Thursday, February 20, 2020
FOLLOW US ON

Article

ਗਰੀਬੀ ਦੀ ਦਲਦਲ ਚੋਂ ਉਭਰਿਆ ਮਹਿਕਦਾ ਤੇ ਟਹਿਕਦਾ ਫੁੱਲ : ਓਮਜੀਤ

January 24, 2020 10:38 PM


ਗਰੀਬੀ ਦੀ ਦਲਦਲ ਚੋਂ ਉਭਰਿਆ ਮਹਿਕਦਾ ਤੇ ਟਹਿਕਦਾ ਫੁੱਲ : ਓਮਜੀਤ

ਇਕਨਾ ਕੋਲ ਪੈਸਾ ਹੁੰਦਾ ਹੈ ਪਰ ਪੱਲੇ ਕਲਾ ਨਹੀ ਹੁੰਦੀ, ਉਹ ਆਪਣੀ ਮਿਹਨਤ ਦੇ ਬੱਲਬੂਤੇ ਨਹੀ ਬਲਕਿ ਪੈਸੇ ਦੇ ਜੋਰ ਤੇ ਸਰੋਤਿਆਂ ਦੇ ਦਿਲਾਂ ਉਤੇ ਰਾਜ ਕਰਨਾ ਚਾਹੁੰਦੇ ਹੁੰਦੇ ਹਨ, ਪਰ ਰਾਜ ਹੁੰਦਾ ਨਹੀ। ਇਕਨਾ ਕੋਲ ਪੈਸਾ ਨਹੀ ਹੁੰਦਾ, ਪਰ ਮਿਹਨਤ, ਲਗਨ, ਸੌਕ ਨਾਲ ਉਨਾਂ ਨੂੰ ਤਪੱਸਿਆ ਕਰਨ ਦਾ ਬਲ ਆ ਜਾਂਦਾ ਹੈ, ਜਾਂ ਦੂਜੇ ਸਬਦਾਂ ਵਿਚ ਇਹ ਕਹਿ ਲਓ ਕਿ ਉਨਾਂ ਦਾ ਜਾਨੂੰਨ ਹੀ ਉਨਾਂ ਨੂੰ ਸਰੋਤਿਆਂ ਦੇ ਦਿਲਾਂ ਉਤੇ ਰਾਜ ਕਰਨ ਦੇ ਕਾਬਿਲ ਬਣਾ ਦਿੰਦਾ ਹੈ। ਜਨੂੰਨ ਦੀ ਹੱਦ ਤੱਕ ਜਾਣ ਵਾਲਿਆਂ ਵਿਚ ਇਕ ਨਾਂਓਂ ਆਉਂਦਾ ਹੈ -ਓਮਜੀਤ।

      ਜਿਲਾ ਜਲੰਧਰ ਦੇ ਪਿੰਡ ਢਿਲਵਾਂ (ਸੱਲਣ ਰੋਡ) ਵਿਖੇ ਗਰੀਬ ਪਰਿਵਾਰ ਵਿਚ ਪਿਤਾ ਬਖਸ਼ੀ ਰਾਮ ਦੇ ਗ੍ਰਹਿ ਵਿਖੇ ਮਾਤਾ ਪ੍ਰਕਾਸ਼ ਕੌਰ ਦੀ ਪਾਕਿ ਕੁੱਖੋ ਪੈਦਾ ਹੋਇਆ ਓਮਜੀਤ ਦੱਸਦਾ ਹੈ ਕਿ ਉਸ ਨੇ ਪੜਾਈ ਉਪਰੰਤ ਨੌਕਰੀ ਲਈ ਕਾਫੀ ਇੱਧਰ-ਉਧਰ ਹੱਥ-ਪੈਰ ਮਾਰੇ, ਪਰ ਕਿਸਮਤ ਨੇ ਕਿੱਧਰੇ ਵੀ ਸਾਥ ਨਾ ਦਿੱਤਾ। ਗਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ, ਜੋ ਦਿਨ-ਪਰ-ਦਿਨ ਵਧਦਾ ਬਸ ਜਨੂੰਨ ਦੀ ਹੱਦ ਤੱਕ ਪਹੁੰਚ ਗਿਆ। ਆਖਿਰ ਉਹ ਸੰਗੀਤ ਦੀ ਬਕਾਇਦਾ ਤਾਲੀਮ ਹਾਸਲ ਕਰਨ ਲਈ ਸਤੀਸ਼ ਚੰਦਰ ਜੀ ਦੇ ਲੜ ਜਾ ਲੱਗਿਆ, ਜਿਨਾਂ ਪਾਸੋਂ ਬੜੀ ਰੂਹ ਨਾਲ ਸੰਗੀਤਕ ਤਾਲੀਮ ਹਾਸਲ ਕੀਤੀ। ਸਵਾਇ ਦਿਹਾੜੀ-ਦੱਪੇ ਤੋਂ ਬੇਸ਼ੱਕ ਆਮਦਨ ਦਾ ਕੋਈ ਵੀ ਵਸੀਲਾ ਨਹੀ ਸੀ, ਪਰ ਫਿਰ ਵੀ ਹੌਸਲਾ ਨਾ ਛੱਡਿਆ ਅਤੇ ਗਾਉਣਾ ਜਾਰੀ ਰੱਖਿਆ। ਆਖਰ ਤਪੱਸਿਆ ਰੰਗ ਲਿਆਈ। ''ਮੇਰੇ ਸਤਿਗੁਰ'' ਨਾਂਓਂ ਦਾ ਸਿੰਗਲ ਟਰੈਕ ਕੱਢਿਆ, ਜਿਸਦੀ ਉਸ ਦੀ ਆਸ-ਉਮੀਦ ਤੋਂ ਕਿਤੇ ਵੱਧ ਸਫਲਤਾ ਹਾਸਲ ਹੋਈ। ਕਲਾ-ਪ੍ਰੇਮੀਆਂ ਵਲੋਂ ਮਿਲੀ ਹੱਲਾ-ਸ਼ੇਰੀ ਸਦਕਾ ਅਗਲੇ ਕਦਮ ਲਈ ਹੌਸਲਾ ਬਣਿਆ ਤਾਂ ''ਕਾਂਸ਼ੀ ਵਾਲਿਆ'' ਸਿੰਗਲ ਟਰੈਕ ਬੁਲੰਦ ਅਵਾਜ ਵਿਚ ਕੱਢਿਆ।

    ''ਕਾਂਸ਼ੀ ਵਾਲਿਆ'' ਧਾਰਮਿਕ ਗੀਤ ਨੂੰ ਕਲਮ-ਬੱਧ ਕੀਤਾ ਹੈ, ਰਣਜੀਤ ਦੀਨਪੁਰੀ ਨੇ, ਇਸਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ, ਰੋਹਿਤ ਸਿੱਧੂ ਨੇ। ਇਸ ਨੂੰ 20 ਜਨਵਰੀ, 2020 ਨੂੰ ਰਿਲੀਜ਼ ਅਤੇ ਪੇਸ਼ ਕੀਤਾ ਹੈ ਡਾਇਰੈਕਟਰ ਐਚ. ਐਸ. ਬਿੱਲਾ ਰਿਕਾਰਡ ਕੰਪਨੀ ਨੇ।

    ਓਮਜੀਤ ਆਪਣੀ ਅੱਜ ਤੱਕ ਦੀ ਸਫਲਤਾ ਲਈ ਜਿੱਥੇ ਪਰਿਵਾਰ ਵਿਚੋ ਆਪਣੀ ਮਾਤਾ, ਭਰਾ ਕਮਲਜੀਤ ਦੁੱਗਲ ਅਤੇ ਭਰਜਾਈ ਅਮਰੀਕ ਕੌਰ ਦਾ ਮਿਲ ਰਿਹਾ ਸਹਿਯੋਗ ਦੱਸਦਾ ਹੈ, ਉਥੇ ਉਹ ਆਪਣੇ ਉਸਤਾਦ ਅਤੇ ਕੌਸਲਰ ਮਨਦੀਪ ਜੱਸਲ ਦੇ ਨਾਲ-ਨਾਲ ਆਪਣੀ ਪੂਰੀ ਟੀਮ ਦਾ ਵੀ ਸ਼ੁਕਰ-ਗੁਜਾਰ ਹੈ, ਜਿਨਾਂ ਦੀ ਬਦੌਲਤ ਉਹ ''ਕਾਂਸ਼ੀ ਵਾਲਿਆ'' ਲੈਕੇ ਸਰੋਤਿਆਂ ਦੀ ਕਚਹਿਰੀ ਵਿਚ ਹਾਜਰ ਹੋਇਆ।

    ਉਹ ਦਿਨ ਦੂਰ ਨਹੀ ਜਦੋਂ ਗਾਇਕੀ ਦਾ ਦੀਵਾਨਾ, ਗਰੀਬੀ ਦੀ ਦਲਦਲ ਵਿਚੋ ਉਭਰਿਆ ਮਹਿਕਦਾ ਫੁੱਲ, ਓਮਜੀਤ ਇਵਂ ਹੀ ਛੋਟੀਆਂ -ਛੋਟੀਆਂ ਕਾਮਯਾਬੀਆਂ ਹਾਸਲ ਕਰਦਾ ਇਕ- ਨਾ- ਇਕ ਦਿਨ ਆਪਣੀ ਉਲੀਕੀ ਮੰਜ਼ਲ ਉਤੇ ਪਹੁੰਚ ਜਾਵੇਗਾ। ਰੱਬ ਕਰੇ ਉਹ ਸੱਜਰੀ ਸਵੇਰ ਜਲਦੀ ਆਵੇ ! ਮੇਰੀਆਂ ਦੁਆਵਾਂ, ਇੱਛਾਵਾਂ ਅਤੇ ਸ਼ੁਭ ਕਾਮਨਾਵਾਂ ਨਾਲ ਹਨ ਇਸ ਤਪੱਸਵੀ ਨੌਜਵਾਨ ਦੇ !
ਪ੍ਰੀਤਮ ਲੁਣਿਆਣਵੀ , ਚੰਡੀਗੜ (9876428641)
ਸੰਪਰਕ ; ਓਮਜੀਤ (7696224115)

Have something to say? Post your comment