Friday, July 10, 2020
FOLLOW US ON

Article

ਸੱਚਾਈ ਦੇ ਨੇੜੇ/ਹਰਪ੍ਰੀਤ ਕੌਰ ਘੁੰਨਸ

June 17, 2020 08:20 PM
ਸੱਚਾਈ ਦੇ ਨੇੜੇ/ਹਰਪ੍ਰੀਤ ਕੌਰ ਘੁੰਨਸ
 
ਮਨਦੀਪ ਸਿੰਘ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਕਾਰ ਸੀਮਾ 'ਤੇ ਚੱਲ ਰਹੇ ਤਣਾਅ ਕਾਰਨ ਕਾਫ਼ੀ ਪ੍ਰੇਸ਼ਾਨ ਸੀ। ਪਰ ਉਹ ਆਪਣੀ ਡਿਊਟੀ 'ਤੇ ਹੋਰ ਭਾਰਤੀ ਜਵਾਨਾਂ ਵਾਂਗ ਡਟਿਆ ਖੜ੍ਹਾ ਸੀ।
ਚੀਨੀ ਫ਼ੌਜੀ ਨੇ ਚੱਲ ਰਹੀ ਖੈਹਬਾਜ਼ੀ ਦੌਰਾਨ ਮਨਦੀਪ ਸਿੰਘ ਨੂੰ ਕਿਹਾ  "ਥੋਡੇ ਪੱਲੇ ਹੈ ਕੀ? ਅਸੀਂ ਸਾਰੀ ਦੁਨੀਆ ਨੂੰ ਭਾਜੜਾਂ ਪਾਈ ਫਿਰਦੇ ਹਾਂ। ਸਾਡੀ ਪੂਰੀ ਫ਼ੌਜ ਅੱਗੇ ਮਿੰਟ ਨਹੀਂ ਲੱਗਣਾ ਤਹਾਨੂੰ ਗੋਡੇ ਟੇਕਣ ਨੂੰ।" ਮਨਦੀਪ ਸਿੰਘ ਗਰਜ ਕੇ ਬੋਲਿਆ," ਸਾਡੇ ਪੱਲੇ ਜਿਗਰਾ, ਕੱਲਾ-ਕੱਲਾ ਥੋਡੇ ਸਵਾ ਲੱਖ 'ਤੇ ਭਾਰੀ ਪੈਣਾ,ਭਾਰਤ ਦਾ ਬੱਚਾ-ਬੱਚਾ ਸੂਰਵੀਰ ਐ, ਭੱਜਣ ਨੂੰ ਰਾਹ ਨਹੀਂ ਲੱਭਣਾ ਥੋਨੂੰ।"
ਇਹ ਸੁਣ ਕੇ ਚੀਨੀ ਫ਼ੌਜੀ ਨੇ ਖਚਰੀ ਹਾਸੀ ਹੱਸਦਿਆਂ ਕਿਹਾ, "ਅੱਛਾ! ਉਹੀ ਨੇ ਸੂਰਵੀਰ? ਜਿਹੜੇ ਸਾਡੀ ਬਣਾਈ ਟਿੱਕ ਟੋਕ 'ਤੇ ਦਿਨ-ਰਾਤ ਜਲੂਸ ਕੱਢ ਰਹੇ ਨੇ ਅੱਜ ਕੱਲ੍ਹ। ਟਿੱਕ ਟੋਕ 'ਤੇ ਆਥਣ ਨੂੰ ਸੌ ਸੌ ਲਟੋਟਣ ਕਰਦੇ ਨੇ ਮਸ਼ਹੂਰ ਹੋਣ ਲਈ।
ਤੁਹਾਡੇ ਭਵਿੱਖ ਨੂੰ ਬਰਬਾਦ ਕਰਨ ਦਾ ਠੇਕਾ ਤਾਂ ਸਾਡੀ ਟਿੱਕ ਟੋਕ ਨੇ ਸਾਂਭਿਆ ਹੋਇਆ। ਬਾਕੀ ਤੁਹਾਨੂੰ ਵੇਚੇ ਚੀਨੀ ਸਮਾਨ ਦੇ ਪੈਸੇ ਦੇ ਹਥਿਆਰ ਬਣਾ ਕੇ ਤੁਹਾਡੇ ਵੱਲ ਹੀ ਬਾਰੂਦ ਦਾਗਣ ਦਾ ਮਜ਼ਾ ਹੀ ਕੁਝ ਹੋਰ ਐ।"
ਇਹ ਸੁਣ ਕੇ ਮਨਦੀਪ ਸਿੰਘ ਨੂੰ ਡੂੰਘੀ ਸੱਟ ਲੱਗੀ 
ਉਹ ਮਨ ਹੀ ਮਨ ਸੋਚਣ ਲੱਗਿਆ ਕਿ ਸਰਹੱਦਾਂ 'ਤੇ ਜਿੰਨ੍ਹਾਂ ਖ਼ਾਤਰ ਹਿੱਕ ਤਾਣੀ ਖੜ੍ਹੇ ਹਾਂ ਕੀ ਉਹ ਟਿੱਕ ਟੌਕ ਬੰਦ ਕਰਕੇ ਦੇਸ ਪ੍ਰੇਮ ਦਾ ਸਬੂਤ ਦੇਣਗੇ?  ਕੀ ਚੀਨੀ ਸਮਾਨ ਦਾ ਬਾਈਕਾਟ ਕਰਕੇ ਮਿਸਾਲ ਦੇਣਗੇ ਕਿ ਸਾਡਾ ਦੇਸ ਵਾਸੀਆਂ ਲਈ ਸਰਹੱਦਾਂ 'ਤੇ ਖੜ੍ਹਨਾ ਵਿਅਰਥ ਨਹੀਂ ਹੈ ਜਾਂ ਕੀ ਉਹ ਇਸ ਤਰ੍ਹਾਂ ਹੀ ਅਸਿੱਧੇ ਰੂਪ ਵਿੱਚ ਚੀਨੀਆਂ ਨੂੰ ਫਾਇਦਾ ਦਿੰਦੇ ਰਹਿਣਗੇ? 
ਇਹਨਾਂ ਸਵਾਲਾਂ ਦੀ ਉਲਝਣ ਨੇ ਸੁੱਤੇ ਪਏ ਮਨਦੀਪ ਦੀ ਅੱਖ ਖੋਲ੍ਹ ਦਿੱਤੀ। ਜਦੋਂ ਉਹ ਜਾਗਿਆ ਤਾਂ ਉਸਨੇ ਮਨ ਹੀ ਮਨ ਰੱਬ ਦਾ ਸ਼ੁਕਰ ਮਨਾਉਂਦਿਆਂ ਕਿਹਾ," ਸ਼ੁਕਰ ਹੈ ਰੱਬਾ ਇਹ ਇੱਕ ਸੁਪਨਾ ਹੀ ਸੀ, ਭਾਵੇਂ ਇਹ ਸਚਾਈ ਦੇ ਨੇੜੇ ਸੀ ਪਰ ਇਸਨੇ ਸੁਪਨਾ ਹੋ ਕੇ ਅੱਜ ਚੀਨੀ ਫੌਜੀਆਂ ਦੇ ਉਹਨਾਂ ਸਵਾਲਾਂ ਦਾ ਸਾਹਮਣਾ ਕਰਨ ਤੋਂ ਬਚਾ ਲਿਆ ਜਿਸਦੇ ਸ਼ਾਇਦ ਮੇਰੇ ਕੋਲ ਜਵਾਬ ਨਹੀਂ ਸਨ। ਖਿਆਲਾਂ ਦੇ ਇਸ ਤਾਣੇ ਬਾਣੇ ਤੋਂ ਬਾਹਰ ਆਉਂਦਾ-ਆਉਂਦਾ ਮਨਦੀਪ ਸਿੰਘ ਡਿਊਟੀ ਜਾਣ ਲਈ ਤਿਆਰ ਹੋਣ ਲੱਗ ਪਿਆ।
ਹਰਪ੍ਰੀਤ ਕੌਰ ਘੁੰਨਸ
ਮੋ:97795-20194
Have something to say? Post your comment