ਧੂੰਆਂ- ਧੂੜ ਤੇ ਗੁਬਾਰ।
 
ਸੱਚੇ ਗੁਰੂ ਨੂੰ ਧਿਆਈਏ, ਗੁਰਬਾਣੀ ਨਿੱਤ ਗਾਈਏ
'ਰੂਹੀ' ਜਪੁਜੀ ਵੀ ਪੜ੍ਹੇ, ਨਾਲੇ ਪੜ੍ਹੇ ਚੰਡੀ- ਵਾਰ।
 
ਮੰਗੋ ਸਭ ਦੀ ਭਲਾਈ, ਦਿਲੋਂ ਕੱਢੀਏ ਬੁਰਾਈ
ਛੱਡੋ ਵੈਰ ਤੇ ਵਿਰੋਧ, ਕਰੋ ਸਭ ਨੂੰ ਪਿਆਰ।
^^^^^^^^^^^^^^^^^^^^^^^^^^^^^^^^^^^^^^^^^^
#ਨੇੜੇ ਗਿੱਲਾਂ ਵਾਲਾ ਖੂਹ, ਤਲਵੰਡੀ ਸਾਬੋ -151302 (ਬਠਿੰਡਾ)   9417692015.
Have something to say? Post your comment