Friday, July 10, 2020
FOLLOW US ON

Article

ਸਮਕਾਲੀ ਯਥਾਰਥ ਦਾ ਗਲਪਕਾਰ: ਜਸਵੰਤ ਸਿੰਘ ਕੰਵਲ/ ਪ੍ਰੋ. ਨਵ ਸੰਗੀਤ ਸਿੰਘ

June 20, 2020 08:09 PM
ਸਮਕਾਲੀ ਯਥਾਰਥ ਦਾ ਗਲਪਕਾਰ: ਜਸਵੰਤ ਸਿੰਘ ਕੰਵਲ 
         *********************************
                                    <  ਪ੍ਰੋ. ਨਵ ਸੰਗੀਤ ਸਿੰਘ 
 
       ਪੰਜਾਬੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਜਸਵੰਤ ਸਿੰਘ ਇਸ ਵਰ੍ਹੇ ਫਰਵਰੀ ਦੇ ਪਹਿਲੇ ਦਿਨ (01.02. 2020 ਨੂੰ)  ਸਦੀਵੀ ਵਿਛੋੜਾ ਦੇ ਗਿਆ ਸੀ। ਉਹ ਪੰਜਾਬੀ ਦਾ ਚਰਚਿਤ ਨਾਵਲਕਾਰ, ਕਹਾਣੀਕਾਰ ਤੇ ਲੇਖਕ ਸੀ। 27 ਜੂਨ 1919 ਨੂੰ ਢੁੱਡੀਕੇ (ਜ਼ਿਲ੍ਹਾ ਮੋਗਾ) ਵਿੱਚ ਪਿਤਾ ਮਾਹਲਾ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਜਨਮਿਆ ਕੰਵਲ ਸੌ ਸਾਲ ਤੋਂ ਵੀ ਵਧੇਰੇ ਦੀ ਉਮਰ ਭੋਗ ਕੇ ਰੁਖ਼ਸਤ ਹੋਇਆ। ਇੰਨੀ ਉਮਰ ਭੋਗਣ ਵਾਲਾ ਉਹ (ਸ਼ਾਇਦ) ਪੂਰੀ ਦੁਨੀਆਂ ਦਾ ਇਕਲੌਤਾ ਲੇਖਕ ਸੀ। 
     ਉਹ ਅਜੇ ਪੰਜ ਸਾਲਾਂ ਦਾ ਹੀ ਸੀ ਕਿ ਪਿਤਾ ਦਾ ਦਿਹਾਂਤ ਹੋ ਗਿਆ।ਕੰਵਲ ਨੇ ਮੁੱਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਹਾਸਲ ਕੀਤੀ। ਪਿੱਛੋਂ ਭੁਪਿੰਦਰਾ ਹਾਈ ਸਕੂਲ ਵਿੱਚ ਦਾਖਲਾ ਲਿਆ ਅਤੇ ਗਿਆਨੀ ਪਾਸ ਕਰ ਲਈ। ਪਰ ਉਹ ਦਸਵੀਂ ਜਮਾਤ ਪਾਸ ਨਾ ਕਰ ਸਕਿਆ। ਉਸ ਨੇ ਕੁਝ ਸਮਾਂ ਮਲਾਇਆ ਵਿੱਚ ਚੌਕੀਦਾਰੀ ਕੀਤੀ ਤੇ 1938 ਵਿੱਚ ਵਾਪਸ ਆ ਕੇ ਛੋਟੇ ਭਰਾ ਨਾਲ ਖੇਤੀਬਾੜੀ ਕੀਤੀ।ਪਿੱਛੋਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਲਰਕੀ ਕਰਨ ਲੱਗ ਪਿਆ।
      1943 ਵਿੱਚ ਮੁਖਤਿਆਰ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਸ ਦੇ ਘਰ ਤਿੰਨ ਧੀਆਂ ਤੇ ਇੱਕ ਪੁੱਤਰ ਅਮਰਜੀਤ ਕੌਰ(1946), ਚਰਨਜੀਤ ਕੌਰ (1948), ਰੂਪਇੰਦਰਜੀਤ ਕੌਰ(1956) ਅਤੇ ਸਰਬਜੀਤ ਸਿੰਘ (1958) ਨੇ ਜਨਮ ਲਿਆ।  
      ਕੰਵਲ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਹੀ ਲੱਗ ਗਈ ਸੀ। ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਦਿਆਂ ਉਸ ਨੇ ਦੁਨੀਆਂ ਭਰ ਦੀਆਂ ਕਹਾਣੀਆਂ, ਨਾਵਲਾਂ ਤੇ ਲੇਖਕਾਂ ਨੂੰ ਪੜ੍ਹਿਆ। ਉਸ ਦਾ ਸਾਹਿਤਕ ਸਫ਼ਰ ਕਵਿਤਾ/ ਵਾਰਤਕ ਵਿੱਚ ਫੁਟਕਲ ਵਿਚਾਰਾਂ ਵਾਲੀ ਪੁਸਤਕ "ਜੀਵਨ ਕਣੀਆਂ" ਤੋਂ ਸ਼ੁਰੂ ਹੋਇਆ। ਇਸ ਪੁਸਤਕ ਦੇ ਪ੍ਰਕਾਸ਼ਕ ਨੇ ਹੀ ਕੰਵਲ ਅੰਦਰਲੇ ਨਾਵਲਕਾਰ ਦੀ ਪਛਾਣ ਕੀਤੀ ਤੇ ਉਸ ਨੂੰ ਨਾਵਲ ਲਿਖਣ ਦੀ ਸਲਾਹ ਦਿੱਤੀ।
      ਸੱਚ ਨੂੰ ਫਾਂਸੀ (1944) ਉਸ ਦਾ ਪਹਿਲਾ ਨਾਵਲ ਸੀ ਜੋ ਹੱਥੋ-ਹੱਥੀ ਪੜ੍ਹਿਆ ਗਿਆ। ਇਹ ਨਾਵਲ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਜੋ 1912 ਵਿੱਚ ਮਿੰਟਗੁਮਰੀ ਵਿੱਚ ਵਾਪਰੀ ਸੀ। ਇਸ ਤੋਂ ਬਾਅਦ ਤਾਂ ਉਹਦੇ ਪਾਠਕ ਉਹਦੇ ਹਰ ਨਾਵਲ ਦੀ ਬੜੀ ਸ਼ਿੱਦਤ ਨਾਲ ਉਡੀਕ ਕਰਨ ਲੱਗ ਪਏ। ਕੰਵਲ ਦੀਆਂ ਲਿਖਤਾਂ ਦੀ ਸੂਚੀ ਉਸ ਦੀ ਉਮਰ ਜਿੰਨੀ ਹੀ ਲੰਮੀ ਹੈ, ਜਿਸ ਵਿੱਚ ਨਾਵਲ, ਕਹਾਣੀਆਂ, ਰੇਖਾ ਚਿੱਤਰ, ਕਵਿਤਾ,ਸਿਆਸੀ ਲੇਖ, ਸਵੈ ਜੀਵਨੀ, ਬੱਚਿਆਂ ਲਈ ਨਾਵਲ ਆਦਿ ਸ਼ਾਮਿਲ ਹਨ। ਇਨ੍ਹਾਂ ਦਾ ਮੁਕੰਮਲ ਵੇਰਵਾ ਇਸ ਪ੍ਰਕਾਰ ਹੈ:
  « ਨਾਵਲ: ਸੱਚ ਨੂੰ ਫ਼ਾਂਸੀ, ਪਾਲੀ, ਪੂਰਨਮਾਸ਼ੀ, ਜ਼ਿੰਦਗੀ ਦੂਰ ਨਹੀਂ, ਰਾਤ ਬਾਕੀ ਹੈ, ਸਿਵਲ ਲਾਈਨਜ਼, ਰੂਪਧਾਰਾ, ਹਾਣੀ, ਭਵਾਨੀ, ਮਿੱਤਰ ਪਿਆਰੇ ਨੂੰ,ਜੇਰਾ, ਬਰਫ ਦੀ ਅੱਗ, ਤਾਰੀਖ਼ ਵੇਖਦੀ ਹੈ, ਲਹੂ ਦੀ ਲੋਅ, ਮਨੁੱਖਤਾ, ਮੋੜਾ, ਮੂਮਲ,ਸੁਰ ਸਾਂਝ, ਐਨਿਆਂ ਚੋਂ ਉੱਠੋ ਸੂਰਮਾ, ਅਹਿਸਾਸ, ਖੂਬਸੂਰਤ ਦੁਸ਼ਮਣ, ਤੋਸ਼ਾਲੀ ਦੀ ਹੰਸੋ,ਰੂਪਮਤੀ, ਖੂਨ ਕੇ ਸੋਹਿਲੇ ਗਾਵੀਅੈ ਨਾਨਕ (ਭਾਗ i), ਖੂਨ ਕੇ ਸੋਹਿਲੇ ਗਾਵੀਅੈ ਨਾਨਕ (ਭਾਗ ii), ਮੁਕਤੀ ਮਾਰਗ, ਇੱਕ ਹੋਰ ਹੈਲਨ, ਸੁੰਦਰਾਂ,ਲੱਧਾ ਪਰੀ ਨੇ ਚੰਨ ਉਜਾੜ ਵਿੱਚੋਂ,ਲੋਕ ਇਨਕਲਾਬ।
  « ਕਹਾਣੀ ਸੰਗ੍ਰਹਿ: ਕੰਡੇ, ਸੰਧੂਰ, ਰੂਪ ਦੇ ਰਾਖੇ, ਫੁੱਲਾਂ ਦਾ ਮਾਲੀ, ਰੂਹ ਦਾ ਹਾਣ, ਮਾਈ ਦਾ ਲਾਲ, ਹਉਕਾ ਤੇ ਮੁਸਕਾਨ, ਗਵਾਚੀ ਪੱਗ, ਜੰਡ ਪੰਜਾਬ ਦਾ, ਲੰਮੇ ਵਾਲਾਂ ਦੀ ਪੀੜ, ਸਾਂਝੀ ਪੀੜ,ਜ਼ਿੰਦਗੀ ਦੂਰ ਨਹੀਂ।
   « ਰੇਖਾ ਚਿੱਤਰ: ਗੋਰਾ ਮੁੱਖ ਸੱਜਣਾਂ ਦਾ, ਰੂਹ ਦਾ ਮੋਤੀ, ਮਰਨ ਮਿੱਤਰਾਂ ਦੇ ਅੱਗੇ, ਚਿਹਰੇ ਮੋਹਰੇ।
   « ਜੀਵਨੀ: ਸੰਖੇਪ ਜੀਵਨੀ ਲਾਲਾ ਲਾਜਪਤ ਰਾਏ।
   « ਸਿਆਸੀ ਫੀਚਰ/ਲੇਖ ਸੰਗ੍ਰਹਿ: ਸਿੱਖ ਜੱਦੋ ਜਹਿਦ, ਜਿੱਤਨਾਮਾ/ ਦੂਜਾ ਜ਼ਫ਼ਰਨਾਮਾ, ਜੱਦੋ ਜਹਿਦ ਜਾਰੀ ਰਹੇ, ਆਪਣਾ ਕੌਮੀ ਘਰ, ਹਾਲ ਮੁਰੀਦਾਂ ਦਾ,ਕੰਵਲ ਕਹਿੰਦਾ ਰਿਹਾ, ਸਾਡੇ ਦੋਸਤ ਸਾਡੇ ਦੁਸ਼ਮਣ, ਪੰਜਾਬ ਦਾ ਸੱਚ, ਭਗਤੀ ਤੇ ਸ਼ਕਤੀ ਦਾ ਸੱਚ, ਕੌਮੀ ਵਸੀਅਤ,ਸੱਚ ਕੀ ਬੇਲਾ, ਪੰਜਾਬੀਓ ਜੀਣਾ ਹੈ ਕਿ ਮਰਨਾ, ਕੌਮੀ ਲਲਕਾਰ, ਪੰਜਾਬ ਤੇਰਾ ਕੀ ਬਣੂ,ਰੁੜ੍ਹ ਚੱਲਿਆ ਪੰਜਾਬ, ਪੰਜਾਬ ਦੀ ਵੰਗਾਰ, ਪੰਜਾਬ ਦਾ ਹੱਕ ਸੱਚ। 
   « ਸਵੈਜੀਵਨੀ: ਪੁੰਨਿਆ ਦਾ ਚਾਨਣ, ਰੂਹ ਦੀਆਂ ਹੇਕਾਂ, ਧੁਰ ਦਰਗਾਹ।
   « ਬੱਚਿਆਂ ਲਈ: ਹੁਨਰ ਦੀ ਜਿੱਤ, ਜੰਗਲ ਦੇ ਸ਼ੇਰ, ਸੂਰਮੇ, ਮੂਮਲ, ਨਵਾਂ ਸੰਨਿਆਸ, ਕਾਲਾ ਹੰਸ, ਝੀਲ ਦੇ ਮੋਤੀ, ਕੀੜੀ ਦਾ ਹੰਕਾਰ।
   « ਅਨੁਵਾਦ: ਦੇਵਦਾਸ, ਬ੍ਰਾਂਚ ਲਾਈਨ।
      ਕੰਵਲ ਦੀਆਂ ਕੁਝ ਪੁਸਤਕਾਂ ਦੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋ ਚੁੱਕੇ ਹਨ। ਕੰਵਲ ਨੂੰ ਉਸ ਦੀਆਂ ਪੁਸਤਕਾਂ ਲਈ ਵਿਭਿੰਨ ਸੰਸਥਾਵਾਂ ਵੱਲੋਂ ਬਹੁਤ ਸਾਰੇ ਇਨਾਮ ਸਨਮਾਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ:
ਭਾਸ਼ਾ ਵਿਭਾਗ ਪੰਜਾਬ ਵੱਲੋਂ 'ਲਹੂ ਦੀ ਲੋਅ' ਲਈ ਪੁਰਸਕਾਰ, ਜੋ ਉਸ ਨੇ ਪ੍ਰਵਾਨ ਨਹੀਂ ਕੀਤਾ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਅਵਾਰਡ'।ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਾਹਿਤਕਾਰ ਇਨਾਮ। ਪੰਜਾਬੀ ਅਕਾਡਮੀ ਲੁਧਿਆਣਾ ਵੱਲੋਂ ਸਰਵਸ੍ਰੇਸ਼ਠ ਸਾਹਿਤਕਾਰ ਪੁਰਸਕਾਰ। ਗਿਆਨੀ ਲਾਲ ਸਿੰਘ ਯਾਦਗਾਰੀ ਟਰੱਸਟ ਪਟਿਆਲਾ ਵੱਲੋਂ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ। ਪੰਜਾਬ ਰਾਜ ਬਿਜਲੀ ਬੋਰਡ ਲੇਖਕ ਸਭਾ ਪਟਿਆਲਾ ਵੱਲੋਂ ਸੰਤ ਸਿੰਘ ਸੇਖੋਂ ਯਾਦਗਾਰੀ ਸਨਮਾਨ।
      ਜਸਵੰਤ ਸਿੰਘ ਕੰਵਲ ਪੰਜਾਬੀ ਸਾਹਿਤ ਟ੍ਰੱਸਟ ਦਾ ਬਾਨੀ ਸੀ,ਜਿਸ ਵੱਲੋਂ ਹਰ ਸਾਲ ਬਾਵਾ ਬਲਵੰਤ, ਬਲਰਾਜ ਸਾਹਨੀ ਅਤੇ ਜਸਵੰਤ ਗਿੱਲ ਅਵਾਰਡ ਦਿੱਤੇ ਜਾਂਦੇ ਰਹੇ। ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦਾ ਦੋ ਸਾਲਾਂ (2002-2004) ਲਈ ਪ੍ਰਧਾਨ ਵੀ ਰਿਹਾ ਅਤੇ ਉਸ ਨੇ ਪੰਦਰਾਂ ਸਾਲ ਪਿੰਡ ਢੁੱਡੀਕੇ ਦੇ ਸਰਪੰਚ ਵਜੋਂ ਵੀ ਜ਼ਿੰਮੇਵਾਰੀ ਸੰਭਾਲੀ।  
      ਜਸਵੰਤ ਸਿੰਘ ਕੰਵਲ ਦਾ ਪ੍ਰੇਰਨਾ ਸਰੋਤ ਅਗਰਗਾਮੀ ਚੇਤਨਤਾ ਤੇ ਸਾਮਵਾਦੀ ਆਦਰਸ਼ ਸਨ। ਇਹੋ ਕਾਰਨ ਹੈ ਕਿ ਨਾਨਕ ਸਿੰਘ ਦੀ ਰਚਨਾ ਨਾਲ ਵਿਆਪਕ ਸਾਂਝ ਰੱਖਦਾ ਹੋਇਆ ਵੀ ਉਹ ਉਸ ਤੋਂ ਭਿੰਨ ਰੰਗ ਦੇਣ ਵਿੱਚ ਸਫ਼ਲ ਹੋਇਆ। ਕੰਵਲ ਦੇ ਨਾਵਲਾਂ ਦੀ ਪਿੱਠ ਭੂਮੀ ਵਿਸ਼ੇਸ਼ ਕਰਕੇ ਪੰਜਾਬ ਦੇ ਕਿਸਾਨੀ ਤੇ ਪੇਂਡੂ ਸਮਾਜ ਦੇ ਵਿਸ਼ਾਲ ਚਿੱਤਰਪਟ ਉੱਤੇ ਪੱਸਰੀ ਹੋਈ ਹੈ। ਇਸ ਕਰਕੇ ਇਨ੍ਹਾਂ ਨਾਵਲਾਂ ਦਾ ਯਥਾਰਥਵਾਦ ਵਧੇਰੇ ਨਿਸ਼ਚੇਦਾਇਕ ਤੇ ਕਾਇਲ ਕਰ ਦੇਣ ਵਾਲਾ ਹੈ। ਉਨ੍ਹਾਂ ਦੀਆਂ ਸਰਲ ਸਮੱਸਿਆਵਾਂ ਨੂੰ ਕੰਵਲ ਨੇ ਸੰਬਾਦਿਕ ਭੌਤਿਕਵਾਦੀ ਦ੍ਰਿਸ਼ਟੀਕੋਣ ਤੋਂ ਵੇਖਣ ਦਾ ਯਤਨ ਕੀਤਾ ਹੈ। ਉਹ ਆਪ ਮਾਰਕਸਵਾਦੀ ਸੰਗਰਾਮਾਂ ਨਾਲ ਕਦਮ ਮੇਲ ਕੇ ਤੁਰਿਆ। ਇਸ ਲਈ ਅਗਰਗਾਮੀ ਚੇਤਨਤਾ ਉਸ ਦੇ ਵਿਚਾਰਾਂ ਤੇ ਸਦਾ ਛਾਈ ਰਹੀ। ਭਾਵੇਂ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਸ ਵਿੱਚ ਇੱਕ ਕਿਰਸਾਨੀ ਮੁਹਿੰਮਵਾਦ ਦੀ ਗੂੜ੍ਹੀ ਛਾਪ ਉੱਕਰੀ ਹੋਈ ਸੀ। ਜਿਸ ਤੋਂ ਉਹ ਖਹਿੜਾ ਨਹੀਂ ਛੁਡਾ ਸਕਿਆ। 'ਰਾਤ ਬਾਕੀ ਹੈ', 'ਰੂਪਧਾਰਾ' ਤੇ 'ਹਾਣੀ' ਆਦਿ ਨਾਵਲਾਂ ਵਿੱਚ ਇਹ ਵਧੇਰੇ ਪ੍ਰਗਟ ਰੂਪ ਵਿੱਚ ਸਾਹਮਣੇ ਆਈ ਹੈ। 'ਪਾਲੀ' ਤੇ 'ਪੂਰਨਮਾਸ਼ੀ' ਉਸ ਦੇ ਪਹਿਲੇ ਦੌਰ ਦੇ ਨਾਵਲ ਹਨ, ਜਿਨ੍ਹਾਂ ਦੀ ਆਭਾ ਉਸਦੀ ਪਿਛਲੇਰੀ ਰਚਨਾ ਨੂੰ ਫਿੱਕੀ ਨਹੀਂ ਪਾ ਸਕੀ। ਯਥਾਰਥਵਾਦ ਦੀ ਪਿਛੋਕੜ ਕੁੱਖ ਵਿੱਚੋਂ ਉਤਪੰਨ ਹੋਈ ਆਦਰਸ਼ਵਾਦੀ ਭਾਵਨਾ, ਇਨ੍ਹਾਂ ਦੀ ਮੂਲ ਚੂਲ ਜਾਂ ਕੇਂਦਰੀ ਤੱਤ ਹੈ ਅਤੇ ਇਨ੍ਹਾਂ ਦਾ ਵਿਸ਼ੇ- ਵਸਤੂ ਪ੍ਰੀਤ ਦਾ ਆਦਰਸ਼ ਹੈ, ਜਿਸ ਨੂੰ ਲੇਖਕ ਨੇ ਕਾਵਿਮਈ ਹੁਲਾਰੇ ਨਾਲ ਉਘਾੜਨ ਦਾ ਯਤਨ ਕੀਤਾ ਹੈ। ਇਸਤਰੀ ਜਾਤੀ ਉੱਤੇ ਹੋ ਰਹੇ ਕਠੋਰ ਅਨਿਆਏ ਤੇ ਕਰੂਰ ਜਬਰ ਦੀ ਭਾਵਨਾ ਉੱਤੇ ਲੇਖਕ ਨੇ ਸੋਹਣਾ ਪ੍ਰਕਾਸ਼ ਪਾਇਆ ਹੈ ਅਤੇ ਇਸਤਰੀ ਜਾਤੀ ਦੀ ਮਜਬੂਰੀ ਦਾ ਅਹਿਸਾਸ ਕਰਵਾਇਆ ਹੈ।
      'ਪੂਰਨਮਾਸ਼ੀ' ਵਿੱਚ ਵਰਣਨ ਤੇ ਵਿਸਥਾਰ ਬੜੀ ਸੁਲਝੀ ਹੋਈ ਸ਼ੈਲੀ ਵਿੱਚ ਪੇਸ਼ ਕੀਤੇ ਗਏ ਹਨ, ਜਿਸ ਵਿੱਚ ਦੋ ਪ੍ਰੇਮੀ ਆਪਣੀ ਪ੍ਰੀਤ ਨੂੰ ਆਪਣੇ ਬੱਚਿਆਂ ਦੇ ਵਿਆਹ ਵਿੱਚ ਫਲੀਭੂਤ ਹੁੰਦਾ ਵੇਖਦੇ ਹਨ। ਅਮਲੀ ਦਿਆਲੇ ਦਾ ਪਾਤਰ ਬਹੁਤ ਹੀ ਗੂੜ੍ਹੇ ਯਥਾਰਥਵਾਦੀ ਰੰਗ ਵਿੱਚ ਉੱਘੜਿਆ ਹੈ।
      'ਸਿਵਲ ਲਾਈਨਜ਼' ਸ਼ਹਿਰੀ ਮੱਧ ਸ਼੍ਰੇਣੀ ਦੇ ਜੀਵਨ ਤੇ ਇੱਕ ਵਿਅੰਗ ਹੈ, ਜਿਸ ਵਿੱਚ ਉਸ ਨੇ ਮੱਧ ਸ਼੍ਰੇਣੀ ਦੇ ਖੋਖਲੇਪਣ ਤੇ ਬੋਦੀਆਂ ਕੀਮਤਾਂ ਨੂੰ, ਵਿਸ਼ੇਸ਼ ਕਰਕੇ ਉਸ ਬਾਜ਼ਾਰੀ ਕਲਾ ਨੂੰ ਚੰਗੀ ਤਰ੍ਹਾਂ ਨਿੰਦਿਆ ਹੈ, ਜਿਸ ਵਿੱਚ ਕਵੀ ਤੇ ਕਲਾਕਾਰ ਵੀ ਸ਼ਾਮਲ ਹਨ।
      'ਰੂਪਧਾਰਾ' ਨਾਲ ਕੰਵਲ ਦੀ ਕਲਾ ਵਿੱਚ ਨਿਖਾਰ ਆਉਂਦਾ ਹੈ ਅਤੇ ਇਸ ਤੋਂ ਪਿੱਛੋਂ ਉਸ ਦੇ ਇਸਤਰੀ ਪਾਤਰ ਨਵੇਂ ਰੋਹ ਵਿੱਚ ਉੱਭਰਦੇ ਵਿਖਾਈ ਦਿੰਦੇ ਹਨ। ਇਸ ਵਿੱਚ ਉਸ ਦੀ ਸੂਝ ਵਧੇਰੇ ਪਕੇਰੀ ਹੋ ਕੇ ਸਾਹਮਣੇ ਆਉਂਦੀ ਹੈ ਪਰ ਕਿਤੇ-ਕਿਤੇ ਉਸ ਦੀ ਰਚਨਾ ਸਪਸ਼ਟ ਰਾਜਸੀ ਨਾਅਰੇਬਾਜ਼ੀ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਕਈ ਥਾਵਾਂ ਤੇ ਉਹ ਨਾਵਲ ਨਾ ਰਹਿ ਕੇ ਸਿਧਾਂਤਕ ਵਿਵਰਣ ਹੋ ਨਿੱਬੜਦਾ ਹੈ। 
       'ਭਵਾਨੀ' ਉਸ ਦੀ ਇੱਕ ਹੋਰ ਵਰਨਣਯੋਗ ਰਚਨਾ ਹੈ,ਪਰ 'ਤਵਾਰੀਖ ਵੇਖਦੀ ਹੈ' ਵਿੱਚ ਉਸ ਨੇ ਸਪਸ਼ਟ ਰੂਪ ਵਿੱਚ ਰਾਜਸੀ ਵਿਸ਼ੇ ਨੂੰ ਲਿਆ ਹੈ, ਜਿਸ ਵਿੱਚ ਵਰਤਮਾਨ ਕਾਲ ਵਿੱਚ ਸਾਮਵਾਦੀ ਲਹਿਰ ਵਿੱਚ ਆਏ ਦੁਫੇੜ ਦੀ ਸਿਧਾਂਤਵਾਦੀ ਢੰਗ ਨਾਲ ਵਿਆਖਿਆ ਕੀਤੀ ਗਈ ਹੈ। 
        ਕੰਵਲ ਦੀ ਸਾਰੀ ਰਚਨਾ ਸਮਾਜਿਕ ਚੇਤਨਤਾ ਦੇ ਸਮਕਾਲੀ ਉਭਾਰ ਵਿੱਚੋਂ ਪ੍ਰਗਟ ਹੋਈ ਹੈ। ਉਸ ਦਾ ਬਹੁਚਰਚਿਤ ਨਾਵਲ 'ਲਹੂ ਦੀ ਲੋਅ' ਹੈ, ਜਿਸ ਵਿੱਚ ਨਕਸਲਵਾਦੀ ਲਹਿਰ ਦੇ ਵੱਖ ਵੱਖ ਪੱਖਾਂ ਨੂੰ ਪੇਸ਼ ਕੀਤਾ ਗਿਆ ਹੈ। 'ਮਨੁੱਖਤਾ' ਉਸ ਦੀ ਇੱਕ ਹੋਰ ਸਫ਼ਲ ਕ੍ਰਿਤ ਹੈ, ਜਿਸ ਵਿੱਚ ਪੇਂਡੂ ਜੀਵਨ ਦੇ ਇੱਕ ਵਚਿੱਤਰ ਪੱਖ ਨੂੰ ਪੇਸ਼ ਕੀਤਾ ਗਿਆ ਹੈ ਕਿ ਜ਼ਮੀਨ ਜਾਂ ਜਾਇਦਾਦ ਦੀ ਖਾਤਰ ਮਨੁੱਖ ਕਿੰਨਾ ਨੀਵਾਂ ਡਿਗ ਸਕਦਾ ਹੈ। 
      ਇਸ ਪ੍ਰਕਾਰ ਕੰਵਲ ਵੱਲੋਂ ਲਿਖੇ ਲਗਭਗ ਸਾਰੇ ਹੀ ਨਾਵਲ ਪੰਜਾਬ/ ਭਾਰਤ ਦੀ ਰਾਜਨੀਤਕ, ਸਮਾਜਿਕ, ਆਰਥਿਕ ਅਤੇ ਇਤਿਹਾਸਕ ਦਿਸ਼ਾ ਅਤੇ ਦਸ਼ਾ ਨੂੰ ਰੇਖਾਂਕਿਤ ਕਰਦੇ ਹਨ। ਉਸ ਦੇ ਨਾਵਲਾਂ ਚੋਂ ਸਾਡੇ ਸਮਿਆਂ ਦੇ ਸਮਕਾਲੀ ਦ੍ਰਿਸ਼ ਭਲੀਭਾਂਤ ਪ੍ਰਤੀਬਿੰਬਤ ਹੁੰਦੇ ਹਨ।
<><><><><><><><><><><><><><><><><>
 # ਪੋਸਟਗ੍ਰੈਜੂਏਟ ਪੰਜਾਬੀ ਵਿਭਾਗ,ਅਕਾਲ ਯੂਨੀਵਰਸਿਟੀ , ਤਲਵੰਡੀ ਸਾਬੋ-151302 (ਬਠਿੰਡਾ) 8264286062.                              
Have something to say? Post your comment