Friday, July 10, 2020
FOLLOW US ON

Article

ਕਹਾਣੀ /ਜਿੰਦਗੀ ਦਾ ਗ੍ਰਹਿਣ/ਰੇਨੂੰ ਜੁਲਕਾ ਮੈਨੀ

June 22, 2020 09:35 PM

ਕਹਾਣੀ
ਜਿੰਦਗੀ ਦਾ ਗ੍ਰਹਿਣ/ਰੇਨੂੰ ਜੁਲਕਾ ਮੈਨੀ


''ਨੀ ਰੱਜ਼ੋ ! ਜਾਹ ਕਣਕ ਤੇ ਸਰੋਂ ਦਾ ਤੇਲ ਲੈ ਕੇ ਆ।'' ਭਾਬੀ ਨੇ ਆਪਣੀ ਨਨਾਣ ਨੂੰ ਅਵਾਜ਼ ਦਿੱਤੀ। ਰੱਜੋ ਨੇ ਕਣਕ ਤੇ ਸਰੋਂ ਦਾ ਤੇਲ ਲਿਆ ਕੇ ਭਾਬੀ ਨੂੰ ਦੇ ਦਿੱਤਾ ਤੇ ਪੁੱਛਿਆ, ''ਭਾਬੀ ਇਹ ਕੀ ਕਰਨਾ?'' ਜਿਆਦਾ ਸਵਾਲ ਨਾ ਪੁੱਛ ਤੇ ਜਾਹ ਆਪਣੇ ਭਰਾ ਤੇ ਬੱਚਿਆਂ ਨੂੰ ਅਵਾਜ਼ ਦੇ ਕੇ ਵਿਹੜੇ ਵਿੱਚ ਲੈ ਆ। ਸੁਰਜ ਗ੍ਰਹਿਣ ਲੱਗਣ ਵਾਲਾ ਹੈ, ਕੁਝ ਪੈਸੇ ਤੇ ਸਮਾਨ ਸਾਰਿਆਂ ਦੇ ਹੱਥੋਂ ਲਗਾ ਕੇ ਦਾਨ ਕਰ ਦਈਏ। ਕਹਿੰਦੇ ਦਾਨ ਕਰਨ ਨਾਲ ਕਸ਼ਟ ਟਲ ਜਾਂਦੇ ਨੇ।''
ਸਾਰਾ ਪਰਿਵਾਰ ਵਿਹੜੇ ਵਿੱਚ ਆ ਗਿਆ ਤੇ ਭਾਬੀ ਨੇ ਸਾਰਿਆਂ ਦੇ ਉੱਤੋਂ ਸਮਾਨ ਵਾਰ ਕੇ ਪੈਸਿਆਂ ਤੇ ਹੱਥ ਲਗਵਾ ਕੇ ਰੱਖ ਲਿਆ ਕਿ ਕਿਸੀ ਗਰੀਬ ਨੂੰ ਦੇ ਦੇਵਾਂਗੀ। ਰੱਜ਼ੋ, ਭਾਬੀ ਦੇ ਮੂੰਹ ਵੱਲ ਵੇਖਦੀ ਰਹਿ ਗਈ ਤੇ ਆਪਣੇ ਉਦਾਸ ਮਨ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਤੇ ਸੂਲਾਂ ਭਰੇ ਮੰਜੇ ਤੇ ਲੇਟ ਕੇ ਆਪਣੇ ਅਤੀਤ ਦੇ ਪੰਨਿਆਂ ਵਿੱਚ ਖੁੱਭ ਗਈ। ਪੜਾਈ ਕਰਦਿਆਂ ਹੀ ਸੋਹਣੇ ਅਸਮਾਨ ਵਿੱਚ ਖੁਸ਼ੀਆਂ ਦੇ ਪੂਰਨੇ ਪਾਉਂਦੀ ਰਜ਼ੋ ਸਾਰੇ ਘਰ ਦੀ ਰੌਣਕ ਸੀ। ਸੋਨ-ਸੁਨਿਹਰੀ ਚਿੜੀ ਵਾਂਗ ਆਪਣੇ ਪਿਓ ਦੇ ਮੋਢਿਆਂ ਤੇ ਹਰ ਵਕਤ ਚੀਂ-ਚੀਂ ਕਰਦੀ ਆਪਣੀਆਂ ਫ਼ਰਮਾਇਸ਼ਾ ਦੇ ਅੰਬਾਰ ਲਗਾ ਦਿੰਦੀ। ਭਰਾ-ਭਾਬੀ ਵੀ ਰੱਜ਼ੋ ਨੂੰ ਆਪਣੀ ਧੀ ਨਾਲੋਂ ਵੀ ਜਿਆਦਾ ਪਿਆਰ ਕਰਦੇ । ਅੱਜ ਲਾਗਲੇ ਪਿੰਡ ਵਿੱਚੋਂ ਆਏ ਚੰਗੇ ਘਰ ਦੇ ਰਿਸ਼ਤੇ ਨੇ ਭਰਾ ਅਤੇ ਪਿਓ ਦੀ ਪੱਗ ਨੂੰ ਹੋਰ ਦੂਣਾ ਕਰ ਦਿੱਤਾ ਸੀ, ਕਿਉਕਿ ਮੁੰਡਾ ਫ਼ੌਜ਼ ਵਿਚ ਨੌਕਰੀ ਕਰਦਾ ਸੀ। ਮੁੰਡੇ ਨੂੰ ਕੁੜੀ ਤੇ ਕੁੜੀ ਨੂੰ ਮੁੰਡਾ ਪਸੰਦ ਆ ਗਏ ਸਨ। ਰੱਜ਼ੋ ਬਹੁਤ ਖੁਸ਼ ਸੀ ਤੇ ਆਪਣੀਆਂ ਸਹੇਲੀਆਂ ਨੂੰ ਆਪਣੇ ਪਤੀ ਪਰਮਵੀਰ ਦੀ ਫੋਟੋ ਦਿਖਾ ਰਹੀ ਸੀ। ਪਰਮਵੀਰ ਉੱਚਾ-ਲੰਮਾ ਸੋਹਣਾ ਨੌਜ਼ਵਾਨ ਸੀ। ਥੋੜੇ ਦਿਨਾਂ ਬਾਅਦ ਰੱਜ਼ੋ ਦੇ ਪਿਤਾ ਜੀ ਪਰਮਵੀਰ ਦੇ ਘਰ ਗਏ ਤੇ ਵਿਆਹ ਦੀ ਤਰੀਕ ਅਗਲੇ ਮਹੀਨੇ ਦੇ ਸੰਗਰਾਦ ਦੀ ਪੱਕੀ ਕਰ ਆਏ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਆਪਣੇ ਫ਼ੌਜ਼ੀ ਪ੍ਰਾਹੁਣੇ ਦੀ ਉਡੀਕ ਕਰ ਰੱਜ਼ੋ ਗਿਣ-ਗਿਣ ਦਿਨ ਕੱਢਦੀ ਸੀ। ਆਪਣੀਆਂ ਸਹੇਲੀਆਂ ਨਾਲ ਅੱਜ ਤੂਤਾਂ ਵਾਲੇ ਖੂਹ ਤੇ ਗਈ ਰੱਜ਼ੋ ਹੈਰਾਨ ਰਹਿ ਗਈ ਜਦੋਂ ਪਰਮਵੀਰ ਫ਼ੌਜ਼ੀ ਵਰਦੀ ਵਿੱਚ ਉਸਦੇ ਸਾਹਮਣੇ ਆ ਖਲੋਤਾ। ਸਾਰੀਆਂ ਸਹੇਲੀਆਂ ਹੱਸਣ ਲੱਗ ਪਈਆਂ। ਉਸ ਨੂੰ ਹੁਣ ਸਮਝ ਆ ਗਈ ਸੀ ਕਿ ਇਹ ਸਭ ਉਸ ਦੀਆਂ ਸਹੇਲੀਆਂ ਤੇ ਪਰਮਵੀਰ ਦੀ ਮਿਲੀ ਭਗਤ ਹੈ ਪਰ ਮਨ- ਹੀ-ਮਨ ਵਿੱਚ ਖੁਸ਼ ਹੁੰਦੀ ਉਹ ਪਰਮਵੀਰ ਨੂੰ ਮਿਲ ਕੇ ਬਹੁਤ ਖੁਸ਼ ਹੋਈ।
ਘਰ ਆਉਂਦੇ-ਆਉਂਦੇ ਰੱਜ਼ੋ ਆਪਣੀਆਂ ਸਹੇਲੀਆਂ ਨੂੰ ਬੜੇ ਪਿਆਰ ਨਾਲ ਦੇਖ ਰਹੀ ਸੀ। ਸਹੇਲੀਆਂ ਵੀ ਉਸ ਨੂੰ ਛੇੜ-ਛੇੜ ਕੇ ਉਨਾਂ ਦੀ ਮੁਲਾਕਾਤ ਬਾਰੇ ਪੁੱਛ ਰਹੀਆਂ ਸਨ। ਸ਼ਰਮ ਦੇ ਮਾਰੇ ਰਜ਼ੋ ਦਾ ਗੁਲਾਬੀ ਰੰਗ ਫੁੱਲਾਂ ਨੂੰ ਵੀ ਪਿੱਛੇ ਛੱਡ ਰਿਹਾ ਸੀ। ਹੁਣ ਥੋੜੇ ਦਿਨ ਰਹਿ ਗਏ ਸਨ ਵਿਆਹ ਵਿੱਚ ਤੇ ਰਜ਼ੋ ਨੂੰ ਇੱਕ ਪਾਸੇ ਪਰਮਵੀਰ ਨੂੰ ਮਿਲਣ ਦੀ ਖੁਸ਼ੀ ਤੇ ਇੱਕ ਪਾਸੇ ਮਾਂ-ਪਿਓ ਤੇ ਪਰਿਵਾਰ ਨਾਲੋਂ ਵਿਛੜਨ ਦਾ ਦੁੱਖ ਵੀ ਸੀ। ਨਵੇਂ ਜੀਵਨ- ਸਾਥੀ ਅਤੇ ਨਵੇਂ ਜੀਵਨ ਨੂੰ ਜਿਓਣ ਲਈ ਰੱਜ਼ੋ ਦੀ ਮਾਂ ਅਤੇ ਕਦੀ ਰੱਜ਼ੋ ਦੀ ਭਾਬੀ ਰੋਜ਼ ਨਵੀਆਂ ਹਿਦਾਇਤਾਂ ਦਿੰਦੀਆਂ ਰਹਿੰਦੀਆਂ ਸਨ।
ਘਰ ਵਿੱਚ ਹੁਣ ਹਲਵਾਈ ਲੱਗ ਗਿਆ ਸੀ ਤੇ ਆਸ-ਪਾਸ ਦੇ ਘਰਾਂ ਵਿੱਚ ਮਠਿਆਈਆਂ ਵੰਡਣੀਆਂ ਸ਼ੁਰੂ ਹੋ ਗਈਆਂ ਸਨ। ਅੱਜ ਰੱਜ਼ੋ ਦੀਆਂ ਸਹੇਲੀਆਂ ਨੇ ਰਾਤੀ ਗਾਉਣ ਤੇ ਪੂਰੀ ਰੌਣਕ ਲਾਈ ਤੇ ਖੂਬ ਨੱਚੀਆਂ। ਅੱਜ ਉਸ ਦਾ ਪਰਿਵਾਰ ਵੀ ਬਹੁਤ ਖੁਸ਼ ਸੀ, ਕਿਉਕਿ ਉਨਾਂ ਦੀ ਧੀ ਸੁੱਖ-ਸੁਬੀਲ਼ੀ ਆਪਣੇ ਘਰ ਜਾ ਰਹੀ ਸੀ। ਅਗਲੇ ਦਿਨ ਲਾਲ ਜੋੜੇ ਵਿੱਚ ਰੱਜ਼ੋ ਅਰਸ਼ਾਂ ਦੀ ਹੂਰ ਲੱਗ ਰਹੀ ਸੀ। ਰੱਜ਼ੋ ਦੀਆਂ ਸਹੇਲੀਆਂ ਵੀ ਆਪਣੀ ਸਹੇਲੀ ਨੂੰ ਤਿਆਰ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ ਸਨ। ਓਧਰ ਪਰਮਵੀਰ ਵੀ ਕਿਸੇ ਰਾਂਝੇ ਤੋਂ ਘੱਟ ਨਹੀਂ ਸੀ ਲੱਗ ਰਿਹਾ। ਬਰਾਤ ਆਉਣ ਤੇ ਰੱਜ਼ੋ ਦੀਆਂ ਸਹੇਲੀਆਂ ਨੇ ਪਰਮਵੀਰ ਨੂੰ ਖੂਬ ਠੱਠਾ-ਮਜ਼ਾਕ ਕੀਤਾ। ਰੱਜ਼ੋ ਤੇ ਪਰਮਵੀਰ ਨੇ ਜਦੋਂ ਇੱਕ-ਦੂਜੇ ਨੂੰ ਦੇਖਿਆ ਤਾਂ ਦੇਖਦੇ ਹੀ ਰਹਿ ਗਏ ਤੇ ਜਿਵੇਂ ਸੋਚ ਰਹੇ ਹੋਣ ਕਿ ਇਸ ਦੁਨੀਆਂ ਤੇ ਅਸੀਂ ਸਿਰਫ਼ ਇੱਕ-ਦੂਜੇ ਲਈ ਹੀ ਆਏ ਹਾਂ। ਸ਼ਰਮਾਕੇ ਰੱਜ਼ੋ ਨੇ ਆਪਣੇ ਹਾਸੇ ਤੇ ਆਪਣੇ ਪਿਆਰ ਨੂੰ ਲਾਲ ਚੁੰਨੀ ਦੇ ਗੋਟੇ ਵਿੱਚ ਲੁਕੋ ਲਿਆ।
ਵਿਆਹ ਦੀਆਂ ਰਸਮਾਂ ਹੋ ਗਈਆਂ। ਵਿਦਾਈ ਦਾ ਵਕਤ ਜਿਵੇਂ ਸਾਰੀਆਂ ਉਮਰਾਂ ਦਾ ਲਾਡ ਅਤੇ ਮਾਂ-ਪਿਓ ਤੇ ਪਰਿਵਾਰ ਨਾਲੋਂ ਵਿਛੜਨ ਦਾ ਦੁੱਖ ਹਰ ਧੀ ਦਾ ਮਨ ਵਲੂੰਦਰਦਾ ਵਕਤ ਹੁੰਦਾ ਹੈ। ਇੱਕ ਪਾਸੇ ਨਵੇਂ ਜੀਵਨ ਤੇ ਜੀਵਨ-ਸਾਥੀ ਨਾਲ ਮਿਲਣ ਦੀ ਖੁਸੀ ਤੇ ਦੂਜ਼ੇ ਪਾਸੇ ਆਪਣੇ ਬਚਪਨ ਤੇ ਜਵਾਨੀ ਦੇ ਪਾਲਣਹਾਰ ਮਾਂ-ਪਿਓ ਨਾਲੋਂ ਵਿਛੜਨ ਦਾ ਦੁੱਖ। ਪਰ ਸਾਰੇ ਦੁੱਖਾਂ ਨੂੰ ਇੱਕ ਪਾਸੇ ਕਰ ਮਾਂ-ਪਿਓ ਖੁਸ਼ੀ-ਖੁਸ਼ੀ ਧੀ ਨੂੰ ਤੋਰਦੇ ਵਧੀਆ ਜੀਵਨ ਦੀ ਕਾਮਨਾ ਕਰਦੇ ਹੋਏ ਰੱਜ਼ੋ ਨੂੰ ਤੋਰਨ ਵਿੱਚ ਲੱਗ ਗਏ। ਆਪਣੀ ਧੀ ਦਾ ਹੱਥ ਪਰਮਵੀਰ ਦੇ ਹੱਥ ਵਿੱਚ ਦਿੰਦੇ ਹੋਏ ਕਹਿਣ ਲੱਗੇ ਕਿ ਸਾਡੇ ਜਿਗਰ ਦਾ ਟੁੱਕੜਾ ਅੱਜ ਤੋਂ ਤੁਹਾਡਾ ਹੋਇਆ। ਪਰਮਵੀਰ ਨੇ ਰੱਜ਼ੋ ਦੇ ਮਾਤਾ ਪਿਤਾ ਨੂੰ ਕਿਹਾ ਕਿ ਧੀ ਦੇ ਕੇ ਅੱਜ ਤੁਹਾਨੂੰ ਪੁੱਤਰ ਮਿਲ ਗਿਆ ਹੈ। ਹੁਣ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਇਹ ਸੁਣ ਕੇ ਰੱਜ਼ੋ ਦੇ ਮਾਂ-ਪਿਓ ਨੂੰ ਜਿਵੇਂ ਸਵਰਗ ਵਿੱਚ ਜਗਾਂ ਰਾਖਵੀ ਮਿਲ ਗਈ ਹੋਵੇ। ਦਿਲ ਨੂੰ ਠਾਰਨ ਵਾਲੀ ਗੱਲ ਸੁਣ ਕੇ ਤਪਦੀਆਂ ਆਂਦਰਾਂ ਨੂੰ ਠੰਡ ਪੈ ਗਈ। ਹੁਣ ਰੱਜੋ ਦੀ ਵਿਦਾਈ ਹੋ ਗਈ ਤੇ ਸਹੁਰੇ ਘਰ ਵਿੱਚ ਲਾਲ ਜੋੜੇ ਨਾਲ ਪਹਿਲਾ ਕਦਮ ਆਪਣੇ ਜੀਵਨ ਸਾਥੀ ਦਾ ਹੱਥ ਫੜ ਕੇ ਰੱਖਿਆ। ਇੱਕ-ਦੂਜੇ ਤੋਂ ਕਦੀ ਨਾ ਵਿਛੜਨ ਦੀਆਂ ਸਹੁੰਆਂ ਜਿਵੇਂ ਦੋਹਾਂ ਨੇ ਖਾਧੀਆਂ ਹੋਣ।
ਇੱਕ ਮਹੀਨੇ ਦੀ ਛੁੱਟੀ ਤੇ ਆਏ ਪਰਮਵੀਰ ਦੇ ਦਿਨ ਜਿਵੇਂ ਖੰਭ ਲਾ ਕੇ ਉਡਦੇ ਜਾਂਦੇ ਸਨ। ਪਰ, ਇੱਕ ਦਿਨ ਸਰਕਾਰੀ ਚਿੱਠੀ ਨੇ ਪਰਮਵੀਰ ਨੂੰ ਬਾਰਡਰ ਤੇ ਬੁਲਾ ਲਿਆ। ਕਿਉਕਿ ਬਾਰਡਰ ਉਤੇ ਦੂਜੇ ਦੇਸ਼ ਦੀਆਂ ਫ਼ੌਜਾਂ ਨੇ ਹਮਲਾ ਕਰ ਦਿੱਤਾ ਸੀ। ਰੱਜ਼ੋ ਦਾ ਦਿਲ ਡਰ ਰਿਹਾ ਸੀ, ਪਰ ਪਰਮਵੀਰ ਨੇ ਕਿਹਾ ਕਿ ਇਹ ਤਾਂ ਆਮ ਜਿਹੀ ਗੱਲ ਹੈ, ਫ਼ਿਕਰ ਕਰਨ ਦੀ ਲੋੜ ਨਹੀਂ। ਮੈਨੂੰ ਹੁਣ ਜਾਣ ਦਿਓ ਥੋੜੇ ਦਿਨਾਂ ਬਾਅਦ ਮੈਂ ਫ਼ਿਰ ਆ ਜਾਵਾਂਗਾ। ਫ਼ੌਜੀ ਨੇ ਪੂਰੀ ਤਿਆਰੀ ਕੱਸ ਲਈ ਪਰ ਰ੍ਰਜ਼ੋ ਦਾ ਮਨ ਨਹੀਂ ਸੀ ਮੰਨ ਰਿਹਾ। ਆਖਿਰ ਪਰਮਵੀਰ ਆਪਣੀ ਡਿਊਟੀ ਤੇ ਚਲਾ ਗਿਆ। ਉਸਨੂੰ ਕੀ ਪਤਾ ਸੀ ਕਿ ਦੁਸਮਣ ਪੂਰੀ ਸੇਧ ਲਗਾ ਕੇ ਉਨਾਂ 'ਤੇ ਹਮਲਾ ਕਰਨ ਦੀ ਤਿਆਰੀ ਵਿੱਚ ਹੈ। ਬਾਰਡਰ ਤੇ ਕੰਡਿਆਲੀ ਤਾਰਾਂ ਹੱਥ ਵਿੱਚ ਫੜੇ ਦੁਸ਼ਮਣ ਉਨਾਂ ਨੂੰ ਲਲਕਾਰ ਰਹੇ ਹਨ। ਆਪਣੇ ਦੇਸ਼ ਅਤੇ ਆਪਣੀ ਆਨ-ਮਾਨ ਨੂੰ ਨਾਲ ਲੈ ਲੈ ਤੁਰਦੇ ਭਾਰਤ ਦੇ ਕਿੰਨੇ ਹੀ ਨੌਜ਼ਵਾਨ ਪਰਮਵੀਰ ਵਾਂਗ ਬਾਰਡਰ ਤੇ ਲੜ ਰਹੇ ਸਨ। ਸ਼ਾਮ ਨੂੰ ਖ਼ਬਰ ਆਈ ਕਿ ਬਹੁਤ ਨੌਜ਼ਵਾਨ ਇਸ ਲੜਾਈ ਵਿੱਚ ਸ਼ਹੀਦ ਹੋ ਗਏ ਹਨ ਤੇ ਕਈ ਜਖ਼ਮੀ ਹੋ ਗਏ ਹਨ। ਟੈਲੀਵਿਜ਼ਨ ਤੇ ਆ ਰਹੀਆ ਖ਼ਬਰਾਂ ਨੇ ਰੱਜ਼ੋ ਦੇ ਦਿਲ ਵਿੱਚ ਇੱਕ ਖੌਫ਼ ਪੈਦਾ ਕਰ ਦਿੱਤਾ। ਆਖ਼ਿਰ ਖ਼ਬਰਾਂ ਵਿੱਚ ਸ਼ਹੀਦਾਂ ਵਿੱਚ ਪਰਮਵੀਰ ਦਾ ਨਾਂ ਸੁਣ ਕੇ ਰੱਜੋ ਬੇਹੋਸ਼ ਹੋ ਕੇ ਡਿੱਗ ਪਈ। ਇੱਕ ਬਿਜਲੀ ਉਸਦੇ ਅਰਮਾਨਾਂ ਤੇ ਡਿੱਗ ਪਈ। ਅਜੇ ਇੱਕ ਮਹੀਨਾ ਵੀ ਨਹੀਂ ਹੋਇਆ ਸੀ ਵਿਆਹ ਨੂੰ ਤੇ ਅੱਜ ਉਹ ਵਿਧਵਾ ਵੀ ਬਣ ਗਈ ਸੀ। ਉਸਦੇ ਜੀਵਨ ਵਿੱਚਲੇ ਸਾਰੇ ਰੰਗ ਹੀ ਉੱਡ ਗਏ ਤੇ ਉਹ ਬੇਰੰਗ ਹੋ ਗਈ। ਅਗਲੇ ਦਿਨ ਪਰਮਵੀਰ ਦੀ ਦੇਹ ਤਿਰੰਗੇ ਵਿੱਚ ਲਿਪਟੀ ਉਸਦੇ ਪਿੰਡ ਆ ਗਈ। ਮਾਂ-ਪਿਓ ਦਾ ਜਿਵੇਂ ਲੱਕ ਹੀ ਟੁੱਟ ਗਿਆ ਹੋਵੇ ਜਵਾਨ ਪੁੱਤਰ ਦੀ ਮੌਤ ਨਾਲ। ਰੱਜੋ ਧਾਹਾਂ ਮਾਰ-ਮਾਰ ਕੇ ਰੋ ਉੱਠੀ। ਦੰਦਲਾਂ ਪੈ ਰਹੀਆਂ ਸਨ, ਉਸ ਨਵ-ਵਿਆਹੀ ਵਿਧਵਾ ਦੇ ਤੇ ਕੁਝ ਸਮੇਂ ਬਾਅਦ ਉਹ ਬੇਹੋਸ਼ ਹੋ ਜਾਂਦੀ ਸੀ। ਫ਼ਿਰ ਉੱਠਦੀ ਧਾਹਾਂ ਮਾਰ-ਮਾਰ ਰੌਦੀ ਦੰਦਲਾਂ ਪੈਦੀਆਂ ਤੇ ਫ਼ਿਰ ਬੇਹੋਸ਼ ਹੋ ਜਾਂਦੀ ਸੀ। ਉਸ ਕੋਲੋਂ ਇਹ ਅਸਹਿ ਦੁੱਖ ਸਹਿਣ ਨਹੀਂ ਹੋ ਰਿਹਾ ਸੀ। ਮਾਂ ਆਪਣੇ ਪੁੱਤਰ ਦੀ ਤਿਰੰਗੇ ਵਿੱਚ ਲਿਪਟੀ ਲਾਸ਼ ਕੋਲ ਜਾਂਦੀ ਤੇ ਪੁੱਤਰ ਮੋਹ ਦਾ ਵਾਸਤਾ ਦੇ ਕੇ ਉੱਠਣ ਲਈ ਕਹਿੰਦੀ ਕਿ ਉੱਠ ਵੇਖ ਤੇਰੀ ਮਾਂ ਵੀ ਮਰਿਆ ਵਿੱਚੋਂ ਹੀ ਹੋ ਗਈ ਹੈ। ਸਾਰੇ ਪਿੰਡ ਵਿੱਚ ਦੁੱਖ ਦੀ ਲਹਿਰ ਛਾ ਗਈ। ਦੇਸ਼ ਦੇ ਜਵਾਨਾਂ ਦੇ ਨਾਲ ਸਲਾਮੀ ਦੇ ਕੇ ਪਰਮਵੀਰ ਦਾ ਸੰਸਕਾਰ ਕਰ ਦਿੱਤਾ ਗਿਆ। ਕੁਝ ਦਿਨਾਂ ਬਾਅਦ ਰੱਜੋ ਨੂੰ ਵੀ ਆਪਣੇ ਪੇਕੇ ਘਰ ਤੋਰ ਦਿੱਤਾ ਗਿਆ। ਲਾਲ ਜੋੜੇ ਵਿੱਚ ਤੋਰੀ ਧੀ ਜਦੋਂ ਚਿੱਟੇ ਕਪੜਿਆਂ ਵਿੱਚ ਪੇਕੇ ਆਈ ਤੇ ਮਾਂ ਉੱਥੇ ਹੀ ਗਸ਼ ਖਾ ਕੇ ਡਿੱਗ ਗਈ ਤੇ ਉਥੇ ਹੀ ਉਸ ਪ੍ਰਾਣ ਤਿਆਗ ਦਿੱਤੇ।
ਰੱਜੋ ਨੂੰ ਇੱਕ ਗੂੜਾ ਸਦਮਾ ਹੋਰ ਲੱਗ ਗਿਆ ਸੀ। ਹੁਣ ਤਾਂ ਉਸ ਕੋਲ ਰੋਣ ਲਈ ਹੰਝੂ ਵੀ ਨਹੀਂ ਸਨ ਬਚੇ। ਰੋਂਦੀ ਕੁਰਲਾਂਦੀ ਸੋਚਦੀ ਕਿ ਕਿਸ-ਕਿਸ ਨੂੰ ਰੋਵਾਂ ? ਮਾਂ ਹੁੰਦੀ ਤੇ ਦੁੱਖ-ਸੁੱਖ ਕਰਦੀ ਪਰ ਹੁਣ ਤਾਂ ਉਹ ਅੰਦਰੋਂ ਅੰਦਰੀ ਦੁੱਖ ਪੀ ਰਹੀ ਸੀ। ਸਾਰੇ ਪਰਿਵਾਰ ਤੋਂ ਰੱਜੋ ਦਾ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ। ਇੱਕ ਹੀ ਕਮਰੇ ਵਿੱਚ ਬੈਠੀ ਪਰਮਵੀਰ ਨਾਲ ਬਿਤਾਏ ਪਲ-ਪਲ ਨੂੰ ਸੋਚਕੇ ਕਦੀ ਹੱਸਦੀ ਤੇ ਕਦੀ ਰੌਂਦੀ ਸੀ। ਉਸਨੂੰ ਆਪਣੇ ਆਸ-ਪਾਸ ਕੋਈ ਵੀ ਚੰਗਾ ਨਾ ਲੱਗਦਾ। ਉਸਦੀਆਂ ਸਹੇਲੀਆਂ ਉਸਨੂੰ ਬਾਹਰ ਆਉਣ ਲਈ ਕਹਿੰਦੀਆਂ ਪਰ ਉਹ ਤਾਂ ਕਮਲੀ ਕਦੇ ਆਪਣੇ ਪਤੀ ਨੂੰ ਤੇ ਕਦੀ ਆਪਣੀ ਮਾਂ ਨੂੰ ਯਾਦ ਕਰ-ਕਰ ਕੇ ਆਪਣਾ ਰੂਪ ਤੋਂ ਕਰੂਪ ਹੋਈ ਜਾ ਰਹੀ ਸੀ।
ਰੱਜੋ ਇੱਕੋ ਦਮ ਉੱਠੀ ਤੇ ਭਾਬੀ ਦੇ ਹੱਥ ਫੜ ਕੇ ਬੋਲੀ,'' ਭਾਬੀ ਇਹ ਸੂਰਜ ਗ੍ਰਹਿਣ ਵਿੱਚ ਦਾਨ ਕਰਨ ਨਾਲ ਸਾਰੇ ਕਸ਼ਟ ਟਲ ਜਾਂਦੇ ਹਨ?'' ਭਾਬੀ ਅਵਾਕ ਜਿਹੀ ਹੋ ਕੇ ਰੱਜੋ ਦੇ ਮੂੰਹ ਵੱਲ ਵੇਖਣ ਲੱਗ ਪਈ। ਰੱਜੋ ਬੋਲੀ,'' ਭਾਬੀ ਬਾਰਡਰ ਤੇ ਵੀ ਸੂਰਜ ਹੁੰਦਾ ਹੈ? ਉਸ ਸੂਰਜ ਨੇ ਪਰਮਵੀਰ ਦੇ ਕਸ਼ਟ ਕਿਓ ਨਹੀਂ ਕੱਟੇ?'' ਭਾਬੀ, ਰੱਜੋ ਦੀਆਂ ਗੱਲਾਂ ਸੁਣ ਕੇ ਧੁਰ ਅੰਦਰੋਂ ਰੋ ਪਈ। ਭਾਬੀ ਸੂਰਜ ਦੇ ਗ੍ਰਹਿਣ ਲੱਗਾ ਤਾਂ ਹੱਟ ਜਾਵੇਗਾ, ਪਰ ਮੇਰੀ ਜਿੰਦਗੀ ਦਾ ਗ੍ਰਹਿਣ ਕਦੋਂ ਖ਼ਤਮ ਹੋਵੇਗਾ?''
ਇਹ ਇਕ ਐਸਾ ਸਵਾਲ ਖੜਾ ਹੋ ਗਿਆ ਸੀ, ਜਿਸਦਾ ਜੁਵਾਬ ਰੱਜੋ ਦੀ ਭਾਬੀ ਵੀ ਨਾ ਦੇ ਸਕੀ ਕਿ ਔਰਤ ਦੇ ਜੀਵਨ ਵਿੱਚ ਕਿੰਨੇ ਹੀ ਗ੍ਰਹਿਣ ਲੱਗਦੇ ਹਨ। ਉਹੋ ਕਿਸੇ ਦਾ ਕਸ਼ਟ ਤਾਂ ਨਹੀਂ ਕੱਟਦੇ ਪਰ ਇੱਕ ਔਰਤ ਨੂੰ ਕਈ ਮੋੜਾਂ ਤੇ ਤਾਰ-ਤਾਰ ਕਰ ਦਿੰਦੇ ਹਨ। ਭਾਬੀ ਨੇ ਰੱਜੋ ਨੂੰ ਬੁੱਕਲ ਵਿੱਚ ਲਿਆ ਤੇ ਕਿਹਾ,'' ਧੀਏ, ਤੇਰੀ ਜਿੰਦਗੀ ਦਾ ਗ੍ਰਹਿਣ ਮੈਂ ਮਾਂ ਬਣਕੇ ਇਸ ਘਰ ਤੋਂ ਫਿਰ ਉਸੇ ਤਰਾਂ ਹੀ ਤੋਰ ਕੇ ਕੱਟਾਂਗੀ।'' ਰੱਜੋ ਅੱਜ ਫਿਰ ਮੁਦਤਾਂ ਬਾਅਦ ਰੱਜ ਕੇ ਰੋਈ ਤੇ ਸੂਰਜ ਗ੍ਰਹਿਣ ਬਾਰੇ ਸੋਚਣ ਲੱਗੀ।
ਰੇਨੂੰ ਜੁਲਕਾ ਮੈਨੀ, ਪੰਜਾਬ ਮਾਤਾ ਨਗਰ, ਲੁਧਿਆਣਾ (8360404279)

Have something to say? Post your comment