Monday, February 24, 2020
FOLLOW US ON

Article

ਸਮਾਜ ਵਿੱਚ ਆ ਰਿਹਾ ਨਿਘਾਰ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

January 17, 2020 08:23 PM
ਸਮਾਜ ਵਿੱਚ ਆ ਰਿਹਾ ਨਿਘਾਰ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
ਅੱਜ ਸਮਾਜ ਦੀ ਸਥਿਤੀ ਬਹੁਤ ਤੇਜ਼ੀ ਨਾਲ ਨਿਘਾਰ ਪਾਸੇ ਜਾ ਰਹੀ ਹੈ।ਸੱਭ ਤੋਂ ਵਧੇਰੇ ਚਿੰਤਾ ਦੀ ਗੱਲ ਇਹ ਹੈ ਕਿ ਪਰਿਵਾਰਾਂ ਵਿੱਚ ਸਾਂਝ ਮੁੱਕਦੀ ਜਾਂਦੀ ਹੈ। ਪਹਿਲਾਂ ਵੱਡੇ ਪਰਿਵਾਰ ਹੁੰਦੇ ਸੀ ਪਰ ਹੌਲੀ-ਹੌਲੀ ਇਹ ਪਰਿਵਾਰ ਟੁੱਟਣੇ ਸ਼ੁਰੂ ਹੋ ਗਏ।ਪਰ ਇਹ ਟੁੱਟਦੇ ਟੁੱਟਦੇ ਇਸ ਹੱਦ ਤੱਕ ਆ ਗਏ ਹਨ ਕਿ ਨੂੰਹਾਂ ਪੁੱਤ ਮਾਪਿਆਂ ਨੂੰ ਝੱਲਣ ਲਈ ਤਿਆਰ ਨਹੀਂ। ਨੂੰਹਾਂ ਨੂੰ ਉਸ ਘਰ ਵਿੱਚ ਵੀ ਮਾਪੇ ਹਜ਼ਮ ਨਹੀਂ ਹੁੰਦੇ। ਹੁਣ ਜਾਂ ਤਾਂ ਮਾਪਿਆਂ ਨੂੰ ਪੁੱਤ ਘਰੋਂ ਬਾਹਰ ਕੱਢ ਕੇ ਬਿਰਧ ਆਸ਼ਰਮ ਵਿੱਚ ਛੱਡ  ਦਿੰਦਾ ਹੈ ਜਾਂ ਰੋਜ਼ ਉਨ੍ਹਾਂ ਦੀ ਗੱਲ ਗੱਲ ਤੇ ਬੇਇੱਜ਼ਤੀ ਕਰਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸਦੀ ਪਤਨੀ ਨਾਲ ਰੋਜ਼ ਲੜਾਈ ਹੁੰਦੀ ਹੈ। ਮਾਪਿਆਂ ਦਾ ਜਿਊਣਾ ਔਖਾ ਹੋ ਜਾਂਦਾ ਹੈ ਅਤੇ ਬੁਢਾਪਾ ਨਰਕ ਬਣ ਜਾਂਦਾ ਹੈ। ਔਰਤਾਂ ਦੇ ਹੱਕ ਵਿੱਚ ਬਣੇ ਕਾਨੂੰਨ ਕਰਕੇ ਲੜਕੀਆਂ ਅਤੇ ਉਨ੍ਹਾਂ ਦੇ ਮਾਪੇ ਦਹੇਜ਼ ਮੰਗਣ ਦਾ ਕੇਸ ਲੜਕੇ ਤੇ,ਉਸਦੇ ਮਾਪਿਆਂ ਤੇ ਅਤੇ ਕਈ ਵਾਰ ਨਜ਼ਦੀਕੀ ਰਿਸ਼ਤੇਦਾਰਾਂ ਤੇ ਵੀ ਕਰ ਦਿੰਦੇ ਹਨ। ਮੁਆਫ਼ ਕਰਨਾ,ਉਹ ਲੜਕੀਆਂ ਅਤੇ ਮਾਪੇ ਜਿੰਨਾ ਨੇ ਦੋ ਚਾਰ ਲੱਖ ਲਗਾਇਆ ਹੁੰਦਾ ਹੈ ਪੰਜਾਹ ਲੱਖ ਲੜਕੇ ਪਰਿਵਾਰ ਤੋਂ ਰਾਜ਼ੀਨਾਮੇ ਦੇ ਮੰਗਦੇ ਹਨ।
ਲੜਕੇ ਦੇ ਮਾਪੇ ਘਰ ਹੁੰਦੇ ਹਨ ਪਰ ਉਨ੍ਹਾਂ ਨੂੰ ਪੁੱਛਕੇ ਜਾਣਾ ਤਾਂ ਇੱਕ ਬੰਨੇ, ਦੱਸਕੇ ਜਾਣਾ ਵੀ ਨੂੰਹਾਂ ਠੀਕ ਨਹੀਂ ਸਮਝਦੀਆਂ। ਹਾਂ, ਮਾਪੇ ਵੀ ਇਹ ਹੀ ਅਕਲ ਦਿੰਦੇ ਹਨ ਕਿ ਪੜ੍ਹੀਆਂ ਲਿਖੀਆਂ ਹੋ ਕਿਸੇ ਦੇ ਹੇਠਾਂ ਲੱਗਣ ਦੀ ਕੋਈ ਲੋੜ ਨਹੀਂ। ਪੁਲਿਸ ਸਟੇਸ਼ਨਾਂ ਵਿੱਚ ਅਤੇ ਅਦਾਲਤਾਂ ਵਿੱਚ ਕੇਸਾਂ ਦੀ ਭਰਮਾਰ ਹੈ। ਲੜਕੇ ਵਾਲਿਆਂ ਨੂੰ ਤਾਂ ਕੋਈ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ।ਉਹ ਆਪਣੀ ਜਾਨ ਬਚਾਉਣ ਲਈ ਪੈਸੇ ਦੇਣ ਨੂੰ ਤਿਆਰ ਹੋ ਜਾਂਦੇ ਹਨ। ਰਾਜ਼ੀਨਾਮੇ ਵਾਸਤੇ ਗੱਲ ਤੁਰਦੀ ਹੀ ਲੈਣ ਦੇਣ ਤੋਂ ਹੈ। ਤਕਰੀਬਨ ਸਾਰੀਆਂ ਲੜਕੀਆਂ ਦਾ ਦੂਸਰਾ ਵਿਆਹ ਹੋ ਹੀ ਜਾਂਦਾ ਹੈ। ਲੜਕੇ ਦਾ ਵੀ ਹੋਣਾ ਹੁੰਦਾ ਹੈ।ਵਿਆਹ ਵਿੱਚ ਖਰਚਾ ਮੁੰਡੇ ਵਾਲਿਆਂ ਦਾ ਵੀ ਹੁੰਦਾ ਹੈ ਅਤੇ ਕੁੜੀ ਵਾਲਿਆਂ ਦਾ ਵੀ।ਪਰ ਮੁੰਡੇ ਵਾਲਿਆਂ ਤੋਂ ਮੋਟੀਆਂ ਰਕਮਾਂ ਵਸੂਲੀਆਂ ਜਾ ਰਹੀਆਂ ਹਨ। ਪਿੱਛਲੇ ਦਿਨੀਂ ਸੋਸ਼ਲ ਮੀਡੀਏ ਅਤੇ ਅਖ਼ਬਾਰਾਂ ਵਿੱਚ ਪੜ੍ਹਨ ਨੂੰ ਮਿਲਿਆ ਕਿ ਇੱਕ ਲੜਕੀ ਨੇ ਚਾਰ ਥਾਵਾਂ ਤੋਂ ਇਵੇਂ ਹੀ ਪੈਸੇ ਲਏ ਸਨ।ਪੰਜਵੀਂ ਜਗ੍ਹਾ ਵਿਆਹ ਤੋਂ ਬਾਅਦ ਜਦੋਂ ਦੋ ਕੁ ਹਫ਼ਤਿਆਂ ਬਾਅਦ ਹੀ ਪੈਸੇ ਅਤੇ ਹੋਰ ਸਮਾਨ ਲੈਕੇ ਚਲੀ ਗਈ ਤਾਂ ਕਿਧਰੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸਨੇ ਚਾਰ ਥਾਵਾਂ ਤੋਂ ਇਵੇਂ ਹੀ ਪੈਸੇ ਲਏ ਹੋਏ ਹਨ। ਅੱਜ ਇਹ ਕਹਿਣਾ ਬਿਲਕੁੱਲ ਗਲਤ ਹੈ ਕਿ ਲੜਕੇ ਵਾਲੇ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ।ਇਸ ਵਕਤ ਕੁੜੀਆਂ ਬਿਲਕੁੱਲ ਇਸ ਮਾਮਲੇ ਵਿੱਚ ਵੀ ਪਿੱਛੇ ਨਹੀਂ ਹਨ।
ਇੰਨਾ ਨਿਘਾਰ ਕੇ ਪੈਸੇ ਲਈ ਕੁਝ ਵੀ ਕਰਨ ਲਈ ਤਿਆਰ ਹਨ।
ਇਥੇ ਕੁਝ ਕਦਮ ਚੁਕਣੇ ਹੁਣ ਸਮੇਂ ਦੀ ਮੰਗ ਹੈ।ਸੱਭ ਤੋਂ ਪਹਿਲਾਂ ਕਾਨੂੰਨ ਵਿੱਚ ਸੋਧ ਕਰਨੀ ਬਹੁਤ ਜ਼ਰੂਰੀ ਹੈ।ਦੂਸਰਾ ਪੈਸੇ ਦਾ ਲੈਣ-ਦੇਣ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ।ਜੋਂ ਸਮਾਨ ਮੁੰਡੇ ਦੇ ਪਰਿਵਾਰ ਨੇ ਦਿੱਤਾ ਕੁੜੀ ਵਾਲੇ ਵਾਪਿਸ ਕਰਨ ਅਤੇ ਇਵੇਂ ਹੀ ਕੁੜੀ ਵਾਲਿਆਂ ਨੇ ਜੋਂ ਦਿੱਤਾ ਉਹ ਵਾਪਿਸ ਕੀਤਾ ਜਾਵੇ। ਪੁਲਿਸ  ਵਾਲਿਆਂ ਅਤੇ ਅਦਾਲਤਾਂ ਵਿੱਚ ਬਰਾਬਰਤਾ ਨੂੰ ਸਾਹਮਣੇ ਰੱਖਕੇ ਫੈਸਲਾ ਕੀਤਾ ਜਾਵੇ। ਅੱਜ ਸਮਾਜ ਵਿੱਚ ਬਜ਼ੁਰਗਾਂ ਦੀ ਜੋਂ ਦੁਰਦਸ਼ਾ ਹੋ ਰਹੀ ਹੈ ਉਸ ਪਿੱਛੇ ਸੱਭ ਤੋਂ ਵੱਡਾ ਕਾਰਨ ਇਹ ਹੀ ਹੈ। ਲੜਕੀ ਅਤੇ ਉਸਦੇ ਪਰਿਵਾਰ ਦਾ ਦਬਾਅ ਬਹੁਤ ਜ਼ਿਆਦਾ ਹੈ,ਉਹ ਕਾਨੂੰਨ ਦੀ ਵਰਤੋਂ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ। ਜਿੰਨਾ ਨਿਘਾਰ ਸਮਾਜ ਵਿੱਚ ਆ ਰਿਹਾ ਹੈ ਉਸ ਵਿੱਚੋਂ ਕੋਈ ਵੀ ਬਚਕੇ ਨਹੀਂ ਨਿਕਲੇਗਾ। ਪੁਲਿਸ, ਪ੍ਰਸ਼ਾਸਨ,ਜੱਜ ਸਾਹਿਬ ਅਤੇ ਵਕੀਲਾਂ ਨੂੰ ਆਪਣੀ ਭੂਮਿਕਾ ਸਮਾਜ ਨੂੰ ਇਧਰ ਜਾਣ ਤੋਂ ਰੋਕਣ ਲਈ ਨਿਭਾਉਣੀ ਚਾਹੀਦੀ ਹੈ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
 
Have something to say? Post your comment