Tuesday, January 26, 2021
FOLLOW US ON

Entertainment

ਵਿਰਸੇ ਦੀ ਰਾਣੀ' -ਸੁੱਖੀ ਬਰਾੜ

May 07, 2020 02:23 AM

ਵਿਰਸੇ ਦੀ ਰਾਣੀ' -ਸੁੱਖੀ ਬਰਾੜ 

 
ਪੰਜਾਬੀ ਲੋਕ ਗਾਇਕੀ ਚ ਇਸਤਰੀ ਗਾਇਕਾਵਾਂ ਦੀ ਗੱਲ ਚੱਲਦੀ ਹੈ ਤਾਂ ਗੁਰਮੀਤ ਬਾਵਾ, ਨਰਿੰਦਰ ਬੀਬਾ, ਆਸਾ ਸ਼ਰਮਾ,ਸੀਮਾ ਅਣਜਾਣ, ਜਗਮੋਹਨ ਕੌਰ, ਗੁਲਸ਼ਨ ਕੋਮਲ, ਰਣਜੀਤ ਕੌਰ, ਕੁਲਦੀਪ ਕੌਰ, ਸੁਰਿੰਦਰ ਸੋਨੀਆ ਆਦਿ ਦੇ ਨਾਮ ਉੱਭਰ ਕੇ ਉੱਪਰਲੀਆਂ ਸਫ਼ਾਂ ਚ ਆਉਂਦੇ ਹਨ। ਉਹਨਾਂ ਚੋਂ ਹੀ ਇੱਕ ਸੁਰੀਲੀ, ਟੁਣਕਵੀਂ ਬੁਲੰਦ ਆਵਾਜ਼ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਮੁਦੱਈ ਗਾਇਕਾਂ ਦਾ ਨਾਮ ਗਾਇਕੀ ਦੇ ਅੰਬਰ ਚ ਧਰੂ ਤਾਰੇ ਵਾਂਗਰਾਂ  ਚਮਕਦਾ
ਹੈ-ਸੁਖਮਿੰਦਰ ਕੌਰ ਉਰਫ ਸੁੱਖੀ ਬਰਾੜ ਉਰਫ ਪੰਜਾਬ ਕੌਰ।
ਜਦੋਂ ਦੂਰਦਰਸ਼ਨ ਜਲੰਧਰ ਦੀ ਪੂਰੀ ਚੜ੍ਹਾਈ ਹੁੰਦੀ ਸੀ, ਨਿੱਕੇ ਹੁੰਦਿਆਂ ਨਵੇਂ ਸਾਲ ਦੇ ਪ੍ਰੋਗਰਾਮ ਚ ਇੱਕ ਗੀਤ ਸੁਣਿਆ ਸੀ ਜਿਸਦੇ ਬੋਲ ਸਨ:-
 
ਚਾਵਾਂ ਦੀ ਫੁਲਕਾਰੀ ਨੀ ਮੇਰੀ ਸੱਧਰਾਂ ਦੀ ਫੁਲਕਾਰੀ
ਬੜੀ ਰੀਝ ਨਾਲ ਕੱਢੀ ਮਾਂ ਨੇ ਮੈਂ ਜਾਵਾਂ ਬਲਿਹਾਰੀ
ਸਿਰ ਤੇ ਠੰਢੀਆਂ ਛਾਵਾਂ ਵਰਗੀ
ਅੰਮੜੀ ਦੀਆਂ ਦੁਆਵਾਂ ਵਰਗੀ
ਕਰਾਂ ਦੁਆਵਾਂ ਕਾਇਮ ਰਹੇ ਮੇਰੇ ਬਾਬਲ ਦੀ ਸਰਦਾਰੀ
ਚਾਵਾਂ ਦੀ ਫੁਲਕਾਰੀ.....
 
ਇਸ ਗੀਤ ਨੂੰ ਸੁੱਖੀ ਬਰਾੜ ਅਤੇ ਸਾਥਣਾਂ ਨੇ ਗਾਇਆ ਸੀ ਅਤੇ ਬੋਲ ਜ਼ਨਾਬ ਹਾਕਮ ਬਖਤੜੀਵਾਲਾ ਦੀ ਕਲਮ ਦੀ ਉੱਪਜ ਹਨ।ਇਸ ਗੀਤ ਦੇ ਬੋਲ ਦਿਲ ਨੂੰ ਟੁੰਬ ਗਏ ਜੋ ਅੱਜ ਵੀ ਮੇਰੇ ਜ਼ਿਹਨ ਦੀ ਫੱਟੀ ਤੇ ਉੱਕਰੇ ਪਏ ਹਨ।ਕੋਇਲ ਵਰਗੀ ਕੂਕਦੀ ਸੁਰੀਲੀ,ਮਿਠਾਸ ਭਰੀ, ਟੁਣਕਵੀਂ ਬੁਲੰਦ ਆਵਾਜ਼ ਦੇ ਜਾਦੂ ਦੀ ਮਾਲਕ ਸੁੱਖੀ ਬਰਾੜ ਨੇ ਮਾਲਵੇ ਦੀ ਰੇਤਲੇ ਟਿੱਬਿਆਂ ਦੀ ਧਰਤੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਵਿਖੇ ਪਿਤਾ ਸ੍ਰ.ਕੁਲਵੰਤ ਸਿੰਘ ਬਰਾੜ ਮੁੱਖ ਅਧਿਆਪਕ ਦੇ ਘਰ ਸੁੱਖੀ ਬਰਾੜ ਨੇ ਜਨਮ ਲੈਕੇ ਸੁਰੀਲੀ ਕਿਲਕਾਰੀ ਮਾਰੀ।ਸੰਗੀਤ ਦੀਆਂ ਸੁਰਾਂ ਦੀ ਪਰਪੱਕ ਗਿਆਤਾ ਆਪਣੀ ਜ਼ਿੰਦਗੀ ਦੀਆਂ ਅੱਧੀ ਸਦੀ ਤੋਂ ਵਧੇਰੇ ਹੁਸੀਨ ਬਹਾਰਾਂ ਅਤੇ ਪੱਤਝੜਾਂ ਦੇ ਆਨੰਦ ਮਾਣ ਚੁੱਕੀ ਅਤੇ ਸਰੂ ਵਰਗੇ ਕੱਦ ਵਾਲੀ ਨਵਾਬਣ ਜੱਟੀ ਅਤੇ ਸੰਗੀਤ ਦੀਆਂ ਸੁਰਾਂ ਦੀ ਪਰਪੱਕ ਗਿਆਤਾ ਸੁੱਖੀ ਬਰਾੜ ਨੂੰ ਪੰਜਾਬੀ ਵਿਰਸੇ, ਪੰਜਾਬ ਅਤੇ ਮਾਖਿਉਂ ਮਿੱਠੀ ਪੰਜਾਬੀ ਮਾਂ ਬੋਲੀ ਨਾਲ ਅਥਾਹ ਪਿਆਰ ਹੈ।ਸਿਖਰ ਦੁਪਹਿਰੇ ਚੱਲਦੀ ਤੇਜ਼ ਹਵਾ ਨਾਲ ਸਰਕੜੇ ਦੀ ਛੂਹ ਨਾਲ ਪੈਦਾ ਹੋਈ ਗੂੰਜ ਚੋਂ ਵੀ ਉਹਨਾਂ ਸੰਗੀਤ ਦੀਆਂ ਧੁਨੀਆਂ ਨੂੰ ਮਹਿਸੂਸ ਕੀਤਾ ਹੈ।ਉਹਨਾਂ ਕਦੇ ਵੀ ਚਾਲੰਤ ਕਿਸਮ ਜਾਂ ਸੱਭਿਆਚਾਰ ਵਿਰੋਧੀ ਗੀਤ ਨਹੀਂ ਗਾਏ,ਸਗੋਂ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਆਲੰਬਰਦਾਰਤਾ ਦੀ ਕਾਇਮੀ ਲਈ ਯਤਨਸ਼ੀਲ ਰਹੇ ਹਨ। ਉਹਨਾਂ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਪ੍ਰਫੁੱਲਤਾ ਅਤੇ ਸਿਰਜਣਾਤਮਕ ਗਤੀਵਿਧੀਆਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਹੈ ਅਤੇ ਆਪ ਅੱਗੇ ਹੋ ਕੇ ਉਚੇਚੇ ਤੌਰ ਤੇ ਸ਼ਿਰਕਤ ਵੀ ਕੀਤੀ ਹੈ।
 
ਉਹਨਾਂ ਦਾ ਪੰਜਾਬੀਅਤ ਪ੍ਰਤੀ ਗੂੜੇ ਸਨੇਹ ਦੀ ਗਵਾਹੀ ਦਿੰਦਾ ਸ਼ੇਅਰ ਮਨ ਮੋਂਹਦਾ ਹੈ:-
"ਅਸੀਂ ਸਦਾ ਹੀ ਨਿਭਾਈ ਹੈ ਸਵੇਰਿਆਂ ਦੇ ਨਾਲ ;
ਸਾਡੀ ਸ਼ੁਰੂ ਤੋਂ ਲੜਾਈ ਹੈ ਹਨੇਰਿਆਂ ਦੇ ਨਾਲ!
ਛੱਡ ਮਹਿਲਾ ਵਾਲੇ ਸੁੱਖ ;ਸਹੇ  ਜੋਗ ਵਾਲੇ ਦੁੱਖ ;
ਡੂੰਘੀ ਪੀੜ ਹੈ ਹੰਢਾਈ ;ਵੱਡੇ ਜੇਰਿਆਂ ਦੇ ਨਾਲ!
ਅਸੀਂ ਸਦਾ ਹੀ ਨਿਭਾਈ ਹੈ ਸਵੇਰਿਆ ਦੇ ਨਾਲ।"
ਉਹਨਾਂ ਨੇ ਜ਼ੋ ਵੀ ਗਾਇਆ ਹੈ ਉਸ ਵਿੱਚ ਪੰਜਾਬੀ ਵਿਰਸੇ ਦੀ ਅਮੀਰੀ ਅਤੇ ਵਿਲੱਖਣਤਾ ਨੂੰ ਉਜਾਗਰ ਕੀਤਾ ਹੈ। ਪੰਜਾਬੀ ਪਹਿਰਾਵੇ, ਪੰਜਾਬੀ ਸੁਹੱਪਣ,ਰਹੂ ਰੀਤਾਂ, ਗਹਿਣਿਆਂ, ਪਰਿਵਾਰਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਝਲਕ ਮਾਰਦੇ ਗੀਤਾਂ ਦੀ ਲਿਸਟ ਲੰਮੀ ਹੈ।ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਉਹਨਾਂ ਨੇ ਪੰਜਾਬੀ ਗਾਇਕੀ ਦੇ ਵਿਹੜੇ ਚ ਇੱਕ ਹੋਰ ਗੀਤ "ਵਿਰਸੇ ਦੀ ਰਾਣੀ " ਪੰਜਾਬੀ ਵਿਰਾਸਤ ਦਾ ਸੱਗੀ ਫੁੱਲ ਬਣਾਇਆ ਹੈ।
 
ਇਸ ਗੀਤ ਨੂੰ ਦਮਦਾਰ ਕਲਮ ਦੇ ਮਾਲਕ ਵਿਸ਼ਵ ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲਾ ਸ਼ਬਦਾਂ ਦੇ ਮਣਕਿਆਂ ਦੀ ਮਾਲਾ ਚ ਪ੍ਰੋਰਿਆ ਹੈ ਅਤੇ ਰਾਵੀ ਬੱਲ ਨੇ ਰੂਹ ਚ ਧੁਰ ਤਕ ਉੱਤਰ ਜਾਣ ਵਾਲੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਸਰੋਤਿਆਂ ਦੀ ਕਚਹਿਰੀ ਚ ਬਿੱਗ ਬੀ ਕੰਪਨੀ ਦੁਆਰਾ ਪੇਸ਼ ਕੀਤਾ ਹੈ।ਗੀਤ ਦੇ
 
ਬੋਲ ਮਨ ਮੋਂਹਦੇ ਹਨ:-
ਨੱਚਦੀ ਜਦੋਂ ਪੰਜੇਬਾਂ ਪਾਕੇ ;
ਪੂਰਾ ਹਾਰ ਸ਼ਿੰਗਾਰ ਲਗਾਕੇ;
ਲੋਕੀਂ ਸਿਫ਼ਤਾਂ ਕਰਦੇ ਨੇ 
ਪੰਜ ਦਰਿਆ ਦੇ ਪਾਣੀ ਵੀ ਮੇਰਾ ਪਾਣੀ ਭਰਦੇ ਨੇ !
ਕੰਨੀਂ ਪਾਵਾਂ ਪਿੱਪਲ ਪੱਤੀਆਂ ; 
ਅੱਖਾਂ ਸੁਰਮੇ ਦੇ ਰੰਗ ਰੱਤੀਆਂ!
ਟਿੱਕਾ ਮੱਥੇ ਉੱਤੇ ਸੁਹਾਵੇ;
ਨੱਕ ਤੇ ਲੌਂਗ ਬੋਲੀਆਂ ਪਾਵੇ!
ਗਜਰੇ ਰੋਹਬ ਨਾ ਜਰਦੇ ਨੇ ;
ਪੰਜ ਦਰਿਆ ਦੇ ਪਾਣੀ ਵੀ ਮੇਰਾ ਪਾਣੀ ਭਰਦੇ ਨੇ!
ਭੱਟੀ ਲਿਖਦਾ ਫਿਰੇ ਕਹਾਣੀ;
ਕਹਿੰਦਾ ਤੂੰ ਵਿਰਸੇ ਦੀ ਰਾਣੀ!
ਖੋਹਲਾਂ ਵਾਲ ਤਾਂ ਛਾਉਣੀ ਘਟਾਵਾਂ ;
ਸੋਹਣੇ ਨੈਣ ਜਦੋਂ ਮਟਕਾਵਾਂ!
ਉੱਡਦੇ ਪੰਛੀ ਮਰਦੇ ਨੇ ! 
ਪੰਜ ਦਰਿਆ ਦੇ ਪਾਣੀ ਵੀ ਮੇਰਾ ਪਾਣੀ ਭਰਦੇ ਨੇ....
ਗਾਇਕਾ ਸੁੱਖੀ ਬਰਾੜ ਨੇ ਦੱਸਿਆ ਕਿ ਉਹਨਾਂ ਗੀਤ ਦੀ ਚੋਂਣ ਚ ਕਦੇ ਵੀ ਸਮਝੋਤਾ ਨਹੀਂ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਗੀਤ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।ਸਾਡੀ ਵੀ ਇਹੋ ਦੁਆ ਹੈ ਕਿ ਪੰਜ ਦਰਿਆ ਦੀ ਰਾਣੀ ਦੀ ਇਹ ਖੂਬਸੂਰਤ ਮਿਠਾਸ ਭਰੀ ਟੁਣਕਵੀਂ ਸੁਰੀਲੀ ਆਵਾਜ਼ ਇਸੇ ਤਰ੍ਹਾਂ ਫਿਜ਼ਾ ਚ ਸੰਗੀਤਕ ਰਸ ਘੋਲਦੀ ਰਹੇ।
 
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ,ਸੰਗਰੂਰ 
9779708257
 
Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-