Friday, July 10, 2020
FOLLOW US ON

Article

ਜਦੋਂ ਮਾਂ ਠੰਡੀ ਛਾਂ ਅਤੇ ਧੀ ਸ਼ਰਵਣ ਕੁਮਾਰ ਬਣੀ! /ਮੁਹੰਮਦ ਅੱਬਾਸ ਧਾਲੀਵਾਲ

May 31, 2020 05:07 PM
 
 
ਜਦੋਂ ਮਾਂ ਠੰਡੀ ਛਾਂ ਅਤੇ ਧੀ ਸ਼ਰਵਣ ਕੁਮਾਰ ਬਣੀ! /ਮੁਹੰਮਦ ਅੱਬਾਸ ਧਾਲੀਵਾਲ 
 
ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ। ਕਰੋਨਾ ਦੀ ਦਹਿਸ਼ਤ ਅੱਜ ਲੋਕਾਂ ਦੇ ਮਨਾਂ ਅੰਦਰ ਕਿਸ ਕਦਰ ਹਾਵੀ ਹੈ ਉਸ ਦਾ ਅੰਦਾਜ਼ਾ ਇਸੇ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਆਪਣੇ ਢਿੱਡੋਂ ਜੰਮੇ ਬੱਚੇ ਵੀ ਕਰੋਨਾ ਨਾਲ ਮਰੇ ਆਪਣੇ ਮਾਂ ਪਿਉ ਦੀਆਂ ਲਾਸ਼ਾਂ ਲੈਣ ਨੂੰ ਤਿਆਰ ਨਹੀਂ ਹਨ ਅਰਥਾਤ ਕਿ ਜੇ ਕੋਈ ਕਰੋਨਾ ਨਾਲ ਮਰਦਾ ਹੈ ਤਾਂ ਕਈ ਵਾਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਜਿਵੇਂ ਕਿ ਉਸ ਦੇ ਧੀਆਂ ਪੁੱਤਰ ਹੀ ਆਪਣੇ ਮਾਤਾ-ਪਿਤਾ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਸੰਸਕਾਰ ਦੀਆਂ ਤਮਾਮ ਜਿਮੈੰਵਾਰੀ ਪ੍ਰਸ਼ਾਸਨ ਆਲਿਆਂ ਤੇ ਸੁੱਟ ਦਿੰਦੇ ਹਨ। ਅਜੋਕੇ ਸਮਾਜ ਵਿੱਚ ਕਦਰਾਂ-ਕੀਮਤਾਂ ਕਿਸ ਕਦਰ ਖਤਮ ਹੋ ਰਹੀਆਂ ਹਨ ਇਸ ਅਹਿਸਾਸ ਇਨ੍ਹਾਂ ਖਬਰਾਂ ਤੋਂ ਵੀ ਹੁੰਦਾ ਹੈ ਕਿ ਕਿਤੇ ਕਿਸੇ ਸੋਸਾਇਟੀ ਵਾਲਿਆਂ ਨੇ ਕਰੋਨਾ ਨਾਲ ਮਰੇ ਵਿਅਕਤੀ ਨੂੰ ਦਫਨਾਉਣ ਤੋਂ ਮਨ੍ਹਾ ਕਰਦਿਆਂ ਕਬਰਿਸਤਾਨ ਨੂੰ ਜਿੰਦਰੇ ਮਾਰ ਦਿੱਤੇ ਅਤੇ ਕਿਸੇ ਥਾਂ ਸ਼ਮਸ਼ਾਨਘਾਟਾਂ ਨੂੰ ਬੰਦ ਕਰ ਦਿੱਤਾ ਗਿਆ। 
 
ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੇ ਚਲਦਿਆਂ ਦੇਸ਼ 'ਚ ਵੱਖ-ਵੱਖ ਥਾਈਂ ਵੱਡੀ ਗਿਣਤੀ ਵਿੱਚ ਲੋਕ ਫਸੇ ਹੋਣ ਦੇ ਸਮਾਚਾਰ ਸਾਹਮਣੇ ਆਉਂਦੇ ਹਨ । 
ਬੀਤੇ ਦਿਨੀਂ ਇਸੇ ਦੌਰਾਨ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਲੱਗਦਾ ਹੈ ਕਿ ਵਾਕਈ ਮਾਂ ਦੇ ਦਿਲ ਵਿਚ ਜੋ ਆਪਣੀ ਔਲਾਦ ਲਈ ਮਮਤਾ ਦਾ ਜਜ਼ਬਾ ਹੈ ਉਸ ਦਾ ਕੋਈ ਸਾਨੀ ਨਹੀਂ ਹੈ । ਦਰਅਸਲ 23 ਦੀ ਸ਼ਾਮ ਨੂੰ ਜਿਵੇਂ ਹੀ ਪ੍ਰਧਾਨ ਮੰਤਰੀ ਨੇ ਦੇਸ਼ ਅੰਦਰ ਲਾਕ-ਡਾਊਨ ਦਾ ਐਲਾਨ ਕੀਤਾ ਤਾਂ ਇੱਕ ਔਰਤ ਦਾ ਬੇਟਾ ਘਰ ਤੋਂ ਲੱਗਭੱਗ 700 ਕਿਲੋਮੀਟਰ ਦੀ ਦੂਰੀ 'ਤੇ ਫਸ ਗਿਆ। ਜਿਸ ਉਪਰੰਤ ਕੋਈ ਹੋਰ ਚਾਰਾ ਨਾ ਵੇਖਦਿਆਂ ਉਸ ਮਾਂ ਨੇ ਆਪਣੇ ਬੇਟੇ ਨੂੰ ਘਰ ਲਿਆਉਣ ਲਈ ਸਕੂਟੀ 'ਤੇ 1400 ਕਿਲੋਮੀਟਰ ਦਾ ਸਫਰ ਤੈਅ ਕੀਤਾ ਅਤੇ ਅਖੀਰ ਬੇਟੇ ਨੂੰ ਘਰ ਲਿਆਉਣ ਵਿਚ ਸਫਲ ਹੋਈ ।
ਇਹ ਸੱਚੀ ਕਹਾਣੀ ਹੈ ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ ਦੀ ਰਹਿਣ ਵਾਲੀ 48 ਸਾਲਾ ਵਿਧਵਾ ਔਰਤ ਰਜ਼ੀਆ ਬੇਗਮ ਦੀ। ਜਿਸ ਨੇ ਆਪਣੇ ਘਰ ਤੋਂ 700 ਕਿਲੋਮੀਟਰ ਦੂਰ ਨੈਲੌਰ ਦਾ ਆਪਣੀ ਸਕੂਟਰੀ ਤੇ ਸਫਰ ਤੈਅ ਕੀਤਾ। ਜਿੱਥੇ ਕਿ ਉਸ ਦਾ ਬੇਟਾ ਤਾਲਾਬੰਦੀ ਕਾਰਨ ਫਸ ਗਿਆ ਸੀ। 
 ਜਿਕਰਯੋਗ ਹੈ ਕਿ ਰਜ਼ੀਆ ਬੇਗਮ ਨਿਜ਼ਾਮਾਬਾਦ ਦੇ ਬੋਧਨ ਸ਼ਹਿਰ 'ਚ ਇੱਕ ਸਰਕਾਰੀ ਅਧਿਆਪਕਾ ਹੈ। ਉਹ ਆਪਣੇ ਬੇਟੇ ਨੂੰ ਲਿਆਉਣ ਲਈ ਸੋਮਵਾਰ 6 ਅਪ੍ਰੈਲ ਸਵੇਰੇ ਸਕੂਟੀ 'ਤੇ ਰਵਾਨਾ ਹੋਈ ਅਤੇ ਮੰਗਲਵਾਰ 7 ਅਪ੍ਰੈਲ ਦੁਪਹਿਰ ਨੂੰ ਆਂਧਰਾ ਪ੍ਰਦੇਸ਼ ਦੇ ਨੈਲੌਰ ਪਹੁੰਚ ਗਈ। ਜਿਥੋਂ ਉਸ ਨੇ ਆਪਣੇ 17 ਸਾਲਾ ਬੇਟੇ ਮੁਹੰਮਦ ਨਿਜ਼ਾਮੂਦੀਨ ਨੂੰ ਸਕੂਟਰੀ 'ਤੇ ਬਿਠਾਇਆ ਅਤੇ ਆਪਣੇ ਘਰ ਵਲ ਵਾਪਸੀ ਲਈ ਚਾਲੇ ਪਾ ਦਿੱਤੇ ਅਤੇ ਕਰੀਬ 700 ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਹੋਇਆਂ ਬੁੱਧਵਾਰ ਸ਼ਾਮ 8 ਅਪ੍ਰੈਲ ਨੂੰ ਆਪਣੇ ਘਰ ਸਹੀ ਸਲਾਮਤ ਪਹੁੰਚ ਗਈ । ਇਸ ਦੌਰਾਨ ਰਜ਼ੀਆ ਨੇ ਤਿੰਨ ਦਿਨਾਂ ਵਿੱਚ ਕੁੱਲ 1400 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
 
ਦਰਅਸਲ ਰਜੀਆ ਦਾ ਬੇਟਾ ਨੈਲੌਰ ਵਿਖੇ ਆਪਣੇ ਇਕ ਦੋਸਤ ਦੇ ਘਰ ਫਸਿਆ ਹੋਇਆ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ 
ਲਾਕਡਾਊਨ ਕਾਰਨ ਰਜੀਆ ਦੀ ਬੋਧਨ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ ਪੁਲਸ ਵੀ. ਜੈਪਾਲ ਰੈਡੀ ਨੇ ਇਸ ਅਸੰਭਵ ਕੰਮ ਵਿੱਚ ਮਦਦ ਕੀਤੀ। ਇਸ ਸਬੰਧੀ ਰਜ਼ੀਆ ਆਪਣੇ ਬੇਟੇ ਨੂੰ ਵਾਪਸ ਲਿਆਉਣ ਲਈ ਇੱਕ ਜਾਇਜ਼ ਕਾਰਨ ਦੱਸਿਆ ਅਤੇ ਉਨ੍ਹਾ ਤੋਂ ਪ੍ਰਵਾਨਗੀ ਮੰਗੀ । ਰਜ਼ੀਆ ਦੀ ਬੇਨਤੀ ਨੂੰ ਸੁਣਦਿਆਂ ਜੈਪਾਲ ਰੈਡੀ ਨੇ ਉਸ ਨੂੰ ਇਕ ਵਿਸ਼ੇਸ਼ ਪੱਤਰ ਜਾਰੀ ਕਰ ਦਿੱਤਾ । ਸਫਰ ਦੌਰਾਨ ਹਾਲਾਂਕਿ ਪੁਲਸ ਵੱਲੋਂ ਕਈ ਥਾਵਾਂ 'ਤੇ ਰਜ਼ੀਆ ਨੂੰ ਰੋਕਿਆ ਗਿਆ। ਪਰ ਏ ਸੀ ਪੀ ਦੁਆਰਾ ਦਿੱਤੇ ਗਏ ਵਿਸ਼ੇਸ਼ ਪਾਸ ਕਾਰਨ ਉਸ ਨੂੰ ਬਹੁਤੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਿਆ ਅਤੇ ਉਹ ਆਪਣੇ ਬੇਟੇ ਨੂੰ ਸੁਰੱਖਿਅਤ ਘਰ ਲਿਆਉਣ 'ਚ ਕਾਮਯਾਬ ਰਹੀ। ਇਥੇ ਇਹ ਵੀ ਦੱਸਣਯੋਗ ਹੈ ਕਿ ਰਜ਼ੀਆ ਦੇ ਪਤੀ ਦਾ 12 ਸਾਲ ਪਹਿਲਾਂ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੋ ਬੱਚੇ, ਇੱਕ ਬੇਟਾ ਅਤੇ ਇੱਕ ਬੇਟੀ ਹੈ। ਬੇਟਾ ਨਿਜ਼ਾਮੂਦੀਨ ਨੇ 2019 ਵਿੱਚ 12ਵੀਂ ਪਾਸ ਕਰ ਚੁੱਕਿਆ ਹੈ ਜੋ ਕਿ ਅੱਜ-ਕੱਲ੍ਹ ਹੈਦਰਾਬਾਦ ਵਿੱਚ ਮੈਡੀਕਲ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ਵਿੱਚ ਨਿਜ਼ਾਮੂਦੀਨ ਆਪਣੇ ਦੋਸਤ ਨਾਲ ਨੈਲੌਰ ਗਿਆ ਸੀ, ਜਿੱਥੇ ਉਸ ਦੇ ਦੋਸਤ ਦੇ ਪਿਤਾ ਕਿਸੇ ਬੀਮਾਰੀ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਸਨ। ਫਿਰ ਅਚਾਨਕ 23 ਮਾਰਚ ਨੂੰ ਲਾਕਡਾਊਨ ਹੋਣ ਦੀ ਘੋਸ਼ਣਾ ਹੋ ਜਾਂਦੀ ਹੈ ਅਤੇ ਉਹ ਆਪਣੇ ਦੋਸਤ ਦੇ ਘਰ ਹੀ ਫਸ ਜਾਂਦਾ ਹੈ । 
ਆਪਣੇ ਸਫਰ ਦੀ ਗੱਲ ਕਰਦਿਆਂ ਰਜ਼ੀਆ ਨੇ ਕਿਹਾ ਕਿ ਮੈਂ ਲਗਾਤਾਰ ਚਲਦੀ ਰਹੀ। ਮੈਨੂੰ ਆਪਣੇ ਬੇਟੇ ਨੂੰ ਵਾਪਸ ਲਿਆਉਣਾ ਸੀ, ਇਸ ਲਈ ਮੈਨੂੰ ਕਿਤੇ ਵੀ ਡਰ ਨਹੀਂ ਲੱਗਿਆ। ਕਈ ਥਾਵਾਂ 'ਤੇ ਪੁਲਸ ਵਾਲਿਆਂ ਨੇ ਮੈਨੂੰ ਰੋਕਿਆ ਵੀ, ਪਰ ਮੈਂ ਏ ਸੀ ਪੀ ਸਾਹਿਬ ਵੱਲੋਂ ਦਿੱਤੀ ਪਰਮਿਸ਼ਨ ਲੈਟਰ ਨੂੰ ਵਿਖਾ ਦਿੰਦੀ ਸੀ ਅਤੇ ਉਨ੍ਹਾਂ ਨੇ ਮੈਨੂੰ ਜਾਣ ਦਿੱਤਾ। ਮੈਂ ਨੈਲੌਰ 'ਚ ਇੱਕ ਦਿਨ ਵੀ ਨਹੀਂ ਰੁਕੀ ਅਤੇ ਤੁਰੰਤ ਹੀ ਵਾਪਸੀ ਲਈ ਨਿਕਲ ਪਈ। ਰਜੀਆ ਨੇ ਅੱਗੇ ਕਿਹਾ ਕਿ 'ਇੱਕ ਮਹਿਲਾ ਦੇ ਲਈ ਟੂ-ਵਹੀਲਰ ਦਾ ਸਫਰ ਆਸਾਨ ਨਹੀਂ ਸੀ, ਲੇਕਿਨ ਬੇਟੇ ਨੂੰ ਵਾਪਿਸ ਲਿਆਉਣ ਦੀ ਮੇਰੀ ਇੱਛਾਸ਼ਕਤੀ ਦੇ ਅੱਗੇ ਇਹ ਡਰ ਵੀ ਗਾਇਬ ਹੋ ਗਿਆ। ਮੈਂ ਰੋਟੀ ਪੈਕ ਕੀਤੀ ਅਤੇ ਸਫਰ ਤੇ ਨਿਕਲ ਪਈ। ਰਾਹ ਵਿੱਚ ਕੋਈ ਟ੍ਰੈਫਿਕ ਨਹੀਂ, ਸੜਕ ਤੇ ਕੋਈ ਲੋਕ ਨਹੀਂ, ਇਹ ਸੱਭ ਡਰਾਉੰਦਾ ਜਰੂਰ ਸੀ ਲੇਕਿਨ ਮੈਂ ਅੱਗੇ ਵਧਦੀ ਗਈ। "
ਰਜੀਆ ਦੀ ਉਕਤ ਦਲੇਰੀ ਦੀ ਕਹਾਣੀ ਅੱਜ ਜਿੱਥੇ ਸੋਸ਼ਲ ਮੀਡੀਆ ਤੇ ਖੂਬ ਚਰਚਾਵਾਂ ਵਿੱਚ ਹੈ ਉਥੇ ਹੀ ਪ੍ਰਿੰਟ ਮੀਡੀਆ ਵਿੱਚ ਵੀ ਰਜੀਆ ਦੇ ਉਕਤ ਸਫਰ ਦੀ ਗਾਥਾ ਨੂੰ ਲੱਗਭਗ ਹਰੇਕ ਅਖਬਾਰ ਨੇ ਪ੍ਰਮੁੱਖਤਾ ਨਾਲ ਛਾਪਿਆ ਹੈ। ਯਕੀਨਨ ਰਜੀਆ ਦੀ ਇਸ ਦਲੇਰੀ ਅਤੇ ਮਮਤਾ ਨੂੰ ਹਰ ਕੋਈ ਸਲੂਟ ਕਰਦਾ ਹੈ..! 
ਇਸੇ ਤਰ੍ਹਾਂ ਬਿਹਾਰ ਦੀ ਉਹ 13 ਸਾਲਾਂ ਦੀ ਲੜਕੀ ਵੀ ਅੱਜ ਖੂਬ ਚਰਚਾਵਾਂ ਵਿਚ ਹੈ ਜੋ ਆਪਣੇ ਅਪਾਹਜ ਪਿਓ ਨੂੰ 1200 ਸੌ ਰੁਪਏ ਦੀ ਖਰੀਦ ਕੇ ਪਿਛੇ ਬਿਠਾ ਕੇ ਗੁੜਗਾਓਂ ਤੋਂ ਆਪਣੇ ਦਰਬੰਗਾ ਵਾਲੇ ਘਰ ਵਿਖੇ ਲੈ ਕੇ ਗਈ ਹੈ ਸੋਸ਼ਲ ਮੀਡੀਆ ਤੇ ਅੱਜਕਲ ਇਸ ਕੁੜੀ ਨੂੰ ਵੀ ਲੋਕੀ ਸ਼ਰਵਣ ਦਾ ਖਿਤਾਬ ਦੇ ਰਹੇ ਹਨ ਅਤੇ ਇਸ ਦੇ ਹੌਸਲੇ ਨੂੰ ਖੂਬ ਸਲਾਮਾਂ ਪੇਸ਼ ਕਰ ਰਹੇ ਹਨ। 
 
ਪੇਸ਼ਕਸ਼ : ਮੁਹੰਮਦ ਅੱਬਾਸ ਧਾਲੀਵਾਲ 
ਮਾਲੇਰਕੋਟਲਾ। 
ਸੰਪਰਕ :9855259650
Have something to say? Post your comment