Friday, July 10, 2020
FOLLOW US ON

Poem

ਸੁਣਿਆ ਹੈ ਮੇਰੇ ਸ਼ਹਿਰ ਨੂੰ.../ਡਾ. ਅਮਨਪ੍ਰੀਤ ਸਿੰਘ

June 27, 2020 11:53 AM

ਸੁਣਿਆ ਹੈ ਮੇਰੇ ਸ਼ਹਿਰ ਨੂੰ.../ਡਾ. ਅਮਨਪ੍ਰੀਤ ਸਿੰਘ


ਸੁਣਿਆ ਹੈ ਮੇਰੇ ਸ਼ਹਿਰ ਨੂੰ, ਡਿਜੀਟਲ ਬਣਾਇਆ ਜਾ ਰਿਹੈ।
ਸੁਪਨਿਆਂ ਦੇ ਇਸ ਸ਼ਹਿਰ ਨੂੰ, ਜ਼ਿੰਦਾ ਦਫ਼ਨਾਇਆ ਜਾ ਰਿਹੈ।

ਨਵੀਂ ਸਵੇਰ ਦੀ ਉਮੀਦ 'ਚ, ਫ਼ਤਵਾ ਸੁਣਾਇਆ ਜਾ ਰਿਹੈ
ਰੇਹੜੀਆਂ ਤੇ ਛੋਟੇ ਉਦਯੋਗ 'ਤੇ, ਆਰਾ ਚਲਾਇਆ ਜਾ ਰਿਹੈ।
ਨਸ਼ਿਆਂ 'ਚ ਲਾ ਜਵਾਨੀ ਸਾਡੀ, ਕੁੱਝ ਵਲੈਤ ਵੱਲ ਨੂੰ ਭੇਜ ਕੇ
ਝੂਠੇ ਪਾ ਕੇਸ ਬੇਦੋਸ਼ੀਆਂ 'ਤੇ, ਗੈਂਗਸਟਰ ਬਣਾਇਆ ਜਾ ਰਿਹੈ
ਸੁਣਿਆ ਹੈ ਮੇਰੇ ਸ਼ਹਿਰ ਨੂੰ, ਡਿਜੀਟਲ ਬਣਾਇਆ ਜਾ ਰਿਹੈ...

ਘੰਟਾ ਘਰ ਦੇ ਉੱਚੇ ਚੁਬਾਰੇ, ਮੰਦਰ ਮਸਜਿਦ ਗੁਰਦੁਆਰੇ
ਸਭ ਨੂੰ ਖੰਡਰ ਆਖਦੇ ਨੇ, ਢਹਿ ਰਹੇ ਪੁਰਾਤਨ ਮੁਨਾਰੇ।
ਤੋੜ ਇਮਾਰਤਾਂ ਸ਼ਹਿਰ ਦਾ, ਵਿਰਸਾ ਗਵਾਇਆ ਜਾ ਰਿਹੈ
ਜਾਮਾ ਮਸਜਿਦ ਨੂੰ ਤੋੜ ਕੇ, ਰਾਮ ਮੰਦਰ ਬਣਾਇਆ ਜਾ ਰਿਹੈ
ਸੁਣਿਆ ਹੈ ਮੇਰੇ ਸ਼ਹਿਰ ਨੂੰ, ਡਿਜੀਟਲ ਬਣਾਇਆ ਜਾ ਰਿਹੈ...

ਮੋਬਾਇਲ ਟਾਵਰ ਦੀਆਂ ਤਰੰਗਾਂ, ਚਿੜੀਆਂ ਮੇਰੀਆਂ ਨੂੰ ਘੇਰਦੀਆਂ
ਵੱਧ ਰਹੀ ਏ ਕੈਂਸਰ ਦੀ ਗਿਣਤੀ, ਕੀ ਸਿਫ਼ਤਾਂ ਵਿਕਾਸ ਏਸ ਦੀਆਂ
ਕੁੱਖਾਂ ਤੋਂ ਭਰੂਣ ਨੇ ਝੜ ਰਹੇ, ਸੰਘਣੇ ਰੁੱਖਾਂ ਨੂੰ ਕਟਾਇਆ ਜਾ ਰਿਹੈ
ਚੁੱਲਿਆਂ ਨੂੰ ਛੱਡ ਪਕਵਾਨ ਨੂੰ, ਬਿਜਲੀ ਯੰਤਰ 'ਤੇ ਪਕਾਇਆ ਜਾ ਰਿਹੈ
ਸੁਣਿਆ ਹੈ ਮੇਰੇ ਸ਼ਹਿਰ ਨੂੰ, ਡਿਜੀਟਲ ਬਣਾਇਆ ਜਾ ਰਿਹੈ...

ਆਈ ਨਾ ਮੁੜ ਬਹਾਰ ਏਥੇ, ਚਿਹਰਿਆਂ ਤੋਂ ਰੌਣਕ ਉੱਠ ਗਈ
ਤਿਉਹਾਰ ਵਿਆਹ ਭੋਗ ਰੀਤਾਂ, ਘੰਟਿਆਂ 'ਚ ਹੀ ਸਭ ਮੁੱਕ ਗਈ।
ਮੈਰਿਜ਼ ਪੈਲਿਸ ਮਹਿੰਗਿਆਂ 'ਚ, ਸਮਾਗਮ ਰਚਾਇਆ ਜਾ ਰਿਹੈ
ਵਿਖਾਵੇ ਦੇ ਇਸ ਦੌਰ ਵਿੱਚ, ਆਪਣਾ ਲੁਟਾਇਆ ਜਾ ਰਿਹੈ
ਸੁਣਿਆ ਹੈ ਮੇਰੇ ਸ਼ਹਿਰ ਨੂੰ, ਡਿਜੀਟਲ ਬਣਾਇਆ ਜਾ ਰਿਹੈ...

ਵਿਦਿਆ ਦਾ ਵਪਾਰੀਕਰਨ ਹੈ, ਕਾਨਵੈਂਟਾਂ ਨੇ ਸਭ ਮੱਲ ਲਿਆ
ਅੰਗਰੇਜ਼ੀ ਮਾਧਿਅਮ ਨੇ ਆਣ, ਸਰਕਾਰੀ ਕੰਮ ਸਭ ਠੱਲ ਲਿਆ
ਪੰਜਾਬੀ ਦੇ ਇਸ ਨਵਾਬ ਨੂੰ,ਏ. ਬੀ. ਸੀ. ਸਿਖਾਇਆ ਜਾ ਰਿਹੈ
ਸ਼ਰਿਆਮ ਹੋਲ਼ੀ ਹੋਲ਼ੀ ਗੁਰਮੁਖੀ ਤੋਂ, ਪੱਲਾ ਛੁਡਾਇਆ ਜਾ ਰਿਹੈ
ਸੁਣਿਆ ਹੈ ਮੇਰੇ ਸ਼ਹਿਰ ਨੂੰ, ਡਿਜੀਟਲ ਬਣਾਇਆ ਜਾ ਰਿਹੈ...

ਅੱਧਾ ਮੁੱਲਕ ਮੇਰਾ ਸੁਣ ਦੋਸਤਾ, ਕੁੱਲੀ, ਗੁੱਲੀ ਤੇ ਜੁੱਲੀ ਤੋਂ ਖ਼ਾਲੀ ਏ
ਅੱਧਾ ਸੜਕਾਂ 'ਤੇ ਸੌਂਦਾ ਹੈ ਭੁੱਖਾ, ਦੱਸ ਕਿਧਰ ਦੀ ਖੁਸ਼ਹਾਲੀ ਏ।
ਪੂੰਜੀਪਤੀਆਂ ਨੂੰ ਖੁਸ਼ ਕਰਕੇ, ਕਿਸਾਨ ਕਰਜ਼ੇ ਹੇਠ ਦਬਾਇਆ ਜਾ ਰਿਹੈ
ਕਿਉਂ ਮੇਰੇ ਇਸ ਅੰਨ ਦਾਤਾ ਨੂੰ, ਦਿਨੇ ਸੂਲ਼ੀ 'ਤੇ ਚੜਾਇਆ ਜਾ ਰਿਹੈ
ਸੁਣਿਆ ਹੈ ਮੇਰੇ ਸ਼ਹਿਰ ਨੂੰ, ਡਿਜੀਟਲ ਬਣਾਇਆ ਜਾ ਰਿਹੈ...।

ਡਾ. ਅਮਨਪ੍ਰੀਤ ਸਿੰਘ
ਪਤਾ: ਮਕਾਨ ਨੰਬਰ ੧੩, ਟੈਕਸਲਾ ਕਲੋਨੀ, ਪੱਖੋਵਾਲ ਰੋਡ, ਪਿੰਡ ਦਾਦ, ਲੁਧਿਆਣਾ, ਪੰਜਾਬ, ਪਿੰਨ ਕੋਡ: ੧੪੨੦੨੨.   ਮੋਬਾਇਲ: ੭੯੭੩੩੨੮੩੯੦

Have something to say? Post your comment