Friday, July 10, 2020
FOLLOW US ON

Article

ਕਵਿੱਤਰੀ ਤੇ ਕਹਾਣੀਕਾਰਾ : ਪਰਮਜੀਤ ਕੌਰ ਭੁਲਾਣਾ

May 29, 2020 05:03 PM

ਕਵਿੱਤਰੀ ਤੇ ਕਹਾਣੀਕਾਰਾ : ਪਰਮਜੀਤ ਕੌਰ ਭੁਲਾਣਾ


ਦੋਆਬੇ ਦੇ ਜਿਲਾ ਹੁਸ਼ਿਆਰਪੁਰ ਦੇ ਇਸਤ੍ਰੀ-ਵਰਗ ਦੀਆਂ ਕਲਮਾਂ ਦੀ ਗੱਲ ਕਰੀਏ ਤਾਂ ਇਸ ਜਿਲੇ ਨੇ ਸੁਖਦੇਵ ਕੌਰ ਚਮਕ, ਮਨਦੀਪ ਕੌਰ ਪ੍ਰੀਤ ਮੁਕੇਰੀਆਂ, ਜਸਪ੍ਰੀਤ ਕੌਰ ਸੰਘਾ, ਅੰਜੂ ਵ ਰੱਤੀ, ਸਤਵੰਤ ਕੌਰ ਕਲੋਟੀ, ਤ੍ਰਿਪਤਾ ਕੁਲਵੰਤ, ਸੁਰਜੀਤ ਕੌਰ ਭੋਗਪੁਰ, ਬਲਵਿੰਦਰ ਕੌਰ ਲਗਾਣਾ, ਜਸਵੀਰ ਕੌਰ ਜਿਆਣ, ਸਿਮਰਨਜੀਤ ਕੌਰ ਜੁਤਲਾ ਅਤੇ ਕਮਲਜੀਤ ਕੌਰ ਕੋਮਲ ਆਦਿ ਜਿਹੀਆਂ ਕਾਫੀ ਇਸਤ੍ਰੀ-ਵਰਗ 'ਚੋਂ ਕਲਮਾਂ ਸਾਹਿਤ-ਜਗਤ ਨੂੰ ਦਿੱਤੀਆਂ ਹਨ। ਇਸੇ ਹੀ ਕਤਾਰ ਵਿਚ, ਹੁਣ ਇਸਤ੍ਰੀ-ਵਰਗ ਦਾ ਇਕ ਹੋਰ ਨਾਂਓਂ ਆ ਖਲੋਇਆ ਹੈ-- ਪਰਮਜੀਤ ਕੌਰ ਭੁਲਾਣਾ। ਪੰਜਾਬੀ ਮਾਂ-ਬੋਲੀ ਵਿੱਚ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਲਿਖਣ ਦਾ ਸ਼ੌਕ ਪਾਲ ਰਹੀ ਪਰਮਜੀਤ ਨੇ ਦੱਸਿਆ ਕਿ ਉਸ ਦੇ ਜ਼ਿਹਨ 'ਚ ਕਲਮੀ ਬੀਜ਼ ਕੰਨਿਆ ਹਾਈ ਸਕੂਲ ਉੜਮੁੜ ਟਾਂਡਾ ਵਿਚ ਛੇਵੀਂ ਜਮਾਤ 'ਚ ਪੜਦਿਆਂ ਹੀ, ''ਗੁਲਾਬ ਦਾ ਫੁੱਲ '' ਕਵਿਤਾ ਲਿਖਣ 'ਤੇ ਪੁੰਗਰਨ ਲੱਗ ਗਏ ਸਨ। ਇਸ ਕਾਰਜ ਵਿਚ ਉਸ ਦੇ ਮਾਤਾ ਸ੍ਰੀਮਤੀ ਗੁਰਬਚਨ ਕੌਰ (ਹੈਡ-ਟੀਚਰ ਰਿਟਾ.) ਅਤੇ ਪਿਤਾ ਸ੍ਰ. ਮੋਹਣ ਸਿੰਘ ਭੁਲਾਣਾ, ਫੌਰੈਸਟ ਰੇਂਜਰ, (ਰਿਟਾ.) ਜੀ ਨੇ ਵੀ ਇਸ ਸ਼ੌਕ ਨੂੰ ਪੂਰਾ ਕਰਨ ਲਈ ਹਰ ਪੱਖੋਂ ਉਸ ਦਾ ਸਾਥ ਦਿੱਤਾ। ਸ. ਸੀ. ਸੈਕੰਡਰੀ ਸਕੂਲ, ਰੇਲਵੇ ਮੰਡੀ, ਹੁਸਿਆਰਪੁਰ ਵਿਚ 12-ਵੀਂ ਜਮਾਤ ਵਿੱਚ ਪੜਦਿਆਂ ਦੌਰਾਨ ਭਾਸ਼ਾ ਵਿਭਾਗ ਵਲੋਂ ਕਰਵਾਏ ਗਏ ਕਹਾਣੀ-ਮੁਕਾਬਲੇ ਵਿੱਚ ਉਸ ਦੀ ਕਹਾਣੀ, ''ਦਾਜ ਦੇ ਲਾਲਚੀਆਂ ਦੇ ਮੂੰਹ 'ਤੇ ਕਰਾਰੀ ਚੁਪੇੜ '' ਨੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਲੇਖ ਮੁਕਾਬਲੇ ਵਿੱਚ ਉਸ ਵਲੋਂ ਲਿਖੇ ਲੇਖ ਨੇ ਦੂਸਰਾ ਸਥਾਨ ਹਾਸਿਲ ਕੀਤਾ। ਸਰਕਾਰੀ ਕਾਲਿਜ, ਹੁਸ਼ਿਆਰਪੁਰ ਵਿੱਚ ਐਮ. ਏ. ਅਤੇ ਗੁਰੂ ਨਾਨਕ ਕਾਲਜ ਆਫ ਐਜ਼ੂਕਸ਼ਨ ਫਾਰ ਵੋਮੈਨ ਕਪੂਰਥਲਾ ਤੋਂ ਬੀ ਐੱਡ ਕਰਦੇ ਸਮੇਂ ਕਾਲਿਜ ਫੰਕਸ਼ਨਾਂ ਵਿੱਚ ਉਸ ਨੇ ਗਾਉਣ ਦਾ ਸ਼ੌਕ ਵੀ ਪੂਰਾ ਕੀਤਾ। ਬੀ. ਐੱਡ ਦੀ ਪੜਾਈ ਦੌਰਾਨ ਉਸ ਨੇ ਲੇਖ ਮੁਕਾਬਲੇ ਅਤੇ ਬਲੈਕ-ਬੋਰਡ ਰਾਈਟਿੰਗ ਤੇ ਸਕੈਚਿੰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
ਭੁਲਾਣਾ ਨੇ ਦੱਸਿਆ ਕਿ ਉਸ ਦੀਆਂ ਵੱਖ-ਵੱਖ ਸਮਾਜਿਕ ਵਿਸ਼ਿਆਂ 'ਤੇ ਲਿਖੀਆਂ ਰਚਨਾਵਾਂ ਪੰਜਾਬੀ ਜਾਗਰਣ, ਸਾਂਝਾ ਮੀਡੀਆ, ਸਾਂਝ, ਰਾਜ਼ਦਾਰ ਟਾਇਮਜ, ਦਾ ਟਾਈਮਜ਼ ਆਫ ਪੰਜਾਬ, ਆਸ਼ਿਆਨਾ, ਟਰੂ ਫੋਕਸ, ਮੁਕੇਰੀਆਂ ਟਾਈਮਜ ਅਤੇ ਜਲੰਧਰ ਦਰਪਣ ਆਦਿ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ। ਜਿੱਥੇ ਉਸ ਦੀਆਂ ਛਪੀਆਂ ਕਵਿਤਾਵਾਂ ਨੂੰ ਪਾਠਕਾਂ-ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਤੇ ਪਿਆਰ ਮਿਲਿਆ, ਉਥੇ ਉਸ ਦੀਆਂ ਮਿੰਨੀ ਕਹਾਣੀਆਂ ਵਿੱਚੋਂ ਉਸ ਦੀ ਮਿੰਨੀ ਕਹਾਣੀ, ''ਕੌੜੀ ਜਲੇਬੀ'' ਨੂੰ ਵੀ ਕਾਫੀ ਸਲਾਹਿਆ ਗਿਆ ਹੈ। ਇਸਤੋਂ ਇਲਾਵਾ ਸਾਬੀ ਈਸਪੁਰੀ ਜੀ, ਜੋ ਕਿ ਖੁਦ ਇਕ ਉਚ ਦਰਜੇ ਦੇ ਲਿਖਾਰੀ ਹਨ, ਦੀ ਮਹੀਨਾਵਾਰ ਬਾਲ-ਪੱਤ੍ਰਿਕਾ, ''ਤਨੀਸ਼ਾ '' ਵਿੱਚ ਵੀ ਪਰਮਜੀਤ ਦੀਆਂ ਬਾਲ-ਕਵਿਤਾਵਾਂ ਛਪਦੀਆਂ ਆ ਰਹੀਆਂ ਹਨ। ਗੱਲਬਾਤ ਦੌਰਾਨ ਭੁਲਾਣਾ ਨੇ ਕਿਹਾ, ''ਮੈਂ ਓਸ ਪ੍ਰਮਾਤਮਾ ਦੀ ਬਹੁਤ ਹੀ ਸ਼ੁਕਰਗੁਜਾਰ ਹਾਂ ਜਿਸਨੇ ਮੇਰੇ ਜਿਹੀ ਨਿਮਾਣੀ ਨੂੰ ਪੰਜਾਬੀ ਮਾਂ-ਬੋਲੀ ਰਾਹੀਂ ਆਪਣੇ ਦਿਲ ਦੇ ਜ਼ਜਬਾਤਾਂ ਨੂੰ ਦੁਨੀਆਂ ਸਾਹਮਣੇ ਰੱਖਣ ਦਾ ਮੌਕਾ ਦਿੱਤਾ। ਮੈਂ ਆਸ ਕਰਦੀ ਹਾਂ ਕਿ ਜਿਵੇਂ ਪਾਠਕ ਅੱਜ ਤੱਕ ਮੇਰੀ ਹਮੇਸ਼ਾਂ ਹੌਸਲਾ-ਅਫਜਾਈ ਕਰਦੇ ਆਏ ਹਨ ਇਵੇਂ ਹੀ ਉਹ ਅੱਗੇ ਵੀ ਮੇਰੀ ਹੌਸਲਾ-ਅਫਜਾਈ ਕਰਦੇ ਰਹਿਣਗੇ।'' ਉਸ ਅੱਗੇ ਕਿਹਾ, ''ਮੈਂ ਪੰਜਾਬੀ ਸਾਹਿਤ ਸਭਾ ਹੁਸ਼ਿਆਰਪੁਰ (ਰਜਿ.) ਨਾਲ ਜੁੜੀ ਹੋਈ ਹਾਂ। ਜਿਸ ਵਿੱਚ ਨਾਮਵਰ ਹਸਤੀਆਂ ਪਾਸੋਂ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ''
ਆਪਣੀ ਕਲਮ ਦੁਆਰਾ ਨਵੀਆਂ ਪੱਗਡੰਡੀਆਂ ਵਾਹੁੰਦੀ ਇਸ ਦੁਆਬਣ ਦੀ ਮਿਹਨਤ ਨੂੰ, ਅੰਬਾਂ ਦੇ ਬਾਗਾਂ ਜਿਹਾ ਭਰਵਾਂ ਬੂਰ ਪਵੇ ! ਓਸ ਅਕਾਲ-ਪੁਰਖ ਦੇ ਦਰ 'ਤੇ ਅਲਖ਼ ਜਗਾਉਂਦਾ ਹਾਂ, ਇਸ ਕਵਿੱਤਰੀ ਤੇ ਕਹਾਣੀਕਾਰਾ ਲਈ।
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641
ਸੰਪਰਕ : ਪਰਮਜੀਤ ਕੌਰ ਭੁਲਾਣਾ, 9877262705

Have something to say? Post your comment