Article

ਗੁੱਸਾ ਸਿਰਫ਼ ਨੁਕਸਾਨ ਹੀ ਕਰਦਾ ਹੈ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

May 22, 2020 02:05 PM
ਗੁੱਸਾ ਸਿਰਫ਼ ਨੁਕਸਾਨ ਹੀ ਕਰਦਾ ਹੈ/ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
 
ਗੁੱਸਾ ਆਉਣਾ ਕੁਦਰਤੀ ਪ੍ਰਕਿਰਿਆ ਹੈ, ਉਵੇਂ ਹੀ ਜਿਵੇਂ ਪਿਆਰ, ਹਮਦਰਦੀ ਅਤੇ ਖੁਸ਼ੀ ਹੈ।ਗੁੱਸਾ ਆਉਂਦਾ ਹੈ ਤਾਂ  ਉਸ ਤੇ ਕੰਟਰੋਲ ਕਰਨਾ ਸਿਖਣਾ ਬਹੁਤ ਜ਼ਰੂਰੀ ਹੈ। ਗੁੱਸਾ ਤਬਾਹੀ ਅਤੇ ਬਰਬਾਦੀ ਦਾ ਦੂਸਰਾ ਨਾਮ ਹੈ।ਕਈਆਂ ਨੂੰ ਲੱਗਦਾ ਹੈ ਕਿ ਗੁੱਸੇ ਬਗੈਰ ਕੋਈ ਕੰਮ ਨਹੀਂ ਕਰਦਾ।ਪਰ ਜੇਕਰ ਉਹ ਗੁੱਸੇ ਕੀਤੇ ਬਗੈਰ ਕੰਮ ਕਰਵਾ ਕੇ ਵੇਖਣ ਤਾਂ ਉਨ੍ਹਾਂ ਨੂੰ ਫਰਕ ਪਤਾ ਲੱਗਾ ਜਾਏ।ਕੰਮ ਜਲਦੀ ਹੋਏਗਾ ਅਤੇ ਵਧੀਆ ਵੀ ਹੋਏਗਾ।ਜਦੋਂ ਗੁੱਸੇ ਵਿੱਚ ਕੰਮ ਕੀਤਾ ਜਾਂਦਾ ਹੈ ਤਾਂ ਬੇਮਨ ਹੋਕੇ ਕੀਤਾ ਜਾਂਦਾ ਹੈ। ਅਗਿਆਤ ਅਨੁਸਾਰ ,"ਗੁੱਸੇ ਵਿੱਚ ਕੀਤਾ ਹੋਇਆ ਕੰਮ ਕਦੇ ਵੀ ਪੂਰਾ ਨਹੀਂ ਹੁੰਦਾ, ਗੁੱਸੇ ਅਕਲ ਨੂੰ ਖਾ ਜਾਂਦਾ ਹੈ। "ਖਿਝਿਆ ਖਪਿਆ ਬੰਦਾ ਕਦੇ ਵੀ ਠੀਕ ਢੰਗ ਨਾਲ਼ ਕੰਮ ਨਹੀਂ ਕਰ ਸਕਦਾ। ਉਹ ਆਪਣਾ ਵੀ ਨੁਕਸਾਨ ਕਰੇਗਾ ਅਤੇ ਦੂਸਰੇ ਦਾ ਵੀ।
ਗੁੱਸੇ ਵਿੱਚ ਸਾਨੂੰ  ਇਹ ਵੀ ਨਹੀਂ ਪਤਾ ਕਿ ਅਸੀਂ ਬੋਲ ਕੀ ਰਹੇ ਹਾਂ ਅਤੇ ਸਾਡੇ ਵੱਲੋਂ ਵਰਤੀ ਗਈ ਭਾਸ਼ਾ ਕਿਸ ਪੱਧਰ ਦੀ ਹੈ। ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੰਦਾ ਹੈ ਗੁੱਸਾ।ਬਹੁਤ ਵਾਰ ਲੋਕ ਚੁੱਪ ਤਾਂ ਰਹਿ ਜਾਂਦੇ ਹਨ ਪਰ ਅਸਲ ਵਿੱਚ ਉਹ ਦੂਰੀ ਬਣਾਈ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਨ।ਪਰਿਵਾਰ ਵਿੱਚ ਜਿਹੜਾ ਹਰ ਗੱਲ ਤੇ ਝਗੜਾ ਪਵੇ,ਹੌਲੀ ਹੌਲੀ ਪਰਿਵਾਰ ਵੀ ਉਸ ਤੋਂ ਦੂਰ ਰਹਿਣ ਲੱਗ ਜਾਂਦਾ ਹੈ। ਗੁੱਸਾ ਮਾਨਸਿਕ ਅਤੇ ਸਰੀਰਕ ਤੌਰ ਤੇ ਨੁਕਸਾਨ ਕਰਦਾ ਹੈ। ਦੂਸਰੇ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ ਜਾਂ ਕਦੋਂ ਪੈਂਦਾ ਹੈ ਬਾਅਦ ਦੀ ਗੱਲ ਹੈ, ਜਿਹੜਾ ਗੁੱਸੇ ਵਿੱਚ ਹੁੰਦਾ ਹੈ ਉਸ ਤੇ ਉਸੇ ਵੇਲੇ ਅਸਰ ਹੁੰਦਾ ਹੈ,।ਸ਼ੇਖ ਸਾਅਦੀ  ਅਨੁਸਾਰ, "ਇਹ ਜ਼ਰੂਰੀ ਨਹੀਂ ਹੁੰਦਾ ਕਿ ਗੁੱਸੇ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਹੀ ਭਸਮ ਕਰੇ।ਗੁੱਸੇ ਦੀ ਲਾਰ ਸਭ ਤੋਂ ਪਹਿਲਾਂ ਖੁਦ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। "
ਬਹੁਤ ਵਾਰ ਲੋਕ ਗੁੱਸੇ ਵਿੱਚ ਰਹਿਣ ਨੂੰ ਆਪਣੀ ਸ਼ਾਨ ਸਮਝਦੇ ਹਨ।ਜਦੋਂ ਤੁਸੀਂ ਹਰ ਵਕਤ ਗੁੱਸੇ  ਵਿੱਚ ਰਹੋਗੇ ਅਤੇ ਸੜੀ ਸ਼ਕਲ ਬਣਾ ਕੇ ਰੱਖੋਗੇ ਤਾਂ ਤੁਹਾਨੂੰ ਕੋਈ ਪਿਆਰ ਨਹੀਂ ਕਰੇਗਾ। ਗੁੱਸੇ ਵਿੱਚ ਜ਼ਹਿਰ ਹੀ ਉਗਲੀ ਜਾਂਦੀ ਹੈ ਅਤੇ ਜਹਿਰ ਜ਼ਿੰਦਗੀ ਨਹੀਂ ਦਿੰਦੀ।ਗੁੱਸੇ ਵਿੱਚ ਕਈ ਵਾਰ ਅਜਿਹਾ ਬੋਲਿਆ ਜਾਂਦਾ ਹੈ ਕਿ ਰਿਸ਼ਤੇ ਹੀ ਖ਼ਤਮ ਹੋ ਜਾਂਦੇ ਹਨ।ਪਰਿਵਾਰ ਟੁੱਟ ਜਾਂਦੇ ਹਨ।ਅਗਿਆਤ ਲਿਖਦਾ ਹੈ,"ਗੁੱਸਾ ਉਹ ਹਨੇਰੀ ਹੈ ਜੋ ਅਕਲ ਦਾ ਦੀਵਾ ਬੁਝਾ ਦਿੰਦਾ ਹੈ। "ਸਹਿਣਸ਼ੀਲਤਾ ਦੀ ਘਾਟ ਵੀ ਗੁੱਸੇ ਦਾ ਕਾਰਨ ਹੈ। ਛੋਟੀ ਛੋਟੀ ਗੱਲ ਤੇ ਗੋਲੀਆਂ ਨਾਲ ਦੂਸਰੇ ਦੀ ਜਾਨ ਲੈ ਲੈਣੀ ਗੁੱਸੇ ਦਾ ਨਤੀਜਾ ਹੈ। ਮਰਨ ਵਾਲੀ ਦੇ ਨਾਲ ਆਪਣੀ ਜ਼ਿੰਦਗੀ ਵੀ ਤਬਾਹ ਕਰ ਲੈਂਦੇ ਨੇ। ਗੁੱਸੇ ਵਾਲਾ ਬੰਦਾ ਤੀਵੀਂ ਹੁੰਦਾ ਹੈ ਆਪ ਤਾਂ ਸੜੇਗਾ ਦੂਸਰੇ ਨੂੰ ਵੀ ਨੁਕਸਾਨ ਪਹੁੰਚਾਉਣ ਵਿੱਚ ਕਸਰ ਨਹੀਂ ਛੱਡੇਗਾ।ਗੁੱਸੇ ਵਿੱਚ ਰਹਿਣ ਵਾਲੇ ਬੰਦੇ ਵਿੱਚ ਨਾਕਾਰਾਤਮਿਕ ਬਹੁਤ ਹੁੰਦੀ ਹੈ। ਉਹ ਜਿਥੇ ਵੀ ਜਾਵੇਗਾ,ਉਥੋਂ ਦਾ ਮਾਹੌਲ ਵੀ ਟੈਨਸ਼ਨ ਵਾਲਾ ਆਪਣੇ ਆਪ ਹੋ ਜਾਵਾਂਗੇ। ਉਸਦੇ ਆਉਣ ਨਾਲ ਸਾਰੇ ਔਖਾ ਜਿਹਾ ਅਤੇ ਘੁੱਟਣ ਮਹਿਸੂਸ ਕਰਨ ਲੱਗ ਜਾਣਗੇ। ਅਜਿਹੇ ਬੰਦਿਆਂ ਲਈ ਜੋ ਮਰਜ਼ੀ ਕੋਈ ਕਰ  ਦੇਵੇ ਇਹ ਕਦੇ ਖੁਸ਼ ਨਹੀਂ ਹੁੰਦੇ।ਅਜਿਹੀ ਖਰਚ
 ਭਾਸ਼ਾ ਵਰਤਣਗੇ ਕਿ ਸਾਰਿਆਂ ਦਾ ਦਿਲ ਦੁਖੀ ਕਰ ਦੇਣਗੇ।ਹੌਲੀ ਹੌਲੀ ਲੋਕ ਮੂੰਹ ਲੱਗਣਾ ਹੀ ਬੰਦ ਕਰ ਦੇਣਗੇ। ਗੁੱਸੇ ਨਾਲ ਤੁਸੀਂ ਕਿਸੇ ਕੋਲੋਂ ਆਪਣੀ ਇੱਜ਼ਤ ਨਹੀਂ ਕਰਵਾ ਸਕਦੇ।ਦਫਤਰਾਂ ਵਿੱਚ ਅਤੇ ਘਰਾਂ ਵਿੱਚ ਜਿਹੜਾ ਵਧੇਰੇ ਗੁੱਸੇ ਵਿੱਚ ਰਹਿੰਦਾ ਹੈ ਦੂਸਰੇ ਹੌਲੀ ਹੌਲੀ ਉਸਦੀ ਪ੍ਰਵਾਹ ਕਰਨੀ ਵੀ ਛੱਡ ਦਿੰਦੇ ਹਨ। ਗੁੱਸੇ ਵਾਲੇ ਦੀ ਕੰਮ ਕਰਨ ਦੀ  ਆਪਣੀ ਸ਼ਕਤੀ ਤਾਂ ਸੁੱਟਦੀ ਹੀ ਹੈ ਉਹ ਦੂਸਰਿਆਂ ਦੀ ਕੰਮ ਕਰਨ ਦੀ ਊਰਜਾ ਵੀ ਘਟਾ ਦਿੰਦੇ ਹਨ। ਗੁੱਸੇ ਵਿੱਚ ਪ੍ਰਾਪਤ ਕੁੱਝ ਨਹੀਂ ਹੁੰਦਾ ਪਰ ਨੁਕਸਾਨ ਦੀ ਲਿਸਟ ਬਹੁਤ ਲੰਮੀ ਹੈ। ਗੁੱਸਾ ਸਿਉਂਕ ਵਾਂਗ ਅੰਦਰੋਂ  ਖੋਖਲਾ ਕਰ ਦਿੰਦਾ ਹੈ। ਗੁੱਸਾ ਤੁਹਾਨੂੰ ਇਕੱਲਾ ਕਰ ਦਿੰਦਾ ਹੈ।  ਗੁੱਸੇ ਤੇ ਕਾਬੂ ਪਾਉਣ ਲਈ ਕੋਸ਼ਿਸ਼ ਕਰੋ।ਜਦੋਂ ਗੁੱਸਾ ਆਵੇ ਤਾਂ ਗਿਣਤੀ ਕਰਨੀ ਸ਼ੁਰੂ ਕਰ ਦਿਉ।ਆਪਣੇ ਗੁਰੂ ਦਾ ਨਾਮ ਲੈਣਾ ਸ਼ੁਰੂ ਕਰ ਦਿਉ।ਇਹ ਆਸਾਨ ਨਹੀਂ ਹੈ ਪਰ ਅਸੰਭਵ ਵੀ ਨਹੀਂ ਹੈ। ਗੁੱਸਾ ਕਾਰਨ  ਆਪਣੇ ਵੀ ਦੂਰ ਹੋ ਜਾਂਦੇ ਹਨ। ਗੁੱਸੇ ਅਤੇ ਲੜਾਈ ਨਾਲ ਤੁਸੀਂ ਜਿੱਤ ਤਾਂ ਸਕਦੇ ਹੋ ਪਰ ਕਿਸੇ ਨੂੰ ਆਪਣਾ ਨਹੀਂ ਬਣਾ ਸਕਦੇ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ 
 

From Prabhjot Kaur Dillon Contact No. 9815030221
Have something to say? Post your comment