Friday, July 10, 2020
FOLLOW US ON

Article

ਰੇਖਾ ਚਿੱਤਰ / ਛਣਕਦੇ ਹਾਸੇ ਦਾ ਅੰਤ ~ ਪ੍ਰੋ. ਨਵ ਸੰਗੀਤ ਸਿੰਘ

June 24, 2020 08:35 PM
ਰੇਖਾ ਚਿੱਤਰ
                           ਛਣਕਦੇ ਹਾਸੇ ਦਾ ਅੰਤ
                           ****************
                                       ~    ਪ੍ਰੋ. ਨਵ ਸੰਗੀਤ ਸਿੰਘ
 
       ਕਾਲਜ ਵਿੱਚ ਆਪਣੇ ਪਹਿਲੇ ਹੀ ਦਿਨ ਉਸਨੇ ਮੈਨੂੰ ਪਛਾਣ ਕੇ 'ਸਤਿ ਸ੍ਰੀ ਅਕਾਲ' ਬੁਲਾਈ ਤੇ ਦੱਸਿਆ "ਸਰ, ਮੈਂ ਤੁਹਾਡੀ ਸਟੂਡੈਂਟ ਰਹਿ ਚੁੱਕੀ ਹਾਂ।" ਮੈਂ ਗੁਰੂ ਕਾਸ਼ੀ ਕਾਲਜ ਵਿਖੇ ਪੜ੍ਹ ਚੁੱਕੀਆਂ ਲੜਕੀਆਂ ਵਿੱਚੋਂ ਉਹਦਾ ਚਿਹਰਾ ਪਛਾਣਨ ਦੀ ਕੋਸ਼ਿਸ਼ ਕੀਤੀ।
       1986-88 ਵਿੱਚ ਮੈਂ ਗੌਰਮਿੰਟ ਕਾਲਜ ਸੰਗਰੂਰ ਵਿਖੇ ਲੈਕਚਰਾਰ ਵਜੋਂ ਕਾਰਜਸ਼ੀਲ ਸਾਂ। ਅਸੀਂ ਪੰਜਾਬੀ ਵਿਭਾਗ ਵੱਲੋਂ ਪੰਜਾਬੀ (ਲਿਟਰੇਚਰ) ਪੜ੍ਹਨ ਵਾਲੀਆਂ ਲੜਕੀਆਂ ਦਾ ਇੱਕ ਰੋਜ਼ਾ ਟੂਰ ਪਿੰਜੌਰ ਗਾਰਡਨ ਲੈ ਕੇ ਗਏ ਸਾਂ। ਪਰ ਇਕ ਲੜਕੀ, ਜਿਸ ਕੋਲ ਪੰਜਾਬੀ (ਲਿਟਰੇਚਰ) ਵਿਸ਼ਾ ਨਹੀਂ ਸੀ, ਕਿਵੇਂ ਨਾ ਕਿਵੇਂ ਸਾਡੇ ਨਾਲ ਚਲੀ ਗਈ ਸੀ। ਇਸ ਗੱਲ ਦਾ ਮੈਨੂੰ ਵਰ੍ਹਿਆਂ ਬਾਦ ਪਤਾ ਲੱਗਿਆ। 
      ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਵਿਖੇ ਡਾ. ਸੁਨੀਤਾ ਨਾਂ ਦੀ ਇੱਕ ਲੜਕੀ ਨੇ ਹਿੰਦੀ ਲੈਕਚਰਾਰ ਵਜੋਂ ਜਾਇਨ ਕੀਤਾ ਸੀ, ਜੋ ਸਬੱਬ ਨਾਲ ਮੈਥੋਂ ਸੰਗਰੂਰ ਪੜ੍ਹ ਚੁੱਕੀ ਸੀ। ਇਹੀ ਉਹ ਲੜਕੀ ਸੀ, ਜਿਸ ਕੋਲ ਪੰਜਾਬੀ (ਲਿਟਰੇਚਰ) ਵਿਸ਼ਾ ਤਾਂ ਨਹੀਂ ਸੀ, ਪਰ ਸਾਡੇ ਨਾਲ ਪਿੰਜੌਰ ਦੇ ਟੂਰ ਤੇ ਚਲੀ ਗਈ ਸੀ।
     ਸੁਨੀਤਾ ਅਜੇ ਅਣਵਿਆਹੀ ਸੀ। ਉਸ ਦੇ ਪਿਤਾ ਕਈ ਸਾਲ ਪਹਿਲਾਂ ਗੁਜ਼ਰ ਚੁੱਕੇ ਸਨ। ਉਹ ਤਲਵੰਡੀ ਸਾਬੋ ਵਿਖੇ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗੀ। ਹਰ ਹਫ਼ਤੇ ਸੰਗਰੂਰ ਆਪਣੀ ਮੰਮੀ ਕੋਲ ਜਾਂਦੀ। ਘਰ ਵਿੱਚ ਭਰਾ- ਭੈਣ ਤੋਂ ਛੋਟੀ ਹੋਣ ਕਰਕੇ ਸਾਰੇ ਉਸ ਨਾਲ ਬੜਾ ਮੋਹ ਕਰਦੇ ਸਨ। ਮਾਂ- ਧੀ ਦਾ ਤਾਂ ਕਾਫੀ ਪਿਆਰ ਸੀ। ਵਿਹਲੇ ਪੀਰੀਅਡ ਵਿੱਚ ਮੈਂ ਵੇਖਦਾ ਕਿ ਮਾਂ- ਧੀ ਫੋਨ ਤੇ ਲੰਮੀਆਂ ਗੱਲਾਂ ਕਰ ਰਹੀਆਂ ਹੁੰਦੀਆਂ! ਮੇਰੇ ਨਾਲ ਇੱਕ ਅਧਿਆਪਕ ਦਾ ਰਿਸ਼ਤਾ ਹੋਣ ਕਰਕੇ ਉਹ ਆਪਣੀ ਮੰਮੀ ਦੀ ਸਿਹਤ, ਉਨ੍ਹਾਂ ਦੇ ਨਵੇਂ ਲਗਵਾਏ ਦੰਦਾਂ, ਉਨ੍ਹਾਂ ਦੇ ਸਤਿਸੰਗ ਜਾਣ ਆਦਿ ਬਾਰੇ ਅਕਸਰ ਮੈਨੂੰ ਦੱਸਦੀ ਰਹਿੰਦੀ।
     ਐਤਵਾਰ ਪਿੱਛੋਂ ਜਦ ਵੀ ਸੁਨੀਤਾ ਕਾਲਜ ਆਉਂਦੀ, ਤਾਂ ਦੋ- ਤਿੰਨ ਘੰਟੇ ਦਾ ਸਫ਼ਰ ਕਰਨ ਪਿੱਛੋਂ ਵੀ ਥੱਕੀ ਹੋਈ ਨਾ ਜਾਪਦੀ। ਉਹੀ ਚਿਰ ਪਰੀਚਿਤ ਮੁਸਕਾਨ, ਨਿਰਛਲ ਤੇ ਭਰਪੂਰ ਖੇੜੇ ਨਾਲ ਮਿਲਦੀ।
     ਉਹਦੀ ਨਿਯੁਕਤੀ ਪਿੱਛੋਂ ਕਾਲਜ ਵਿੱਚ ਹੋਰ ਵੀ ਬਹੁਤ ਸਾਰੇ ਨਵੇਂ ਅਧਿਆਪਕ ਆ ਗਏ। ਉਹਦੀ ਕਾਰਜਸ਼ੀਲਤਾ ਵੇਖ ਕੇ ਉਹਨੂੰ ਕਾਲਜ ਮੈਗਜ਼ੀਨ ਦੇ ਮੁੱਖ ਸੰਪਾਦਕ ਦੀ ਡਿਊਟੀ ਸੌਂਪੀ ਗਈ, ਜੋ ਉਸ ਨੇ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ। ਮੇਰੇ ਨਾਲ ਸਹਾਇਕ ਯੂਥ ਕੋਆਰਡੀਨੇਟਰ ਵਜੋਂ ਵੀ ਉਹਨੇ ਦਿਲਚਸਪੀ ਨਾਲ ਕੰਮ ਕੀਤਾ। ਉਹ  ਦੀ ਲਗਨ ਤੇ ਨਿਸ਼ਠਾ ਨੂੰ ਵੇਖਦਿਆਂ ਉਹਨੂੰ ਦੋ ਹੋਰ ਡਿਊਟੀਜ਼ ਸੌਂਪੀਆਂ ਗਈਆਂ- ਐੱਨ ਐੱਸ ਐੱਸ ਪ੍ਰੋਗਰਾਮ ਅਫ਼ਸਰ ਅਤੇ ਪੀ ਟੀ ਏ ਐਗਜ਼ੈਕਟਿਵ ਮੈਂਬਰ। ਪਰ ਇਨ੍ਹਾਂ ਡਿਊਟੀਜ਼ ਤੇ ਉਹਦੇ ਕਦੇ ਵੀ ਹਸਤਾਖਰ ਨਾ ਹੋ ਸਕੇ।
      ਜੁਲਾਈ ਵਿੱਚ ਛੁੱਟੀਆਂ ਤੋਂ ਬਾਅਦ ਜਦੋਂ ਦੁਬਾਰਾ ਕਾਲਜ ਖੁੱਲ੍ਹੇ, ਤਾਂ ਸੁਨੀਤਾ ਕਰੀਬ ਚਾਰ ਮਹੀਨਿਆਂ ਪਿੱਛੋਂ ਕਾਲਜ ਆਈ ਸੀ। ਪਹਿਲਾਂ ਮਾਰਚ ਦੇ ਮਹੀਨੇ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਓਰੀਅੈਂਟੇਸ਼ਨ ਕੋਰਸ ਲਾਉਣ ਚਲੀ ਗਈ, ਫਿਰ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਸੰਗਰੂਰ ਉਹਦੀ ਡਿਉਟੀ ਲੱਗ ਗਈ। ਦਸ ਕੁ ਦਿਨ ਕਾਲਜ ਲਾ ਕੇ ਇੱਕ ਦਿਨ ਜਦ ਘਰ ਜਾਣ ਲੱਗੀ ਤਾਂ ਦੋ ਦਿਨ ਦੀ ਛੁੱਟੀ ਵੀ ਲੈ ਲਈ। ਮੈਂ ਸਰਸਰੀ ਤੌਰ ਤੇ ਉਹਨੂੰ  ਪੁੱਛਿਆ, "ਮੈਡਮ, ਅਜੇ ਹੁਣੇ ਤਾਂ ਇੰਨੀਆਂ ਛੁੱਟੀਆਂ ਬਿਤਾ ਕੇ ਆਏ ਹੋ, ਫੇਰ?" ਤਾਂ ਉਸਨੇ ਭਰਪੂਰ ਮੁਸਕਰਾਹਟ ਨਾਲ ਜਵਾਬ ਦਿੱਤਾ, "ਬੱਸ ਜ਼ਰਾ ਠੀਕ ਨਹੀਂ ਹਾਂ, ਸੋਮਵਾਰ ਆਵਾਂਗੀ।" 
      ਪਰ ਉਹਦਾ ਇਹ ਸੋਮਵਾਰ ਕਦੇ ਨਾ ਆਇਆ। ਉਹ ਫੋਨ ਰਾਹੀਂ ਹੀ ਆਪਣੀ ਡਾਕਟਰੀ ਛੁੱਟੀ ਵਧਾਉਂਦੀ ਰਹੀ। ਮੈਂ ਉਹਦੀ ਵਿਗੜਦੀ ਸਿਹਤ ਬਾਰੇ ਸੁਣ-ਸੁਣ ਕੇ ਡਰ ਜਿਹਾ ਗਿਆ। ਕਦੇ ਉਹ ਪਟਿਆਲੇ ਤੋਂ ਇਲਾਜ ਕਰਵਾ ਰਹੀ ਹੈ, ਕਦੇ ਪੀ ਜੀ ਆਈ ਤੋਂ, ਕਦੇ ਹਿਸਾਰ ਤੋਂ ਦੇਸੀ ਹਕੀਮ ਪਾਸੋਂ...। ਮੈਂ ਕਈ ਵੇਰ ਫੋਨ ਤੇ ਉਸਦਾ ਹਾਲ- ਚਾਲ ਪੁੱਛਿਆ ਤਾਂ ਮੁਸਕਰਾਉਂਦੀ ਹੋਈ ਨੇ ਦੱਸਣਾ, "ਜ਼ਰਾ ਲਿਵਰ ਇਨਫੈਕਸ਼ਨ ਹੈ, ਛੇਤੀ ਠੀਕ ਹੋ ਕੇ ਆਵਾਂਗੀ।" 
      ਫਿਰ ਹੌਲੀ- ਹੌਲੀ ਉਹਦੀ ਬੀਮਾਰੀ ਵਧਦੀ ਗਈ। ਕਈ ਦਿਨਾਂ ਬਾਅਦ ਮੈਂ ਫੇਰ ਫੋਨ ਕੀਤਾ, ਤਾਂ ਉਹਦਾ ਜਵਾਬ ਸੀ, "ਸਰ, ਮੈਂ ਡੀ. ਐੱਮ.ਸੀ. ਚੋਂ ਬੋਲ ਰਹੀ ਆਂ। ਕੱਲ੍ਹ ਹੀ ਪਹੁੰਚੇ ਹਾਂ, ਆਈ ਸੀ ਯੂ ਵਿੱਚ ਹਾਂ...।" ਮੈਂ ਆਈ ਸੀ ਯੂ ਦਾ ਨਾਂ ਸੁਣ ਕੇ ਹੀ ਡਰ ਗਿਆ। ਮੇਰੇ ਹੱਥ ਕੰਬਣ ਲੱਗੇ। ਖੁਦ ਤੇ ਕਾਬੂ ਪਾ ਕੇ ਮੈਂ ਉਹਨੂੰ ਫੋਨ ਤੇ ਹੌਸਲਾ ਦਿੱਤਾ, "ਕੋਈ ਗੱਲ ਨਹੀਂ ਮੈਡਮ, ਤੁਸੀਂ ਠੀਕ ਹੋ ਕੇ ਆਓ, ਆਪਾਂ ਫੇਰ ਗੱਲਾਂ ਕਰਾਂਗੇ।..." 
      ਮੈਂ ਘਰ ਆਪਣੀ ਪਤਨੀ ਨਾਲ ਸੁਨੀਤਾ ਦੀ ਬਿਮਾਰੀ ਬਾਰੇ ਗੱਲ ਕੀਤੀ। ਦੋਵੇਂ ਇੱਕ- ਦੂਜੀ ਨੂੰ ਯੂਨੀਵਰਸਿਟੀ ਪੜ੍ਹਨ ਸਮੇਂ ਤੋਂ ਹੀ ਜਾਣਦੀਆਂ ਸਨ ਤੇ ਮੇਰੀ ਪਤਨੀ ਨੂੰ ਤਾਂ ਉਹ 'ਦੀਦੀ' ਕਹਿ ਕੇ ਬੁਲਾਉਂਦੀ ਸੀ। ਪਤਨੀ ਵੀ ਉਹਦੀ ਬਿਮਾਰੀ ਸੁਣ ਕੇ ਅੱਖਾਂ ਭਰ ਆਈ ਤੇ ਉਹਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਕੁਝ ਸੋਚ ਕੇ ਮੈਂ ਸੁਨੀਤਾ ਨੂੰ ਐੈੱਸ ਐੱਮ ਐੱਸ ਕੀਤਾ, "ਗੈੱਟ ਵੈੱਲ ਸੂਨ! ਵਿਸ਼ ਯੂ ਅਰਲੀ ਰਿਕਵਰੀ!" ਦੋ ਮਿੰਟਾਂ ਬਾਅਦ ਹੀ ਸੁਨੀਤਾ ਦਾ ਜਵਾਬ ਆ ਗਿਆ,"ਥੈਂਕਸ ਸਰ!" ਇਹ ਮੇਰਾ ਉਸ ਨਾਲ ਆਖਰੀ ਅਣਬੋਲਿਆ ਸੰਵਾਦ ਸੀ।
      ਇਸ ਵਾਕਿਆ ਦੇ ਤੀਜੇ ਦਿਨ ਮੈਨੂੰ ਉਸਦੇ ਜਹਾਨੋਂ ਤੁਰ ਜਾਣ ਦਾ ਸ਼ੋਕ- ਸੰਦੇਸ਼ ਮਿਲਿਆ। ਉਦੋਂ ਮੈਂ ਬੱਸ ਵਿੱਚ ਕਿਸੇ ਜ਼ਰੂਰੀ ਮੀਟਿੰਗ ਤੇ ਜਾ ਰਿਹਾ ਸਾਂ। ਮੈਂ ਉਹਦੇ ਅੰਤਿਮ ਸਸਕਾਰ ਵਿੱਚ ਵੀ ਸ਼ਾਮਲ ਨਾ ਹੋ ਸਕਿਆ।
       ਸੁਨੀਤਾ ਜੀਵਨ ਦੀ ਭਰਪੂਰਤਾ ਨੂੰ ਮਾਣਨ ਵਾਲੀ ਖ਼ੁਸ਼ਮਿਜਾਜ਼ ਲਡ਼ਕੀ ਸੀ। ਉਹਦੀ ਸ਼ਖਸੀਅਤ ਤੋਂ ਇਹ ਨਹੀਂ ਸੀ ਜਾਪਦਾ ਕਿ ਉਹ ਹਿੰਦੀ ਸਾਹਿਤ ਵਿੱਚ ਉੱਚ ਡਿਗਰੀ ਪ੍ਰਾਪਤ (ਐੱਮ ਫਿਲ, ਪੀਐੱਚ ਡੀ) ਅਧਿਆਪਕਾ ਹੈ। ਉਹਦੇ ਪਹਿਰਾਵੇ ਤੋਂ ਅੰਗਰੇਜ਼ੀ ਵਿਸ਼ੇ ਦੀ ਝਲਕ ਪੈਂਦੀ ਅਤੇ ਬੋਲਚਾਲ ਤੋਂ ਸ਼ੁੱਧ ਪੰਜਾਬਣ। ਮੈਂ ਕਈ ਵਾਰ ਉਹਨੂੰ ਸਹਿਜ ਸੁਭਾਅ ਕਿਹਾ ਵੀ ਸੀ, "ਮੈਡਮ, ਤੁਸੀਂ ਕੀ ਹਿੰਦੀ ਪੜ੍ਹਾਉੰਦੇ ਹੋਵੋਗੇ! ਤੁਸੀਂ ਤਾਂ ਕਦੇ ਇੱਕ ਅੱਖਰ ਵੀ ਹਿੰਦੀ ਦਾ ਨਹੀਂ ਬੋਲਦੇ!" ਪਰ ਜਵਾਬ ਵਿੱਚ ਉਹ ਸਿਰਫ਼ ਮੁਸਕਰਾ ਪੈਂਦੀ।
      ਅੱਜ ਕਈ ਸਾਲਾਂ ਪਿੱਛੋਂ ਵੀ ਉਹਦੀਆਂ ਗੱਲਾਂ ਚੇਤੇ ਕਰ ਕੇ ਮੈਨੂੰ ਦੁਸ਼ਿਅੰਤ ਕੁਮਾਰ ਦੇ ਇਹ ਬੋਲ ਕੁਰੇਦ ਰਹੇ ਹਨ:
         ਹਮਨੇ ਤਮਾਮ ਉਮਰ ਅਕੇਲੇ ਸਫ਼ਰ ਕੀਆ
         ਹਮ ਪਰ ਕਿਸੀ ਖ਼ੁਦਾ ਕੀ ਇਨਾਇਤ ਨਹੀਂ ਰਹੀ।
         ਹਮਕੋ ਪਤਾ ਨਹੀਂ ਥਾ ਹਮੇਂ ਅਬ ਪਤਾ ਚਲਾ 
         ਇਸ ਮੁਲਕ ਮੇਂ ਹਮਾਰੀ ਹਕੂਮਤ ਨਹੀਂ ਰਹੀ। 
         ਸੀਨੇ ਮੇਂ ਜ਼ਿੰਦਗੀ ਕੇ ਅਲਾਮਤ ਹੈਂ ਅਭੀ 
         ਗੋ ਜ਼ਿੰਦਗੀ ਕੀ ਕੋਈ ਜ਼ਰੂਰਤ ਨਹੀਂ ਰਹੀ।
****************************************
 # ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Have something to say? Post your comment