Poem

ਮਿਹਨਤਕਸ਼ ਨੂੰ ਕੋਈ ਨਾ ਪੁੱਛੇ/ਜਸਵੀਰ ਸ਼ਰਮਾਂ ਦੱਦਾਹੂਰ

May 22, 2020 02:09 PM
ਮਿਹਨਤਕਸ਼ ਨੂੰ ਕੋਈ ਨਾ ਪੁੱਛੇ/ਜਸਵੀਰ ਸ਼ਰਮਾਂ ਦੱਦਾਹੂਰ

ਨੇਕੀ ਕਰੋ ਤੇ ਖੂਹ ਵਿੱਚ ਪਾਓ, ਕਹਿੰਦੇ ਲੋਕ ਸਿਆਣੇ।
ਹਰ ਆਫ਼ਤ ਨੂੰ ਸਿਰ ਤੇ ਜਰੀਏ, ਮੰਨਕੇ ਰੱਬ ਦੇ ਭਾਣੇਂ।।
ਕੌਣ ਸਹਾਰਾ ਦਿੰਦਾ ਕਿਸੇ ਨੂੰ, ਕਹਿਣ ਦੀਆਂ ਸੱਭ ਗੱਲਾਂ,
ਸਾਂਭਿਆ ਨਾ ਕੁਟੰਬ ਨੂੰ ਜਾਵੇ,ਉੱਲਝ ਗੲੇ ਨੇ ਤਾਣੇ।
ਭੈਣ ਭਾਈ ਸੱਭ ਰਿਸ਼ਤੇ ਨਾਤੇ,ਸੱਭ ਨੇ ਦਿਲੋਂ ਭੁਲਾਏ,
ਜਾਇਦਾਦ ਦੀਆਂ ਵੰਡੀਆਂ ਦੇ ਵਿੱਚ,ਉਲਝ ਗਏ ਨੇ ਲਾਣੇਂ।
ਬਰਗਰ ਪੀਜ਼ੇ ਖਾਣ ਤੇ ਜਾਣ,ਹੋਟਲੀਂ ਘਰਾਂ ਨੂੰ ਛੱਡ ਕੇ,
ਚੰਗੇ ਲੱਗਣੋ ਹਟ ਗੲੇ ਅੱਜਕਲ੍ਹ,ਸਾਦੇ ਘਰਾਂ ਦੇ ਖਾਣੇ।
ਕਤਲ ਕਰਨ ਨੂੰ ਇੱਕ ਮਿੰਟ ਲਾਉਂਦੇ,ਲਹੂ ਚਪੇਤ ਨੇ ਹੋਗੇ,
ਉਮਰਾਂ ਦੀ ਕਮਾਈ ਕਚਹਿਰੀਏਂ ਤੇ,ਖਰਚ ਕਰਨ ਵਿੱਚ ਥਾਣੇ।
ਕੋਈ ਨਾ ਕਿਸੇ ਦੇ ਆਖੇ ਲੱਗੇਂ, ਆਪੋ ਧਾਪੀ ਪੈ ਗਈ,
ਵੱਡਿਆਂ ਨੂੰ ਤਾਂ ਛੱਡੋ ਹੁਣ ਤਾਂ,ਨਾ ਮੰਨਣ ਗੱਲ ਨਿਆਣੇ।
ਬਗੈਰ ਪੁੱਛੇ ਤੋਂ ਮਾਪਿਆਂ ਨੂੰ,ਆਉਣ ਘਰਾਂ ਵਿੱਚ ਡੋਲੇ,
ਸੋਚ ਸੌੜੀ ਹੈ ਹੋਗੀ ਸੱਭਦੀ,ਪਰਖੇ ਕੌਣ ਘਰਾਣੇ?
ਮਿਹਨਤਕਸ਼ ਦੀ ਕਦਰ ਹੈ ਘਟਗੀ,ਸਦੀ ਇੱਕੀਵੀਂ ਆਈ,
ਦੱਦਾਹੂਰੀਆ ਕਾਮੇ ਦੇ ਹੱਕ,ਖੋਹ ਲੈਂਦੇ ਜਰਵਾਣੇ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
9569149556
 
Have something to say? Post your comment