Friday, July 10, 2020
FOLLOW US ON

Poem

ਵੇਖ ਹਨੇਰੇ ਰਸਤੇ ਨੂੰ/ਅਮਰਦੀਪ ਕੌਰ ਲੱਕੀ,

June 15, 2020 06:19 PM

ਵੇਖ ਹਨੇਰੇ ਰਸਤੇ ਨੂੰ/ਅਮਰਦੀਪ ਕੌਰ ਲੱਕੀ, 

ਵੇਖ ਹਨੇਰੇ ਰਸਤੇ ਨੂੰ, ਐਵੇਂ ਨਹੀਂ ਘਬਰਾਈ ਦਾ।
ਲੈ ਕੇ ਦੀਵਾ ਆਸਾਂ ਦਾ, ਸਿੱਧਾ ਤੁਰਦਾ ਜਾਈ ਦਾ।

ਪੱਥਰ ਰੋਕਣਗੇ ਰਾਹ ਤੇਰਾ, ਵੇਖੀਂ ਨਾ ਬਹਿ ਜਾਵੀਂ,
ਮੰਜ਼ਲ ਨੂੰ ਚੇਤੇ ਰੱਖ, ਪਹਾੜਾਂ ਨਾਲ ਵੀ ਖਹਿ ਜਾਵੀਂ।

ਕੁਝ ਤਿੱਖੇ ਮੋੜ ਵੀ ਆਵਣਗੇ, ਹੌਂਸਲਾ ਤੂੰ ਛੱਡੀਂ ਨਾ,
ਸਮਝ-ਬੂਝ ਨਾਲ ਲੰਘ ਜਾਵੀਂ, ਮੰਦਾ ਬੋਲ ਕੱਢੀਂ ਨਾ।

ਰਾਹ ਭਟਕਾਉਣ ਤੇਰਾ, ਕੁਝ ਅਜਨਬੀ ਵੀ ਆਵਣਗੇ,
ਦੋਸਤ ਬਣਾ ਕੇ ਤੈਨੂੰ, ਸਭ ਲੁੱਟ-ਪੁੱਟ ਕੇ ਲੈ ਜਾਵਣਗੇ।

ਐਵੇਂ ਨਾ ਸੁਹਣਾ ਮੁਖੜਾ ਵੇਖ, ਯਾਰੀ ਕਿਤੇ ਲਾ ਬੈਠੀਂ,
ਸੰਭਾਲ ਰੱਖੀਂ ਦਿਲ, ਨਾ ਆਪਣਾ ਆਪ ਗੁਆ ਬੈਠੀਂ।

ਫਰਜ਼, ਕਰਜ਼ ਯਾਦ ਰੱਖੀਂ, ਡੋਲੇਗਾ ਨਹੀਂ ਚਿੱਤ ਤੇਰਾ,
ਤੇਰਾ ਹੀ ਸਾਇਆ ਹੋਵੇਗਾ, ਸਭ ਤੋਂ ਵੱਡਾ ਮਿੱਤ ਤੇਰਾ।

ਮਿਲੇਗੀ ਮੰਜ਼ਲ ਜਦ ਵੀ, ਪਰਚਮ ਤੂੰ ਲਹਿਰਾ ਦੇਵੀਂ,
ਸੱਚ ਤੇ ਈਮਾਨਦਾਰੀ ਉੱਤੇ, ਪੂਰੀ ਤਰਾਂ ਪਹਿਰਾ ਦੇਵੀਂ।

ਬਣ ਜਾਈਂ ਮਿਸਾਲ, ''ਲੱਕੀ, ਤੂੰ ਉਨਾਂ ਇਨਸਾਨਾਂ ਲਈ,
ਝੂਠ ਦਾ ਪੱਲਾ ਫੜ, ਜੀ ਰਹੇ ਜੋ ਫੋਕੀਆਂ ਸ਼ਾਨਾਂ ਲਈ।

ਅਮਰਦੀਪ ਕੌਰ ਲੱਕੀ, ਲੁਧਿਆਣਾ, 9876428641

Have something to say? Post your comment