Article

ਮਿੰਨੀ ਕਹਾਣੀ /ਖ਼ੂਨ ਦੀ ਰਾਜਨੀਤੀ

May 23, 2020 08:34 PM

ਮਿੰਨੀ ਕਹਾਣੀ
ਖ਼ੂਨ ਦੀ ਰਾਜਨੀਤੀ


ਆਪਣੀ ਧੀ ਸਿਮਰਨ ਦੀਆਂ ਕੱਟੀਆਂ ਹੋਈਆਂ ਹੱਥ ਦੀਆਂ ਨਸਾਂ ਵੇਖ ਕੇ ਸ਼ੇਰਾ ਦੌੜਿਆ-ਦੌੜਿਆ ਆਇਆ ਤੇ ਉਸ ਦੀਆਂ ਅੱਖਾਂ ਵਿੱਚ ਧੀ ਦਾ ਪਿਆਰ ਅਤੇ ਉਲਾਦ ਦਾ ਮੋਹ ਸਾਫ਼ ਝਲਕ ਰਿਹਾ ਸੀ। ਧੀ ਦੀਆਂ ਅੱਖਾਂ ਵਿਚਲੇ ਆਏ ਪਾਣੀ ਅਤੇ ਦਰਦ ਨਾਲ ਕੁਰਲਾਉਂਦੀ ਹੋਈ ਬਰਦਾਸ਼ਤ ਨਹੀਂ ਹੋ ਰਹੀ ਸੀ। ਉਸ ਨੇ ਦੌੜ ਕੇ ਆਪਣੀ ਹਵੇਲੀ ਵਿੱਚੋਂ ਗੱਡੀ ਕੱਢੀ, ਆਪਣੀ ਧੀ ਨੂੰ ਵਿੱਚ ਬਿਠਾਇਆ ਤੇ ਡਾਕਟਰ ਕੋਲ ਲੈ ਗਿਆ। ਘਰ ਵਿੱਚ ਸਭ ਨੂੰ ਸਿਮਰਨ ਦੀ ਫ਼ਿਕਰ ਹੋ ਰਹੀ ਸੀ। ਮਾਂ ਦੇ ਦਿਲ ਵਿੱਚ ਤਾਂ ਜਿਵੇਂ ਡੋਬੂ ਹੀ ਪੈ ਰਹੇ ਹੋਣ। ਬੁੱਢੀ ਦਾਦੀ ਦੀ ਫ਼ਿਕਰ ਤਾਂ ਉਸਦੇ ਕੰਬਦੇ ਹੱਥਾਂ ਨੇ ਹੀ ਦੇ ਦਿੱਤੀ ਸੀ, ਕਿਉਂਕਿ ਉਹ ਤਾਂ ਦਾਦੀ ਦੀ ਜਾਨ ਸੀ। ਉਹ ਬਾਰ-ਬਾਰ ਆਪਣੀ ਖੂੰਡੀ ਚੁੱਕਦੀ ਤੇ ਦਰਵਾਜ਼ੇ ਕੋਲ ਜਾ ਖੜਦੀ। ਅੱਜ ਫ਼ੇਰ ਦਾਦੀ ਹੌਲੀ-ਹੌਲੀ ਆਪਣੀ ਪਸ਼ੂਆਂ ਵਾਲੀ ਹਵੇਲੀ ਦੇ ਅਮਰੂਦਾਂ ਦੇ ਦਰੱਖ਼ਤ ਹੇਠਾਂ ਬੈਠ ਕੇ ਰੋ ਰਹੀ ਸੀ। ਆਪਣੇ ਗੋਡਿਆਂ 'ਤੇ ਹੱਥ ਰੱਖ ਕੇ ਉੱਠਦੀ ਹੋਈ ਆਪਣੀ ਖੂੰਡੀ ਨੂੰ ਫੜ ਕੇ ਆਪਣੀਆਂ ਅੱਖਾਂ ਸਾਫ਼ ਕਰਦਿਆਂ ਮੁੜ ਘਰ ਦੇ ਮੂਹਰਲੇ ਦਰਵਾਜ਼ੇ 'ਤੇ ਸ਼ੇਰੇ ਤੇ ਸਿਮਰਨ ਦੀ ਉਡੀਕ ਕਰਨ ਲੱਗੀ। ਸਿਮਰਨ ਦੀ ਮਾਂ ਨੇ ਆਪਣੀ ਬੁੱਢੀ ਸੱਸ ਨੂੰ ਦਿਲਾਸਾ ਦੇ ਕੇ ਵਿਹੜੇ ਵਿੱਚ ਡੱਠੀ ਮੰਜੀ 'ਤੇ ਬਿਠਾ ਦਿੱਤਾ। ਕੁਝ ਦੇਰ ਬਾਅਦ ਸ਼ੇਰਾ, ਸਿਮਰਨ ਨੂੰ ਲੈ ਕੇ ਘਰ ਆ ਗਿਆ।
ਸ਼ੇਰੇ ਦੇ ਨਾਂਹ ਕਰਨ ਤੇ ਸਿਮਰਨ ਆਪਣੇ ਪਿਆਰ 'ਤੇ ਅਡੋਲ ਖੜੀ ਰਹੀ। ਨਤੀਜਨ ਸਿਮਰਨ ਨੇ ਆਪਣੇ ਹੱਥ ਦੀਆਂ ਨਸਾਂ ਕੱਟ ਲਈਆਂ ਸਨ। ਇਸ ਸਭੇ ਕੁਝ ਨੂੰ ਦੇਖਦੇ ਹੋਇਆਂ ਖ਼ੂਨ ਦੇ ਮੋਹ ਵਿੱਚ ਫ਼ਸੇ ਸ਼ੇਰੇ ਵਲੋਂ ਆਪਣਾ ਫ਼ੈਸਲਾ ਬਦਲ ਕੇ ਰਾਤ ਨੂੰ ਘਰ ਵਿੱਚ ਸਲਾਹ ਕਰਕੇ ਸਿਮਰਨ ਦੇ ਮਨ-ਪਸੰਦ ਮੁੰਡੇ ਦੇ ਘਰ ਵਿਚੋਲਾ ਭੇਜ ਕੇ ਰਿਸ਼ਤਾ ਪੱਕਾ ਕਰ ਦਿੱਤਾ ਗਿਆ। ਸ਼ੇਰੇ ਨੇ ਆਪਣੀ ਪਤਨੀ ਕੋਲੋਂ ਮਾਂ ਬਾਰੇ ਪੁੱਛਿਆ ਤਾਂ ਪਤਨੀ ਨੇ ਦੱਸਿਆ ਕਿ ਉਹ ਪਸ਼ੂਆਂ ਵਾਲੀ ਹਵੇਲੀ ਵਿੱਚ ਹੈ। ਸ਼ੇਰਾ ਹਵੇਲੀ ਵਿੱਚ ਚਲਿਆ ਗਿਆ ਤੇ ਉਸ ਨੇ ਦੇਖਿਆਂ ਕਿ ਮਾਂ ਅਮਰੂਦਾਂ ਵਾਲੇ ਦਰੱਖ਼ਤ ਥੱਲੇ ਬੈਠੀ ਰੋ ਰਹੀ ਸੀ। ਸ਼ੇਰਾ ਚੋਰ-ਮਨ ਨਾਲ ਮਾਂ ਦੇ ਪੈਰੀਂ ਪੈ ਕੇ ਰੋਣ ਲੱਗ ਪਿਆ ਤੇ ਆਪਣੇ ਕੀਤੇ ਪਾਪ ਦੀ ਮਾਫ਼ੀ ਮੰਗਣ ਲੱਗ ਪਿਆ। ਅੱਜ ਮਾਂ ਨੂੰ ਆਪਣੀ ਧੀ ਅਤੇ ਸ਼ੇਰੇ ਦੀ ਭੈਣ ਪਾਰੋ ਦੀ ਯਾਦ ਆ ਰਹੀ ਸੀ। ਸ਼ੇਰੇ ਦੇ ਪਿਓ ਦੇ ਮਰਨ ਪਿੱਛੋਂ ਸ਼ੇਰੇ ਦੀ ਮਾਂ ਨੇ ਦੋਹਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪਾਲਿਆ ਸੀ। ਪਾਰੋ ਨੂੰ ਆਪਣੇ ਮਨ-ਪਸੰਦ ਮੁੰਡੇ ਨਾਲ ਵਿਆਹ ਕਰਨ ਦੀ ਸਜ਼ਾ ਆਪਣੇ ਭਰਾ ਸ਼ੇਰੇ ਵਲੋਂ ਮੌਤ ਦੇ ਘਾਟ ਉਤਾਰ ਕੇ ਆਪਣੀ ਹਵੇਲੀ ਵਿੱਚ ਹੀ ਦੱਬ ਕੇ ਦਿੱਤੀ ਗਈ ਸੀ। ਉਸ ਵੇਲੇ ਸ਼ੇਰੇ ਨੂੰ ਆਪਣੀ ਇੱਜ਼ਤ ਨੂੰ ਕਲੰਕਿਤ ਕਰਨ ਵਾਲੀ ਆਪਣੀ ਹੀ ਭੈਣ ਪਾਰੋ ਜ਼ਹਿਰ ਵਾਂਗ ਲੱਗ ਰਹੀ ਸੀ। ਪਰ, ਅੱਜ ਸ਼ੇਰੇ ਦੇ ਵਿਚਾਰ ਆਪਣੀ ਧੀ ਲਈ ਕਿਵੇਂ ਬਦਲ ਗਏ ਸਨ। ਮਾਂ ਨੇ ਸ਼ੇਰੇ ਨੂੰ ਕਿਹਾ, ''ਪੁੱਤਰ ! ਇਸ ਵਿੱਚ ਤੇਰਾ ਕੋਈ ਦੋਸ਼ ਨਹੀਂ, ਪਰ ਇਹੀ ਮਨ ਵਿੱਚ ਆਉਂਦਾ ਹੈ ਕਿ ਕਾਸ਼ ! ਉਸ ਵੇਲੇ ਮੇਰੀ ਪਾਰੋ ਦਾ ਪਿਓ ਵੀ ਜਿਊਂਦਾ ਹੁੰਦਾ ਤਾਂ ਸ਼ਾਇਦ ਮੇਰੀ ਧੀ ਪਾਰੋ ਵੀ ਅੱਜ ਜਿਊਂਦੀ ਹੁੰਦੀ ਤੇ ਇਹ ਖ਼ੂਨ ਦੀਆਂ ਰਾਜਨੀਤੀਆਂ ਨਾ ਹੁੰਦੀਆਂ।''
ਰੇਨੂੰ ਜੁਲਕਾ ਮੈਨੀ, ਲੁਧਿਆਣਾ (8360404279)

Have something to say? Post your comment