Article

ਚੰਗਾ ਹੁੰਦਾ ਜੇ ਦੀਵਾਰ ਬਣਾਉਣ ਦੀ ਥਾਂ ਗਰੀਬਾਂ ਲਈ ਪੱਕੇ ਘਰ ਬਣਾਏ ਜਾਂਦੇ। /ਅੱਬਾਸ ਧਾਲੀਵਾਲ,

February 20, 2020 03:33 PM
Mohd Abbas
 
 
ਚੰਗਾ ਹੁੰਦਾ ਜੇ ਦੀਵਾਰ ਬਣਾਉਣ ਦੀ ਥਾਂ ਗਰੀਬਾਂ ਲਈ ਪੱਕੇ ਘਰ ਬਣਾਏ ਜਾਂਦੇ। /ਅੱਬਾਸ ਧਾਲੀਵਾਲ, 
 
ਅੱਜ ਕੱਲ੍ਹ ਮੀਡੀਆ ਵਿਸ਼ੇਸ਼ ਕਰ ਸੋਸ਼ਲ ਸਾਈਟਾਂ ਤੇ ਗੁਜਰਾਤ ਵਿਖੇ ਬਣ ਰਹੀ ਇਕ ਦੀਵਾਰ ਖੂਬ ਚਰਚਾਵਾਂ ਬਟੋਰ ਰਹੀ ਹੈ। ਵੈਸੇ ਜਦੋਂ ਕਦੀ ਦੁਨੀਆ ਚ' ਦੀਵਾਰਾਂ ਦੀ ਗੱਲ ਚਲਦੀ ਹੈ ਤਾਂ ਚੀਨ ਦੀ ਕੰਧ ਦਾ ਵਿਸ਼ੇਸ਼ ਉਲੇਖ ਹੁੰਦਾ ਹੈ। ਉਤਰ ਪੂਰਬ ਤੋਂ ਲੈਕੇ ਪੱਛਮ ਤੱਕ ਮਾਰੂ ਥਲਾਂ, ਚਰਾਂਦਾਂ, ਪਹਾੜਾਂ ਅਤੇ ਪਠਾਰਾਂ ਵਿੱਚੋਂ ਦੀ ਸੱਪ ਵਾਂਗੂੰ ਮੇਲਦੀ ਜਾਂਦੀ ਇਹ ਚੀਨੀ ਦੀਵਾਰ ਆਪਣੇ ਆਪ ਚ' ਪਤਾ ਨਹੀਂ ਕਿੰਨੀਆਂ ਕੁ ਅਣ ਕਹੀਆਂ ਇਤਿਹਾਸਕ ਤੇ ਮਿਥਿਹਾਸਕ ਕਹਾਣੀਆਂ ਲੁਕਾਈ ਬੈਠੀ ਹੈ । ਕਰੀਬ 4000 ਮੀਲ ( 6700 ਕਿਲੋਮੀਟਰ) ਲੰਮੀ ਦੀਵਾਰ ਇਸ ਕੰਧ ਨੂੰ ਵਿਸ਼ਵ ਦੀ ਸਭ ਤੋਂ ਵੱਧ ਵੱਡੀ ਦੀਵਾਰ ਹੋਣ ਦਾ ਮਾਣ ਪ੍ਰਾਪਤ ਹੈ। ਕਹਿੰਦੇ ਹਨ ਇਹ ਦੀਵਾਰ ਚੀਨ ਨੇ ਆਪਣੇ ਦੇਸ਼ ਨੂੰ ਮੰਗੋਲ ਹਮਲਾਵਰਾਂ ਤੋਂ ਮਹਿਫੂਜ ਰੱਖਣ ਲਈ ਬਣਾਈ ਸੀ।
ਪਰ ਅਫਸੋਸ  ਜਿਸ ਦੀਵਾਰ ਦੀ ਉਸਾਰੀ ਦੀ ਚਰਚਾ ਅੱਜ ਜੋਰਾਂ ਤੇ ਹੈ ਉਸਦਾ ਮਕਸਦ ਦੇਸ਼ ਵਾਸੀਆਂ ਨੂੰ ਕਿਸੇ ਬਾਹਰੀ ਹਮਲੇ ਤੋਂ ਬਚਾਉਣਾ ਨਹੀਂ ਹੈ , ਬਲਕਿ ਅਪਣੇ ਲੋਕਾਂ ਦੀ ਗਰੀਬੀ ਨੂੰ ਛੁਪਾਉਣ ਦੀ ਨਾਕਾਮ ਕੋਸ਼ਿਸ਼ ਹੈ।  
ਇਹ ਦੀਵਾਰ ਦਰਅਸਲ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਆਮਦ ਦੇ ਮੱਦੇਨਜ਼ਰ ਬਣਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਆਗਾਮੀ ਦਿਨਾਂ ਭਾਵ 24 ਅਤੇ 25 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਦੋ ਦਿਨਾਂ ਦੌਰੇ ਤੇ ਭਾਰਤ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਤਿੰਨ ਕੁ ਘੰਟੇ ਗੁਜਰਾਤ ਵਿੱਚ ਗੁਜ਼ਾਰਨੇ ਹਨ। ਇਸ ਏਅਰਪੋਰਟ ਤੋਂ ਸਟੇਡੀਅਮ ਦੇ ਜਿਸ ਰਸਤੇ ਤੋਂ ਅਮਰੀਕੀ ਰਾਸ਼ਟਰਪਤੀ ਦਾ ਕਾਫਲਾ ਲੰਘਣਾ ਹੈ। ਉਸ ਰਸਤੇ ਦੇ ਕਿਨਾਰੇ ਕੁਝ ਗਰੀਬ ਝੁੱਗੀਆਂ ਵਾਲੇ ਆਬਾਦ ਹਨ। ਸਾਡੇ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਡੋਨਾਲਡ ਟਰੰਪ ਦੀ ਨਿਗਾਹ ਗਰੀਬਾਂ ਦੀਆਂ ਝੁੱਗੀਆਂ ਤੇ ਪਵੇ ਤੇ ਸਾਡੇ ਦੇਸ਼ ਦਾ ਮਜਾਕ ਉਡੇ। ਇਸ ਲਈ ਉਨ੍ਹਾਂ ਝੋਪੜੀਆਂ ਨੂੰ ਲੁਕਾਉਣ ਲਈ ਇਕ ਦੀਵਾਰ ਉਸਾਰੀ ਅਤੇ ਉਸ ਦੀਵਾਰ ਤੇ ਡੋਨਾਲਡ ਟਰੰਪ ਅਤੇ  ਪ੍ਧਾਨਮੰਤਰੀ ਮੋੋਦੀ ਦੀਆਂ ਤਸਵੀਰਾਂ ਦੀ ਪੈਂਨਟਿੰਗ ਦਾ ਕੰੰਮ  ਇਨੀ ਦਿਨੀਂ ਜੰਗੀ ਪੱਧਰ ਤੇ ਚਲ ਰਿਹਾ ਹੈ। ਇਕ ਰਿਪੋਰਟ ਮੁਤਾਬਿਕ ਇਸ ਦੀਵਾਰ ਉਸਾਰੀ ਤੇ ਲੱਗਭਗ ਸੌ ਕਰੋੜ ਖਰਚਾ ਆਉਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਸੁਆਗਤ ਲਈ ਫੁੱਲਾਂ ਤੇ ਵੀ ਕਰੋੜਾਂ ਰੁਪਏ ਖਰਚ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ। ਕਿਉਂਕਿ ਟਰੰਪ ਅਨੁਸਾਰ ਪ੍ਧਾਨਮੰਤਰੀ  ਦੀ ਨੇ ਉਨ੍ਹਾਂ ਨੂੰ ਆਖਿਆ ਹੈ ਕਿ ਸਤੱਰ ਲੱਖ ਲੋਕ ਉਨ੍ਹਾਂ ਦੇ ਸੁਆਗਤ ਵਿਚ ਖੜ੍ਹੇ ਹੋਣਗੇ। ਤਿੰਨ ਘੰਟਿਆਂ ਦੀ ਫੇਰੀ ਤੇ ਆਉਣ ਵਾਲੇ ਰਾਸ਼ਟਰਪਤੀ ਤੋਂ ਆਪਣੇ ਲੋਕਾਂ ਦੀ ਗਰੀਬੀ ਛੁਪਾਉਣ ਲਈ ਕਰੋੜਾਂ ਦੀ ਭਾਰੀ ਭਰਕਮ ਰਕਮ ਨੂੰ ਇਕ ਦੀਵਾਰ ਆਦਿ ਤੇ ਖਰਚਨਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਜਾਪਦੀ ਅਤੇ ਨਾ ਹੀ ਕੋਈ ਬੁਧੀਜੀਵੀ ਇਸ ਨੂੰ ਜਾਇਜ਼ ਠਹਿਰਾ ਸਕਦਾ ਹੈ । ਕਿਸੇ ਮਹਿਮਾਨ ਲਈ ਗਰੀਬ ਲੋਕਾਂ ਦੇ ਘਰਾਂ ਸਾਹਮਣੇ ਦੀਵਾਰ ਬਣਾ ਕੇ ਉਨ੍ਹਾਂ ਦੀ ਧੁੱਪ ਦੇ ਵਿੱਚ ਅਡਿੱਕਾ ਬਨਣਾ ਕਦਾਚਿਤ ਜਾਇਜ਼ ਨਹੀਂ ਹੈ। 
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਸ ਦੀਵਾਰ ਦੇ ਬਨਣ ਨਾਲ ਸਾਡੀ ਗਰੀਬੀ ਸਚਮੁੱਚ ਛੁੱਪ ਜਾਏਗੀ? ਸ਼ਾਇਦ ਇਹ ਕਦੀ ਸੰਭਵ ਨਹੀਂ। ਇੰਟਰਨੈੱਟ ਦੇ ਇਸ ਯੁੱਗ ਵਿੱਚ ਕੀ ਕਿਸੇ ਜਮੀਨ ਦੇ ਹਿੱਸੇ ਨੂੰ ਲੁਕੋਇਆ ਜਾ ਸਕਦਾ ਹੈ ? ਇਸ ਜਵਾਬ ਵੀ ਮਨਫੀ ਹੀ ਹੈ । ਫਿਰ ਸਮਝ ਤੋਂ ਬਾਹਰ ਹੈ ਕਿ ਆਖਿਰ ਕਿਉਂ ਅਸੀਂ ਆਪਣੇ ਦੇਸ਼ ਦਾ ਦੁਨੀਆ ਚ ' ਮਜਾਕ ਉਡਾਉਣ ਲਈ ਤਤਪਰ ਹਾਂ । ਜਿਸ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਵਿੱਚ ਆਉਣਾ ਹੈ ਅਸੀਂ ਭਲੀਭਾਂਤੀ ਜਾਣਦੇ ਹਾਂ ਕਿ ਉਸ ਦੇਸ਼ ਦੇ ਸੈਟੇਲਾਈਟ ਆਖਰੀ ਪਲਾਂ ਤੱਕ ਉਸ ਦੇ ਕਾਫਲੇ ਦੀ ਨਿਗਰਾਨੀ ਕਰਨਗੇ ਕਿ ਉਹ ਕਿਥੇ ਤੇ ਕਿਸ ਰਸਤੇ ਜਾਂਦੇ ਹਨ । 
ਅੱਜ ਜੋ ਦੀਵਾਰ ਗਰੀਬਾਂ ਦੀਆਂ ਝੁੱਗੀਆਂ ਨੂੰ ਛੁਪਾਉਣ ਲਈ ਬਣਾਈ ਜਾ ਰਹੀ ਹੈ ਉਹ ਸਾਡੀ ਖਾਮ-ਖਿਆਲੀ ਤੇ ਖੁਦ ਨੂੰ ਭੁਲੇਖੇ ਵਿੱਚ ਪਾਉਣ ਤੋਂ ਇਲਾਵਾ ਕੁੱਝ ਨਹੀਂ । ਅਸੀਂ ਸਮਝਦੇ ਹਾਂ ਕਿ ਅਜਿਹੇ ਭੁਲੇਖਿਆਂ ਨਾਲ ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਭਾਵੇਂ ਭਰਮਾਂ ਲਈਏ। ਪਰ ਕਿਸੇ ਵਿਕਸਿਤ ਦੇਸ਼ ਨੂੰ ਹਨੇਰੇ ਵਿੱਚ ਨਹੀਂ ਰੱਖ ਸਕਦੇ। ਨਾਲੇ ਹੁਣ ਤੱਕ ਤਾਂ ਦੀਵਾਰ ਉਸਾਰੀ ਨੂੰ ਲੈ ਕੇ ਮੀਡੀਆ ਦੀਆਂ ਉਕਤ ਰਿਪੋਰਟਾਂ ਆਉਣ ਵਾਲੇ ਮਹਿਮਾਨ ਤੱਕ ਕਦੋਂ ਦੀਆਂ ਪਹੁੰਚ ਚੁੱਕੀਆਂ ਹੋਣਗੀਆਂ। 
ਅਸੀਂ ਸਮਝਦੇ ਹਾਂ ਚੰਗਾ ਹੁੰਦਾ ਕਿ ਸਰਕਾਰ ਉਕਤ ਦੀਵਾਰ ਦੀ ਬਜਾਏ ਉਸ ਸਲੰਮ ਏਰੀਆ ਦੇ ਗਰੀਬ ਝੁਗੀਆਂ ਵਾਲਿਆਂ ਲਈ ਪੱਕੇ ਘਰਾਂ ਦੀ ਇਕ ਕਾਲੋਨੀ ਬਣਵਾ ਦਿੰਦੀ ਤੇ ਆਉਣ ਵਾਲੇ ਮਹਿਮਾਨ ਨੂੰ ਆਖਦੀ ਕਿ ਵੇਖੋ ਜੀ ਅਸੀਂ ਤੁਹਾਡੇ ਆਉਣ ਦੀ ਖੁਸ਼ੀ ਵਿਚ ਜਰੂਰਤ ਮੰਦਾਂ ਨੂੰ ਪੱਕੇ ਇਹ ਘਰ ਬਣਵਾ ਕੇ ਦਿੱਤੇ ਨੇ, ਜਾਂ ਫਿਰ ਕੋਈ ਇੰਡਸਟਰੀ ਲਗਵਾ ਦਿੱਤੀ ਜਾਂਦੀ ਜਿਸ ਵਿਚ ਉਕਤ ਝੁੱਗੀਆਂ ਵਾਲਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਂਦਾ। ਯਕੀਨਨ ਅਜਿਹਾ ਕਰਨ ਨਾਲ ਪੂਰੀ ਦੁਨੀਆ ਵਿੱਚ ਸਾਡੇ ਸਾਕਾਰਾਤਮਕ ਉਪਰਾਲਿਆਂ ਦੀ ਸ਼ਲਾਘਾ ਹੋਣੀ ਸੀ ਅਤੇ ਗਰੀਬ ਝੋਪੜੀਆਂ ਵਾਲੇ ਲੋਕਾਂ ਦੀਆਂ ਆਂਦਰਾਂ ਤੱਕ ਨੇ ਸਰਕਾਰ ਨੂੰ ਦੁਆਵਾਂ ਦੇਣੀਆਂ ਸਨ... ਤੇ ਜਦੋਂ ਕਿਸੇ ਭੁੱਖੇ ਤੇ ਗਰੀਬ  ਦੀ ਦੁਆ ਕਿਸੇ ਆਦਮੀ ਜਾਂ ਮੁਲਕ ਨੂੰ ਲੱਗ ਜਾਏ ਤਾਂ ਯਕੀਨਨ ਬਿਗੜੀਆਂ  ਤਕਦੀਰਾਂ ਬਣਦਿਆਂ ਦੇਰ ਨਹੀਂ ਲੱਗਦੀ।
Have something to say? Post your comment