Friday, July 10, 2020
FOLLOW US ON

Article

ਧਰਤੀ ਮਾਂ ਦੀਆਂ ਅਸੀਸਾਂ/ਡਾ. ਬਲਵੀਰ ਮੰਨਣ

June 24, 2020 08:40 PM

ਧਰਤੀ ਮਾਂ ਦੀਆਂ ਅਸੀਸਾਂ/ਡਾ. ਬਲਵੀਰ ਮੰਨਣ


੨੧ ਜੂਨ ਹੈ ਅੱਜ; ਹਾੜ੍ਹ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚੋਂ ਇੱਕ ਦਿਨ ਤੇ ਹਾੜ੍ਹ ਮਹੀਨੇ ਦਾ ਸਬੰਧ ਸਾਡੇ ਏਥੇ ਸਖ਼ਤ ਗਰਮੀ ਨਾਲ ਹੁੰਦਾ ਹੈ। ਪਰ ਕੁਦਰਤ ਹੈ, ਕਿ ਠੰਢੀ ਹਵਾ ਵਗ ਰਹੀ ਹੈ ਤੇ ਵਰਖਾ ਦੀਆਂ ਸੋਹਣੀਆਂ-ਠੰਢੀਆਂ ਬੂੰਦਾਂ ਦੇ ਫ਼ੁਹਾਰ ਇਸ ਹਵਾ ਦੀਆਂ ਗਲਵਕੜੀਆਂ ਵਿੱਚ ਪੈ ਆਪਣੇ ਨਿਸ਼ਚਿਤ ਥਾਂ, ਜਿੱਥੇ ਇਨ੍ਹਾਂ ਦੇ ਡਿਗਣ ਦੀ ਉਮੀਦ ਹੁੰਦੀ ਹੈ, 'ਤੇ ਨਾ ਡਿਗ ਕੇ ਏਧਰਲੀ-ਓਧਰਲੀ ਧਰਤ ਨੂੰ ਸੁਹਾਵਾ ਕਰ ਰਹੇ ਹਨ। ਇੰਞ ਜਾਪਦਾ ਹੈ ਕਿ ਵਰਖਾ ਦੇ ਇਹ ਫ਼ੁਹਾਰ ਹਵਾ ਸੰਗ ਲੱਕ ਮਟਕਾਂਦੇ ਏਧਰ-ਓਧਰ ਮਸਤ ਹੋਏ-ਹੋਏ ਝੂਮ ਰਹੇ ਹੋਣ। ਸੁੱਕੀ-ਤਪਦੀ ਧਰਤ ਮਾਂ ਦਾ ਰੋਮ-ਰੋਮ ਭਿੱਜ ਰਿਹਾ ਹੈ; ਠੰਢਾ ਸੀਤ ਹੋ ਰਿਹਾ ਹੈ। ਰਸਭਿੰਨੀ ਮਹਿਕ, ਜੋ ਤਦੋਂ ਇਸ ਧਰਤੀ ਦੇ ਅੰਦਰੋਂ ਉਗਮ ਰਹੀ ਹੈ –ਜਾਪਦਾ ਹੈ ਜਿਵੇਂ ਸੋਹਣੇ-ਸੁਹਾਵਣੇ ਮੌਸਮ ਨੂੰ ਇਹ ਅਸੀਸਾਂ ਦੇ ਰਹੀ ਹੋਵੇ ਤੇ ਇਨ੍ਹਾਂ ਅਸੀਸਾਂ ਦੀ ਖ਼ੁਸ਼ਬੋਅ ਮਨੁੱਖੀ ਮਨ ਤੱਕ ਵੀ ਰਸਾਈ ਕਰ (ਪੁੱਜ) ਰਹੀ ਹੈ ਤੇ ਮਨੁੱਖੀ ਮਨ ਵੀ ਧਰਤੀ ਮਾਂ ਦੀਆਂ ਐਸੀਆਂ ਠੰਢੀਆਂ ਅਸੀਸਾਂ ਮਾਨਣ ਨੂੰ ਕਰ ਰਿਹਾ ਹੈ; ਆਪਣੀ ਇਸ ਮਾਂ ਲਈ ਕੁਝ ਚੰਗਾ ਕਰਕੇ। ਬੂਟੇ ਰੋਪ ਕੇ, ਜਿਸ ਨਾਲ ਏਸ ਤਰ੍ਹਾਂ ਦੇ ਸੁਹਾਵਣੇ ਮੌਸਮਾਂ ਦਾ ਸੰਯੋਗ ਵਾਰ-ਵਾਰ ਧਰਤੀ ਉੱਪਰ ਬਣ ਆਵੇ; ਪਾਣੀ ਨੂੰ ਬਚਾਅ ਕੇ, ਜਿਸ ਨਾਲ ਧਰਤ ਦੀ ਛਾਤੀ ਸਦਾ ਠੰਢੀ ਰਹੇ; ਪ੍ਰਦੂਸ਼ਣ ਨੂੰ ਘਟਾਅ ਕੇ; ਜਿਸ ਨਾਲ ਧਰਤੀ ਦੇ ਸਾਰੇ ਪੁੱਤ-ਧੀਆਂ ਨੂੰ ਸਾਹ ਸੌਖਾ ਆਵੇ।
ਜਦ ਧਰਤੀ ਦੇ ਪੁੱਤ-ਧੀਆਂ ਨੂੰ ਸੌਖਾ ਸਾਹ ਆਵੇਗਾ –ਮਾਂ ਦਾ ਜੀਵਨ ਤਾਂ ਆਪਣੇ ਸੌਖੇ ਪੁੱਤਰ-ਧੀਆਂ ਨੂੰ ਤੱਕ ਕੁ ਖ਼ੁਦ-ਬ-ਖ਼ੁਦ ਤਦ ਸੁਖਾਲ਼ਾ ਹੋ ਜਾਏਗਾ। ਤੇ ਇਸ ਸੁਖਾਲ਼ੇ ਜੀਵਨ, ਸੌਖੇ ਮਨ 'ਚੋਂ ਫਿਰ ਅਸੀਸਾਂ ਹੀ ਤਾਂ ਉਗਮਣਗੀਆਂ। ਮੀਂਹ ਮੁੜ-ਮੁੜ ਵਰਨ੍ਹਗੇ ਤੇ ਧਰਤੀ ਮਾਂ ਦੀਆਂ ਦੁਆਵਾਂ ਦੀ ਰਸਭਿੰਨੀ ਮਹਿਕ ਨਾਲ ਮਨੁੱਖੀ ਮਨ ਨਿਰੰਤਰ ਪ੍ਰਫੁਲਿਤ ਹੋਵੇਗਾ। ਆਨੰਦ ਤੇ ਸੁੱਖ ਚਹੁੰ ਪਾਸੀਂ ਵਰਤ ਆਵੇਗਾ।
(ਡਾ. ਬਲਵੀਰ ਮੰਨਣ)
੯੪੧੭੩-੪੫੪੮੫

Have something to say? Post your comment