Friday, July 10, 2020
FOLLOW US ON

Article

ਜਦੋਂ ਬੱਚੇ ਰੋਂਦੇ ਨੇ ਤਾਂ ਸੱਭ ਨੂੰ ਪਤਾ ਹੁੰਦਾ ਪਰ ਜਦੋਂ ਮਾਪੇ ਰੋਂਦੇ ਨੇ ਤਾਂ

May 30, 2020 05:10 PM

ਜਦੋਂ ਬੱਚੇ ਰੋਂਦੇ ਨੇ ਤਾਂ ਸੱਭ ਨੂੰ ਪਤਾ ਹੁੰਦਾ ਪਰ ਜਦੋਂ ਮਾਪੇ ਰੋਂਦੇ ਨੇ ਤਾਂ-------                           

 ਬਿਲਕੁੱਲ ਜੀ ਜਦੋਂ ਬੱਚੇ ਰੋਂਦੇ ਨੇ ਤਾਂ ਗਲੀ  ਅਤੇ ਆਂਢ ਗੁਆਂਢ ਨੂੰ ਪਤਾ ਹੁੰਦਾ ਹੈ ਕਿ ਬੱਚਾ ਰੋ ਰਿਹਾ ਹੈ।ਪਰ ਇਹ ਵੀ ਹਕੀਕਤ ਹੈ ਕਿ ਜਦੋਂ ਮਾਪੇ ਰੋਂਦੇ ਹਨ ਤਾਂ ਘਰ ਵਿੱਚ ਉਨ੍ਹਾਂ ਦੇ ਪੁੱਤਾਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਮਾਪੇ ਰੋ ਰਹੇ ਹਨ।ਜਿਸ ਪੁੱਤ ਨੂੰ ਚੁੱਪ ਕਰਵਾਉਣ ਲਈ ਮਾਂ ਮੋਢੇ ਲਾਕੇ ਰਾਤ ਭਰ ਤੁਰੀ ਫਿਰਦੀ ਸੀ,ਜਿਸ ਬਾਪ ਨੇ ਸਾਰੀ ਉਮਰ ਇਸ ਲਈ ਸਖਤ ਮਿਹਨਤ ਕੀਤੀ ਕਿ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇ ਸਕੇ,ਉਸ ਪੁੱਤ ਨੂੰ ਨਾ ਮਾਂ ਦੇ ਹੰਝੂ ਵਿਖਾਈ ਦਿੰਦੇ ਹਨ ਅਤੇ ਨਾ ਬਾਪ ਦੀ ਤਕਲੀਫ਼। ਜੇਕਰ ਹੋਰ ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਉਹ ਪ੍ਰਵਾਹ ਹੀ ਨਹੀਂ ਕਰਦੇ ਕਿ ਇੰਨਾ ਨੂੰ ਕਿਸੇ ਚੀਜ਼ ਦੀ ਜਰੂਰਤ ਹੈ ਜਾਂ ਇੰਨਾ ਨੂੰ ਕੋਈ ਦੁੱਖ ਤਕਲੀਫ਼ ਹੈ।ਮਾਪਿਆਂ ਲਈ ਵਰਤੇ ਜਾਂਦੇ ਲਫਜ਼ਾਂ ਨੂੰ ਨੂੰਹਾਂ ਤਾਂ ਕੀ ਪੁੱਤ ਵੀ ਨਹੀਂ ਵਿਚਾਰਦੇ।ਹਕੀਕਤ ਇਹ ਹੈ ਕਿ ਮਾਪੇ ਤਾਂ ਆਪਣੇ ਵੱਲੋਂ ਬਿਹਤਰ ਸਿਖਿਆ ਦੇਣ ਅਤੇ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੇ। ਪਰ ਉਹ ਪੁੱਤ ਜਦੋਂ ਮੋਟੀਆਂ ਤਨਖਾਹਾਂ ਅਤੇ ਚੰਗੀਆਂ ਨੌਕਰੀਆਂ ਤੇ ਲੱਗ ਜਾਂਦੇ ਹਨ ਤਾਂ ਮਾਪਿਆਂ ਦਾ ਰਹਿਣ ਸਹਿਣ ਹੀ ਠੀਕ ਨਹੀਂ ਲੱਗਦਾ।ਜਦੋਂ ਬੱਚੇ ਵਾਰ ਵਾਰ ਟੁੱਟਦੇ ਅਤੇ ਸਲੀਕਾ ਨਾ ਹੋਣ ਦੀ ਗੱਲ ਕਰਦੇ ਹਨ ਤਾਂ ਮਾਪੇ ਬੁਰੀ ਤਰ੍ਹਾਂ ਟੁੱਟ ਜਾਂਦੇ ਹਨ। ਜਵਾਬ ਦੇਣਾ ਚਾਹੁੰਦੇ ਹੋਏ ਵੀ ਚੁੱਪ ਰਹਿੰਦੇ ਹਨ।ਮਾਪੇ ਅੰਦਰ ਵੜਕੇ ਸੋਚਦੇ ਹਨ ਕਿ ਅਸੀਂ ਤਾਂ ਇਥੇ ਪਹੁੰਚਾਇਆ ਸੀ ਕਿ ਸਾਡਾ ਬੁਢਾਪਾ ਸੌਖਾ ਹੋਏਗਾ ਪਰ ਅਸੀਂ ਤਾਂ ਪਹਿਲਾਂ ਨਾਲੋਂ ਵਧੇਰੇ ਔਖੇ ਹੋ ਗਏ।ਬੜੀ ਹੈਰਾਨੀ ਦੀ ਗੱਲ ਹੈ ਕਿ ਬੱਚਾ ਕੁੱਝ ਮਿੰਟ ਕਮਰੇ ਤੋਂ ਬਾਹਰ ਨਾ ਆਏ ਤਾਂ ਮਾਪਿਆਂ ਦੇ ਭਾਅ ਦੀ ਬਣ ਜਾਂਦੀ ਹੈ। ਪਰ ਮਾਪੇ  ਕਮਰੇ ਤੋਂ ਬਾਹਰ ਆਉਣ ਤਾਂ ਬੱਚਿਆਂ ਦੇ ਭਾਅ ਦੀ ਬਣ ਜਾਂਦੀ ਹੈ।ਬੱਚੇ ਇਕ ਵਾਰ ਹਾਏ ਬੋਲਣ ਤਾਂ ਮਾਪੇ ਦਸ ਵਾਰ ਪੁੱਛਦੇ ਹਨ ਪਰ ਮਾਪੇ ਤਕਲੀਫ਼ ਨਾਲ ਹਾਏ ਹਾਏ ਕਹਿਣ ਤਾਂ ਫਾਲਤੂ ਦਾ ਸ਼ੋਰ ਲੱਗਦਾ ਹੈ।ਉਨ੍ਹਾਂ ਨੂੰ ਝਿੜਕ ਕੇ ਚੁੱਪ ਕਰਨ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਦੀ ਤਕਲੀਫ਼ ਬਾਰੇ ਤਾਂ ਗੱਲ ਹੀ ਨਹੀਂ ਕਰਦੇ। ਉਨ੍ਹਾਂ  ਨੂੰ ਮਾਪਿਆਂ ਦੇ ਹੰਝੂ ਵਿਖਾਈ ਹੀ ਨਹੀਂ ਦਿੰਦੇ। ਮਾਪੇ ਜਿੰਨਾ ਮਰਜ਼ੀ ਤੰਗ ਪ੍ਰੇਸ਼ਾਨ ਹੋਣ ਕਦੇ ਵੀ ਆਪਣੇ ਬੱਚਿਆਂ ਲਈ ਬੁਰਾ ਕਰਨਾ ਤਾਂ ਇੱਕ ਪਾਸੇ ਰਿਹਾ ਸੋਚ ਵੀ ਨਹੀਂ ਸਕਦੇ। ਮੁਨੱਵਰ ਰਾਣਾ ਨੇ  ਲਿਖਿਆ ਹੈ",ਲੋਂ ਪਰ ਉਸ ਕੇ,ਕਭੀ ਬਦ ਦੁਆ ਨਹੀਂ ਹੋਤੀ,ਬਸ ਏਕ ਮਾਂ ਹੈ,ਜੋ ਕਭੀ ਖਫਾ ਨਹੀਂ ਹੋਤੀ।"ਪਰ ਉਸ ਮਾਂ ਦੀ ਜੋ ਦੁਰਦਸ਼ਾ ਪੁੱਤ ਕਰਦੇ ਹਨ ਉਹ ਮਾਂ ਬਰਦਾਸ਼ਤ ਕਰਦੀ ਹੈ। ਉਹ ਬੋਲਦੀ ਨਹੀਂ,ਕੁੱਝ  ਕਹਿੰਦੀ ਨਹੀਂ ਕਿਉਂਕਿ ਉਸਨੂੰ ਸੁਣਨ ਵਾਲਾ ਕੋਈ ਨਹੀਂ। ਉਹ ਅੰਦਰ ਵੜ ਰੋਂਦੀ ਹੈ ਅਤੇ ਹੰਝੂ  ਵੀ ਆਪਣੇ ਆਪ ਪੂੰਝ ਲੈਂਦੀ ਹੈ। ਉਹ ਪੁੱਤ ਜਿਸਦੀ ਅੱਖ ਵਿੱਚ ਹੰਝੂ ਆਉਂਦੇ ਸੀ ਤਾਂ ਮਾਂ ਤੜਫਦੀ ਸੀ,ਉਸ ਪੁੱਤ ਨੂੰ ਮਾਂ ਦੇ ਹੰਝੂ ਵਿਖਾਈ ਹੀ ਨਹੀਂ ਦਿੰਦੇ।                                                                                                      ਮੈਨੂੰ ਬਹੁਤ ਦਿਨ ਪਹਿਲਾਂ ਇਕ ਫੋਨ ਆਇਆ ਮੈਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਉਨ੍ਹਾਂ ਨੇ ਇੰਨਾ ਸੰਭਾਲਿਆ ਪਰ ਦੁੱਖ ਇਸ ਗੱਲ ਦਾ ਸੀ ਕਿ ਉਨ੍ਹਾਂ ਨੇ ਜੋ ਦੁੱਖ ਮੈਨੂੰ ਦੱਸਿਆ,ਉਸਨੇ ਮੈਨੂੰ ਵੀ ਪ੍ਰੇਸ਼ਾਨ ਕਰ ਦਿੱਤਾ।ਸੱਤਰ ਸਾਲ ਦੀ ਰਿਟਾਇਰਡ ਅਧਿਆਪਕਾ ਨੂੰ ਉਸਦੇ ਨੂੰਹ ਪੁੱਤ ਪ੍ਰੇਸ਼ਾਨ ਕਰ ਰਹੇ ਹਨ। ਪੈਨਸ਼ਨ ਚਾਹੀਦੀ ਹੈ ਪਰ ਉਸ ਦਾ ਘਰ ਵਿੱਚ ਰਹਿਣਾ ਹਜ਼ਮ ਨਹੀਂ ਹੁੰਦਾ।ਅਸਲ ਵਿੱਚ ਦੋਵੇਂ ਪਤੀ ਪਤਨੀ ਹੀ ਰਿਟਾਇਰਡ ਅਧਿਆਪਕ ਹਨ।ਉਨ੍ਹਾਂ ਦੀ ਪੈਨਸ਼ਨ ਨਾਲ ਆਇਆ ਰਾਸ਼ਨ ਵੀ ਆਪਣੀ ਮਰਜ਼ੀ ਨਾਲ ਰਸੋਈ ਵਿੱਚ ਖਾ ਨਹੀਂ ਸਕਦੇ।ਬੜੀ ਹੈਰਾਨੀ ਹੋਈ ਸੁਣਕੇ ਕਿ ਉਨ੍ਹਾਂ ਦੇ ਨੂੰਹ ਪੁੱਤ ਉਨ੍ਹਾਂ ਨੂੰ ਵਿਹਲੜ ਦੱਸਦੇ ਹਨ।ਅਸਲ ਵਿੱਚ ਇਹ ਇਸ ਵਕਤ ਦਾ ਕੌੜਾ ਸੱਚ ਹੈ। ਜੇਕਰ ਮਾਪਿਆਂ ਦੀ ਘਰਾਂ ਵਿੱਚ ਦੁਰਦਸ਼ਾ ਨਾ ਹੁੰਦੀ ਹੋਵੇ ਅਤੇ ਮਾਪਿਆਂ ਨੂੰ ਨੂੰਹਾਂ ਪੁੱਤ ਫਾਲਤੂ ਨਾ ਸਮਝਦੇ ਹੋਣ ਤਾਂ ਬਿਰਧ ਆਸ਼ਰਮ ਇੰਨੇ ਬਣਦੇ ਹੀ ਨਾ।ਹਰ ਵਰਗ ਅਤੇ ਹਰ ਸ਼੍ਰੇਣੀ ਲਈ ਆਸ਼ਰਮ ਹਨ।ਪੰਜ ਤਾਰਾ ਹੋਟਲਾਂ ਵਰਗੇ ਵੀ ਹਨ।ਇਸਦਾ ਮਤਲਬ ਕੋਈ ਵੀ ਇਸ ਅੱਗ ਦੇ ਸੇਕ ਤੋਂ  ਬਚਦਾ ਵਿਖਾਈ ਨਹੀਂ ਦੇ ਰਿਹਾ। ਆਪਣਾ ਘਰ ਅਤੇ ਆਪਣੀ ਔਲਾਦ ਤੋਂ ਬਗੈਰ ਬੁਢਾਪਾ ਕੱਟਣਾ ਬੇਹੱਦ ਔਖਾ ਹੁੰਦਾ ਹੈ।ਪੁੱਤਾਂ ਨੂੰ ਆਪਣੇ ਤੋਂ ਵਧੇਰੇ ਤਰੱਕੀ ਦੀ ਰਾਹ ਪਾਉਣ ਵਾਲੇ ਮਾਪੇ ਹੀ ਹੁੰਦੇ ਹਨ।ਪਰ ਜਦੋਂ ਪੁੱਤ ਇਹ ਕਹਿਣ ਲੱਗਾ ਵੀ ਸ਼ਰਮ ਮਹਿਸੂਸ ਨਾ ਕਰੇ ਕਿ ਤੁਸੀਂ ਇਸ ਕਾਬਿਲ ਨਹੀਂ ਹੋ ਕਿ ਤੁਹਾਡੇ ਨਾਲ ਰਿਹਾ ਜਾਵੇ ਤਾਂ ਮਾਪਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਨੂੰ ਪੜ੍ਹਾ ਲਿਖਾ ਕੇ ਗਲਤੀ ਕੀਤੀ ਜਾਂ  ਸਿਆਣਪ।ਪਰ ਹਾਂ, ਮਾਪਿਆਂ ਨੂੰ ਦਰਦ ਬਹੁਤ ਹੁੰਦਾ ਹੈ। ਉਹ ਅੰਦਰ ਵੜ ਕਿੰਨਾ ਰੀਏ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਪੁੱਤਾਂ ਨੂੰ ਮਾਪਿਆਂ ਦਾ ਦਰਦ ਨਾਲ ਭਰਿਆ ਚਿਹਰਾ ਨਾ ਵਿਖਾਈ ਦਿੰਦਾ ਹੈ ਅਤੇ ਨਾ ਉਹ ਚਿਹਰਾ ਪੜ੍ਹਦੇ ਹਨ।ਪਰ ਮਾਪਿਆਂ ਦੀ ਬੇਇਜ਼ਤੀ ਕਰਨ ਲਈ ਉਹ ਮਾਪਿਆਂ ਦੇ ਹਾਵ ਭਾਵ ਪੜ੍ਹ ਲੈਂਦੇ ਹਨ।ਪੁੱਤਾਂ ਵਾਸਤੇ ਬਾਪ ਉਹ ਬੈਂਕ ਹੈ ਜਿਸ ਵਿੱਚ ਪੈਸੇ ਜਮਾਂ ਨਹੀਂ ਕਰਵਾਉਣੇ ਪਰ ਕੱਢਣ ਲਈ ਹਰ ਵਕਤ ਤਿਆਰ ਰਹਿੰਦੇ ਹਨ। ਮਾਂ ਦਾ ਕਰਜ਼ ਦੇਣਾ ਅਸੰਭਵ ਹੈ। ਮੁਨਸ਼ੀ ਪ੍ਰੇਮ ਚੰਦ  ਨੇ ਲਿਖਿਆ ਹੈ," ਮਾਂ ਦੀ ਕੁਰਬਾਨੀ ਦਾ ਮੁੱਲ ਕੋਈ ਵੀ ਨਹੀਂ  ਦੇ ਸਕਦਾ। ਚਾਹੇ ਉਹ ਸਾਰੀ ਧਰਤੀ ਦਾ ਮਾਲਕ ਕਿਉਂ ਨਾ ਹੋਵੇ। "ਹੈਰਾਨੀ ਹੁੰਦੀ ਹੈ ਕਿ ਉਸ ਮਾਂ ਦੀਆਂ ਸਿਸਕੀਆਂ ਹੀ ਸੁਣਾਈ ਨਹੀਂ ਦਿੰਦੀਆਂ।ਮਾਪਿਆਂ ਦੀਆਂ ਜ਼ਰੂਰਤਾਂ ਵੀ ਫਾਲਤੂ ਖਰਚਾ ਲੱਗਦਾ ਹੈ।ਉਨ੍ਹਾਂ ਦੀਆਂ ਦਵਾਈਆਂ ਵੀ ਤੇ ਖਰਚਿਆ ਪੈਸਾ ਵੀ ਬਰਬਾਦੀ ਲੱਗਦਾ ਹੈ। ਮਾਪੇ ਪੁੱਤਾਂ ਦੇ ਖਰਵੇ ਬੋਲਾਂ ਤੋਂ ਪ੍ਰੇਸ਼ਾਨ ਹੋ ਕੇ ਅੰਦਰ ਵੜ ਰੋਂਦੇ ਹਨ।ਸਿਰਫ਼ ਇਸ ਕਰਕੇ ਬਾਹਰ ਨਹੀਂ ਰੋਂਦੇ ਕਿ ਘਰ ਦੀ ਇੱਜ਼ਤ ਬਣੀ ਰਹੇ। ਪਰ ਨੂੰਹਾਂ ਪੁੱਤਾਂ ਨੂੰ ਲੱਗਦਾਹੈ ਕਿ ਇਨ੍ਹਾਂ ਨੂੰ ਸਮਝ ਨਹੀਂ ਜਾਂ ਸਾਡੇ ਤੋਂ ਡਰਦੇ ਹਨ। ਸਿਆਣੇ ਠੀਕ ਹੀ ਕਹਿੰਦੇ ਨੇ, "ਸਿਆਣਾ ਅੰਦਰ ਵੜੇ,ਮੂਰਖ ਕਹੇ ਮੈਥੋਂ ਡਰੇ।"ਜਦੋਂ ਮਾਪੇ ਅੰਦਰ ਵੜ ਵੜ ਰੋਂਦੇ ਨੇ ਤਾਂ ਅਸਲ ਵਿੱਚ ਇਹ ਨੂੰਹਾਂ ਪੁੱਤਾਂ ਦੀ ਹਾਰ ਹੁੰਦੀ ਹੈ। ਮਾਪੇ ਟੁੱਟ ਜਾਂਦੇ ਹਨ, ਉਨ੍ਹਾਂ ਦਾ ਬੁਢਾਪਾ ਪੁੱਤ ਰੋਲ ਦਿੰਦੇ ਹਨ। ਜਦੋਂ ਆਪਣੇ ਪੁੱਤ ਅੱਖਾਂ ਫੇਰ ਦ

 ਹਨ ਅਤੇ ਬੇਇਜ਼ਤ ਕਰਦੇ ਹਨ ਤਾਂ ਮਾਪਿਆਂ ਦਾ ਜਿਊਣਾ ਦੁੱਭਰ ਹੋ ਜਾਂਦਾ ਹੈ। ਅੱਜ ਇਹ ਵਧੇਰੇ ਘਰਾਂ ਦੀ ਕਹਾਣੀ  ਹੈ।ਮਾਪਿਆਂ ਦੇ ਕੋਲ ਜੋ ਕੁੱਝ ਵੀ ਹੈ ਸਾਰਾ ਉਨ੍ਹਾਂ ਨੂੰ ਮਾਪੇ ਦੇ ਦੇਣ ਅਤੇ ਫੇਰ ਧੱਕੇ ਖਾਣ ਜਿਥੇ ਮਰਜ਼ੀ। ਜਿਹੜੇ ਪੁੱਤ ਇਵੇਂ ਕਰਦੇ ਹਨ,ਉਨ੍ਹਾਂ ਤੋਂ ਮਾਪਿਆਂ ਨੂੰ ਕੋਈ ਆਸ ਨਹੀਂ ਰੱਖਣੀ ਚਾਹੀਦੀ। ਜਿਹੜੇ ਚੱਲਦੇ ਫਿਰਦੇ ਅਤੇ ਸਾਰੇ ਕੰਮ ਕਰਦਿਆਂ ਦੀ ਕਦਰ ਨਹੀਂ ਕਰਦੇ, ਉਨ੍ਹਾਂ ਨੂੰ ਬੋਝ ਸਮਝਦੇ ਹਨ,ਉਹ ਬੀਮਾਰੀ ਵਿੱਚ ਅਤੇ ਵਡੇਰੀ ਉਮਰ ਵਿੱਚ ਮਦਦ ਬਿਲਕੁੱਲ ਨਹੀਂ ਕਰਨਗੇ।ਸੀਨੀਅਰ ਸਿਟੀਜ਼ਨ ਐਕਟ ਤਾਂ ਬਣ ਗਿਆ ਪਰ ਵਧੇਰੇ ਕਰਕੇ ਮਾਪੇ ਸ਼ਰਮ ਦੇ ਮਾਰੇ ਉਥੇ  ਤੱਕ ਪਹੁੰਚਦੇ ਹੀ ਨਹੀਂ।ਬਹੁਤ ਵਾਰ ਫੈਸਲਾ ਹੋਣ ਤੇ ਵੀ ਮਾਪਿਆਂ ਦੀ ਸੁਣਵਾਈ ਨਹੀਂ  ਹੁੰਦੀ।ਅੱਜ ਪਰਿਵਾਰਾਂ ਅਤੇ ਸਮਾਜ ਦਾ ਜੋ ਬੁਰਾ ਹਾਲ ਹੈ ਉਸਦਾ ਕਾਰਨ ਇਹ ਵੀ ਹੈ ਕਿ ਮਾਪਿਆਂ ਦੀ ਗੱਲ ਪੁੱਤ ਸੁਣਦੇ ਹੀ ਨਹੀਂ। ਮਾਪੇ ਸਹਿਮ ਭਰੀ ਅਤੇ ਹੰਝੂਆਂ ਭਰੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ।ਬਹੁਤ ਔਖਾ ਹੈ ਆਪਣੀ ਔਲਾਦ ਦੇ ਨਾਲ ਰਹਿਣਾ,ਉਸ ਤੋਂ ਅਲੱਗ ਰਹਿਣਾ,ਉਸਨੂੰ ਛੱਡਣਾ ਜਾਂ ਫਿਰ ਹਰ ਰੋਜ਼ ਬੇਇਜ਼ਤੀ ਕਰਵਾਉਣਾ।ਕਿੰਨਾ ਸੱਚ ਹੈ, "ਦੁੱਧਾਂ
ਨਾਲ ਪੁੱਤ ਪਾਲਕੇ,ਮੁੜ ਪਾਣੀ ਨੂੰ ਤਰਸਦੀਆਂ ਮਾਵਾਂ।"ਜਿਹੜੇ ਪੁੱਤ ਨੂੰ ਠੋਕਰਾਂ ਲੱਗਣ ਤੇ ਮਾਂ ਦੌੜ ਕੇ ਚੁੱਕ ਦੀ ਸੀ,ਉਹ  ਪੁੱਤ ਮਾਂ ਨੂੰ ਖੇਡੇ ਮਾਰਦਾ ਹੈ। ਸਿਰਫ਼ ਮਾਪੇ ਹੀ ਹਨ ਜੋ ਹਰ ਦੁੱਖ ਵਿੱਚ ਪੁੱਤ ਦੀ ਢਾਲ ਬਣਕੇ ਖੜਕਦੇ ਹਨ।ਜਦੋਂ ਇਹ ਤੁਰ ਜਾਂਦੇ ਹਨ ਤਾਂ ਪਛਤਾਵਾ ਹੋਏਗਾ ਪਰ ਉਦੋਂ ਛਪਾਉਣ ਦਾ ਕੋਈ ਫਾਇਦਾ ਨਹੀਂ ਹੋਏਗਾ।ਯਾਦ ਰੱਖੋ, "ਜਦੋਂ ਤੁਰ ਜਾਣਗੇ ਮਾਪੇ ਤਾਂ ਇਕੱਲਾ ਬਹਿ ਬਹਿ ਰੋਏਂਗਾ,ਸਿਰਫ਼ ਮਾਪੇ ਸੀ ਜਿਹੜੇ ਹੰਝੂ ਪੂੰਝਣ,ਹੁਣ ਕੋਈ ਹੰਝੂ ਪੂੰਝਣ ਨਹੀਂ ਆਏਗਾ। "ਤੁਹਾਡੀਆਂ ਲੱਖਾਂ ਗਲਤੀਆਂ ਮਾਪਿਆਂ ਨੇ ਮੁਆਫ਼ ਕੀਤੀਆਂ,ਤੁਹਾਡੇ ਲਈ ਆਪਣੀਆਂ ਖਾਹਿਸ਼ਾਂ ਹੀ ਨਹੀਂ ਜ਼ਰੂਰਤਾਂ ਦਾ ਵੀ ਗਲਾ ਘੁੱਟ ਦਿੱਤਾ।ਲਾਹਨਤ ਹੈ ਐਸੀ ਔਲਾਦ ਦੇ ਜਿਹੜੀ ਆਪਣੇ ਮਾਪਿਆਂ ਨੂੰ ਰੋਟੀ ਨਹੀਂ ਦੇ ਸਕਦੀ,ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ ਅਤੇ ਮਾਪਿਆਂ ਨੂੰ ਰੋਣ ਲਈ ਮਜ਼ਬੂਰ ਕਰਦੀ ਹੈ।ਸੱਚ ਹੈ ਬੱਚੇ ਰੋਂਦੇ ਹਨ ਤਾਂ ਸੱਭ ਨੂੰ ਪਤਾ ਲੱਗਦਾ ਹੈ ਪਰ ਮਾਪੇ  ਰੋਂਦੇ ਨੇ ਤਾਂ ਸਿਰਫ਼ ਉਨ੍ਹਾਂ ਤੱਕ ਹੀ ਪਤਾ ਹੁੰਦਾ ਹੈ। ਪ੍ਰਭਜੋਤ ਕੌਰ ਢਿੱਲੋਂ ਮੁਹਾਲੀ 
 
Have something to say? Post your comment