Friday, July 10, 2020
FOLLOW US ON

Article

ਕਲਾ ਨੂੰ ਹੀ ਇਬਾਦਤ ਮੰਨਣ ਵਾਲਾ ਗਾਇਕ ਤੇ ਪੈਡ-ਪਲੇਅਰ : ਰਿਆਜ਼ ਵਾਰਸੀ

May 31, 2020 05:09 PM

ਕਲਾ ਨੂੰ ਹੀ ਇਬਾਦਤ ਮੰਨਣ ਵਾਲਾ ਗਾਇਕ ਤੇ ਪੈਡ-ਪਲੇਅਰ : ਰਿਆਜ਼ ਵਾਰਸੀ


ਪੰਜਾਬੀ ਗਾਇਕੀ ਵਿੱਚ ਕਦਮ-ਕਦਮ 'ਤੇ ਨਵੇਂ ਚਿਹਰੇ ਅਤੇ ਨਵੀਂਆਂ ਅਵਾਜ਼ਾਂ ਦੇਖਣ-ਸੁਣਨ ਨੂੰ ਮਿਲਦੀਆਂ ਹਨ। ਪਰ ਸਾਉਣ ਦੇ ਛਰਾਟੇ ਵਾਂਗ ਜਲਦੀ ਹੀ ਅਲੋਪ ਵੀ ਹੋ ਜਾਂਦੀਆਂ ਹਨ। ਦੂਜੀ ਬਾਰ ਮਾਈ ਦਾ ਲਾਲ ਉਹੀ ਨਜ਼ਰੀ ਆਉਂਦਾ ਹੈ, ਜਿਸ ਨੇ ਇਸ ਖੇਤਰ ਵਿਚ ਪੱਕੇ ਪੈਰੀਂ ਮੈਦਾਨ ਵਿਚ ਨਿਕਲਣਾ ਹੋਵੇ। ਇਸ ਕੈਟਾਗਰੀ ਦੇ ਲੋਕ ਕਲਾ ਨੂੰ ਸ਼ੌਕ, ਰੀਝ ਨਾਲ ਪਾਲ਼ਦਿਆਂ ਦਿਨ ਰਾਤ ਇਕ ਕਰ ਦਿੰਦੇ ਹਨ, ਮਿਹਨਤ ਭਰੀ ਤਪੱਸਿਆ ਕਰਦੇ ਹੋਏ। ਸਵੇਰੇ ਤੜਕੇ ਇਕ ਪਾਸੇ ਮੁਰਗੇ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਦੂਜੇ ਪਾਸੇ ਗਾਇਕੀ ਕਲਾ ਦੇ ਪੁਜਾਰੀ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ। ਘੰਟਿਆਂ ਬੱਧੀ ਬਾਂਗਾਂ ਦਿੰਦੇ ਗਲ਼ੇ ਦੀਆਂ ਗਰਾਰੀਆਂ ਮਾਰਦੇ, ਗਲ਼ੇ ਦੀਆਂ ਹਰਕਤਾ ਕਰਦੇ ਲਾ ਦਿੰਦੇ ਹਨ, ਜਿਸ ਵਿਚੋਂ ਜਿੱਥੇ ਉਨਾਂ ਦੀ ਅਵਾਜ਼ ਵਿਚ ਸੁਰੀਲਾ-ਪਨ ਅਤੇ ਮਿਠਾਸ ਪੇਦਾ ਹੁੰਦੀ ਹੈ, ਉਥੇ ਗਾਉਣ ਦੀ ਸਮਰੱਥਾ ਵੀ ਬਣਦੀ ਹੈ ਅਤੇ ਦਿਨ-ਪਰ-ਦਿਨ ਨਿਖਾਰ ਵੀ ਆਉਂਦਾ ਹੈ, ਉਨਾਂ ਦੀ ਕਲਾ ਵਿਚ। ਉਹ ਹੀ ਕਲਾਕਾਰ ਸਰੋਤਿਆਂ ਨੂੰ ਕੀਲ ਕੇ ਬਿਠਾ ਸਕਦਾ ਹੈ, ਜਿਸ ਨੇ ਉਸਤਾਦਾਂ ਦੀਆਂ ਮਾਰਾਂ ਖਾਂਦਿਆਂ ਉਨਾਂ ਵੱਲੋਂ ਸੰਗੀਤ ਅਤੇ ਗਾਇਕੀ ਦੀਆਂ ਬਰੀਕੀਆਂ ਦੇ ਗੁਰ ਸਿੱਖੇ ਹੋਏ ਹੋਣ। ਅਜਿਹੇ ਸੰਘਰਸ਼ ਦੀ ਦਲਦਲ ਵਿਚੋਂ ਨਿਕਲਿਆ ਇਕ ਤਪੱਸਵੀ ਗਾਇਕ ਹੈ- ਰਿਆਜ਼ ਵਾਰਸੀ।
ਜਿਲਾ ਲੁਧਿਆਣਾ ਦੇ ਪਿੰਡ- ਢੰਡਾਰੀ ਕਲਾਂ ਵਿਖੇ ਪਿਤਾ ਮਹਿਮੂਦ ਵਾਰਸੀ ਦੇ ਘਰ ਮਾਤਾ ਸਲਮਾ ਬੇਗਮ ਦੀ ਪਾਕਿ ਕੁੱਖੋਂ ਪੈਦਾ ਹੋਇਆ ਰਿਆਜ਼ ਦੱਸਦਾ ਹੈ ਕਿ ਉਸ ਨੂੰ ਸਟੇਜ ਤੇ ਖੜੇ ਹੋਣ ਦੀ ਅਤੇ ਗਾਇਕੀ ਦੀ ਗੁੜਤੀ ਪਰਿਵਾਰਕ ਮਹੌਲ ਵਿਚ ਸਹਿਜ-ਸੁਭਾਅ ਵਿਰਸੇ ਵਿਚ ਹੀ ਆਪਣੇ ਪਿਤਾ ਵੱਲੋਂ ਮਿਲੀ ਹੈ। ਇਸੇ ਹੀ ਖੇਤਰ ਨੂੰ ਪੱਕੇ ਤੌਰ ਤੇ ਅਪਨਾਉਣ ਦੇ ਇਰਾਦੇ ਨਾਲ ਉਸ ਨੇ ਮਿਊਜ਼ਿਕ ਦੀ ਬੀ. ਏ. ਕੀਤੀ। ਜਦੋਂ ਉਹ ਕੁਝ ਕਰਨ ਯੋਗ ਹੋ ਗਿਆ ਤਾਂ ਸਟੇਜਾਂ ਵੱਲ ਨੂੰ ਨਿਕਲ ਤੁਰਿਆ। ਉਸ ਨੇ ਹਰ ਤਰਾਂ ਦੀਆਂ ਸਟੇਜਾਂ ਸਾਂਝੀਆਂ ਕੀਤੀਆਂ ਹਨ, ਜਿੱਥੋਂ ਉਸ ਨੂੰ ਸਰੋਤਿਆਂ ਵੱਲੋਂ ਖੂਬ ਪਿਆਰ ਮਿਲਿਆ। ਰਿਆਜ਼ ਅੱਗੇ ਦੱਸਦਾ ਹੈ ਕਿ ਉਸ ਦਾ ਛੋਟਾ ਭਰਾ ਨੁਸਰਤ ਵਾਰਸੀ ਵੀ ਉਸ ਨਾਲ ਪ੍ਰੋਗਰਾਮਾਂ ਦੌਰਾਨ ਉਸ ਦਾ ਗਾਇਕੀ ਵਿੱਚ ਸਾਥ ਨਿਭਾਉਂਦਾ ਹੈ। ਮਿਊਜ਼ਿਕ ਲਾਈਨ ਵਿੱਚ ਉਹ ਦੋਨੋਂ ਭਰਾ, ''ਵਾਰਸੀ-ਬ੍ਰਦਰਜ਼ '' ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ। ਜਦੋਂ ਦੋਵੇ ਭਰਾ ਇਕੱਠੇ ਸਟੇਜ ਤੇ ਚੜਦੇ ਹਨ ਤਾਂ ਛਾੱ ਜਾਂਦੇ ਹਨ, ਮੱਲੋ-ਮੱਲੀ ਦਰਸ਼ਕਾਂ-ਸਰੋਤਿਆਂ ਦੇ ਦਿਲਾਂ ਉਤੇ। ਹੁਣ ਬਹੁਤ ਜਲਦੀ ਹੀ ਉਨਾਂ ਦਾ ਸੁਰੀਲੀ ਅਤੇ ਦਮਦਾਰ ਅਵਾਜ਼ ਵਿਚ ਸਿੰਗਲ ਟਰੈਕ ਵੀ ਰਿਲੀਜ਼ ਹੋਣ ਵਾਲਾ ਹੈ, ਜਿਸ ਦੀ ਪੂਰੀ ਤਿਆਰੀ ਖ਼ੂਬ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ।
ਰਿਆਜ਼ ਸਿਰਫ ਗਾਇਕੀ ਤੱਕ ਹੀ ਸੀਮਿਤ ਨਹੀ, ਗਾਇਕੀ ਦੇ ਨਾਲ-ਨਾਲ ਪੈਡ ਪਲੇਅ ਕਰਨ ਵਿਚ ਵੀ ਉਸ ਨੂੰ ਪੂਰਨ ਨਿਪੁੰਨਤਾ ਹਾਸਲ ਹੈ। ਜਦੋਂ ਉਸ ਦਾ ਕਿੱਧਰੇ ਗਾਇਕੀ ਦਾ ਪ੍ਰੋਗਰਾਮ ਨਹੀ ਹੁੰਦਾ ਤਾਂ ਉਹ ਦੂਸਰੇ ਕਲਾਕਾਰਾਂ ਨਾਲ ਸਾਜਿੰਦਿਆਂ ਵਿਚ ਰਲ਼ ਕੇ ਪੈਡ ਪਲੇਅ ਕਰਨ ਚਲੇ ਜਾਂਦਾ ਹੈ। ਉਥੇ ਮੌਕਾ ਮਿਲਦਾ ਹੈ ਤਾਂ ਖ਼ੁਦ ਵੀ ਗਾਇਕੀ ਦੀ ਹਾਜ਼ਰੀ ਲਗਵਾ ਲੈਂਦਾ ਹੈ। ਉਹ ਸ਼ੁਕਰ-ਗੁਜ਼ਾਰ ਹੈ ਉਪਰ ਵਾਲੇ ਓਸ ਲਲਾਰੀ ਦਾ, ਜਿਸ ਨੇ ਉਸ ਨੂੰ ਅਨਮੋਲ ਕਲਾਵਾਂ ਦੇ ਸ਼ਾਨਦਾਰ ਰੰਗੀਨ ਰੰਗਾਂ ਵਿਚ ਰੰਗ ਰੱਖਿਆ ਹੈ। ਇਹ ਉਸ ਦੀਆਂ ਕਲਾਵਾਂ ਦੇ ਰੰਗਾਂ ਦਾ ਹੀ ਸਦਕਾ ਹੈ ਕਿ ਰਿਆਜ਼ ਨੂੰ ਕਈ ਸੱਭਿਆਚਾਰਕ ਕਲੱਬਾਂ, ਮੰਚਾ ਅਤੇ ਸਭਾਵਾਂ ਵੱਲੋਂ ਮਾਣ-ਸਨਮਾਨ ਪ੍ਰਾਪਤ ਹੋ ਚੁੱਕੇ ਹਨ, ਜਿਨਾਂ ਨਾਲ ਉਹ ਆਪਣੇ ਘਰ ਨੂੰ ਸ਼ਿੰਗਾਰੀ ਬੈਠਾ ਹੈ।
ਗਾਇਕੀ ਨੂੰ ਹੀ ਇਬਾਦਤ ਮੰਨਣ ਵਾਲੀ ''ਰਿਆਜ਼-ਬ੍ਰਦਰਜ਼ '' ਨਾਂਓਂ ਦੀ ਇਸ ਖੂਬਸੂਰਤ ਜੋੜੀ ਲਈ ਮਹਿਕਾਂ ਤੇ ਖ਼ੁਸ਼ਬੂਆਂ ਵੰਡਦੀ ਉਹ ਸੱਜ਼ਰੀ ਸਵੇਰ ਆਉਣ ਵਿਚ ਹੁਣ ਜ਼ਿਆਦਾ ਦੇਰ ਨਹੀ, ਜਦੋਂ ਇਸ ਜੋੜੀ ਦਾ ਨਾਂਓਂ ਹਰ ਪੰਜਾਬੀ ਕਲਾ-ਪ੍ਰੇਮੀ ਦੇ ਬੁੱਲਾਂ ਉਤੇ ਤੋਤੇ ਵਾਂਗ ਰਟਿਆ ਹੋਵੇਗਾ। ਉਨਾਂ ਨੂੰ ਸੁਣਨ ਵਾਸਤੇ ਕਲਾ-ਪ੍ਰੇਮੀਆਂ ਦੇ ਦਿਲ ਧੱਕ-ਧੱਕ ਕਰਦੇ ਧੜਕਣਗੇ।
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641

Have something to say? Post your comment