Monday, February 24, 2020
FOLLOW US ON

Article

ਕਲਾ ਦੀ ਦਾਤ ਪਰਮਾਤਮਾ ਹਰ ਕਿਸੇ ਨੂੰ ਨਹੀਂ ਬਖਸ਼ਦਾ : ਰਣਵੀਰ ਸਿੰਘ

January 16, 2020 09:25 PM

ਕਲਾ ਦੀ ਦਾਤ ਪਰਮਾਤਮਾ ਹਰ ਕਿਸੇ ਨੂੰ ਨਹੀਂ ਬਖਸ਼ਦਾ : ਰਣਵੀਰ ਸਿੰਘ
''ਕਲਾ ਦੀ ਦਾਤ ਪਰਮਾਤਮਾ ਹਰ ਕਿਸੇ ਨੂੰ ਨਹੀਂ ਬਖਸ਼ਦਾ। ਪਰ ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸਨੂੰ ਹਰ ਖੇਤਰ ਵਿਚ ਕਾਮਯਾਬੀ ਹਾਸਲ ਹੁੰਦੀ ਹੈ। ਸੰਗੀਤਕ ਖੇਤਰ ਵਿਚ ਪੈਰ ਜਮਾਉਣਾ ਇਕ ਚੁਣੌਤੀ ਭਰਿਆ ਕਦਮ ਹੈ।'' ਇਨਾਂ ਸਤਰਾਂ ਦਾ ਪ੍ਰਗਟਾਵਾ ਕਰਨ ਵਾਲੇ ਨੌਜਵਾਨ ਰਣਵੀਰ ਸਿੰਘ ਢੋਲੀ ਨੇ ਕਿਹਾ, ''ਜੇਕਰ ਮੈਂ ਖੁਦ ਦੀ ਗੱਲ ਕਰਾਂ ਤਾਂ ਲੋਕ ਮੇਰੀ ਢੋਲ ਵਜਾਉਣ ਦੀ ਕਲਾ ਦੇਖਦੇ ਹਨ ਅਤੇ ਵਾਹ-ਵਾਹ ਕਰਦੇ ਹਨ। ਸਭ ਨੂੰ ਮੇਰੀ ਇਹ ਕਲਾ ਵਧੀਆ ਲੱਗਦੀ ਹੈ। ਇਹ ਜਾਣ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ ਕਿ ਮੈ ਵੀ ਕਿਸੇ ਗਿਣਤੀ ਵਿਚ ਹਾਂ। ਮੇਰੇ ਵਿੱਚ ਵੀ ਕੁੱਝ ਅਜਿਹਾ ਹੈ ਜਿਸ ਕਰਕੇ ਲੋਕ ਮੈਨੂੰ ਪਸੰਦ ਕਰਦੇ ਹਨ।''
ਗੱਲਬਾਤ ਕਰਦਿਆਂ ਰਣਵੀਰ ਨੇ ਅੱਗੇ ਕਿਹਾ,'' ਮੈਂ ਸੰਗੀਤ ਦੇ ਖੇਤਰ ਵਿੱਚ ਹੀ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਹਾਂ। ਆਪਣੇ ਇਸ ਢੋਲ ਵਜਾਉਣ ਦੀ ਕਲਾ ਕਰਕੇ ਹੀ ਮੇਰੀ ਸੰਗੀਤਕ-ਖੇਤਰ ਵਿਚ ਇਕ ਅੱਡਰੀ ਪਛਾਣ ਬਣੀ ਹੈ। ਮਾਲਕ ਦੀ ਰਹਿਮਤ ਸਦਕਾ ਮੈਨੂੰ ਅਨੇਕਾਂ ਨਾਮਵਰ ਗਾਇਕਾਂ ਦੇ ਨਾਲ ਅਨਗਿਣਤ ਸਟੇਜਾਂ ਕਰਨ ਦਾ ਮਾਣ ਹਾਸਲ ਹੋ ਚੁੱਕਾ ਹੈ। ਜਿੱਥੇ ਕਿਤੇ ਵੀ ਜਾਈਦਾ ਹੈ, ਪੈਸਾ ਤਾਂ ਮਿਲਦਾ ਹੀ ਮਿਲਦਾ ਹੈ, ਪਰ ਨਾਲ ਹੀ ਸਮਾਜ ਵਿਚ ਜਾਣ-ਪਛਾਣ ਵੀ ਦੂਰ-ਦੁਰੇਡੇ ਤਕ ਵਧਦੀ ਹੈ।''
1 ਅਗਸਤ 1997 ਨੂੰ ਜਿਲਾਂ ਕਪੂਰਥਲਾ ਦੇ ਪਿੰਡ ਪਾਂਛਟਾ ਵਿਚ ਪੈਦਾ ਹੋਇਆ, ਪਿਤਾ ਰਵਿੰਦਰ ਸਿੰਘ ਅਤੇ ਮਾਤਾ ਰਣਜੀਤ ਕੌਰ ਦੇ ਲਾਡਲਾ ਢੋਲ-ਵਾਦਕ ਰਣਬੀਰ ਅੱਗੇ ਦੱਸਦਾ ਹੈ ਕਿ ਉਸਨੂੰ ਸੰਗੀਤ ਦਾ ਸ਼ੌਕ ਬਚਪਨ ਤੋ ਹੀ ਜਾਗ ਪਿਆ ਸੀ। ਗੁਰੂ ਨਾਨਕ ਨਵ ਭਾਰਤ ਕਾਲਜ ਨਰੂੜ ਪਾਂਛਟ ਤੋਂ ਬਾਹਰਵੀਂ ਤੱਕ ਦੀ ਪੜਾਈ ਕਰਦਿਆਂ ਉਸਨੇ ਆਪਣੇ ਇਸ ਸ਼ੌਕ ਨੂੰ ਮਰਨ ਨਹੀ ਦਿੱਤਾ, ਸਗੋ ਬੜੀ ਰੂਹ ਨਾਲ ਪਾਲਿਆ। ਸਕੂਲ ਦੇ ਪ੍ਰੋਗਰਾਮਾਂ ਵਿਚ ਹਿੱਸਾ ਲੈਦਿਆਂ ਪੈਦਾ ਹੋਇਆ ਉਸਦਾ ਇਹ ਸ਼ੌਕ ਬਾਅਦ ਵਿਚ ਉਸਦੀ ਰੋਜੀ-ਰੋਟੀ ਦਾ ਹੀ ਸਾਧਨ ਹੋ ਨਿੱਬੜਿਆ।
ਰਣਬੀਰ ਕੋਟਿ-ਕੋਟਿ ਧੰਨਵਾਦ ਕਰਦਾ ਹੈ ਉਸ ਪ੍ਰਵਰਦਗਾਰ ਦਾ ਜਿਸਨੇ ਉਸ ਨੂੰ ਕਲਾ ਦੀ ਦਾਤ ਬਖਸ਼ ਕੇ ਇਕ ਅਨਮੋਲ ਤੋਹਫੇ ਨਾਲ ਨਿਵਾਜਿਆ। ਉਸ ਕਿਹਾ, ''ਇਸ ਕਲਾ ਦੀ ਬਦੌਲਤ ਮੈ ਅਜਿਹੇ ਸਥਾਨਾਂ ਦੇ ਦਰਸ਼ਨ ਵੀ ਕਰਨ ਦਾ ਸੁਭਾਗ ਹਾਸਲ ਕਰ ਚੁੱਕਾ ਹਾਂ ਜਿੱਥੇ ਉਂਝ ਜਾਣਾ ਮੇਰੇ ਲਈ ਨਾਮੁਮਕੀਨ ਸੀ।'' ਉਸਦਾ ਸੁਪਨਾ ਹੈ ਕਿ ਉਹ ਇਕ ਨਾਮਵਰ ਢੋਲ-ਪਲੇਅਰ ਵਜੋਂ ਆਪਣਾ, ਆਪਣੇ ਮਾਤਾ-ਪਿਤਾ, ਆਪਣੇ ਪਿੰਡ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰੇ।
ਰੱਬ ਕਰੇ! ਇਹ ਨੌਜਵਾਨ ਹਮੇਸ਼ਾ ਚੜਦੀ ਕਲਾ ਵਿਚ ਰਹੇ! ਉਸ ਦਾ ਹਰ ਸੁਪਨਾ ਸਾਕਾਰ ਹੋਵੇ, ਦਿਲੀ ਦੁਆਵਾਂ, ਇੱਛਾਵਾਂ ਅਤੇ ਕਾਮਨਾਵਾਂ ਹਨ ਮੇਰੀਆਂ !
ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

Have something to say? Post your comment