Article

ਲੋਹੜੀ ਦਾ ਤਿਉਹਾਰ /ਪ੍ਰਗਟ ਸਿੰਘ ਮਹਿਤਾ

January 11, 2020 08:25 PM

ਲੋਹੜੀ ਦਾ ਤਿਉਹਾਰ /ਪ੍ਰਗਟ ਸਿੰਘ ਮਹਿਤਾ 


ਲੋਹੜੀ ਦਾ ਤਿਉਹਾਰ ਸਰਦ ਰੁੱਤ ਦਾ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਪ੍ਰਫ਼ੁਲਤ ਹੋਣ ਦਾ ਪ੍ਰਤੀਕ ਹੈ। ਲੋਹੜੀ ਦਾ ਤਿਉਹਾਰ ਪੰਜਾਬ ਹਰਿਆਣਾ ਰਾਜਾਂ ਤੋਂ ਇਲਾਵਾ ਦਿੱਲੀ, ਹਿਮਾਚਲ ਪ੍ਰਦੇਸ਼ ਆਦਿ ਰਾਜਾਂ ਵਿੱਚ ਬੜੇ ਧੂਮਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਲੋਹੜੀ ਤੋਂ ਪੰਦਰਾਂ ਦਿਨ ਪਹਿਲਾਂ ਹਰ ਇੱਕ ਦੇ ਬੂਹਿਆਂ ਅੱਗੇ ਲੋਹੜੀ ਮੰਗਣ ਵਾਲੀਆਂ ਫੇਰੀਆਂ ਪਾਉਂਦੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ।ਇਸ ਦੌਰਾਨ ਉਨ੍ਹਾਂ ਦੇ ਮੂੰਹੋਂ ਕੁਝ ਇਸ ਤਰ੍ਹਾਂ ਗਾਇਆ ਜਾਂਦਾ ਹੈ :
ਸਾਨੂੰ ਦੇ ਲੋਹੜੀ ,ਤੇਰੀ ਜੀਵੇ ਜੋੜੀ ।
ਜਾਂ
ਸਾਡੇ ਪੈਰਾਂ ਹੇਠਾਂ ਰੋੜ,ਸਾਨੂੰ ਛੇਤੀ ਛੇਤੀ ਤੋਰ।
ਪੰਜਾਬ ਵਿੱਚ ਮੁੰਡੇ ਦੀ ਲੋਹੜੀ ਘਰਾਂ ਵਿੱਚ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਘਰਾਂ ਵਿੱਚ ਮੁੰਡਾ ਹੋਣ ਦੀ ਖੁਸ਼ੀ ਵਿੱਚ ਪਹਿਲੀ ਲੋਹੜੀ ਘਰ ਘਰ ਵੰਡੀ ਜਾਂਦੀ ਹੈ। ਜਿਸ ਵਿੱਚ ਰਿਓੜੀਆਂ, ਮੂੰਗਫਲੀ, ਖੰਜੂਰਾਂ,ਗੱਚਕ ਆਦਿ ਖਾਣ ਸਮੱਗਰੀ ਇਕੱਠੀ ਕੀਤੀ ਜਾਂਦੀ ਹੈ ਤੇ ਖੁਸ਼ੀ ‘ਚ ਘਰ ਘਰ ਵੰਡੀ ਜਾਂਦੀ ਹੈ। ਦਿਨ-ਬ-ਦਿਨ ਆ ਰਹੀ ਜਾਗਰੂਕਤਾ ਕਾਰਨ ਅੱਜ ਕੱਲ੍ਹ ਕੁੜੀਆਂ ਦੀ ਪਹਿਲੀ ਲੋਹੜੀ ਵੀ ਬਹੁਤ ਜਗ੍ਹਾ ਮਨਾਈ ਜਾਂਦੀ ਹੈ। ਜਿਸ ਰਾਹੀਂ ਕੁੜੀ ਨੂੰ ਵੀ ਬਣਦਾ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਜਾਣ ਲੱਗ ਪਿਆ ਹੈ। ਜੋ ਕਿ ਸਾਡੇ ਸਮਾਜ ਵੱਲੋਂ ਇੱਕ ਅੱਛਾ ਕਦਮ ਅਤੇ ਉਸਾਰੂ ਉਪਰਾਲਾ ਹੈ।
ਲੋਹੜੀ ਵਾਲੇ ਦਿਨ ਸ਼ਾਮ ਵੇਲੇ ਬੱਚੇ ਵੱਖ ਵੱਖ ਟੋਲੀਆਂ ਬਣਾ ਕੇ ਘਰਾਂ ਵਿੱਚ ਪਾਥੀਆਂ ਮੰਗਣ ਜਾਂਦੇ ਹਨ ਤੇ ਕੁਝ ਇਸ ਤਰ੍ਹਾਂ ਬੋਲਦੇ ਹਨ:
ਚਾਰ ਕੁ ਦਾਣੇ ਖਿੱਲਾਂ ਦੇ, ਲੋਹੜੀ ਲੈ ਕੇ ਹਿੱਲਾਂਗੇ।
ਜਾਂ
ਕੋਠੇ ਉੱਤੇ ਕੰਚ, ਥੋਡਾ ਮੁੰਡਾ ਬਣੂ ਸਰਪੰਚ, ਸਾਡੀ ਲੋਹੜੀ ਮਨਾ ਦਿਓ……….
ਨਿੱਕੇ ਨਿੱਕੇ ਬੱਚਿਆਂ ਦੇ ਮੂੰਹੋਂ ਇਸ ਤਰ੍ਹਾਂ ਦੇ ਬੋਲ ਸੁਣ ਕੇ ਘਰ ਵਾਲੇ ਬੱਚਿਆਂ ਨੂੰ ਰਿਉੜੀਆਂ, ਮੂੰਗਫਲੀ, ਦਾਣੇ, ਪਾਥੀਆਂ ਆਦਿ ਦਿੰਦੇ ਹਨ ਅਤੇ ਖੁਸ਼ੀ ਖੁਸ਼ੀ ਅੱਗੇ ਤੋਰਦੇ ਹਨ। ਇਹ ਸਿਲਸਿਲਾ ਲੇਟ ਰਾਤ ਤੱਕ ਚੱਲਦਾ ਰਹਿੰਦਾ ਹੈ ਤੇ ਘਰ ਘਰ ਧੂਣੀ ਵਾਲੀ ਜਾਂਦੀ ਹੈ।ਧੂਣੀ ਬਾਲਣ ਉਪਰੰਤ ਘਰ ਦੇ ਸਾਰੇ ਮੈਂਬਰ ਧੂਨੀ ਦੇ ਚੁਫ਼ੇਰੇ ਬੈਠ ਕੇ ਧੂਣੀ ਦੇ ਨਿੱਘੇ ਨਿੱਘੇ ਸੇਕ ਦਾ ਆਨੰਦ ਮਾਣਦੇ ਹੋਏ ਮੂੰਹੋਂ ਕੁਝ ਇਸ ਤਰ੍ਹਾਂ ਬੋਲਦੇ ਹਨ :
ਈਸਰ ਆਏ ਦਲਿਦਰ ਜਾਏ, ਦਲਿਦਰ ਦੀ ਜੜ ਚੁੱਲ੍ਹੇ ਪਾਏ ।
ਧੂਣੀ ਉੱਪਰ ਪਰਿਵਾਰ ਦੇ ਹਰ ਮੈਂਬਰ ਵੱਲੋਂ ਉਪਰੋਕਤ ਲੈਣਾ ਦੁਹਰਾਉਂਦੇ ਹੋਏ ਤਿਲ ਪਾਏ ਜਾਂਦੇ ਹਨ।ਮੁੰਡੇ ਜਾਂ ਕੁੜੀ ਦੀ ਪਹਿਲੀ ਲੋਹੜੀ ਮਨਾਉਂਦਿਆਂ ਗਾਉਣ ਵਜਾਉਣ ਵੀ ਕੀਤਾ ਜਾਂਦਾ ਹੈ।
ਲੋਹੜੀ ਦੇ ਪਿਛੋਕੜ ਨੂੰ ਯਾਦ ਕਰਦਿਆਂ ਕਈ ਧਾਰਨਾਵਾਂ ਸਾਹਮਣੇ ਆਉਂਦੀਆਂ ਹਨ ਜਿਵੇਂ ,ਲੋਹੜੀ ਨਾਮ ਨੂੰ ਸੰਤ ਕਬੀਰ ਜੀ ਵੀ ਪਤਨੀ ਲੋਈ ਨਾਲ ਵੀ ਜੋੜਿਆ ਗਿਆ ਹੈ ਕਿ ਲੋਹੜੀ ਨਾ ਉਨ੍ਹਾਂ ਦੇ ਨਾਮ ਤੋਂ ਆਇਆ ਹੈ।
ਲੋਹੜੀ ਦੇ ਤਿਉਹਾਰ ‘ਤੇ ਦੁੱਲੇ ਭੱਟੀ ਦੀ ਕਹਾਣੀ ਨੂੰ ਵੀ ਦੁਹਰਾਇਆ ਜਾਂਦਾ ਹੈ ।ਦੁੱਲਾ ਆਪਣੇ ਸਮੇਂ ‘ਚ ਇੱਕ ਅਜਿਹਾ ਚੋਰ ਹੋਇਆ ਹੈ। ਜੋ ਅਮੀਰਾਂ ਦੇ ਚੋਰੀ ਕਰਕੇ ਗਰੀਬਾਂ ਵਿੱਚ ਵੰਡ ਦਿੰਦਾ ਸੀ।ਦੁੱਲਾ ਭੱਟੀ ਅਕਬਰ ਦੇ ਸ਼ਾਸਨ ਕਾਲ ਦੌਰਾਨ ਇੱਕ ਡਾਕੂ ਸੀ। ਕਹਿੰਦੇ ਹਨ ਉਸ ਨੇ ਅਗਵਾਕਾਰਾਂ ਤੋਂ ਇੱਕ ਲੜਕੀ ਨੂੰ ਛੁਡਾਇਆ ਸੀ ਅਤੇ ਉਸ ਨੂੰ ਆਪਣੇ ਧਰਮ ਦੀ ਭੈਣ ਬਣਾ ਲਿਆ ਸੀ। ਜਦੋਂ ਉਸ ਨੇ ਉਸ ਦਾ ਵਿਆਹ ਕੀਤਾ ਤਾਂ ਉਸ ਨੇ ਧੀ ਦੀ ਝੋਲੀ ਵਿੱਚ ਤੋਹਫ਼ੇ ਦੇ ਤੌਰ ‘ਤੇ ਸ਼ੱਕਰ ਪਾ ਦਿੱਤੀ ਸੀ।
ਇਸ ਤਰ੍ਹਾਂ ਪੁਰਾਣੇ ਸਮੇਂ ਤੋਂ ਹੀ ਲੋਹੜੀ ਨੂੰ ਕਾਫੀ ਮਹੱਤਤਾ ਹਾਸਲ ਹੈ ।ਇਹ ਵੀ ਵਿਚਾਰ ਕੀਤਾ ਜਾਂਦਾ ਹੈ ਕਿ ਲੋਹੜੀ ਦਾ ਪਹਿਲਾਂ ਨਾਮ ਤਿਲ ਲੋਹੜੀ ਸੀ ਅਤੇ ਲੋਹੜੀ ਇਸੇ ਦਾ ਸੁਧਰਿਆ ਰੂਪ ਹੈ।

ਪ੍ਰਗਟ ਸਿੰਘ ਮਹਿਤਾ
ਧਰਮਗੜ੍(ਸੰਗਰੂਰ)
ਮੋ.9878488796
Address:
ਪ੍ਰਗਟ ਸਿੰਘ ਮਹਿਤਾS/O ਸਰਦਾਰ ਬਲਵਿੰਦਰ ਸਿੰਘ ਮਹਿਤਾ ਪਿੰਡ ਤੇ ਡਾਕਖਾਨਾਂ ਧਰਮਗੜ੍ਹ, ਤਹਿਸੀਲ ਸੁਨਾਮ ,ਜ਼ਿਲ੍ਹਾ ਸੰਗਰੂਰ (ਪੰਜਾਬ) ਪਿਨ ਕੋਡ :148028

Have something to say? Post your comment