Friday, July 10, 2020
FOLLOW US ON

Article

ਸਾਹਿਤ ਲਈ ਵਰਦਾਨ ਕਲਮ : ਡਾ. ਬਲਬੀਰ ਮੰਨਣ

May 28, 2020 08:43 PM

ਸਾਹਿਤ ਲਈ ਵਰਦਾਨ ਕਲਮ : ਡਾ. ਬਲਬੀਰ ਮੰਨਣ


ਜਿਉਂ-ਜਿਉਂ ਭਿੱਜੇ ਕੰਬਲੀ, ਤਿਉਂ-ਤਿਉਂ ਭਾਰੀ ਹੋਇ ਗੁਰਬਾਣੀ ਦੀ ਤੁਕ, ਜ਼ਿਲਾ ਜਲੰਧਰ ਦੇ ਪਿੰਡ ਮੰਨਣ ਵਿਚ ਸ੍ਰੀਮਤੀ ਦਾਨੀ ਅਤੇ ਸ੍ਰੀ ਜੋਗਿੰਦਰ ਮੱਲ ਜੀ ਦੇ ਘਰ ਪੈਦਾ ਹੋਏ ਸਖ਼ਸ਼ ਡਾ. ਬਲਬੀਰ ਮੰਨਣ ਉਤੇ ਪੂਰੀ ਢੁੱਕਦੀ ਹੈ। ਜਿਨਾਂ ਦੀ ਉਸਾਰੂ ਸੋਚ ਵਾਲੀ ਨਿੱਗਰ ਕਲਮ ਉਤੇ ਧਾਰਮਿਕਤਾ ਦੀ ਚੜੀ ਰੰਗਣ ਨੇ ਉਨਾਂ ਅੰਦਰ ਸਾਦਗੀ, ਸਬਰ-ਸੰਤੋਖ, ਸਦਾਚਾਰਕਤਾ ਅਤੇ ਭਾਣੇ ਨੂੰ ਮੰਨਣ ਜਿਹੇ ਗੁਣ ਭਰ ਕੇ ਇਸ ਸਰੀਰ ਰੂਪੀ ਕੰਬਲੀ ਨੂੰ ਭਾਰੀ, ਗੁਣਾਂ ਦੀ ਪਟਾਰੀ ਬਣਾ ਕੇ ਰੱਖ ਦਿੱਤਾ। ਇਕ ਮੁਲਾਕਾਤ ਦੌਰਾਨ ਉਨਾਂ ਦੱਸਿਆ ਕਿ ਉਹ ਚਾਰ ਕੁ ਸਾਲਾਂ ਦੇ ਸਨ, ਜਦੋਂ ਉਨਾਂ ਦੇ ਮਾਤਾ ਜੀ ਇਨਾਂ ਤਿੰਨ ਭਰਾਵਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਬਲਬੀਰ ਜੀ ਦੇ ਮਾਸੀ ਜੀ, ਜਿਹੜੇ ਕਿ ਉਨਾਂ ਦੇ ਤਾਈ ਜੀ ਵੀ ਸਨ, ਨੇ ਉਨਾਂ ਨੂੰ ਬਣਦਾ ਪਿਆਰ ਅਤੇ ਸਹਾਰਾ ਦਿੱਤਾ। ਉਨਾਂ ਦੇ ਪਿਤਾ ਜੀ ਉਦੋਂ 27 ਕੁ ਸਾਲਾਂ ਦੇ ਭਰ- ਜੁਆਨ ਸਨ ਤੇ ਐੱਫ਼. ਸੀ. ਆਈ. ਵਿੱਚ ਸਰਕਾਰੀ ਨੌਕਰੀ 'ਤੇ ਸਨ। ਡਾ. ਬਲਬੀਰ ਨੇ ਭਾਵੁਕ ਹੁੰਦਿਆਂ ਕਿਹਾ,'' ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਪਿਤਾ ਜੀ ਨੂੰ ਦੂਜੇ ਵਿਆਹ ਲਈ ਬੜਾ ਦਬਾਅ ਪਾਇਆ, ਪਰ ਉਹ ਕਦੇ ਨਾ ਮੰਨੇ। ਬੱਚਿਆਂ ਲਈ ਕੁਰਬਾਨੀਆਂ ਕਰਦਿਆਂ, ਸਮੇਂ ਦੇ ਥਪੇੜੇ ਸਹਿੰਦਿਆਂ ਅਖ਼ੀਰ ਉਨਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਜੁਵਾਬ ਦੇ ਗਈ। ਸੰਨ 2005 ਵਿੱਚ ਉਹ ਇੱਕ ਦਿਨ ਘਰੋਂ ਐਸੇ ਗਏ ਕਿ ਮੁੜ ਕਦੇ ਵਾਪਸ ਨਾ ਆਏ। ਉਸ ਮਹਾਨ ਮਨੁੱਖ, ਮੇਰੇ ਪਿਤਾ ਜੀ ਨੇ ਜੀਵਨ ਵਿੱਚ ਕੋਈ ਸੁੱਖ ਨਹੀਂ ਦੇਖਿਆ।
ਜੇਕਰ ਬਲਬੀਰ ਜੀ ਦੀ ਕਲਮੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਉਹ ਸੱਤਵੀਂ ਕੁ ਜਮਾਤ ਵਿੱਚ ਪੜਦੇ ਸਨ ਜਦੋਂ ਕਾਵਿ ਵਿਚ ਤੋਲ-ਤੁਕਾਂਤ ਮੇਲਣ ਦੀ ਕੋਸ਼ਿਸ਼ ਕਰਨ ਲੱਗ ਪਏ ਸਨ। ਉਨਾਂ ਦੀ ਪਹਿਲੀ ਰਚਨਾ ਸੰਨ 1999 ਵਿੱਚ ਛਪੀ ਜੋ ਕਿ ਜੀਵ-ਜਗਤ ਨਾਲ ਸਬੰਧਤ ਰੌਚਕ ਤੱਥਾਂ ਦਾ ਬਿਆਨ ਕਰਦੀ ਸੀ। ਸਾਹਿਤ ਨੂੰ ਦਿੱਤੀ ਪਹਿਲੀ ਕਿਤਾਬ ਜੋ ਉਨਾਂ ਵਲੋਂ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦਿਤ ਅਤੇ ਸੰਪਾਦਿਤ ਸੀ, 'ਜੋਗਾ ਸਿੰਘ ਬਿਰਦੀ ਦਾ ਰਚਨਾ ਸੰਸਾਰ ਸੀ, ਜੋ 2018 ਵਿੱਚ ਰਿਲੀਜ਼ ਹੋਈ। ਫਿਰ 2019, ਫਰਵਰੀ ਵਿੱਚ 'ਬਿਰਹਾ ਅਤੇ ਪ੍ਰੇਮ-ਭਾਵ ਦਾ ਸਰਗੁਣ ਸਰੂਪ : ਮੀਰਾ ਬਾਈ ਰਿਲੀਜ਼ ਹੋਈ। ਇਸ ਪੁਸਤਕ ਦਾ ਹਿੰਦੀ ਅਨੁਵਾਦ ਜਲਦੀ ਹੀ ਛਪ ਰਿਹਾ ਹੈ, ਜਦਕਿ ਅੰਗਰੇਜ਼ੀ ਅਨੁਵਾਦ ਦਾ ਪ੍ਰਾੱਜੈਕਟ ਵੀ ਚੱਲ ਰਿਹਾ ਹੈ। ਇਸਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੁਸਤਕ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ : ਤਤਕਾਲੀ ਜੀਵਨ ਝਲਕ ਅਤੇ ਵਾਤਾਵਰਨ ਚੇਤਨਾ ਨਵੰਬਰ 2019 ਵਿੱਚ ਰਿਲੀਜ਼ ਹੋਈ। ਵੱਡ-ਆਕਾਰੀ ਇਸ ਪੁਸਤਕ ਦੀ 2000 ਕਾਪੀ ਦੀ ਛਪਾਈ ਦਾ ਸਾਰਾ ਖ਼ਰਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਅੰਤਰ-ਰਾਸ਼ਟਰੀ ਸੰਸਥਾ ''ਪੰਜਾਬੀ ਸੱਥ '' ਵਲੋਂ ਕੀਤਾ ਗਿਆ, ਜਿਸ ਵਿੱਚ ਡਾ. ਨਿਰਮਲ ਸਿੰਘ ਲਾਂਬੜਾ ਸਰਪ੍ਰਸਤ ਅਤੇ ਸ. ਮੋਤਾ ਸਿੰਘ ਸਰਾਏ (ਸਰਪ੍ਰਸਤ —ਵਿਦੇਸ਼ੀ ''ਪੰਜਾਬੀ ਸੱਥ '') ਜੀ ਦਾ ਵੱਡਾ ਸਹਿਯੋਗ ਸੀ। ਇਸ ਪੁਸਤਕ ਦੀ ਚਰਚਾ ਵਿਸ਼ਵ ਪੱਧਰ 'ਤੇ ਵਿਦੇਸ਼ਾਂ ਤੱਕ ਭਰਵੀਂ ਹੋਈ। ਡਾ. ਵਿਨੋਦ ਰਾਏ ਸ਼ਰਮਾ, ਮੁਖੀ -ਹਿੰਦੀ ਵਿਭਾਗ, ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ, ਫਗਵਾੜਾ ਇਸ ਪੁਸਤਕ ਦਾ ਹਿੰਦੀ ਵਿੱਚ ਅਨੁਵਾਦ ਕਰ ਰਹੇ ਹਨ। ਸਫਲ ਕਦਮੀ ਤੁਰਦਿਆਂ ਜਨਵਰੀ 2020 ਵਿੱਚ ਉਨਾਂ ਦੀ ਪੁਸਤਕ ''ਪ੍ਰੇਮ ਗ਼ੁਲਦਸਤਾ '' ਰਿਲੀਜ਼ ਹੋਈ, ਜਿਹੜੀ ਕਿ ਬੜੀ ਪਸੰਦ ਕੀਤੀ ਜਾ ਰਹੀ ਹੈ। ਅਗਲੀ ਪੁਸਤਕ ਦਾ ਖਰੜਾ ਤਿਆਰੀ ਅਧੀਨ ਹੈ।
ਤੁਸੀਂ ਕੀਤੀ ਪੀ-ਐੱਚ. ਡੀ. ਬਾਰੇ ਕੁਝ ਦੱਸੋਂਗੇ ਦਾ ਜੁਵਾਬ ਦਿੰਦਿਆਂ ਮੰਨਣ ਜੀ ਨੇ ਕਿਹਾ,'' ਅਗਸਤ 2019 ਵਿੱਚ ਮੈਨੂੰ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਫਗਵਾੜਾ ਵਲੋਂ ''ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਸਲੋਕ ਬਾਣੀ-ਰੂਪ : ਵਿਚਾਰਧਾਰਾਈ ਪਰਿਪੇਖ '' ਵਿਸ਼ੇ ਉੱਪਰ ਪੀ-ਐੱਚ. ਡੀ. ਡਿਗਰੀ ਐਵਾਰਡ ਹੋਈ। ਡਾ. ਅਵਤਾਰ ਸਿੰਘ ਜੀ ਬੈਨੀਪਾਲ ਮੇਰੇ ਸੁਪਰਵਾਈਜ਼ਰ ਰਹੇ ਹਨ। ਇਸ ਯੂਨੀਵਰਸਿਟੀ ਵਿੱਚ ਪੰਜਾਬੀ ਵਿਸ਼ੇ ਵਿੱਚ ਸਬਮਿਟ ਹੋਇਆ ਇਹ ਖੋਜ-ਕਾਰਜ (ਥੀਸਿਸ) ਸਭ ਤੋਂ ਪਹਿਲਾ ਸੀ। ਪ੍ਰੋ. ਮਨਜੀਤ ਸਿੰਘ ਜੀ, ਤਤਕਾਲੀ ਮੁਖੀ -ਪੰਜਾਬੀ ਵਿਭਾਗ ਦਿੱਲੀ ਯੂਨੀਵਰਸਿਟੀ, ਦਿੱਲੀ, ਜਿਨਾਂ ਨੇ ਮੇਰਾ ਵਾਈਵਾ (ਜ਼ੁਬਾਨੀ ਸੁਆਲ-ਜੁਆਬ, ਜੋ ਪੀ-ਐੱਚ. ਡੀ. ਡਿਗਰੀ ਐਵਾਰਡ ਹੋਣ ਹਿੱਤ ਯੋਗ ਹੋਣ ਲਈ ਬੇਹੱਦ ਅਹਿਮ ਅੰਗ ਹੁੰਦਾ ਹੈ) ਲਿਆ ਸੀ। ਵਾਈਵਾ ਲੈਣ ਤੋਂ ਉਪਰੰਤ ਸਾਰੇ ਪੈਨਲ (ਜਿਹੜੀ ਟੀਮ ਵਾਈਵਾ ਵਿੱਚ ਬੈਠੀ ਸੀ) ਵਲੋਂ ਜ਼ੋਰਦਾਰ ਤਾੜੀਆਂ ਦਰਮਿਆਨ ਮੈਨੂੰ 'ਡਿਗਰੀ ਵਿੱਦ ਡਿਸਟਿੰਕਸ਼ਨ '' (ਵਿਸ਼ੇਸ਼ਤਾ ਸਹਿਤ ਡਿਗਰੀ) ਹਿੱਤ ਰੈੱਕਮੈਂਡ ਕੀਤਾ ਸੀ।
ਸਾਹਿਤਕ ਕਾਰਜਾਂ ਵਿੱਚ ਆਪਣੀ ਧਰਮ-ਪਤਨੀ ਰੀਨਾ ਅਤੇ ਤਿੰਨੋਂ ਬੱਚਿਆਂ ਵਲੋਂ ਹਮੇਸ਼ਾ ਪੂਰਨ ਸਹਿਯੋਗ ਮਿਲਣ ਦੀ ਗੱਲ ਕਹਿਣ ਵਾਲੇ, ਸ. ਪ੍ਰਾ. ਸਕੂਲ, ਕੰਧਾਲਾ ਗੁਰੂ ਵਿਖੇ ਹੈਡ-ਟੀਚਰ ਦੀਆਂ ਸੇਵਾਵਾਂ ਨਿਭਾ ਰਹੇ ਡਾ. ਬਲਬੀਰ ਮੰਨਣ ਜੀ ਦੀਆਂ ਵੱਡਮੁੱਲੀਆਂ ਸਾਹਿਤਕ ਸੇਵਾਵਾਂ ਨੂੰ ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਕਰਦਾ ਹਾਂ, ਉਥੇ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਅਤੇ ਸ਼੍ਰੋਮਣੀ ਅਕਾਲੀ ਦੱਲ ਵਲੋਂ ਸ਼੍ਰੋਮਣੀ ਅਵਾਰਡ ਨਾਲ ਇਸ ਸਖ਼ਸ਼ੀਅਤ ਦੀ ਘਾਲਣਾ ਦੀ ਕਦਰ ਪਾਉਣ ਦੀ ਵੀ ਸਿਫਾਰਸ਼ ਕਰਦਾ ਹਾਂ। ਅਜਿਹਾ ਕਰਨ ਨਾਲ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦੱਲ ਦਾ ਸਿਰ ਉੱਚਾ ਹੀ ਹੋਵੇਗਾ।
-ਪ੍ਰੀਤਮ ਲੁਧਿਆਣਵੀ, ਚੰਡੀਗੜ, 98764-28641
ਸੰਪਰਕ : ਡਾ. ਬਲਵੀਰ ਮੰਨਣ, 9417345485

  https://amzn.to/2zwaFOZ

 

Have something to say? Post your comment