Friday, July 10, 2020
FOLLOW US ON

Poem

ਮੇਰੀ ਪਾਲਣਹਾਰੀ/ਅਮਰਦੀਪ ਕੌਰ ਲੱਕੀ

June 10, 2020 11:05 AM


ਮੇਰੀ ਪਾਲਣਹਾਰੀ/ਅਮਰਦੀਪ ਕੌਰ ਲੱਕੀ,

ਮੋਈ ਮਾਂ ਦੀ ਚਾਦਰ ਖਿੱਚ ਕੇ
ਬੱਚਾ ਪਿਆ ਜਗਾਵੇ।
ਗੱਲਾਂ ਕਰਦਾ ਮਾਂ ਦੇ ਨਾਲ,
ਪੋਲ ਉਹ ਖੋਲੀ ਜਾਵੇ।
ਸੌਇਆ ਪ੍ਰਸ਼ਾਸਨ, ਸੌਈ ਸਰਕਾਰ,
ਸੌ ਗਈ ਦੁਨੀਆਂ ਸਾਰੀ।
ਕਦੋਂ ਤੀਕ ਤੂੰ ਸੁੱਤੀਂ ਰਹੇਂਗੀ,
ਏ ਮੇਰੀ ਪਾਲਣਹਾਰੀ।

ਚੱਲ ਉੱਠ, ਉੱਠ ਕੇ ਰੋਟੀ ਲੱਭੀਏ,
ਭੁੱਖ ਲੱਗੀ ਹੈ ਡਾਹਢੀ।
ਸੜਕਾਂ, ਟੇਸ਼ਨ, ਮੰਦਰ ਭੰਵੀਏ,
ਕੋਈ ਤਾਂ ਸੁਣ ਲਊ ਸਾਡੀ।
ਜਾਂ ਫਿਰ ਆ ਕੂੜੇ ਨੂੰ ਫੋਲ ਕੇ,
ਕੋਈ ਲੱਭ ਲਈਏ ਤਰਕਾਰੀ।
ਕਦੋਂ ਤੀਕ ਤੂੰ . . . . ।
ਵੇਖ ਕਿਵੇਂ ਆਹ ਕੈਮਰੇ ਵਾਲੇ,
ਫੋਟੂਆਂ ਲਾਈ ਜਾਂਦੇ।
ਸੁੱਤੀ ਪਈ ਦੀ ਵੇਖ ਤੇਰੀ,
ਵੀਡੀਓ ਬਣਾਈ ਜਾਂਦੇ।
ਆ ਉੱਠ ਝੂਠਾ ਜਿਹਾ ਮੁਸਕਾ,
ਮੁਸਕਾਂਦੀ ਲੱਗੇਂ ਪਿਆਰੀ।
ਕਦੋਂ ਤੀਕ ਤੂੰ . . . . ।
ਆ ਲੱਭੀਏ ਕੋਈ ਰਾਹਗੀਰ,
ਖਾਂਦਾ-ਪੀਂਦਾ ਆਉਂਦਾ।
ਅੱਧਾ ਖਾ ਕੇ ਅੱਧਾ ਸੜਕ ਤੇ
ਸੁੱਟ ਕੇ ਮਾਰ ਵਘਾਉਂਦਾ।
ਆ ਫਿਰ ਜੂਠਾ-ਮੂਠਾ ਖਾਈਏ,
ਕਾਹਦੀ ਏ ਸ਼ਰਮਸਾਰੀ।
ਕਦੋਂ ਤੀਕ ਤੂੰ . . . . ।
ਵਿਕਾਸਸ਼ੀਲ ਭਾਰਤ ਦੇਸ਼ ਚ,
ਤੂੰ ਭੁੱਖਣ-ਭਾਣੀ ਸੋਈ।
ਵਿਕਾਸ ਵੇਖ ਕੇ ਹੱਸੀ ਜਾਂਦਾ,
ਤਰੱਕੀ ਲੁਕ ਕੇ ਰੋਈ।
ਆ ਲੱਕੀ ਮਨੁੱਖਤਾ ਦੇ ਮੂੰਹ ਤੇ,
ਮਾਰੀਏ ਸੱਟ ਕਰਾਰੀ।
ਕਦੋਂ ਤੀਕ ਤੂੰ ਸੁੱਤੀਂ ਰਹੇਂਗੀ,
ਏ ਮੇਰੀ ਪਾਲਣਹਾਰੀ।
ਅਮਰਦੀਪ ਕੌਰ ਲੱਕੀ, ਲੁਧਿਆਣਾ, 9876428641

Have something to say? Post your comment