Monday, April 06, 2020
FOLLOW US ON

Article

'ਰਹਿਤਨਾਮਾ'ਸਿੱਖ ਦੀ ਜੀਵਨ-ਜਾਚ "ਭਾਈ ਨੰਦ ਲਾਲ ਜੀ" ------ਲਖਵੀਰ ਕੌਰ (ਸੀਨੀਅਰ ਰੀਸਰਚ ਫੈਲੋ)

March 20, 2020 01:29 AM
ਲਖਵੀਰ ਕੌਰ

'ਰਹਿਤਨਾਮਾ'ਸਿੱਖ ਦੀ ਜੀਵਨ-ਜਾਚ
"ਭਾਈ ਨੰਦ ਲਾਲ ਜੀ"

ਲਖਵੀਰ ਕੌਰ (ਸੀਨੀਅਰ ਰੀਸਰਚ ਫੈਲੋ)
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ
ਗੁਰੁ ਨਾਨਕ ਦੇਵ ਯੂਨੀਵਰਸਿਟੀ ,ਅੰਮ੍ਰਿਤਸਰ
ਮੋਬਾਇਲ +੯੧ ੯੪੬੫੮-੩੭੬੨੬

ਗੁਰੂ ਸਾਹਿਬ ਦੇ ਦਰਬਾਰ ਵਿਚ ਸ਼ਾਮਿਲ ਵਿਦਵਾਨ ਕਵੀਆਂ ਵਿਚੋਂ ਅਨਿੰਨ ਸਿੱਖ ਤੇ ਹਜ਼ੂਰੀ ਕਵੀ ਭਾਈ ਨੰਦ ਲਾਲ ਜੀ ਇੱਕ ਸਨ। ਇਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਫ਼ਾਰਸੀ ਭਾਸ਼ਾ ਵਿੱਚ ਬਹੁਤ ਸਾਰੀ ਸਾਹਿਤ ਰਚਨਾ ਕੀਤੀ। ਸਿੱਖ ਇਤਿਹਾਸ ਵਿੱਚ ਭਾਈ ਗੁਰਦਾਸ ਤੋਂ ਬਾਅਦ ਭਾਈ ਨੰਦ ਲਾਲ ਜੀ ਦੀ ਸ਼ਖਸੀਅਤ ਇੱਕ ਅਹਿਮ ਦਰਜਾ ਰੱਖਦੀ ਹੈ। ਭਾਈ ਸਾਹਿਬ ਦਾ ਜਨਮ ਸੰਨ ੧੬੩੩ ਈ: ਨੂੰ ਹੋਇਆ ਮੰਨਿਆ ਜਾਂਦਾ ਹੈ। ਪਰ ਆਪ ਦੇ ਜਨਮ ਅਸਥਾਨ ਸੰਬੰਧੀ ਇਤਿਹਾਸਕ ਤੱਥਾਂ ਤੋਂ ਕੋਈ ਜਾਣਕਾਰੀ ਨਹੀਂ ਮਿਲਦੀ। ਭਾਈ ਕਾਨ੍ਹ ਸਿੰਘ ਨਾਭਾ ਨੇ ਭਾਈ ਸਾਹਿਬ ਦਾ ਜਨਮ ਅਸਥਾਨ 'ਗਜ਼ਨੀ' ਦੱਸਿਆ ਹੈ। ਡਾ. ਗੰਡਾ ਸਿੰਘ ਭਾਈ ਸਾਹਿਬ ਦਾ ਜਨਮ ਗਜ਼ਨੀ ਦੀ ਬਜਾਇ ਆਗਰੇ ਜਾਂ ਕਿਸੇ ਹੋਰ ਥਾਂ 'ਤੇ ਹੋਇਆ ਦੱਸਦੇ ਹਨ ਪਰ ਉਹਨਾਂ ਦਾ ਬਚਪਨ ਗਜ਼ਨੀ ਵਿਚ ਬੀਤਿਆ ਹੋਇਆ ਮੰਨਦੇ ਹਨ। ਆਪ ਦੇ ਪਿਤਾ ਛੱਜੂ ਮੱਲ ਜੋ ਕਿ ਖੱਤਰੀ ਜਾਤ ਨਾਲ ਸੰਬੰਧਿਤ ਸਨ, ਅਰਬੀ ਤੇ ਫ਼ਾਰਸੀ ਦੇ ਵੱਡੇ ਵਿਦਵਾਨ ਹੋਏ ਹਨ। ਛੱਜੂ ਮੱਲ ਦਾਰਾ ਸ਼ਿਕੋਹ ਦੇ ਦਰਬਾਰ ਵਿਚ ਪਹਿਲਾਂ 'ਮੁਨਸ਼ੀ' ਤੇ ਬਾਅਦ ਵਿਚ 'ਮੀਰ ਮੁਨਸ਼ੀ' ਦੀ ਪਦਵੀ 'ਤੇ ਕੰਮ ਕਰਦੇ ਰਹੇ। ਅਫ਼ਗਾਨਿਸਤਾਨ ਦੇ ਗਜ਼ਨੀ ਸ਼ਹਿਰ ਵਿਚ ਸਥਾਪਿਤ ਸਿੱਖ ਧਰਮਸ਼ਾਲਾਵਾਂ ਰਾਹੀਂ ਹੋ ਰਹੇ ਸਿੱਖ ਧਰਮ ਦੇ ਪ੍ਰਚਾਰ ਦਾ ਭਾਈ ਸਾਹਿਬ ਉੱਪਰ ਬਚਪਨ ਤੋਂ ਹੀ ਪ੍ਰਭਾਵ ਰਿਹਾ ਹੈ। ਕੁਲ ਰੀਤ ਅਨੁਸਾਰ ਬੈਰਾਗੀਆਂ ਕੋਲੋਂ ਕੰਠੀ ਨਾ ਪੁਆਉਣ ਵਾਲੀ ਰਸਮ ਤੋਂ ਭਾਈ ਸਾਹਿਬ ਉੱਪਰ ਪਏ ਸਿੱਖੀ ਪ੍ਰਭਾਵਾਂ ਦੀ ਸਪੱਸ਼ਟ ਝਲਕ ਮਿਲਦੀ ਹੈ। ੧੬੫੨-੫੩ ਈ: ਵਿੱਚ ਪਹਿਲਾਂ ਮਾਤਾ ਤੇ ਫਿਰ ਪਿਤਾ ਦੀ ਮੌਤ ਹੋ ਜਾਣ ਕਾਰਣ ਭਾਈ ਸਾਹਿਬ ਇਕੱਲੇ ਹੋ ਗਏ। ਉੱਧਰ ਸ਼ਾਹੀ ਦਰਬਾਰ ਵਿੱਚ ਪਿਤਾ ਵਾਲੀ ਨੌਕਰੀ ਨਾ ਮਿਲਣ ਕਰਕੇ ਭਾਈ ਸਾਹਿਬ ਸਾਰੀ ਜਾਇਦਾਦ ਵੇਚ ਕੇ ਮੁਲਤਾਨ ਆ ਗਏ। ਇੱਥੇ ਉਨ੍ਹਾਂ ਦਾ ਵਿਆਹ ਸਿੱਖ ਘਰਾਣੇ ਦੀ ਲੜਕੀ ਨਾਲ ਹੋਇਆ। ਸਿੱਖੀ ਦੀ ਲਾਗ ਜੋ ਕਿ ਗਜ਼ਨੀ ਵਿੱਚ ਲੱਗੀ ਸੀ ਉਹ ਵਿਆਹ ਮਗਰੋਂ ਹੋਰ ਵੀ ਮਜ਼ਬੂਤ ਹੋ ਗਈ। ਇੱਥੇ ਰਹਿ ਕੇ ਭਾਈ ਸਾਹਿਬ ਅਧਿਐਨ ਦਾ ਕਾਰਜ ਕਰਦੇ ਰਹੇ। ਆਪਣੀ ਲਿਆਕਤ ਸਦਕਾ ਭਾਈ ਸਾਹਿਬ ਮੁਲਤਾਨ ਦੇ ਨਵਾਬ ਵੱਸਾਫ਼ ਖ਼ਾਨ ਕੋਲ ਮੁਨਸ਼ੀ ਲੱਗ ਗਏ ਤੇ ਮਿਹਨਤ, ਲਗਨ ਸਦਕਾ ਮੀਰ ਮੁਨਸ਼ੀ ਬਣਨ ਤੋਂ ਬਾਅਦ ਪਹਿਲਾਂ ਨਾਜ਼ਮ ਤੇ ਫਿਰ ਮੁਲਤਾਨ ਦੇ ਨਾਇਬ ਸੂਬੇਦਾਰ ਬਣੇ। ਔਰੰਗਜ਼ੇਬ ਦੀ ਕੱਟੜ ਨੀਤੀ ਕਾਰਣ ਭਾਈ ਸਾਹਿਬ ਨੂੰ ਨੌਕਰੀ ਤੋਂ ਜੁਆਬ ਦੇ ਦਿੱਤਾ ਗਿਆ। ਇਸ ਦਾ ਕਾਰਣ ਸ਼ਾਇਦ ਉਨ੍ਹਾਂ ਦੇ ਪਿਤਾ ਦਾ ਦਾਰਾ ਸ਼ਕੋਹ ਨਾਲ ਸੰਬੰਧ ਸਨ। ਉੱਧਰ ਪੰਜਾਬ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ ਤੋਂ ਪ੍ਰਭਾਵਿਤ ਹੋ ਕੇ ਗੁਰੂ ਚਰਨਾਂ ਵਿੱਚ ਜਾਣ ਦਾ ਮਨ ਬਣਾਇਆ। ਭਾਈ ਸਾਹਿਬ ਪਰਿਵਾਰ ਦਾ ਯੋਗ ਪ੍ਰਬੰਧ ਕਰਕੇ ਅਨੰਦਪੁਰ ਸਾਹਿਬ ਵੱਲ ਚੱਲ ਪਏ। ਇੱਥੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਅਜਿਹੇ ਨਿਹਾਲ ਹੋਏ ਕਿ ਗੁਰੂ ਦੇ ਅਨਿੰਨ ਸਿੱਖ ਬਣ ਗਏ। ਇੱਥੇ ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਸਨਮੁਖ ਇੱਕ ਰਚਨਾ ਭੇਟਾ ਕੀਤੀ, ਜਿਸ ਦਾ ਨਾਂ 'ਬੰਦਗੀਨਾਮਾ' ਸੀ। ਪਰ ਸੰਗਤ ਵਿੱਚ ਇਸ ਰਚਨਾ ਨੂੰ ਸੁਣਨ ਤੋਂ ਬਾਅਦ ਗੁਰੂ ਸਾਹਿਬ ਨੇ ਇਸ ਰਚਨਾ ਦਾ ਨਾਂ 'ਜ਼ਿੰਦਗੀਨਾਮਾ' ਰੱਖ ਦਿੱਤਾ ਕਿaੁਂਕਿ ਭਾਈ ਸਾਹਿਬ ਦੀ ਇਹ ਰਚਨਾ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਤਾਜ਼ਾ ਕਰਨ ਵਾਲੀ ਹੈ। ਭਾਈ ਸਾਹਿਬ ਅਨੰਦਪੁਰ ਸਾਹਿਬ ਵਿਖੇ ਲੰਗਰ ਦੀ ਸੇਵਾ ਕਰਦੇ ਰਹੇ, ਉਨ੍ਹਾਂ ਦੇ ਡੇਰੇ ਵਿੱਚ ਹਰ ਵੇਲੇ ਲੰਗਰ ਤਿਆਰ ਮਿਲਦਾ ਸੀ। ਗੁਰੂ ਸਾਹਿਬ ਦੇ ਦਰਬਾਰ ਵਿੱਚ ਵੱਡੀ ਗਿਣਤੀ ਵਿੱਚ ਕਵੀ ਤੇ ਵਿਦਵਾਨ ਸ਼ਾਮਿਲ ਹੋ ਚੁੱਕੇ ਸਨ। ਪਰ ਜੋ ਆਤਮਕ ਉੱਚਤਾ ਭਾਈ ਸਾਹਿਬ ਨੂੰ ਨਸੀਬ ਹੋਈ।              
         ਭਾਈ ਸਾਹਿਬ ਦਸੰਬਰ ੧੭੦੫ ਈ: ਤੱਕ ਗੁਰੂ ਦਰਬਾਰ ਵਿੱਚ ਅਨੰਦਪੁਰ ਸਾਹਿਬ ਵਿਖੇ ਹੀ ਠਹਿਰੇ ਸਨ। ੧੭੦੭ ਈ: ਵਿੱਚ ਔਰੰਗਜ਼ੇਬ ਦੀ ਮੌਤ ਹੋਣ ਪਿੱਛੋਂ ਸ਼ਹਿਜ਼ਾਦਾ ਸ਼ਾਹ ਆਲਮ ਬਹਾਦਰ ਸ਼ਾਹ ਦੇ ਨਾਂ ਨਾਲ ਤਖ਼ਤ ਤੇ ਬੈਠ ਗਿਆ। ਉਸ ਸਮੇਂ ਤੱਕ ਭਾਈ ਸਾਹਿਬ ਬਹਾਦਰ ਸ਼ਾਹ ਕੋਲ ਪਹੁੰਚ ਚੁੱਕੇ ਸਨ। ਉੱਧਰ ਬਹਾਦਰ ਸ਼ਾਹ ਦਾ ਛੋਟਾ ਭਰਾ ਸ਼ਹਿਜ਼ਾਦਾ ਆਜ਼ਮ ਉਸ ਨਾਲ ਟੱਕਰ ਲੈਣ ਲਈ ਆਗਰੇ ਵੱਲ ਵੱਧ ਰਿਹਾ ਸੀ। ਕਿਹਾ ਜਾਂਦਾ ਹੈ ਕਿ ਬਹਾਦਰ ਸ਼ਾਹ ਨੇ ਭਾਈ ਸਾਹਿਬ ਨੂੰ ਗੁਰੂ ਸਾਹਿਬ ਕੋਲ ਮੱਦਦ ਲਈ ਭੇਜਿਆ, ਗੁਰੂ ਸਾਹਿਬ ਨੇ ਉਸ ਦੀ ਬੇਨਤੀ ਪਰਵਾਨ ਕਰ ਲਈ ਤੇ ਤਿੰਨ ਸੌ ਨੇਜ਼ਾ ਸਵਾਰ ਸਿੰਘ ਭੇਜ ਦਿੱਤੇ। ਇਸ ਘਟਨਾ ਤੋਂ ਮਾਲੂਮ ਹੁੰਦਾ ਹੈ ਕਿ ਭਾਵੇਂ ਮੁਗਲ ਸਿੱਖਾਂ ਦੇ ਵਿਰੋਧ ਵਿਚ ਲੜਦੇ ਰਹੇ ਪਰ ਗੁਰੂ ਗੋਬਿੰਦ ਸਿੰਘ ਨੇ ਬਹਾਦਰ ਸ਼ਾਹ ਦੀ ਬੇਨਤੀ ਨੂੰ ਪਰਵਾਨ ਕਰਦਿਆਂ ਉਸ ਦੀ ਮਦਦ ਕਰਨ ਲਈ ਰਾਜ਼ੀ ਹੋ ਗਏ। ਭਾਵੇਂ ਬਹਾਦਰ ਸ਼ਾਹ ਦੇ ਬਜ਼ੁਰਗ ਹਮੇਸ਼ਾ ਸਿੱਖ ਧਰਮ ਤੇ ਸਿੱਖ ਗੁਰੂਆਂ ਦੇ ਖਿਲਾਫ਼ ਰਹੇ, ਇਸ ਲਈ ਗੁਰੂ ਸਾਹਿਬ ਦਾ ਮੁੱਖ ਉਦੇਸ਼ ਸਿਰਫ਼ ਜ਼ੁਲਮ ਤੇ ਅਨਿਆਂ ਦੇ ਵਿਰੁੱਧ ਲੜਨਾ ਸੀ ਨਾ ਕਿ ਕਿਸੇ ਧਰਮ ਦੇ। ਸੋ ਹੇਠਾਂ ਲਿਖਿਆ ਬੰਦ ਆਪ ਜੀ ਦੀ ਸ਼ਖ਼ਸੀਅਤ ਉੱਤੇ ਪੂਰਾ ਢੁੱਕਦਾ ਹੈ:
ਕੁਫ਼ਰ ਅਸਤ ਦਰ ਤਰੀਕਤਿ ਮਾ ਕੀਨਾ ਦਾਸ਼ਤਨ।
ਆਈਨਿ-ਮਾ ਅਸਤ ਸੀਨਾ ਚੋ ਆਈਨਾ ਦਾਸ਼ਤਨ।

ਅਰਥਾਤ
                   ਕਿਸੇ ਨਾਲ ਵੈਰ ਰੱਖਣਾ ਸਾਡੇ ਧਰਮ ਦੇ ਵਿਰੁੱਧ ਹੈ।
                   ਸਾਡਾ ਧਰਮ ਹੈ ਦਿਲ ਨੂੰ ਸ਼ੀਸ਼ੇ ਵਾਂਗੂ ਸਾਫ਼ ਰੱਖਣਾ।

      ਇਸ ਜੰਗ ਵਿੱਚ ਬਹਾਦਰ ਸ਼ਾਹ ਦੀ ਜਿੱਤ ਹੋਈ ਤੇ ਤਖ਼ਤ ਦਾ ਵਾਰਸ ਬਣਿਆ। ਬਾਦਸ਼ਾਹ ਦੀ ਮੌਤ ਮਗਰੋਂ ੧੭੧੨ ਈ: ਵਿੱਚ ਭਾਈ ਸਾਹਿਬ ਮੁਲਤਾਨ ਚਲੇ ਗਏ ਅਤੇ ਕੁੱਝ ਸਮੇਂ ਬਾਅਦ ਉੱਥੇ ਆਪ ਅਕਾਲ ਚਲਾਣਾ ਕਰ ਗਏ। ਡਾ. ਗੰਡਾ ਸਿੰਘ ਅਨੁਸਾਰ ਲਾਲਾ ਪਰਮਾਨੰਦ ਅਰੋੜਾ ਨੇ ਆਪਣੀ ਰਚਨਾ 'ਦਸਤੂਰੁਲ-ਇਨਸ਼ਾ' ਵਿੱਚਲੇ ਖ਼ਤਾਂ ਵਿੱਚ ਬਾਦਸ਼ਾਹ ਫ਼ਰੁੱਖਸੀਅਰ ਦੇ ਤਖ਼ਤ 'ਤੇ ਬੈਠਣ ਦੇ ਜ਼ਿਕਰ ਤੋਂ ਭਾਈ ਸਾਹਿਬ ਦੇ ੧੭੧੩ ਈ: ਤੱਕ ਜਿਊਂਦੇ ਰਹਿਣ ਬਾਰੇ ਪਤਾ ਚੱਲਦਾ ਹੈ।
   

                ਵਿਸ਼ਵ ਦੇ ਧਰਮਾਂ ਦੇ ਇਤਿਹਾਸ ਵਿਚ ਸਿੱਖ ਧਰਮ ਨੂੰ ਸੰਸਾਰ ਦੇ ਅਤਿ ਆਧੁਨਿਕ ਧਰਮ ਵਜੋਂ ਵਿਚਾਰਿਆ ਤੇ ਸਤਿਕਾਰਿਆ ਜਾਂਦਾ ਹੈ। ਇਸ ਧਰਮ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਰੱਖੀ ਗਈ। ਗੁਰੂ ਸਾਹਿਬਾਨ ਅਤੇ ਗੁਰਮਤਿ ਦੇ ਵਿਆਖਿਆਕਾਰਾਂ ਨੇ ਸਿੱਖ ਧਰਮ ਦਾ ਪ੍ਰਚਾਰ ਤੇ ਪਾਸਾਰ ਦੋ ਪੱਖਾਂ ਤੋਂ ਕੀਤਾ ਜਿਸ ਵਿਚ ਇਕ ਇਸ ਦਾ ਸਿਧਾਂਤਕ ਪੱਖ ਹੈ ਤੇ ਦੂਜਾ ਵਿਵਹਾਰਿਕ। ਸਿਧਾਂਤਕ ਪੱਖ ਦਾ ਸੰਬੰਧ ਅਧਿਆਤਮਿਕਤਾ ਨਾਲ ਹੈ ਅਤੇ ਵਿਵਹਾਰਿਕ ਪੱਖ ਗੁਰਸਿੱਖ ਦੀ ਜੀਵਨ-ਜਾਚ ਨਾਲ ਸੰਬੰਧਿਤ ਹੈ।
ਸਿੱਖ ਦਾ ਵਿਵਹਾਰਿਕ ਜੀਵਨ ਜਦੋਂ ਆਪਣੀ ਰੂੜ੍ਹ ਅਵਸਥਾ ਵਿਚ ਪਹੁੰਚ ਜਾਂਦਾ ਹੈ ਤਾਂ ਇਹ ਜੀਵਨ-ਜਾਚ ਇੱਕ ਆਦਰਸ਼ਕ ਦਿੱਖ ਸਾਹਮਣੇ ਲਿਆਉਂਦੀ ਹੈ। ਜੀਵਨ-ਜਾਚ ਨਾਲ ਸੰਬੰਧਿਤ ਇਨ੍ਹਾਂ ਸਦਾਚਾਰਕ ਜਾਂ ਵਿਵਹਾਰਿਕ ਨਿਯਮਾਂ ਨੂੰ ਰਹਿਤ-ਮਰਿਯਾਦਾ ਦਾ ਨਾਮ ਦਿੱਤਾ ਗਿਆ ਹੈ। ਭਾਵੇਂ ਇਹ ਰਹਿਤ-ਮਰਿਯਾਦਾ ਦੇ ਵਿਵਿਧ ਪੱਖ ਗੁਰਬਾਣੀ ਵਿਚ ਸੁਭਾਇਮਾਨ ਹਨ ਪਰ ਗੁਰੂ ਕਾਲ ਵਿਚ ਗੁਰੂ ਸਾਹਿਬਾਨ ਨੇ ਜੋ ਮੌਖਿਕ ਰੂਪ ਵਿਚ ਸਿੱਖਾਂ ਨੂੰ ਰਹਿਤਾਂ ਦੱਸੀਆਂ, ਉਹ ਜਦੋਂ ਸਮਾਂ ਪੈਣ 'ਤੇ ਸਿੱਖ ਵਿਦਵਾਨਾਂ ਵਲੋਂ ਕਲਮ-ਬੰਦ ਹੋਈਆਂ ਤਾਂ ਇਹ ਰਹਿਤਨਾਮਿਆਂ ਦਾ ਰੂਪ ਧਾਰ ਗਈਆਂ। ਖਾਲਸਾ ਰਹਿਤ ਨੇ ਰਹਿਤਨਾਮਾ ਸਾਹਿਤ ਨੂੰ ਵਿਸ਼ੇਸ਼ ਰੂਪ ਵਿਚ ਪ੍ਰਭਾਵਿਤ ਕੀਤਾ। ਉਸ ਤੋਂ ਪਹਿਲਾਂ ਭਾਈ ਗੁਰਦਾਸ ਦੀਆਂ ਵਾਰਾਂ ਵਿਚ ਗੁਰਸਿਖੀ ਜੀਵਨ-ਜਾਚ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ। ਇਸੇ ਲਈ ਉਨ੍ਹਾਂ ਦੀ ਇਸ ਰਚਨਾ ਨੂੰ ਮੂਲ-ਰੂਪ ਵਿਚ ਰਹਿਤਨਾਮਾ ਸਵੀਕਾਰਿਆ ਗਿਆ ਹੈ। ਭਾਈ ਗੁਰਦਾਸ ਤੋਂ ਬਾਦ ਭਾਈ ਨੰਦ ਲਾਲ ਦੀ ਰਚਨਾ ਪ੍ਰਮਾਣਿਕ ਮੰਨੀ ਜਾਂਦੀ ਹੈ। ਉਨ੍ਹਾਂ ਦੁਆਰਾ ਰਚਿਤ ਰਹਿਤਨਾਮਾ ਅਤੇ ਇਸੇ ਸ਼੍ਰੇਣੀ ਦੀਆਂ ਕੁੱਝ ਹੋਰ ਰਚਨਾਵਾਂ ਜਿਵੇਂ 'ਸਾਖੀ ਰਹਿਤ ਕੀ' ਅਤੇ 'ਤਨਖਾਹ ਨਾਮਾ' ਲਿਖੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਰਚਨਾਵਾਂ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਰਹਿਤਨਾਮਾ-ਸਾਹਿਤ ਦੇ ਸਰੂਪ ਬਾਰੇ ਜਾਣ ਲੈਣਾ ਜ਼ਰੂਰੀ ਹੋਵੇਗਾ। 'ਰਹਿਤਨਾਮਾ' ਸਿੱਖ ਦੀ ਜੀਵਨ-ਜਾਚ, ਰਹਿਣੀ-ਬਹਿਣੀ ਅਤੇ ਸਦਾਚਾਰਕ ਆਚਾਰ-ਵਿਹਾਰ ਦੀ ਨਿਯਮਾਵਲੀ ਹੁੰਦਾ ਹੈ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਇਕ ਸਿੱਖ ਅਮਲੀ ਤੌਰ 'ਤੇ ਸਿੱਖ ਅਖਵਾਉਂਦਾ ਹੈ। ਇਹੀ ਨਿਯਮ ਜਾਂ ਨੇਮ 'ਰਹਿਤ' ਅਖਵਾਉਂਦੇ ਹਨ।

     'ਰਹਿਤਨਾਮਾ' ਉਹ ਦਸਤਾਵੇਜ਼/ਪੁਸਤਕ ਹੈ ਜਿਸ ਵਿਚ ਰਹਿਣ-ਸਹਿਣ ਅਤੇ ਜੀਵਨ-ਜਾਚ ਦੇ ਢੰਗ ਤਰੀਕਿਆਂ ਬਾਰੇ ਜ਼ਿਕਰ ਕੀਤਾ ਗਿਆ ਹੋਵੇ।
ਰਹਿਤਨਾਮਾ ਦੋ ਸ਼ਬਦਾਂ ਦਾ ਸੁਮੇਲ ਹੈ- 'ਰਹਤ' + 'ਨਾਮਾ'। 'ਰਹਤ' ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਰਹਿਣੀ, ਮਰਯਾਦਾ, ਅਸਲੀ ਜੀਵਨ ਆਦਿ ਕੀਤਾ ਹੈ ਅਤੇ 'ਨਾਮਾ' ਫ਼ਾਰਸੀ ਦਾ ਸ਼ਬਦ ਹੈ ਜਿਸਦਾ ਅਰਥ 'ਰਚਨਾ' ਹੈ।ਇਸ ਦੇ ਤਦਭਵ ਰੂਪ ਚਿੱਠੀ, ਪੱਤਰ ਜਾਂ ਖ਼ਤ ਆਦਿ ਹਨ। ਇਸ ਤਰ੍ਹਾਂ ਰਹਿਤਨਾਮੇ ਦਾ ਅਰਥ ਹੈ ਇਕ ਗੁਰਸਿੱਖ ਦੇ ਅਮਲੀ ਜੀਵਨ ਮਰਿਯਾਦਾ ਦੇ ਨਿਯਮਾਂ ਦੀ ਰਚਨਾ।
ਪ੍ਰੋ. ਪਦਮ ਦਾ ਮਤ ਹੈ "ਸਿੱਖ ਦੀ ਅੰਦਰਲੀ ਰਹਿਤ-ਮਰਯਾਦਾ ਦੀ ਵਿਆਖਿਆ ਗੁਰਬਾਣੀ ਵਿਚ ਹੈ ਤੇ ਬਾਹਰਲੀ ਰਹਿਤ-ਮਰਯਾਦਾ ਦਾ ਬਿਉਰਾ ਵਧੇਰੇ ਰਹਿਤਨਾਮਿਆਂ ਵਿਚ ਪ੍ਰਾਪਤ ਹੈ।"ਇਸ ਤੋਂ ਪ੍ਰਗਟ ਹੁੰਦਾ ਹੈ ਕਿ ਰਹਿਤਨਾਮਾ ਸਾਹਿਤ ਵਿਚ ਵਧੇਰੇ ਕਰਕੇ ਸਿਖ ਦੀ ਬਾਹਰਲੀ ਰਹਿਤ ਦਾ ਵਿਵਰਣ ਹੈ। ਦੂਸਰੇ ਸ਼ਬਦਾਂ ਵਿਚ ਰਹਿਤਨਾਮਿਆਂ ਵਿਚ ਸਿਖ ਦੇ ਬਾਹਰਲੇ ਵਿਵਹਾਰ ਦੇ ਨਿਯਮ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਵਿਚ ਆਈਆਂ ਬਹਿਰੂਨੀ ਰਹਿਤਾਂ ਵਿਚੋਂ ਸਿਖ ਜਗਤ ਅੰਦਰ ਕੇਵਲ ਉਨ੍ਹਾਂ ਨੂੰ ਹੀ ਮਾਨਤਾ ਪ੍ਰਾਪਤ ਹੈ, ਜੋ ਗੁਰਬਾਣੀ ਦੀ ਕਸਵੱਟੀ ਤੇ ਖਰੀਆਂ ਉਤਰਦੀਆਂ ਹਨ।

      ਭਾਈ ਕਾਨ੍ਹ ਸਿੰਘ ਨਾਭਾ 'ਮਹਾਨ ਕੋਸ਼' ਵਿਚ ਰਹਿਤਨਾਮੇ ਦੇ ਅਰਥ ਕਰਦੇ ਲਿਖਦੇ ਹਨ ਕਿ ਉਹ ਪੁਸਤਕ ਜਿਸ ਵਿਚ ਸਿੱਖ ਧਰਮ ਦੇ ਨਿਯਮਾਂ ਅਨੁਸਾਰ ਰਹਿਣ ਦੀ ਰੀਤਿ ਦੱਸੀ ਹੋਵੇ।
ਇਸ ਤਰ੍ਹਾਂ ਰਹਿਤਨਾਮੇ ਦੀ ਪਰਿਭਾਸ਼ਾ ਨੂੰ ਨਿਰਧਾਰਿਤ ਕਰਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਇਹ ਉਹ ਨਿਯਮਾਵਲੀ ਹੈ ਜਿਸ ਵਿਚ ਸਿੱਖਾਂ ਲਈ ਵਿਧੀ-ਨਿਸ਼ੇਧ, ਕਰਮਾਂ ਦਾ ਵਰਣਨ ਕੀਤਾ ਗਿਆ ਹੋਵੇ ਭਾਵ ਇਕ ਗੁਰਸਿੱਖ ਨੇ ਆਪਣੇ ਜੀਵਨ ਕਾਲ ਵਿਚ ਕਿਹੜੇ ਕਰਮ, ਕਿਵੇਂ ਅਤੇ ਕਦੋਂ ਕਰਨੇ ਹਨ ਅਤੇ ਕਿਹੜੇ ਕਰਮ ਉਸ ਲਈ ਵਿਵਰਜਿਤ ਹਨ।

      ਗੁਰੂ ਗੋਬਿੰਦ ਸਿੰਘ ਦੇ ਸਮਕਾਲੀ ਜਾਂ ਨਿਕਟਕਾਲੀ ਸਿੱਖਾਂ ਨੇ ਆਪਣੀ-ਆਪਣੀ ਵਿਦਵਤਾ ਅਤੇ ਸਮਝ ਅਨੁਸਾਰ ਰਹਿਤਨਾਮੇ ਲਿਖੇ ਹਨ ਪਰ ਉਨ੍ਹਾਂ ਦੇ ਲਿਖੇ ਉਹੀ ਰਹਿਤਨਾਮੇ ਮੰਨਣਯੋਗ ਹਨ ਜੋ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਨਾਲ ਵਿਰੋਧ ਨਾ ਰੱਖਦੇ ਹੋਣ। ਰਹਿਤਨਾਮਾ ਸਾਹਿਤ ਵਿੱਚ ਇੱਕ ਸਿੱਖ ਦੀ ਅੰਦਰਲੀ ਅਤੇ ਬਾਹਰਲੀ ਰਹਿਤ ਮਰਿਯਾਦਾ ਬਾਰੇ ਜ਼ਿਕਰ ਹੈ ਅਤੇ ਉਸ ਦਾ ਆਧਾਰ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਮੌਖਿਕ ਬਚਨ ਮੰਨੇ ਜਾਂਦੇ ਹਨ। ਅਜੋਕੀ 'ਸਿੱਖ ਰਹਿਤ ਮਰਿਯਾਦਾ' ਅਨੁਸਾਰ ਰਹਿਤ ਦੋ ਤਰ੍ਹਾਂ ਦੀ ਹੈ- ਸ਼ਖ਼ਸੀ ਅਤੇ ਪੰਥਕ। ਸ਼ਖ਼ਸੀ ਅਤੇ ਪੰਥਕ ਰਹਿਤਾਂ ਸੰਬੰਧੀ ਰਹਿਤਨਾਮਾ-ਸਾਹਿਤ ਵਿਸਥਾਰ ਸਹਿਤ ਵਿਆਖਿਆ ਕਰਦਾ ਹੈ। ਇਸ ਰਹਿਤਨਾਮਾ-ਸਾਹਿਤ ਨੂੰ ਗੁਰਮਤਿ-ਸਾਹਿਤ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਹੈ। ਇਸ ਸਾਹਿਤ ਨੇ ਸਿੱਖ ਪੰਥ ਦੀ ਪਰੰਪਰਾ, ਅਦੁੱਤੀ ਵਿਲੱਖਣਤਾ ਤੇ ਸਿੱਖੀ-ਸਰੂਪ ਘੜਣ, ਸੰਵਾਰਨ, ਸਥਾਪਿਤ ਕਰਨ ਤੇ ਸਥਿਰ ਰੱਖਣ ਲਈ ਬਹੁਮੁੱਲਾ ਯੋਗਦਾਨ ਪਾਇਆ ਹੈ। ਇਨ੍ਹਾਂ ਰਹਿਤਨਾਮਿਆਂ ਦੀ ਪ੍ਰਮਾਣਿਕਤਾ ਨੂੰ ਲਈ ਸਮੇਂ-ਸਮੇਂ 'ਤੇ ਅਧਿਐਨ ਹੁੰਦਾ ਆਇਆ ਹੈ। ਪਰ ਇਨ੍ਹਾਂ ਵਿਚੋਂ ਕੁਝ ਰਚਨਾਵਾਂ ਦੇ ਰਚਨਾ-ਕਾਲ ਅਤੇ ਲਿਖਾਰੀਆਂ ਬਾਰੇ ਸਪੱਸ਼ਟ ਪਤਾ ਨਹੀਂ ਲੱਗਦਾ। ਕਈ ਥਾਈਂ ਇਨ੍ਹਾਂ ਰਹਿਤਨਾਮਿਆਂ ਨੂੰ ਗੁਰੂ ਗੋਬਿੰਦ ਸਿੰਘ ਦਾ ਮੁਖਬਾਕ ਲਿਖ ਕੇ ਲਿਖਾਰੀਆਂ ਨੇ ਆਪਣੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਕਈ ਵਿਦਵਾਨ ਭਾਈ ਨੰਦ ਲਾਲ ਨਾਲ ਸੰਬੰਧਿਤ ਰਹਿਤਨਾਮਾ ਤੇ ਤਨਖਾਹਨਾਮਾ ਨੂੰ ਉਸ ਦੀਆਂ ਰਚਨਾਵਾਂ ਸਵੀਕਾਰ ਨਹੀਂ ਕਰਦੇ  ਪਰ ਇਹ ਭਾਈ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਰਮਿਆਨ ਹੋਏ ਸਵਾਲਾਂ-ਜਵਾਬਾਂ ਦੀ ਤਰਜ਼ਮਾਨੀ ਕਰਦੀਆਂ ਹੋਣ ਕਰਕੇ ਇਨ੍ਹਾਂ ਨੂੰ ਭਾਈ ਸਾਹਿਬ ਦੀਆਂ ਰਚਨਾਵਾਂ ਦੇ ਸੰਗ੍ਰਹਿ ਵਿਚ ਸ਼ਾਮਿਲ ਕਰਨ ਨੂੰ ਠੀਕ ਮੰਨਦੇ ਹਨ
ਰਹਿਤਨਾਮਿਆਂ ਦੇ ਸਾਰੇ ਵਿਦਵਾਨਾਂ ਵਿੱਚੋਂ ਭਾਈ ਨੰਦ ਲਾਲ ਦਾ ਨਾਮ ਉੱਘੜ ਕੇ ਸਾਹਮਣੇ ਆਉਂਦਾ ਹੈ। ਭਾਈ ਨੰਦ ਲਾਲ ਦੀਆਂ ਕਿਰਤਾਂ ਰਹਿਤਨਾਮਾ, ਤਨਖਾਹਨਾਮਾ ਅਤੇ ਸਾਖੀ ਰਹਿਤ ਕੀ ਨੂੰ ਰਹਿਤਨਾਮਾ ਸਾਹਿਤ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ।

Have something to say? Post your comment

More Article News

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ ਹਰ ਰੋਜ਼ ਦੀ ਰੁਟੀਨ ਵਿਚ ਗਣਿਤ ਦੇ ਲਾਭ/ਨਵਨੀਤ ਅਨਾਇਤਪੁਰੀ
-
-
-