Friday, July 10, 2020
FOLLOW US ON

Article

ਮਿੰਨੀ ਕਹਾਣੀ/ਬਾਪੁੂ ਦੀ ਲਾਚਾਰੀ/ਦਵਿੰਦਰ ਕੌਰ

June 21, 2020 01:43 PM
ਮਿੰਨੀ ਕਹਾਣੀ/ਬਾਪੁੂ ਦੀ ਲਾਚਾਰੀ/ਦਵਿੰਦਰ ਕੌਰ
 
ਉਸਨੇ ਆਪਣੇ ਹੱਥੀਂ ਲਾਏ ਬਾਗ਼ ਦੇ ਬੂਟਿਆਂ ਨੂੰ ਪਾਲਦੇ ਹੋਏ ਕਿੰਨੇ ਹੀ ਚਾਅ ਆਪਣੇ ਮਨ ਵਿੱਚ ਸੰਜੋਏ ਸਨ। ਉਨਾਂ ਚਾਵਾਂ ਨੂੰ ਰੱਬ ਨੇ ਬੂਰ ਵੀ ਪਾਇਆ ਸੀ ।
          ਪੁੱਤਾਂ ਵਾਂਗ ਪਾਲੇ ਅੰਬ ਦੇ ਬੂਟੇ ਤੇ ਲਟਕਦੀਆਂ ਅੰਬੀਆਂ, ਸੰਘਣੀ ਟਾਹਲੀ ਦੀਆਂ ਫਲੀਆਂ ਦੀ ਟੁਣ-ਟੁਣ, ਨਿੰਮ ਦੀ ਛਾਂ, ਡੇਕਾਂ ਦੇ ਜੋੜਾਂ ਵਿੱਚ ਕਟਫੋੜੇ ਦੀ ਤਿੱਖੀ ਚੁੰਝ ਨਾਲ ਕੱਢੇ ਖੋੜਾਂ ਵਿੱਚ ਤੋਤਿਆਂ ਦੇ ਝਾਕਦੇ ਬੋਟ, ਕੋਇਲਾਂ ਦਾ ਸੰਵਾਦ, ਘੁੱਗੀਆਂ ਦੀ ਘੁੱਗੂੰ ਘੂੰ, ਟਟੀਰੀਆਂ ਦੀ ਟੈਂ-ਟੈਂ, ਬੁਲਬੁਲ ਦੇ ਗੀਤ, ਪਪੀਹੇ ਦੀ ਕੀ ਪੀਵਾਂ, ਚੱਕੀਰਾਹੇ ਦੀ ਕਿਰੜ ਕਿਰੜ, ਕਾਵਾਂ ਦੀ ਕਾਵਾਂ ਰੌਲ਼ੀ, ਗੁਟਾਰਾਂ ਦੀ ਰੁਣ ਝੁਣ, '' ਭਗਵਾਨ ਤੇਰੀ ਕੁੁਦਰਤ'' ਦੀ ਮੱਠੀ ਲਗਾਤਾਰਤਾ, ਚਿੜੀਆਂ ਦੀ ਚੀਂ-ਚੀਂ, ਮੋਰਾਂ ਦੀਆਂ ਛੋਟੀਆਂ-ਛੋਟੀਆਂ ਉਡਾਰੀਆਂ।
 ਇਹਨਾਂ ਆਵਾਜਾਂ ਤੇ ਨਜ਼ਾਰਿਆਂ ਨੂੰ ਮਾਣ ਦੇ ਹੋਏ ਉਸਨੂੰ ਕਦੇ ਗਰਮੀ ਜਾਂ ਸਰਦੀ ਦਾ ਅਹਿਸਾਸ ਹੀ ਨਹੀਂ ਸੀ ਹੁੰਦਾ। ਖੇਤ ਵਿਚ ਪੂਰਾ ਦਿਨ ਕੰਮ ਕਰਨਾ ਉਸਨੂੰ ਔਖਾ ਨਹੀਂ ਸੀ ਲੱਗਦਾ।
ਅੱਜ ਜਦੋਂ ਉਹ ਖੇਤ ਵੱਲ ਤੁਰਿਆ ਜਾ ਰਿਹਾ ਸੀ ਤਾਂ ਦੂਰੋਂ ਹੀ ਦਰਖਤਾਂ ਦੇ ਡਿੱਗਣ ਦੀ ਧਮਕ ਤੇ ਪੰਛੀਆਂ ਦੀਆਂ ਭੈ-ਭੀਤ ਅਵਾਜ਼ਾਂ ਨੇ ਉਸਨੂੰ ਬੋਲਾ ਕਰ ਦਿੱਤਾ। ਸੁੰਨੇ ਹੋ ਰਹੇ ਖੇਤ ਦੀ ਉਦਾਸੀ ਤੇ ਬੇਘਰ ਹੋ ਰਹੇ ਪੰਛੀਆਂ ਨੂੰ ਦੂਰ ਉਡਦੇ ਜਾ ਰਹੇ ਦੇਖਕੇ ਉਸਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਇਹਨਾਂ ਦੇ ਹੱਸਦੇ ਵੱਸਦੇ ਦੇਸ ’ਤੇ ਹਮਲਾ ਕਰ ਦਿੱਤਾ ਹੋਵੇ ਤੇ ਹੁਣ ਇਹ ਕਿਸੇ ਹੋਰ ਦੇਸ ਵਿਚ ਸ਼ਰਨ ਲੈਣ ਲਈ ਲੰਮੀਆਂ ਵਾਟਾਂ ਤੈਅ ਕਰਨ ਜਾ ਰਹੇ ਹੋਣ। ਡਿੱਗੇ ਦਰਖਤਾਂ ਦੇ ਮੋਟੇ ਤਣੇ ਦੇਖ ਕੇ ਉਸਨੂੰ ਰੋਣਾ ਆ ਰਿਹਾ ਸੀ। ਉਸਦੇ ਬੁੱਲ੍ਹ ਬਿਨ੍ਹਾਂ ਬੋਲੇ ਥਰਥਰਾ ਰਹੇ ਸਨ। ਵੱਧ ਰਹੀ ਮਹਿੰਗਾਈ ਤੇ ਹੋਰ ਮਜ਼ਬੂਰੀਆਂ ਅੱਗੇ ਉਸਦੀ ਇੱਕ ਨਾ ਚੱਲੀ।
ਲੇਖਕ
ਦਵਿੰਦਰ ਕੌਰ
ਮੁਹੱਲਾ ਕਸ਼ਮੀਰੀਆਂ,
ਹਰਿਆਣਾ,
ਜਿਲਾ ਹੁਸ਼ਿਆਰਪੁਰ।
ਮੋਬਾ 6284440407।
Have something to say? Post your comment