Friday, July 10, 2020
FOLLOW US ON

Poem

ਕਿਉਂ ਭਲਾ ਦੱਸ? ( ਬਾਲ ਕਵਿਤਾ )/ਗੁਰਪ੍ਰੀਤ ਕੌਰ ਧਾਲੀਵਾਲ

June 27, 2020 12:00 PM
ਕਿਉਂ ਭਲਾ ਦੱਸ? ( ਬਾਲ ਕਵਿਤਾ )/ਗੁਰਪ੍ਰੀਤ ਕੌਰ ਧਾਲੀਵਾਲ
 
ਹਰ ਕੋਈ ਆਖੇ,ਧੋਵੋ ਵਾਰ-ਵਾਰ ਹੱਥ।
ਵੀਹ ਸੈਕਿੰਡ ਤੱਕ ਲਾ ਕੇ ਸਾਬਣ ਰੱਖ ।
ਕਿਉਂ ਭਲਾ ਦੱਸ?
ਨਿਰਜਿੰਦ ਹੁੰਦੇ ਕਣ ਕਰੋਨਾ ਦੇ
ਚਰਬੀ ਦੀ ਉੱਪਰ ਹੋਵੇ ਪਰਤ ਚੜ੍ਹੀ ।
ਸਾਬਣ ਹਟਾ ਕੇ ਪਰਤ ਇਨ੍ਹਾਂ ਦੀ
ਮਾਰ ਬਣਾਵੇ ਝੱਟ ਇਨ੍ਹਾਂ ਦੀ ਮੜ੍ਹੀ।
ਆਇਆ ਕੁਝ ਸਮਝ ਜਾਂ ਨਾ, ਦੱਸ ।
ਗੱਲ ਛੋਟੀ ਜਾਣ ਨਾ ਛੋਟੇ ਹੱਸ ।

ਜਿੱਥੇ ਵੇਖਾਂ ਜੀਹਨੂੰ ਵੇਖਾਂ ਢੱਕ ਰੱਖਿਆ।
ਸਭਨਾਂ ਨੇ ਆਪਣਾ ਮੂੰਹ, ਸਿਰ, ਹੱਥ।
ਕਿਉਂ ਭਲਾ ਦੱਸ ?
ਮਾਸਕ ਕਰਦਾ ਹੈ ਰੱਖਿਆ ਸਾਡੀ,
ਜਦ ਕੋਈ ਛਿੱਕੇ ਜਾਂ ਫਿਰ ਖੰਘੇ ।
ਅਸੀਂ ਸੁਰੱਖਿਅਤ ਬਚ ਜਾਂਦੇ ਹਾਂ,
ਮਾਸਕ 'ਚੋਂ ਕਣ ਕੋਈ ਪਾਰ ਨਾ ਲੰਘੇ ।
ਆਇਆ ਕੁਝ ਸਮਝ ਜਾਂ ਨਾ, ਦੱਸ।
ਗੱਲ ਛੋਟੀ ਜਾਣ ਨਾ ਤੂੰ ਛੋਟੇ ਹੱਸ ।

ਨਾ ਕੋਈ ਘਰ ਆਵੇ, ਨਾ ਬਾਹਰ ਜਾਵੇ ।
ਸੁੰਨਮ- ਸੁੰਨੀ ਹਰ ਗਲੀ ,ਹਰ ਸੱਥ ।
ਕਿਉਂ ਭਲਾ ਦੱਸ ?
ਦੂਰੀ ਬਣਾ,ਜਾਨ ਆਪਣੀ ਰੱਖ ਬਚਾਅ,
ਅਖਬਾਰ, ਟੀ.ਵੀ. ਵੀ ਇਹੋ ਸਮਝਾਵੇ ।
ਹੱਥ ਮਿਲਾਇਆਂ ਜਾਂ ਮਿਲਿਆਂ ਗਲ਼ੇ ,
ਬਿਮਾਰੀ ਇਹ ਭਿਆਨਕ ਗਲ਼ ਪੈ ਜਾਵੇ ।
ਆਇਆ ਕੁਝ ਸਮਝ ਜਾਂ ਨਾ, ਦੱਸ ।
ਗੱਲ ਛੋਟੀ ਜਾਣ ਨਾ ਤੂੰ ਛੋਟੇ ਹੱਸ ।

ਵਿਸ਼ਵ-ਵਿਆਪੀ ਇਸ ਬਿਮਾਰੀ ਬਾਰੇ ।
ਆਪਣੀ ਕੀਤੀ ਤੂੰ ਤਿਆਰੀ ਬਾਰੇ ।
ਸਭਨਾਂ ਨੂੰ ਦੱਸ ।
ਇਲਾਜ ਅਜੇ ਕੋਈ ਸਮਝ ਨਾ ਆਵੇ,
ਮੂਰਖ ਫਿਰ ਵੀ ਭੱਜ ਬਾਹਰ ਨੂੰ ਜਾਵੇ ।
ਬਿਮਾਰੀ ਨਾਲ ਮੁੜ ਪੀੜਤ ਹੋ ਆਵੇ,
ਖ਼ੁਦ ਹੀ ਖ਼ੁਦ ਨੂੰ ਮੌਤ ਦੇ ਮੂੰਹ ਪਾਵੇ ।
ਕੁਝ ਨਹੀਂ ਹੁੰਦਾ ਕਹਿ ਜੋ ਹੱਸੀ ਜਾਵੇ ।
ਆਇਆ ਕੁਝ ਸਮਝ ਜਾਂ ਨਾ, ਦੱਸ।
ਗੱਲ ਛੋਟੀ ਜਾਣ ਨਾ ਤੂੰ  ਛੋਟੇ ਹੱਸ।
ਗੁਰਪ੍ਰੀਤ ਕੌਰ ਧਾਲੀਵਾਲ
ਫੋਨ9878002110
Have something to say? Post your comment