Article

ਗਲਤੀਆਂ ਤੋਂ ਸਿਖਣ ਦੀ ਸੋਚ ਹੀ ਨਹੀਂ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

February 13, 2020 11:43 AM
ਗਲਤੀਆਂ ਤੋਂ ਸਿਖਣ ਦੀ ਸੋਚ ਹੀ ਨਹੀਂ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
ਆਏ ਦਿਨ ਕੋਈ ਨਾ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਪਰ ਕੋਈ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ ਅਤੇ ਕੋਈ ਵੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ। ਪਿੱਛਲੇ ਦਿਨੀਂ ਇੱਕ ਵਾਰ ਫੇਰ ਤਿੰਨ ਮੰਜ਼ਿਲਾ ਇਮਾਰਤ ਦੇ ਡਿਗਣ ਦੀ ਖ਼ਬਰ ਪੜ੍ਹਨ ਅਤੇ ਵੇਖਣ ਨੂੰ ਮਿਲੀ। ਬਹੁਤ ਦੁੱਖ ਹੋਇਆ ਅਤੇ ਤਕਲੀਫ਼ ਹੋਈ ਕਿ ਅਸੀਂ ਕਿੰਨੇ ਗੈਰ ਜ਼ੁੰਮੇਵਾਰ ਹਾਂ।ਕੁਝ ਸਮਾਂ ਪਹਿਲਾਂ ਜ਼ੀਰਕਪੁਰ ਵਿੱਚ ਇਵੇਂ ਹੀ ਬਿਲਡਿੰਗ ਡਿੱਗੀ ਸੀ ਪਰ ਅਸੀਂ ਕਿਸੇ ਵੀ ਗਲਤੀ, ਦੁਰਘਟਨਾ ਅਤੇ ਜਾਨੀ ਨੁਕਸਾਨ ਹੋ ਜਾਣ ਤੋਂ ਬਾਅਦ ਵੀ ਸਬਕ ਨਹੀਂ ਸਿੱਖਦੇ। ਇਸਦੇ ਅਰਥ ਜੇਕਰ ਬਹੁਤ ਸਿੱਧੇ ਹਿਸਾਬ ਨਾਲ ਕੱਢੇ ਜਾਣ ਤਾਂ ਅਸੀਂ ਪੈਸੇ ਪਿੱਛੇ ਕਿਸੇ ਦੀ ਵੀ ਜਾਨ ਦੀ ਕੀਮਤ ਨਹੀਂ ਸਮਝਦੇ। ਖੈਰ ਇਸ ਵਾਰ ਤਿੰਨ ਮੰਜ਼ਿਲਾ ਇਮਾਰਤ ਖਰੜ ਵਿਚ ਡਿੱਗ ਗਈ।ਉਸ ਵਿੱਚ ਜੋਂ ਸਾਹਮਣੇ ਆ ਰਿਹਾ ਹੈ ਜੇ ਸੀ ਬੀ ਵਾਲੇ ਦੀ ਮੌਤ ਹੋ ਗਈ।ਉਸਦਾ ਪਰਿਵਾਰ ਤਾਂ ਤਬਾਹ ਹੋ ਗਿਆ।ਸੱਭ ਤੋਂ ਪਹਿਲਾਂ ਬਿਲਡਰ ਜਦੋਂ ਇਹ ਕੰਮ ਕਰ ਰਿਹਾ ਸੀ ਜਾਂ ਕਰਵਾ ਰਿਹਾ ਸੀ ਤਾਂ ਉਸ ਨੂੰ ਇਹ ਨਹੀਂ ਪਤਾ ਕਿ ਜਿਵੇਂ ਉਹ ਖ਼ੁਦਾਈ ਕਰਵਾਈ ਰਿਹਾ ਹੈ ਉਥੇ ਸਿਵਲ ਇੰਜੀਨੀਅਰ ਦੀ ਜ਼ਰੂਰਤ ਹੈ। ਬਿਲਡਰ ਬਿੰਨਾਂ ਮਾਹਿਰਾਂ ਦੇ ਅਤੇ ਪੈਸੇ ਬਚਾਉਣ ਦੇ ਚੱਕਰ ਵਿੱਚ ਅਣਗਿਹਲੀਆਂ ਕਰਦੇ ਹਨ।ਬੜੀ ਹੈਰਾਨੀ ਹੋਈ ਕਿ ਬਿਲਡਰ ਨੂੰ ਇੰਨੀ ਵੀ ਸਮਝ ਨਹੀਂ ਕਿ ਉਹ ਦੂਸਰੀ ਖੜੀ ਬਿਲਡਿੰਗ ਦੀ ਨੀਂਹ ਨਾਲੋਂ ਕਿਸ ਹੱਦ ਤੱਕ ਮਿੱਟੀ ਦੀ ਖੁਦਾਈ ਕਰ ਸਕਦਾ ਹੈ। ਜਿਵੇਂ ਦੀ ਸਮਝ ਇਥੇ ਸਾਹਮਣੇ ਆਈ ਹੈ ਉਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿੰਨਾ ਕੁ ਸਿਆਣਾ ਅਤੇ ਆਪਣੇ ਕੰਮ ਪ੍ਰਤੀ ਸੁਚੇਤ ਹੈ। ਆਪਾਂ ਸਾਰਿਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਦਫ਼ਤਰਾਂ ਵਿੱਚ ਹੋ ਰਹੀ ਖੱਜਲਖੁਆਰੀ ਅਤੇ ਧਾਂਦਲੀਆਂ ਨੂੰ ਹੰਢਾਇਆ ਹੈ। ਅੱਜ ਉਸਦੇ ਆਧਾਰ ਤੇ ਗੱਲ ਕਰਾਂਗੇ ਅਤੇ ਜ਼ਿੰਮੇਵਾਰ ਕੌਣ ਕੌਣ ਹੈ ਉਹ ਵੀ ਸੋਚਾਂ ਵਿਚਾਰਾਂਗੇ।
ਹਰ ਕਿਸੇ ਨੂੰ ਛੱਤ ਦੀ ਜ਼ਰੂਰਤ ਹੁੰਦੀ ਹੈ ਅਤੇ ਜਿਸ ਨੇ ਵੀ ਕੋਈ ਕੰਮ ਧੰਦਾ ਕਰਨਾ ਹੈ, ਉਸਨੂੰ ਦਫ਼ਤਰ ਜਾਂ ਫੈਕਟਰੀ ਚਾਹੀਦੀ ਹੈ। ਉਸਦੇ ਨਾਲ ਹੀ ਵੱਖ ਵੱਖ ਸਰਕਾਰੀ ਦਫ਼ਤਰਾਂ ਤੋਂ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਹਨ। ਇੰਨਾ ਮਨਜ਼ੂਰੀਆਂ ਦਾ ਮਿਲਣਾ ਸੌਖਾ ਨਹੀਂ ਹੈ। ਜੇਕਰ ਆਪਾਂ ਕਹਿ ਲਈਏ ਕਿ ਇਥੇ ਇੱਕ ਹੱਥ ਦੇ ਤੇ ਦੂਜੇ ਹੱਥ ਲੈਣ ਵਾਲੀ ਨੀਤੀ ਕੰਮ ਕਰਦੀ ਹੈ ਤਾਂ ਗਲਤ ਨਹੀਂ ਹੋਏਗਾ। ਇਥੇ ਨਾ ਇਕੱਲਾ ਬਿਲਡਰ ਗੁਨਾਹਗਾਰ ਹੈ ਅਤੇ ਨਾ ਵਿਭਾਗ, ਇਥੇ ਹਰ ਕੋਈ ਗਲਤ ਕੰਮ ਕਰਦਾ ਹੈ। ਜਿਹੜਾ ਨਹੀਂ ਕਰਦਾ ਉਸਦਾ ਇਸ ਸਿਸਟਮ ਵਿੱਚ ਜਿਊਣਾ ਵੀ ਔਖਾ ਹੋ ਜਾਂਦਾ ਹੈ। ਬਿਲਡਰ ਰਿਸ਼ਵਤ ਦੇਕੇ ਗਲਤ ਅਤੇ ਗੈਰ-ਕਾਨੂੰਨੀ ਕੰਮ ਹੱਕ ਨਾਲ ਕਰਦਾ ਹੈ। ਵਿਭਾਗ ਦਾ ਸਟਾਫ ਜੋਂ ਕਰਨਾ ਸੀ ਕਰ ਲੈਂਦਾ ਹੈ ਅਤੇ ਅੱਖਾਂ ਕੰਨ ਬੰਦ ਕਰ ਲੈਂਦਾ ਹੈ ਪਰ ਜੋਂ ਹਾਲਤ ਲੋਕਾਂ ਦੀ ਹੈ,ਉਹ ਸਿਰਫ਼ ਲੋਕ ਹੀ ਜਾਣਦੇ ਹਨ।ਲੋਕ ਤਾਂ ਵਿਚਾਰੇ ਦਫ਼ਤਰਾਂ ਅਤੇ ਬਿਲਡਰਾਂ ਦੇ ਵਿੱਚ ਫੁੱਟਬਾਲ ਬਣਕੇ ਹੋਏ ਨੇ।ਖੈਰ ਗੱਲ ਕਰ ਰਹੇ ਸੀ ਕਿ ਇੰਨਾ ਘਟਨਾਵਾਂ ਲਈ ਜ਼ਿੰਮੇਵਾਰ ਕੌਣ ਹੈ।ਸੱਭ ਤੋਂ ਵੱਧ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਸਦਾ ਕੰਮ ਵੱਖ ਵੱਖ ਵਿਭਾਗਾਂ ਤੇ ਨਜ਼ਰ ਰੱਖਣੀ ਹੁੰਦੀ ਹੈ। ਵਿਭਾਗਾਂ ਨੂੰ ਲੋਕਾਂ ਦੇ ਕੰਮ ਕਰਨ ਲਈ ਬਣਾਇਆ ਹੁੰਦਾ ਹੈ ਨਾ ਕਿ ਕੁਝ ਇੱਕ ਲੋਕਾਂ ਨਾਲ ਮਿਲਕੇ ਕੰਮ ਕਰਨ ਲਈ। ਜੇਕਰ ਨਕਸ਼ੇ ਦੇ ਹਿਸਾਬ ਨਾਲ ਕੁਝ ਕੰਮ ਨਹੀਂ ਹੋ ਰਿਹਾ ਤਾਂ ਉਸਨੂੰ ਰੋਕਣਾ ਵਿਭਾਗ ਦਾ ਕੰਮ ਹੈ। ਜੇਕਰ ਬਿਲਡਰਾਂ ਦੀ ਗੱਲ ਕਰੀਏ ਤਾਂ ਜੇਕਰ ਗਲਤ ਕੰਮ ਨਾ ਕਰਨ ਤਾਂ ਰਿਸ਼ਵਤ ਦੇਣ ਦੀਆਂ ਮੋਟੀਆਂ ਰਕਮਾਂ ਦੇਣ ਦੀ ਜ਼ਰੂਰਤ ਹੀ ਨਹੀਂ।ਅਸਲ ਵਿੱਚ ਇੰਨ੍ਹਾਂ ਦਾ ਨੋਂਹ ਮਾਸ ਦਾ ਰਿਸ਼ਤਾ ਹੈ, ਜਦੋਂ ਟੁੱਟਦਾ ਹੈ ਤਾਂ ਦਰਦ ਬਹੁਤ ਹੁੰਦਾ ਹੈ। ਦੋਨਾਂ ਦਾ ਆਪਸੀ ਰਿਸ਼ਤਾ ਬਹੁਤ ਗਹਿਰਾ ਹੈ। ਇਸੇ ਕਰਕੇ ਇਵੇਂ ਦੇ ਹਾਦਸੇ ਹੁੰਦੇ ਹਨ। ਜੇਕਰ ਬਿਲਡਰ ਨੂੰ ਪਤਾ ਹੁੰਦਾ ਕਿ ਗਲਤ ਕੰਮ ਕਰਨ ਤੇ ਮੇਰੇ ਤੇ ਉਸੇ ਵੇਲੇ ਕਾਰਵਾਈ ਹੋਣੀ ਹੈ ਤਾਂ ਬਿਲਡਰ ਕਦੇ ਹਿੰਮਤ ਨਾ ਕਰਦਾ। ਜੇਕਰ ਉਸਨੇ ਇਹ ਬਿਲਡਿੰਗ ਢਾਹਕੇ ਹੋਟਲ ਦੀ ਇਮਾਰਤ ਬਣਾਉਣੀ ਸੀ ਤਾਂ ਉਸਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਸੀ।
ਕਦੇ ਲੋਕਾਂ ਦੀ ਹਾਲਤ ਸਰਕਾਰਾਂ ਵਿੱਚ ਬੈਠੇ ਸਮਝਣ ਤਾਂ ਕੁਝ ਹੋਵੇ। ਉਨ੍ਹਾਂ ਵਾਸਤੇ ਲੋਕ ਸਿਰਫ਼ ਵੋਟਾਂ ਪਾਉਣ ਲਈ ਰੱਖੇ ਹੋਏ ਹਨ। ਅਸੀਂ ਵੀ ਆਪਣੀ ਵੋਟ ਬਿਨਾਂ ਸੋਚੇ ਸਮਝੇ ਨਾ ਦਿੰਦੇ ਹਾਂ। ਜੇਕਰ ਚੰਗੀਆਂ ਸਰਕਾਰਾਂ ਬਣਾਵਾਂਗੇ ਤਾਂ ਹੀ ਚੰਗੀ ਤਰ੍ਹਾਂ ਵਿਭਾਗ ਕੰਮ ਕਰਨਗੇ। ਜਦੋਂ ਸਿਰਫ਼ ਪੈਸੇ ਦੀ ਖੇਡ ਰਹਿ ਜਾਵੇ ਤਾਂ ਲੋਕਾਂ ਦੀ ਕੀਮਤ ਕੀੜੇ ਮਕੌੜਿਆਂ ਤੋਂ ਵੀ ਘੱਟ ਹੁੰਦੀ ਹੈ।ਇਸ ਕਰਕੇ ਕਿਧਰੇ ਅਸੀਂ ਵੀ ਗੁਨਾਹਗਾਰ ਹਾਂ। ਅਸੀਂ ਸਰਕਾਰਾਂ ਧਰਮ,ਜਾਤ ਅਤੇ ਪੈਸੇ ਦੇ ਲੈਣ-ਦੇਣ ਦੇ ਅਧਾਰ ਤੇ ਬਣਾਉਂਦੇ ਹਾਂ ਅਤੇ ਫੇਰ ਕੋਸਦੇ ਰਹਿੰਦੇ ਹਾਂ ਅਤੇ ਅੱਖਾਂ ਵਿੱਚ ਘਸੁੰਨ ਦੇਕੇ ਰੋਂਦੇ ਹਾਂ।
ਮੁਹਾਲੀ ਅਤੇ ਜ਼ੀਰਕਪੁਰ ਵਿੱਚ ਬਿਲਡਰਾਂ ਨੇ ਲੋਕਾਂ ਨੂੰ ਵਿਖਾਇਆ ਕੁਝ ਅਤੇ ਦਿੱਤਾ ਕੁਝ ਹੋਰ ਹੈ। ਕਿਧਰੇ ਸੀਵਰੇਜ਼ ਦਾ ਪ੍ਰਬੰਧ ਨਹੀਂ, ਕਿਧਰੇ ਕਲੋਨੀਆਂ ਸੁਸਾਇਟੀਆਂ ਦੀਆਂ ਸੜਕਾਂ ਦਾ ਰੌਲਾ ਹੈ। ਕਿਧਰੇ ਪੀਣ ਵਾਲੇ ਪਾਣੀ ਦੀ ਤੰਗੀ ਹੈ ਅਤੇ ਕਿਧਰੇ ਬਹੁਮੰਜ਼ਿਲਾ ਬਣੀਆਂ ਇਮਾਰਤਾਂ ਵਿੱਚ ਲਿਫ਼ਟਾਂ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ ਹਨ।ਲੋਕ ਉਸ ਵੇਲੇ ਨੂੰ ਪਛਤਾਉਂਦੇ ਹਨ ਜਦੋਂ ਉਨ੍ਹਾਂ ਨੇ ਜ਼ਿੰਦਗੀ ਭਰ ਦੀ ਕਮਾਈ ਲਗਾ ਕੇ ਘਰ ਜਾਂ ਫ਼ਲੈਟ ਲੈਣ ਲਏ ਕਿ ਚੈਨ ਨਾਲ ਬੈਠਾਂਗੇ ਪਰ ਜੋਂ ਦੁਰਦਸ਼ਾ ਲੋਕਾਂ ਦੀ ਹੈ,ਉਹ ਬਿਆਨ ਕਰਨੀ ਵੀ ਔਖੀ ਹੈ। ਜਿਹੜੀਆਂ ਸਰਕਾਰਾਂ ਸੀਵਰੇਜ਼ ਦੀ ਸਮਸਿਆ ਲਈ ਗੰਭੀਰ ਨਹੀਂ, ਲੋਕਾਂ ਦੇ ਪੀਣ ਵਾਲੇ ਪਾਣੀ ਲਈ ਚਿੰਤਿਤ ਨਹੀਂ, ਉਨ੍ਹਾਂ ਦੇ ਵਿਭਾਗਾਂ ਤੋਂ ਕਿਸ ਤਰ੍ਹਾਂ ਦੇ ਕੰਮ ਦੀ ਆਸ ਕੀਤੀ ਜਾ ਸਕਦੀ ਹੈ। ਜੇਕਰ ਬਿਲਡਰ ਕਲੋਨੀਆਂ ਦੀਆਂ ਸੜਕਾਂ ਵੇਚ ਜਾਵੇ ਅਤੇ ਵਿਭਾਗ ਲੋਕਾਂ ਦੀ ਸਮਸਿਆ ਸੁਣੇ ਹੀ ਨਾ ਤਾਂ ਇਸ ਸੜਕ ਨੂੰ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੀ ਬਲੀ ਚੜ੍ਹੀ ਕਹਿਣਾ ਗਲਤ ਨਹੀਂ ਹੈ।

ਬਹੁਮੰਜ਼ਿਲਾ ਇਮਾਰਤਾਂ ਦਾ ਚਲਨ ਹੈ ਕਿਉਂਕਿ ਜਿਵੇਂ ਦਾ ਮਾਹੌਲ ਹੈ ਲੋਕ ਘਰਾਂ ਵਿੱਚ ਸੁਰੱਖਿਅਤ ਨਹੀਂ ਹਨ।ਪਰ ਇੰਨਾ ਇਮਾਰਤਾਂ ਵਿੱਚ ਚੋਂਦੇੇ ਪਾਣੀ,

ਵਰਤੇ ਗਏ ਘਟੀਆ ਸਮਾਨ ਦੀ ਚੈਕਿੰਗ ਕੋਈ ਵੀ ਵਿਭਾਗ ਨਹੀਂ ਕਰਦਾ। ਪੈਸੇ ਦਿਉ ਅਤੇ ਦਫ਼ਤਰਾਂ ਵਿੱਚੋਂ ਜਿਹੜਾ ਵੀ ਸਰਟੀਫਿਕੇਟ ਚਾਹੀਦਾ ਹੈ ਲੈਣ ਲਵੋ।ਲੋਕ ਸੀਵਰੇਜ਼ ਵਾਲਾ ਪਾਣੀ ਪੀਕੇ ਬੀਮਾਰੀ ਨਾਲ ਮਰਨ ਜਾਂ ਇਵੇਂ ਬਿਲਡਿੰਗ ਡਿੱਗਕੇ, ਕਿਸੇ ਨੂੰ ਵੀ ਇਸਦੀ ਕੋਈ ਪ੍ਰਵਾਹ ਨਹੀਂ। ਹਕੀਕਤ ਇਹ ਹੈ ਕਿ ਆਮ ਬੰਦਾ ਜਿਹੜੇ ਵੀ ਵਿਭਾਗ ਵਿੱਚ ਆਪਣਾ ਦੁੱਖ ਲੈਕੇ ਜਾਂਦਾ ਹੈ ਤਾਂ ਉਸਨੂੰ ਸਮਝ ਆਉਂਦੀ ਹੈ ਕਿ ਇਹ ਤਾਂ ਬਹੁਤ ਹੀ ਮਾੜਾ ਵਿਭਾਗ ਹੈ।ਬਸ ਇੱਕ ਗੱਲ ਸੱਚੀ ਹੈ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।ਇਸ ਬਿਲਡਿੰਗ ਦੇ ਡਿੱਗਣ ਨਾਲ ਜਿਸ ਬੰਦੇ ਦੀ ਮੌਤ ਹੋਈ ਹੈ,ਉਹ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਨੇ ਨਿਗਲ ਲਿਆ ਅਤੇ ਉਸਦੇ ਪਰਿਵਾਰ ਨੂੰ ਜ਼ਿੰਦਗੀ ਭਰ ਦਾ ਦਰਦ ਦੇ ਦਿੱਤਾ।ਪਰ ਇਹ ਵੀ ਹਕੀਕਤ ਹੈ ਕਿ ਇਸ ਹਾਦਸੇ ਤੋਂ ਸਿਖਣਾ ਕਿਸੇ ਨੇ ਵੀ ਕੁਝ ਨਹੀਂ।ਨਾ ਰਿਸ਼ਵਤ ਅਤੇ ਭ੍ਰਿਸ਼ਟਾਚਾਰ ਬੰਦ ਕੀਤਾ ਜਾਣਾ ਹੈ ਅਤੇ ਨਾ ਇਵੇਂ ਦੇ ਗੈਰ-ਕਾਨੂੰਨੀ ਕੰਮ ਬੰਦ ਹੋਣੇ ਹਨ।
ਸੱਚ ਇਹ ਹੈ ਕਿ ਕੋਈ ਵੀ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ।ਇਹ ਤਾਂ ਪੱਕਾ ਹੈ ਕਿ ਜਿਵੇਂ ਦੀ ਅਸੀਂ ਸਰਕਾਰ ਬਣਾਵਾਂਗੇ, ਉਵੇਂ ਦਾ ਪ੍ਰਸ਼ਾਸਨ ਹੋਏਗਾ। ਜਦੋਂ ਕੁਝ ਪੈਸਿਆਂ ਪਿੱਛੇ ਵੋਟ ਵੇਚਣ ਦਿੰਦੇ ਹਾਂ ਤਾਂ ਰਿਸ਼ਵਤ ਦਾ ਬੀਜ ਉਦੋਂ ਹੀ ਬੀਜਿਆ ਜਾਂਦਾ ਹੈ। ਆਪਣੀ ਵੋਟ ਵੇਚਣੀ ਬੰਦ ਕਰਨਾ ਬਹੁਤ ਜ਼ਰੂਰੀ ਹੈ। ਇੰਨੇ ਚੰਗੇ ਸਰੋਤੇ ਵੀ ਨਾ ਬਣੋ ਕਿ ਸਾਡੇ ਨਾਲ ਜੋਂ ਗਲਤ ਹੋ ਰਿਹਾ ਹੈ ਉਸ ਬਾਰੇ ਪੁੱਛੀਏ ਹੀ ਨਾ।ਸੱਭ ਤੋਂ ਵੱਡੀ ਜ਼ਿੰਮੇਵਾਰੀ ਵੋਟਰ ਦੀ ਹੈ, ਉਸਤੋਂ ਬਾਅਦ ਸਰਕਾਰ ਦੀ। ਪ੍ਰਸ਼ਾਸਨ ਨੂੰ ਤਨਖਾਹਾਂ ਲੋਕਾਂ ਦੇ ਦਿੱਤੇ ਟੈਕਸਾਂ ਵਿੱਚੋਂ ਮਿਲਦੀਆਂ ਹਨ, ਤੁਹਾਨੂੰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਲਈ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ।ਬਿਲਡਰਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕੁਦਰਤ ਦੇ ਰੰਗ ਬੜੇ ਪਿਆਰੇ ਹਨ,ਉਸਨੇ ਜਦੋਂ ਹਿਸਾਬ ਕਰਨਾ ਹੈ ਤਾਂ ਉਸਨੇ ਕਿਸੇ ਦੇ ਬਿਆਨ ਨਹੀਂ ਲੈਣੇ, ਉਥੇ ਅਪੀਲ ਕਰਨ ਦਾ ਵੀ ਵਕਤ ਨਹੀਂ ਹੁੰਦਾ ਕਿਉਂਕਿ ਉਸਨੇ ਹਰ ਪਲ ਦਾ ਹਿਸਾਬ ਲਿਖਿਆ ਹੁੰਦਾ ਹੈ। ਉਥੇ ਰਿਸ਼ਵਤਖੋਰਾਂ ਦੀ ਭੀੜ ਨਹੀਂ। ਮੁਆਫ਼ ਕਰਨਾ ਇੱਕ ਵਾਰ ਇਮਾਨਦਾਰੀ ਨਾਲ ਸੋਚਣਾ ਜ਼ਰੂਰ ਕਿ ਗਲਤ ਹੋ ਰਹੇ ਕੰਮ ਅਤੇ ਵਿਗੜਦੇ ਸਿਸਟਮ ਲਈ ਜ਼ਿੰਮੇਵਾਰ ਕੌਣ ਕੌਣ ਹੈ।ਇਸ ਸਾਰੇ ਤੋਂ ਤਾਂ ਇਵੇਂ ਹੀ ਲੱਗਦਾ ਹੈ ਕਿ ਕਿਸੇ ਵੀ ਗਲਤੀ ਤੋਂ ਸਿਖਣ ਦੀ ਸੋਚ ਹੀ ਨਹੀਂ ਹੈ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
Have something to say? Post your comment