Article

ਮੈਂ ਤੇ ਕੁਦਰਤ/ ਸਹਿਜਪਾਲ ਸਿੰਘ ਬਰਨਾਲਾ

February 13, 2020 11:52 AM

ਮੈਂ ਤੇ ਕੁਦਰਤ/
---------------ਸਹਿਜਪਾਲ ਸਿੰਘ ਬਰਨਾਲਾ
ਪਤਾ ਨੀ ਕਿਉਂ ਤੇ ਕਿਸ ਵਜਹਾ ਨੇ ਮੈਨੂੰ ਦੁਨੀਆਂ ਨਾਲੋਂ ਛੋਟੀ ਉਮਰ `ਚ ਹੀ ਤੋੜ ਲਿਆ ਸੀ । ਜਿਸ ਦੇ ਫਲਸਰੂਪ ਹੁਣ ਮੈਨੂੰ ਇਕੱਲੇ ਰਹਿਣਾ,ਖੁਦ ਨਾਲ ਗੱਲਾਂ ਕਰਨਾ,ਖਿਆਲਾਂ ਦੀ ਝੜੀ ਚ ਭਿੱਜਣਾ, ਅਦ੍ਰਿਸ਼ ਚੀਜਾਂ ਨੂੰ ਦੇਖਣ ਦੀ ਕੋਸਿਸ ਕਰਨਾਂ ਕਾਗਜ ਕਾਲੇ ਕਰਨੇ,ਇਹ ਸਭ ਅਜੀਬ ਹੁੰਦੇ ਹੋਏ ਵੀ ਵਧੀਆ ਲਗਦੇ ਨੇ ਅਸਲ ਚ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਅੱਜ ਤੋਂ  20ਸਾਲ ਪਹਿਲਾਂ (1999-2000)ਅਸੀ ਪਿੰੰਡ ਛੱਡਕੇ  ਖੇਤ ਵਿੱਚ ਬਣਾਏ ਘਰ ਚ ਰਹਿਣ  ਆ ਗਏ ਸੀ ਤੇ ਅੱਜ ਵੀ ਓਥੇ ਈ ਆਂ ।  ਤੁਸੀਂ ਸ਼ਾਇਦ ਇਸ ਗੱਲ ਨੂੰ ਗਹਿਰਾਈ ਚ ਜਾ ਕੇ ਨਾਂ ਮਹਿਸੂਸ ਕਰੋਂ ਪਰ ਇਹ ਸੱਚ ਆ ਕਿ ਜੇਕਰ ਮੈ ਹੁਣ  ਦੁਬਾਰਾ ਪਿੰਡ ਵਿੱਚ ਰਹਿਣ ਲੱਗਾਂ ਤਾਂ ਖੁੱਲ੍ਹ ਕੇ ਨੀ ਜੀਅ ਸਕਾਂਗਾ,ਸਭ ਕੁਝ ਹੁੰਦੇ ਹੋਏ ਵੀ ਅਧੂਰਾ ਰਹਾਂਗਾ ।  ਜ਼ਿਹਨ ਚ ਕੁਝ ਅਜਿਹੀਆਂ ਗੱਲਾਂ ਸਥਾਈ ਰੂਪ ਚ ਘਰ ਕਰ ਗਈਆਂ ਹਨ ਜੋ ਕਿਸੇ ਵੀ ਕੀਮਤ ਤੇ ਵਿਸਰ ਨੀ ਸਕਦੀਆਂ ।  ਚੱਲੋ ਹੁਣ ਆਪਾਂ ਮੁੱਦੇ ਦੀ ਗੱਲ ਤੇ ਆਉਂਨੇ ਆਂ,ਮੈਨੂੰ ਕੁਦਰਤ ਦੀ ਬੇਅੰਤ ਰਹਿਮਤ ਸਦਕਾ  ਓਸ ਕਾਦਰ ਦੀ ਕੁਦਰਤ ਦੇ ਹਰ ਰੂਪ ਨਾਲ ਬਹੁਤ  ਪਿਆਰ,ਲਗਾਅ ਏ । ਹਰ ਰੁੱਤ ਦੇ ਹਰ ਮੌਸਮ ਦਾ ਮੈਂ ਬਿਨਾਂ ਉਮਰ ਦੇ ਲਿਹਾਜ ਕੀਤੇ ਰੱਜ ਕੇ ਲੁਤਫ਼ ਲੈਨਾਂ,ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਰਦ ਹਵਾਵਾਂ ਸੰਗ ਝੂਲਦੀਆਂ ਰੁੱਖਾਂ ਦੀਆਂ ਟੀਸੀਆਂ,ਅਲ਼ਸੀ,ਸਰੋਂ,ਤਾਰਾਮੀਰਾ,ਮੂੰਗਰੇ ਦੇ ਫੁੱਲ,ਧਨੀਆ ਮੇਥਾ ਮੇਥੀ ਦੀ ਭਿੰਨੀ ਭਿੰਨੀ ਖ਼ੁਸਬੂ,ਨਿਸਰਦੀਆਂ ਕਣਕਾਂ,ਪਕਦਾ ਛੋਲੂਆ,ਤਰੇਲ ਦੀਆਂ ਬੂੰਦਾਂ, ਮੈਨੂੰ ਮੇਰੇ ਪਰਿਵਾਰ ਦੇ ਹੀ ਜੀਅ ਲਗਦੇ ਨੇ । ਵਗਲੇ,ਟਟੀਹਰੀਆਂ,ਕਬੂਤਰ,ਤੋਤੇ ਤੇ ਕੁਝ ਹੋਰ ਪਰਵਾਸੀ ਪੰਛੀ ਖੇਤਾਂ ਦੀਆਂ ਵੱਟਾਂ ਪਹੀਆਂ ਤੋਂ ਆਪਣਾ ਭੋਜਨ ਛਕ  ਖ਼ੇਲਾਂ,ਖਾਲਾਂ ਤੋਂ ਪਾਣੀ ਪੀ ਤਰਿਪਤ ਹੋ ਜਦੋਂ ਆਪਣੀ ਮੰਜਿਲ ਵੱਲ ਉਡਾਣ ਭਰਦੇ ਹਨ ਮੈਂ ਇਹਨਾਂ ਤੋਂ ਬੜਾ ਕੁਝ ਸਿਖਦਾ ਹਾਂ,
ਮੇਰੀ ਮਾਤਾ ਬਚਪਨ ਤੋਂ ਧਾਰਮਿਕ ਖਿਆਲਾਂ ਵਾਲੀ ਏ ਤੇ ਬਚਪਨ ਤੋਂ ਹੀ ਸਾਨੂੰ ਇਹ ਗੱਲਾਂ ਸਿਖਾ ਰਹੀ ਏ ਕਿ ਖਾਣਾ ਖਾਂਦੇ ਵਕਤ ਪਹਿਲੀ ਬੁਰਕੀ ਪੰਛੀਆਂ ਲਈ ਕੱਿਢਆ ਕਰੋ,ਇਸ ਸਿਖਿਆ ਤੇ ਬਾਖ਼ੂਬੀ ਅਮਲ ਸਦਕਾ ਵੀ ਛੋਟੇ ਛੋਟੇ ਕਾਫ਼ੀ ਪੰਛੀ ਚੋਗਾ ਚੁੱਗਣ ਤੇ ਕੰਧ ਕੰਧੋਲੀ ਤੇ ਰੱਖੇ ਪਾਣੀ ਪੀਣ ਬਹਾਨੇ ਸਾਡੇ ਘਰ ਰੌਣਕ ਲਾਈ ਰੱਖਦੇ ਹਨ । ਰੰਗ ਬਿਰੰਗੀਆਂ ਤਿਤਲੀਆਂ ਤੋਂ ਲੈ ਕੇ ਸਮੇ ਅਨੁਸਾਰ ਕਪਾਹ ਦੇ ਫੁੱਲਾਂ ਦੇ ਰੰਗ,ਕਣਕਾਂ ਦਾ ਸੁਨਿਹਰੀ ਰੰਗ,ਧਰਤੀ ਤੇ ਵਿਛੀ ਝੋਨੇ ਦੀ ਫਸਲ ਦੀ ਹਰੀ ਚਾਦਰ,ਪੱਤੇ ਡੇਗੀ ਖੜੇ ਨੰਗ ਮਲੰਗ ਰੁੱਖ,ਬਰਸੀਮ ਹਾਲੋਂ ਸੋਂਫ ਦੇ ਛੋਟੇ ਪੱਤੇ ,ਮੇਰੇ ਘਰ ਤੇਂ ਥੋੜੀ ਦੂਰੀ ਤੇ ਲੰਘਦੀਆਂ ਰੇਲਾਂ ਦੀਆਂ ਆਵਾਜਾਂ,  ਕੁੱਤਿਆਂ ਗਾਵਾਂ ਦੇ ਵੱਗ, ਸਭ ਓਸ ਕੁਦਰਤ ਦਾ ਹਿੱਸਾ ਨੇ ਜੋ ਮੇਰੇ ਤੇ ਮੇਹਰਵਾਨ ਆ ਮੋਹਿਤ ਆ । ਕਦੇ ਕਦੇ  ਚਾਨਣੀ ਤੇ ਟਿਕੀ ਰਾਤ ਚ ਪਿਛਲੇ ਪਹਿਰ ਮੈਂ ਚੰਨ ਤਾਰਿਆਂ ਦੀ ਲੱਗੀ ਮਹਿਫ਼ਲ ਦਾ ਵੀ ਹਿੱਸਾ ਬਣਦਾਂ ਤੇ ਟੁਟਦੇ ਤਾਰੇ ਤੋਂ ਇਕੋ ਈ ਮੰਗ ਲੰਮੇ ਸਮੇਂ ਤੋਂ ਜਾਰੀ ਆ । ਇਸ ਤਰਾਂ ਇਹਨਾਂ ਸਭ ਦਾਤਾਂ ਸਦਕੇ ਮੇਰੀ ਜਿੰਦਗੀ ਖਾਸੀਆਂ ਕਮੀਆਂ ਹੁੰਦੇ ਵੀ ਬਹੁਤ ਹੀ ਰੰਗੀਨ,ਤੇ ਸੋਹਣੀ ਬੀਤ ਰਹੀ ਏ । ਪਰ ਜਿਉਂ ਜਿਉੰ ਮੇਰੀ ਉਮਰ ਤੇ ਤਜਰਬਾ ਵਧਦਾ ਜਾ ਰਿਹਾ ਤੇ ਮੈਂ ਇਹ ਗੱਲਾਂ ਚੰਗੀ ਤਰਾਂ ਜਾਣ ਗਿਆਂ ਕਿ `ਲੋਕਾਂ ਤੋਂ ਮੇਰਾ ਅਤੇ ਕੁਦਰਤ ਦਾ ਬੇ-ਗਰਜ ਤੇ ਅਥਾਹ ਪਿਆਰ ਸਹਿਣ ਨੀ ਹੋ ਰਿਹਾ"।ਇੱਕ ਸ਼ਾਜਿਸ ਦੇ ਚਲਦਿਆਂ ਸ਼ੈਤਾਨਾਂ ਨੇ ਮੇਰੇ ਹਜਾਰਾਂ ਲੱਖਾਂ ਰੁੱਖ ਸਾਥੀ ਕਤਲ ਕਰ,ਮੇਰੇ ਅਣਗਣਿਤ ਪੰਛੀ ਦੋਸਤਾਂ ਨੂੰ ਬੇਘਰ ਕਰ ਦਿੱਤਾ| ਧਰਤੀ ਹਵਾਵਾਂ `ਚ ਜਹਿਰ ਘੋਲ ਅੰਨ ਜਲ ਵੀ ਜਹਿਰੀਲਾ ਕਰ ਦਿੱਤਾ ,ਜਿਸਦਾ ਅਸਰ ਆਪਾਂ ਸਭ ਸਾਫ ਸਾਫ ਦੇਖ ਰਹੇਂ ਆਂ ,ਮੇਰੇ ਕੁਝ ਪੰਛੀ ਦੋਸਤਾਂ ਦੀਆਂ ਤੇ ਜਾਤੀਆਂ ਹੀ ਅਲੋਪ ਹੋਣ ਦੀ ਕਗਾਰ ਤੇ ਨੇ| ਹੁਣ ਘੁੱਗੀਆਂ,ਚਿੜੀਆਂ,ਗਟਾਰਾਂ,ਓਲੀਆਂ, ਨੂੰ ਜਦੋਂ ਕਿਤਾਬਾਂ  ਮੋਬਾਇਲਾਂ `ਚ ਦੇਖਦਾਂ ਤਾ ਬਹੁਤ ਮਿਸ ਕਰਦਾਂ ਉਹਨ੍ਹਾ ਦੀਆਂ ਝੁਰਮਟ ਪਾਉਦੀਆਂ ਡਾਰਾਂ ਨੂੰ......ਕਿੰਨਾ ਸਮਾਂ ਹੋ ਗਿਆ ਕਿਸੇ ਪੰਛੀ ਨੂੰ ਤੀਲੇ ਚੁੱਗਕੇ ਆਲ਼ਣਾ ਪਾਉਦੇ ਦੇਖੇ ਨੂੰ!!
ਮੇਰਾ ਤੇ ਵੇਹੜਾ ਹੀ ਸੁੰਨਾ ਹੋ ਗਿਆ ਇਹਨਾਂ ਬਗੈਰ!! ਮੇਰੀ ਕੁਦਰਤ ਮੇਰੀਆਂ ਅੱਖਾਂ ਸਾਹਵੇਂ ਦਮ ਤੋੜਦੀ ਤੋੜਦੀ ਮੈਨੂੰ ਮੇਰੇ ਤੋਂ ਦੂਰ ਹੁੰਦੀ ਜਾਪਦੀ ਆ, ਅੰਤ ਸਭ ਨੂੰ ਹੱਥ ਜੋੜ ਕੇ ਦੁਖੀ ਹਿਰਦੇ ਨਾਲ ਮੇਰੀ ਬੇਨਤੀ ਆ ਕਿ ਮੇਰੀ ਮਹਿਬੂਬ ਕੁਦਰਤ ਨਾਲ ਖਿਲਵਾੜ ਨਾ ਕਰੋ,ਇਹਨੂੰ ਲਹੂ-ਲੂਹਾਣ ਨਾ ਕਰੋ,ਸਾਨੂੰ ਅੰਤਾਂ ਦਾ ਦਰਦ ਹੁੰਦਾ , ਮੈਂ ਤੇ ਬੇਵਸ ਹੋ ਕੇ ਇਹ ਸਭ ਸਹਿਣ ਕਰ ਲਵਾਂਗਾ ਪਰ ਜੋ ਕੁਦਰਤ ਦਾ ਮਾਲਿਕ ਏ ਰਚਣਹਾਰਾ ਏ ਉਹ ਤੁਹਾਨੂੰ ਪੋਲੇ ਪੈਰੀਂ ਮੁਆਫ ਨੀ ਕਰੂਗਾ,ਕੁਦਰਤ ਨਾਲ ਅਕਿ੍ਤਘਣ ਇਨਸਾਨਾਂ ਵੱਲੋਂ ਕੀਤੀ ਗਈ ਬੇਵਕਤੀ ਛੇੜਛਾੜ ਦੇ ਨਤੀਜੇ ਉਂਝ ਤੇ ਸਾਹਮਣੇ ਆ ਹੀ ਰਹੇ ਹਨ,ਪਰ ਸੱਚ ਮੰਨਿਓ ਇਹ ਤੇ ਕੁਝ ਵੀ ਨਹੀਂ ´  ਇਹ ਤੇ ਬੜੇ ਭਿਆਨਕ ਨੇ  ਬੜੀ ਨੇੜੇ ਤੋਂ ਦੇਖਦਾਂ ਇਹ ਤਬਾਹੀ ਦਾ ਮੰਜ਼ਰ ਮੈਂ" ਹਾਲੇ ਵੀ ਵਕਤ ਦਾ ਕੁਝ ਹਿੱਸਾ ਬਾਕੀ ਏ ਸਾਡੇ ਹੱਥ ਵਿੱਚ ਏ  ਉਹ ਬਹੁਤ ਰਹਿਮ ਦਿਲ ਏ ਸੁਧਰਜੋ ਲੋਕੋ,.`ਰੁੱਖ ਲਾਉਣੇ ਸਾਭਣੇ ਸੁਰੂ ਕਰਦੋ,ਬੇਜੁਬਾਨਾਂ ਤੇ ਤਰਸ ਕਰ ਪਿਆਰ ਕਰਨਾ ਸੁਰੂ ਕਰਦੋ,ਹਵਾ ਪਾਣੀ ਧਰਤੀ ਦੀ ਸੰਭਾਲ ਕਰਲੋ ਤੇ ਮੁੜ ਖ਼ੁਸਹਾਲ ਹੋਵੋ"ਇਸੇ `ਚ ਹੀ ਭਲਾਈ ਆ ਸਭ ਦੀ । ਜੇਕਰ ਤੁਹਾਨੂੰ ਲਗਦਾ ਕਿ ਇਹ ਬਦਲਾਅ ਹੋਣਾ ਚਾਹੀਦਾ  ਕੁਦਰਤ ਪ੍ਤੀ ਸਾਡੀ ਜਿੰਦਗੀ ਚ ਤਾਂ ਇਹਨੂੰ  ਸ਼ੇਅਰ ਕਰਨ ਦਾ ਥੋੜਾ ਜਾ ਕਸਟ ਸਹਿੰਦੇ ਹੋਏ ਹੋਰਾਂ ਦੇ ਦਰਵਾਜੇ ਤੇ ਵੀ ਦਸਤਕ ਦਵਾਓ
             ਸਹਿਜਪਾਲ ਸਿੰਘ ਬਰਨਾਲਾ ( ਮਾਨਸਾ ) 84270 49506

Have something to say? Post your comment