Saturday, September 26, 2020
FOLLOW US ON
BREAKING NEWS
ਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬਡੋਨਾਲਡ ਟਰੰਪ ਨੂੰ ਸੰਬੋਧਿਤ ਮਾਰੂ ਜ਼ਹਿਰ ਰੀਕਿਨ ਵਾਲਾ ਪੱਤਰ ਵ੍ਹਾਈਟ ਹਾਉਸ ਆਇਆ, ਜਾਂਚ ਚੱਲ ਰਹੀ ਹੈ ।

Article

ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ,ਪਟਿਆਲਾ/ਇੰਜੀ.ਸਤਨਾਮ ਸਿੰਘ ਮੱਟੂ

January 20, 2020 10:03 PM
ਇੰਜੀ. ਸਤਨਾਮ ਸਿੰਘ ਮੱਟੂ
ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ,ਪਟਿਆਲਾ/ਇੰਜੀ.ਸਤਨਾਮ ਸਿੰਘ ਮੱਟੂ
(29 ਜਨਵਰੀ ਬਸੰਤ ਪੰਚਮੀ ਤੇ ਵਿਸ਼ੇਸ਼)
ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਪਟਿਆਲਾ ਦਾ ਸਿੱਖ ਇਤਿਹਾਸ ਵਿੱਚ ਇੱਕ ਵੱਡਮੁੱਲਾ,ਅਹਿਮ ਅਤੇ ਵਿਸ਼ੇਸ਼ ਸਥਾਨ ਹੈ।ਇਸ ਅਸਥਾਨ ਨੂੰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪਵਿੱਤਰ ਚਰਨ ਛੋਹ ਦਾ ਸੁਭਾਗ ਪ੍ਰਾਪਤ ਹੈ।ਧਾਰਮਿਕ ਅਹਿਮੀਅਤ ਦੇ ਨਾਲ ਨਾਲ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਵਿੱਚ ਵੀ ਇਸ ਅਸਥਾਨ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ।ਇੱਥੇ ਆਲੀਸ਼ਾਨ, ਰਣਮੀਕ ਅਤੇ ਅਤਿ ਸੁੰਦਰ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀ ਯਾਦ ਵਿੱਚ ਬਣਾਇਆ ਗਿਆ ਹੈ, ਜਿੱਥੇ ਸਿੱਖ ਸੰਗਤਾਂ ਅਤੇ ਗੁਰੂ ਨਾਨਕ ਨਾਂਵ ਲੇਵਾ ਸ਼ਰਧਾਲੂ ਆਪਣੀ ਰੂਹ ਦੀ ਖੁਰਾਕ ਗੁਰਬਾਣੀ ਸਰਵਣ ਕਰਨ ਅਤੇ ਮਨ ਦੀ ਆਤਮਿਕ ਸ਼ਾਂਤੀ ਲਈ ਨਤਮਸਤਕ ਹੁੰਦੀਆਂ ਹਨ ਅਤੇ ਇੱਥੇ ਗੁਰਬਾਣੀ ਅਤੇ ਕੀਰਤਨ ਦਾ ਪ੍ਰਵਾਹ ਹਰ ਸਮੇਂ ਚੱਲਦਾ ਰਹਿੰਦਾ ਹੈ।ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਸ਼ੀਤਲ ਅਤੇ ਸਵੱਛ ਜਲ ਵਿੱਚ ਇਸ਼ਨਾਨ ਕਰਕੇ ਸੰਗਤਾਂ ਆਪਣੇ ਆਪ ਨੂੰ ਭਾਗੀਸ਼ਾਲੀ ਮੰਨਦੀਆਂ ਹਨ।ਇਹ ਗੁਰਦੁਆਰਾ ਸਾਹਿਬ ਪਟਿਆਲਾ ਬਸ ਸਟੈਂਡ ਤੋਂ ਉੱਤਰ ਵੱਲ ਇੱਕ ਕਿਲੋਮੀਟਰ ਦੂਰ ਪਟਿਆਲਾ-ਸਰਹਿੰਦ ਸੜਕ ਤੇ ਸਥਿਤ ਹੈ।
ਇਤਿਹਾਸ ਅਨੁਸਾਰ ਜਦੋਂ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਕਰਦੇ ਹੋਏ ਅਤੇ ਸ਼ਰਧਾਲੂਆਂ ਨੂੰ ਨਾਮ ਬਾਣੀ ਨਾਲ ਜੋੜਦੇ ਹੋਏ ਸੈਫਾਬਾਦ (ਬਹਾਦਰਗੜ੍ਹ) ਵਿਖੇ ਠਹਿਰੇ ਹੋਏ ਸਨ।ਤਾਂ ਗੁਰੂ ਸਾਹਿਬ ਨੇ ਆਪਣੇ ਇੱਕ ਅਨਿਨ  ਸੇਵਕ ਭਾਗ ਰਾਮ ਝਿਉਰ ਦੀ ਬੇਨਤੀ ਤੇ  ਇਸ ਅਸਥਾਨ ਤੇ ਆਪਣੇ ਪਵਿੱਤਰ ਚਰਨ ਪਾਏ ਸਨ।
ਸਿੱਖ ਇਤਿਹਾਸ ਅਤੇ ਇੱਥੇ ਮੌਜੂਦ ਗੁਰੂ ਜੀ ਦੇ ਹੱਥ ਹੁਕਮਨਾਮਾ ਸਾਹਿਬ ਮੁਤਾਬਿਕ ਗੁਰੂ ਜੀ ਨੂੰ ਉਹਨਾਂ ਦੇ ਪਿਆਰੇ ਅਤੇ ਪੱਕੇ ਸੇਵਕ ਭਾਈ ਭਾਗ ਰਾਮ ਨੇ ਸੈਫਾਬਾਦ ਜਾਕੇ ਬੇਨਤੀ ਕੀਤੀ ਸੀ ਕਿ ਉਹ ਪਿੰਡ ਲਹਿਲ ਵਿਖੇ ਆਪਣੇ ਪਵਿੱਤਰ ਚਰਨ ਪਾਉਣ ਤਾਂ ਕਿ ਪਿੰਡ ਦੇ ਬੱਚਿਆਂ ਵਿੱਚ ਫੈਲੀ ਭਿਆਨਕ ਅਤੇ ਨਾਮੁਰਾਦ ਸੋਕੇ ਦੀ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।ਭਾਈ ਭਾਗ ਰਾਮ ਸੇਵਕ ਦੀ ਬੇਨਤੀ ਮੰਨ ਕੇ ਪਿੰਡ ਵਾਸੀਆਂ ਨੂੰ ਸੰਕਟ ਤੋਂ ਛੁਟਕਾਰਾ ਦਿਵਾਉਣ ਲਈ ਗੁਰੂ ਸਾਹਿਬ 5 ਮਾਘ ਸੁਦੀ  ਬਿਕਰਮੀ ਸੰਮਤ 1728 (24 ਜਨਵਰੀ 1672ਈਸਵੀ)ਨੂੰ ਇਸ ਅਸਥਾਨ ਤੇ ਇੱਕ ਛੱਪੜ ਦੇ ਕੰਢੇ ਬੋਹੜ੍ਹ ਦੇ ਦਰੱਖਤ ਥੱਲੇ ਆਕੇ ਬਿਰਾਜਮਾਨ ਹੋਏ ਸਨ।ਗੁਰੂ ਸਾਹਿਬ ਦੀ ਦਿੱਬਿਆ ਦ੍ਰਿਸ਼ਟੀ ਨਾਲ ਪਿੰਡ ਵਾਸੀਆਂ ਦੀ ਬਿਮਾਰੀ ਠੀਕ ਹੋ ਗਈ ਅਤੇ ਹੁਕਮ ਕੀਤਾ ਸੀ ਕਿ ਜੋ ਪ੍ਰਾਣੀ ਸ਼ਰਧਾ ਨਾਲ ਇੱਥੇ ਇਸ਼ਨਾਨ ਕਰੇਗਾ ਉਸਦੇ ਸਾਰੇ ਰੋਗ ਦੂਰ ਹੋ ਜਾਣਗੇ।ਉਹਨਾਂ ਇਹ ਵੀ ਬਚਨ ਕੀਤਾ ਕਿ ਜੋ ਪ੍ਰਾਣੀ ਇੱਥੇ ਬਸੰਤ ਪੰਚਵੀਂ ਨੂੰ ਇਸ਼ਨਾਨ ਕਰਨਗੇ, ਉਹਨਾਂ ਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ।
ਗੁਰੂ ਜੀ ਆਮਦ ਬਾਰੇ ਸੁਣ ਕੇ ਇੱਕ ਦੁਖਿਆਰੀ ਕਰਮਾ ਦੇਵੀ ਖਤਰਾਣੀ ਨੇ ਆ ਗੁਰੂ ਜੀ ਨਿਮਰਤਾ ਸਹਿਤ ਬੇਨਤੀ ਕੀਤੀ," ਮਹਾਰਾਜ ,ਅਠਰਾਏ ਨਾਲ ਮੇਰੇ ਬੱਚੇ ਸ਼ਾਂਤ ਹੋ ਜਾਂਦੇ ਹਨ ਅਤੇ ਮੇਰੀ ਗੋਦ ਖਾਲੀ ਹੈ।ਮੇਰੇ ਤੇ ਮਿਹਰ ਦੀ ਨਜ਼ਰ ਕਰੋ।"ਗੁਰੂ ਜੀ ਨੇ ਹੁਕਮ ਕੀਤਾ ਕਿ ਇਸ ਅਸਥਾਨ ਤੇ ਇਸ਼ਨਾਨ ਕਰੋ ,ਸਾਰੇ ਦੁੱਖ ਦੂਰ ਹੋ ਜਾਣਗੇ।ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸੇਵਕਾਂ ਦੇ ਦੁੱਖ ਹਰਣ ਕੀਤੇ ਅਤੇ ਇਸ ਧਰਤੀ ਨੂੰ ਭਾਗ ਲਗਾ ਕੇ ਅਮਰ ਦਿੱਤਾ।ਗੁਰੂ ਸਾਹਿਬ 6ਮਾਘ ਸ਼ੁਕਲ ਪੰਚਮੀ 1728 ਬਿਕਰਮੀ ਸੰਮਤ ਨੂੰ ਇੱਥੋਂ ਅਗਲੇ ਪੜਾਅ ਲਈ ਚਲੇ ਗਏ ।ਗੁਰੂ ਜੀ ਆਮਦ ਦੀ ਯਾਦ ਵਿੱਚ ਰਾਜਾ ਅਮਰ ਸਿੰਘ ਨੇ ਇੱਥੇ ਸੁੰਦਰ ਬਾਗ ਲਗਵਾਇਆ ਸੀ।ਸੰਨ 1930 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਨੇ ਇੱਥੇ ਗੁਰਦੁਆਰਾ ਸਾਹਿਬ ਬਣਵਾਇਆ ਸੀ।ਜਿਸ ਸਥਾਨ ਤੇ ਗੁਰੂ ਜੀ ਨੇ ਆਕੇ ਬਿਰਾਜਮਾਨ ਹੋਏ ਸਨ, ਉਸ ਅਸਥਾਨ ਤੇ ਗੁਰੂ ਜੀ ਦੀ ਯਾਦ ਚ ਸੁੰਦਰ ਅਤੇ ਅਲੌਕਿਕ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ ਸੁਸ਼ੋਭਿਤ ਹੈ ਅਤੇ ਨਾਲ ਹੀ ਸੀਤਲ ਜਲ ਨਾਲ ਭਰਪੂਰ ਪਵਿੱਤਰ ਸਰੋਵਰ ਬਣਿਆ ਹੋਇਆ ਹੈ,ਜਿਸ ਵਿੱਚ ਸੰਗਤਾਂ  ਇਸ਼ਨਾਨ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ।ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ੁਭ ਹੱਥ ਨਾਲ ਲਿਖਿਆ ਪਵਿੱਤਰ ਹੁਕਮਨਾਮਾ ਸਾਹਿਬ ਵੀ ਸ਼ੁਸ਼ੋਭਿਤ ਹੈ।ਗੁਰੂ ਜੀ ਆਪਾਰ ਕਿਰਪਾ ਨਾਲ ਛੱਪੜ ਪਵਿੱਤਰ ਸਰੋਵਰ ਵਿੱਚ ਬਦਲ ਗਿਆ।ਪਹਿਲਾਂ ਇੱਥੇ ਬੋਹੜ੍ਹ ਦੇ ਦਰੱਖਤ ਕੋਲ ਹਰ ਵੇਲੇ ਜੋਤ ਜਗਦੀ ਸੀ,ਪਰ ਹੁਣ ਬੋਹੜ ਦਾ ਦਰੱਖਤ ਕੱਟ ਕੇ ਹੁਣ ਜੋਤ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਸੁਭਾਇਮਾਨ ਹੈ।ਹੁਣ ਹਰ ਮਹੀਨੇ ਚਾਨਣੀ ਪੱਖ ਦੀ ਪੰਚਵੀਂ ਨੂੰ ਦੂਰ ਨੇੜਿਓਂ ਸੰਗਤਾਂ ਆਕੇ ਇੱਥੇ ਸੀਸ ਨਿਵਾਉਂਦੀਆਂ ਅਤੇ ਸਰੋਵਰ ਚ ਇਸ਼ਨਾਨ ਕਰਕੇ ਮਾਨਸਿਕ ਸਾਂਤੀ ਪ੍ਰਾਪਤ ਕਰਦੀਆਂ ਹਨ।
ਗੁਰੂ ਜੀ ਦੇ ਹੁਕਮ ਅਨੁਸਾਰ ਇੱਥੇ ਹਰ ਸਾਲ ਬਸੰਤ ਪੰਚਵੀਂ ਨੂੰ ਭਾਰੀ ਮੇਲਾ ਲੱਗਦਾ ਹੈ।ਇਸ ਦਿਨ ਢਾਡੀ ਵਾਰਾਂ ਦਾ ਇੱਕ ਮਹਾਨ ਕੁੰਭ ਵੀ ਹੁੰਦਾ ਹੈ। ਇੱਥੇ ਦੇਸ਼ ਵਿਦੇਸ਼ ਤੋਂ ਆਕੇ ਸੰਗਤਾਂ ਇੱਥੇ ਨਤਮਸਤਕ ਹੋਕੇ ਸਜਦਾ ਕਰਦੀਆਂ ਹਨ ਅਤੇ ਗੁਰੂ ਘਰ ਦੀ ਖੁਸ਼ੀ ਦੀ ਪ੍ਰਾਪਤੀ ਲਈ ਆਸ਼ੀਰਵਾਦ ਲੈਂਦੀਆਂ ਹਨ।ਇੱਥੇ ਹਰ ਵੇਲੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ।ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅਧੀਨ ਹੈ।ਸਿੱਖ ਅਜਾਇਬ ਘਰ ਵਿੱਚ ਸਿੱਖ ਧਰਮ ਅਤੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਹਨ।ਸੰਗਤਾਂ ਦੇ ਰਾਤ ਠਹਿਰਨ ਲਈ ਸਰਾਂ ਅਤੇ ਕਮਰਿਆਂ ਦਾ ਵਿਸ਼ਾਲ ਪ੍ਰਬੰਧ ਹੈ। ਇਸ ਵਾਰ ਵੀ 29 ਜਨਵਰੀ ਨੂੰ ਬਸੰਤ ਪੰਚਮੀ ਦਾ ਤਿਉਹਾਰ ਇਸ ਗੁਰਦੁਆਰਾ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।
9779708257
Have something to say? Post your comment