Friday, July 10, 2020
FOLLOW US ON

Poem

ਕਰੋਨਾ ਕਹਿਰ/ਜਸਵੀਰ ਸ਼ਰਮਾਂ ਦੱਦਾਹੂਰ

June 15, 2020 06:23 PM
ਕਰੋਨਾ ਕਹਿਰ/ਜਸਵੀਰ ਸ਼ਰਮਾਂ ਦੱਦਾਹੂਰ


ਤੇਰੇ ਰੰਗਾਂ ਦਾ   ਅੰਤ ਨਾ  ਪਾਇਆ   ਮਾਲਿਕਾ।
ਐਸਾ ਜਲਵਾ ਤੂੰ ਲੋਕਾਂ ਨੂੰ ਵਿਖਾਇਆ ਮਾਲਿਕਾਂ।
ਸੰਭਲਣ ਨਾ ਦਿੱਤਾ ਤੂੰ ਸਾਰੀ ਹੀ ਲੋਕਾਈ ਤਾਈਂ,
ਐਸਾ ਕਰੋਨਾ ਦਾ ਕਹਿਰ ਵਰਤਾਇਆ ਮਾਲਿਕਾ
 ਦਿੱਤੀ ਜੋ ਤਾਕਤ ਓਹਨੂੰ ਆਪੇ ਮਿਲਾਇਆ ਮਿੱਟੀ,
ਆਪਣੀ ਹੋਂਦ ਵਾਲਾ ਅਹਿਸਾਸ ਕਰਾਇਆ ਮਾਲਿਕਾ।
ਘਰਾਂ ਵਿੱਚ ਰਹਿਣ ਦਾ ਸਮਾਂ ਨਹੀਂ ਸੀ ਜਿਨ੍ਹਾਂ ਕੋਲ,
ਤੂੰ ਤਾਂ ਘਰ ਵਿਚ ਓਨਾਂ ਨੂੰ ਬਿਠਾਇਆ ਮਾਲਿਕਾ।
ਅੱਡੋ ਅੱਡ ਰਹੋ ਤੇ ਨੇੜੇ ਵੀ ਨਹੀਂ ਹੋਣਾ ਕਦੇ,
ਐਸਾ ਸਬਕ਼ ਤੂੰ ਸੱਭ ਨੂੰ ਪੜ੍ਹਾਇਆ ਮਾਲਿਕਾ।
ਜੋ ਕਰਦੇ ਸੀ ਸੁਬ੍ਹਾ ਤੇ ਸ਼ਾਮ ਨੂੰ ਸੀ ਖਾਂਦੇ ਓਹੋ,
ਓਨਾਂ ਉੱਤੇ ਨਾ ਤੂੰ ਤਰਸ ਕਮਾਇਆ ਮਾਲਿਕਾ।
ਬੂਹੇ ਖੜ੍ਹੀ  ਲੱਗਦੀ  ਹੈ  ਮੌਤ  ਹੁਣ ਸੱਭ  ਤਾਈਂ,
ਕੁਲ ਆਲਮ ਨੂੰ ਐਸਾ ਹੈ ਡਰਾਇਆ ਮਾਲਿਕਾ।
ਚੰਦ ਕੁ ਇਨਸਾਨਾਂ ਦੀ ਗਲਤੀ ਦੇ ਖਮਿਆਜੇ ਨਾਲ,
ਦੁਨੀਆਂ ਦਾ ਤੂੰ ਕਰਣੈਂ ਸਫਾਇਆ ਮਾਲਿਕਾ।
ਕਹਿਣ  ਸਿਆਣੇ ਸਾਜੀ  ਜਦੋਂ ਤੋਂ  ਸ੍ਰਿਸ਼ਟੀ ਤੂੰ,
ਐਨਾ ਕਰੋਧ ਨਹੀਂ ਸੀ ਕਦੇ ਵੀ ਵਿਖਾਇਆ ਮਾਲਿਕਾ।
ਤੇਰੇ ਹੁਕਮ ਤੋਂ ਬਿਨਾਂ ਤਾਂ ਕੋਈ ਪੱਤਾ ਵੀ ਨਾ ਹਿੱਲ ਸਕੇ,
ਦੱਦਾਹੂਰ ਵਾਲਾ ਕਹੇ ਇਹੇ ਖੇਡ ਤੂੰ ਰਚਾਇਆ ਮਾਲਿਕਾ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment