Article

ਜਾਣੀ-ਪਛਾਣੀ ਕਲਮ ਤੇ ਅਵਾਜ਼ : ਨਿਰਮਲਾ ਗਰਗ

May 23, 2020 01:51 PM

ਜਾਣੀ-ਪਛਾਣੀ ਕਲਮ ਤੇ ਅਵਾਜ਼ : ਨਿਰਮਲਾ ਗਰਗ


ਸਾਹਿਤ ਦੀ ਚੇਟਕ ਮਨੁੱਖੀ ਰਿਸ਼ਤਿਆਂ ਵਿੱਚੋਂ ਆਸਾਨੀ ਨਾਲ ਲੱਗ ਜਾਂਦੀ ਹੈ। ਨਿਰਮਲਾ ਗਰਗ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ। ਜਦੋਂ ਹਾਲੇ ਉਸ ਸੁਰਤ ਸੰਭਾਲੀ ਹੀ ਸੀ ਤਾਂ ਘਰ ਵਿੱਚ ਉਹ ਆਪਣੇ ਪਿਤਾ ਜੀ ਤੋਂ ਕਵੀਸ਼ਰੀ ਦੇ ਬੋਲ ਸੁਣਨ ਲੱਗ ਪਈ ਸੀ। ਉਸ ਕਿਹਾ, ''ਮੇਰੇ ਹਾਲੇ ਤੱਕ ਯਾਦ ਹੈ ਕਿ ਜਦੋਂ ਮੈਂ ਛੇ ਕੁ ਸਾਲਾਂ ਦੀ ਸੀ ਤਾਂ ਮੈਨੂੰ ''ਲੂਣਾ'' ਬਾਰੇ ਪਤਾ ਲੱਗ ਗਿਆ ਸੀ ਕਵੀਸ਼ਰੀ ਚੋਂ। ਮੇਰੇ ਅੰਦਰ ਸਾਹਿਤ ਦੇ ਬੀਜ ਤਾਂ ਬਚਪਨ ਤੋਂ ਹੀ ਸਨ, ਪਰ ਉਹਨਾਂ ਨੂੰ ਉਜਾਗਰ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਜਦੋਂ ਮੇਰੇ ਪਿਤਾ ਜੀ ਦੀ ਅਚਾਨਕ ਮੌਤ ਹੋ ਗਈ ਤਾਂ ਮੈਂ ਧੁਰ ਅੰਦਰ ਤੱਕ ਝੰਜੋੜੀ ਗਈ। ਮੈਂ ਆਪਣਾ ਇਕੱਠਾ ਹੋਇਆ ਸਾਰਾ ਦਰਦ ਇੱਕ ਕਾਗਜ ਉਤੇ ਕਵਿਤਾ ਦੇ ਰੂਪ ਵਿੱਚ ਲਿਖਿਆ। ਕਵਿਤਾ ਅਖਵਾਰ 'ਚ ਵੀ ਛਪੀ ਅਤੇ ਸਭ ਨੇ ਪਸੰਦ ਕੀਤੀ। ਉਸ ਤੋਂ ਬਾਦ ਮੇਰੇ ਜੀਜਾ ਜੀ ਅਮਰ ਗਰਗ ਕਲਮਦਾਨ, ਜਿਨਾ ਨੂੰ ਮੈਂ ਆਪਣਾ ਮਾਰਗ-ਦਰਸ਼ਕ ਮੰਨਦੀ ਹਾਂ, ਜੀ ਨੇ ਮੈਨੂੰ ਹੋਰ ਲਿਖਣ ਲਈ ਪ੍ਰੇਰਿਆ। ਉਹਨਾਂ ਦੇ ਕਹਿਣ 'ਤੇ ਮੈਂ ਆਪਣੇ ਵਿਚਾਰ ਸਾਵਣ ਦੀਆਂ ਤੀਆਂ ਨੂੰ ਆਧਾਰ ਬਣਾ ਕੇ ਇੱਕ ਨਿਬੰਧ ਰਾਹੀਂ ਪ੍ਰਗਟ ਕੀਤੇ। ਪਹਿਲਾ ਹੀ ਨਿਬੰਧ ਪੰਜਾਬੀ ਟ੍ਰਿਬਿਊਨ ਵਿੱਚ ਛਪ ਗਿਆ, ਜਿਸ ਨੇ ਮੇਰਾ ਹੌਂਸਲਾ ਹੋਰ ਵਧਾਇਆ। ਫੇਰ ਤਾਂ ਬਸ ਲੇਖਾਂ ਦੀ ਝੜੀ ਹੀ ਲੱਗ ਗਈ ।''
ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ ਨਿਰਮਲਾ ਗਰਗ ਦੱਸਦੀ ਹੈ ਕਿ ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਭਰਮਾਰ, ਮਾਂਵਾਂ ਠੰਡੀਆਂ ਛਾਂਵਾਂ, ਭਰੂਣ-ਹੱਤਿਆ ਬਨਾਮ ਕੁੜੀ ਹੱਤਿਆ, ਧੀਆਂ ਬਿਨ ਨਾ ਰਹਿਣੀਆਂ ਤੀਆਂ, ਇੱਕ ਵੀਰ ਦੇਈਂ ਵੇ ਰੱਬਾ, ਫੋਕੇ ਵਹਿਮ ਆਦਿ ਬਹੁਤ ਸਾਰੇ ਨਿਬੰਧ ਵੱਖ-ਵੱਖ ਅਖਬਾਰਾਂ-ਮੈਗਜੀਨਾਂ ਵਿੱਚ ਛਪ ਚੁੱਕੇ ਹਨ, ਪਰ ਉਸ ਦੀ ਸੰਤੁਸ਼ਟੀ ਤਾਂ ਪਿਤਾ ਜੀ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਹੀ ਹੋਣੀ ਸੀ, ਜਿਸ ਕਰਕੇ ਉਸ ਨੇ ਆਪਣੀ ਕਲਮ ਦਾ ਮੂੰਹ ਕਵਿਤਾਵਾਂ ਤੇ ਗੀਤਾਂ ਵੱਲ ਮੋੜ ਲਿਆ। ਫਿਰ ਉਸ ਨੇ ਸੌ ਦੇ ਕਰੀਬ ਕਵਿਤਾਵਾਂ ਤੇ ਗੀਤ ਲਿਖੇ। ਆਪਣੇ ਗੀਤਾਂ ਰਾਹੀਂ ਕੁੜੀਆਂ-ਚਿੜੀਆਂ ਤੇ ਭੈਣਾਂ ਦੀ ਗੱਲ ਕਰਦਿਆਂ ਉਸ ਦੇ ਮਨ ਨੂੰ ਇਕ ਅੱਡਰਾ ਜਿਹਾ ਸਕੂਨ ਤੇ ਖੁਸ਼ੀ ਮਿੱਲਦੀ ਹੈ। ਗੱਲਬਾਤ ਦੌਰਾਨ ਨਿਰਮਲਾ ਨੇ ਕਿਹਾ, ''ਮੈਂ ਕਈ ਸਾਹਿਤ ਸਭਾਵਾਂ ਵਿੱਚ ਜਾਣ ਲੱਗ ਪਈ। ਮਾਣ-ਸਤਿਕਾਰ ਮਿਲਣ ਲੱਗ ਪਿਆ, ਹੌਸਲਾ ਵਧਿਆ ਤੇ ਕਲਮ ਹੋਰ ਵੀ ਨਿਖਰ ਕੇ ਸਾਹਮਣੇ ਆਈ। ਸਾਹਿਤਕ ਸਫਰ ਤੇ ਚੱਲਦਿਆਂ ਪੰਜਾਬ ਤੋਂ ਬਾਹਰ ਵੀ ਕਲਕੱਤਾ, ਦਾਰਜ਼ੀਲਿੰਗ, ਸ਼ਿਲੌਂਗ. . .ਪੰਜਾਬ ਵਿਚ ਲੁਧਿਆਣਾ, ਰੋਪੜ ਅਤੇ ਬਰਨਾਲਾ ਆਦਿ ਸਾਹਿਤਕ ਪ੍ਰੋਗਰਾਮਾਂ ਵਿਚ ਜਾਣ ਦਾ ਮੌਕਾ ਮਿਲਿਆ। ਅਨੇਕਾਂ ਥਾਵਾਂ ਤੋਂ ਮਾਨ-ਸਨਮਾਨ ਮਿਲੇ। ਅਦਬੀ ਸਾਂਝ ਗਰੁੱਪ ਬਰਨਾਲਾ ਵੱਲੋਂ ਇੱਕ ਪ੍ਰੋਗਰਾਮ ਵਿੱਚ ਮੈਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ। ਉਥੇ ਕਈ ਲੇਖਕਾਂ ਦੀਆਂ ਕਿਤਾਬਾਂ ਵੀ ਰੀਲੀਜ ਕੀਤੀਆਂ। ਸਨਮਾਨ ਚਿੰਨ ਤੇ ਸ਼ਾਲ ਦੇਕੇ ਮੈਨੂੰ ਸਨਮਾਨਿਤ ਵੀ ਕੀਤਾ।'' ਇਕ ਸਵਾਲ ਦਾ ਜੁਵਾਬ ਦਿੰਦਿਆਂ ਗਰਗ ਨੇ ਕਿਹਾ, ''ਮੈਂ ਇੱਕ ਕਿਤਾਬ ਵੀ ਲਿਖੀ ਜੋ ਕਿ ਮੈਂ ਆਪਣੇ ਪਿਤਾ ਜੀ ਦੀ ਜੀਵਨੀ ਤੇ ਕਵੀਸ਼ਰੀ ਨੂੰ ਸਮਰਪਿਤ ਕੀਤੀ। ਕਿਤਾਬ ਦੀ ਘੁੰਡ ਚੁਕਾਈ ਵੀ ਧੂਰੀ ਪੰਜਾਬੀ ਸਾਹਿਤ ਸਭਾ ਵਿੱਚ ਬੜੇ ਹੀ ਅਦਬ ਤੇ ਸਤਿਕਾਰ ਨਾਲ ਕੀਤੀ ਗਈ। ਸਤਿਕਾਰਯੋਗ ਪਵਨ ਹਰਚੰਦਪੁਰੀ, ਗੁਲਜਾਰ ਸਿੰਘ ਸ਼ੌਂਕੀ ਜੀ ਅਤੇ ਹੋਰ ਵੀ ਬਹੁਤ ਸਾਰੇ ਸਾਹਿਤਕਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਪੰਜਾਬੀ ਸਾਹਿਤ ਸਭਾ ਪਟਿਆਲਾ ਵਿਖੇ ਵੀ ਮੇਰੀ ਕਿਤਾਬ ਨੂੰ ਬਹੁਤ ਮਾਣ-ਸਨਮਾਨ ਮਿਲਿਆ। ਅਕਾਸ਼ਵਾਣੀ ਪਟਿਆਲਾ ਤੇ ਵੀ ਮੈਂ ਤਿੰਨ ਵਾਰ ਜਾ ਚੁੱਕੀ ਹਾਂ ਤੇ ਆਪਣੇ ਗਰੁੱਪ ਨਾਲ ਪ੍ਰੋਗਰਾਮ ਦੇ ਚੁੱਕੀ ਹਾਂ।'' . . . ਪਟਿਆਲਾ ਸ਼ਹਿਰ ਦੀਆਂ ਪੰਜਾਬੀ ਸਾਹਿਤ ਸਭਾ, ਗਿਆਨਦੀਪ ਸਾਧਨਾ ਮੰਚ, ਸਾਹਿਤਯ ਕਲਸ਼ ਪਟਿਆਲਾ, ਹਿੰਦੀ ਭਾਸ਼ਾ ਸੰਮੇਲਨ, ਮਹਿਲਾ ਕਾਵਿਆ ਮੰਚ ਅਤੇ ਅਗਰਵਾਲ ਸਭਾ ਪਟਿਆਲਾ ਆਦਿ ਸੰਸਥਾਵਾਂ ਵਿਚ ਵਿਚਰ ਰਹੀ ਨਿਰਮਲਾ ਗਰਗ ਤ੍ਰਿਵੇਣੀ ਸਾਹਿਤ ਪ੍ਰੀਸ਼ਦ ਦੀ ਸੀਨੀਅਰ ਮੀਤ ਪ੍ਰਧਾਨ ਹੈ। ਨਿਰਮਲਾ ਲਿਖਣ ਦੇ ਨਾਲ-ਨਾਲ ਗਾਉਂਣ ਦਾ ਵੀ ਸ਼ੌਕ ਰੱਖਦੀ ਹੈ। ਉਸ ਨੇ ਇੱਕ ਪੰਜਾਬੀ ਗੀਤ ਆਪ ਲਿਖ ਕੇ ਆਪਣੀ ਅਵਾਜ਼ ਵਿੱਚ ਰਿਕਾਰਡ ਕਰਵਾਇਆ ਹੈ। ਜਿਸਨੂੰ ਕਿ ਇਸੇ ਸਾਲ ਜਨਵਰੀ, 2020 ਵਿੱਚ ਨਾਮੀ ਕੰਪਨੀ ਨੇ ਰੀਲੀਜ਼ ਕੀਤਾ ਹੈ। ਇਕ ਹੋਰ ਸਵਾਲ ਦਾ ਉਤਰ ਦਿੰਦਿਆਂ ਨਿਰਮਲਾ ਗਰਗ ਨੇ ਕਿਹਾ, ''ਬਹੁਤ ਹੀ ਸਤਿਕਾਰਤ ਰੂਹਾਂ, ਜਿਨਾਂ ਦੀ ਬਦੌਲਤ ਮੈਂ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ, ਜਿਨਾ ਨੇ ਮੇਰਾ ਹੱਥ ਫੜ ਕੇ ਮੈਂਨੂੰ ਅੱਗੇ ਵਧਾਇਆ, ਉਨਾਂ ਵਿਚ ਮੇਰੇ ਜੀਜਾ ਜੀ ਅਮਰ ਗਰਗ ਕਲਮਦਾਨ, ਤ੍ਰੀਵੇਣੀ ਸਾਹਿਤ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਹਰੀ ਸਿੰਘ ਚਮਕ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਸ੍ਰ. ਦਰਸ਼ਨ ਸਿੰਘ ਆਸ਼ਟ ਜੀ ਵਿਸ਼ੇਸ਼ ਹਨ। ਮੈਂ ਹਮੇਸ਼ਾ ਇਹਨਾਂ ਦੀ ਰਿਣੀ ਰਹਾਂਗੀ। ਮੇਰੇ ਪਰਿਵਾਰ ਨੇ ਵੀ ਅੱਗੇ ਵਧਣ 'ਚ ਮੇਰੀ ਬਹੁਤ ਸਹਾਇਤਾ ਕੀਤੀ।''
ਆਪਣੇ ਪਿਤਾ ਜੀ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰ ਰਹੀ ਨਿਰਮਲਾ ਗਰਗ ਨੂੰ ਪ੍ਰਮਾਤਮਾਂ ਹੋਰ ਵੀ ਚੰਗੇ-ਤੋਂ-ਚੰਗਾ ਲਿਖਣ ਤੇ ਆਪਣੇ ਸੁਪਨੇ ਸਾਕਾਰ ਕਰਨ ਦਾ ਬਲ ਬਖਸ਼ੇ !
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ: ਨਿਰਮਲਾ ਗਰਗ, 98031 08966

Have something to say? Post your comment