Friday, July 10, 2020
FOLLOW US ON

Article

ਸਿਹਤ-ਸੇਵਾਵਾਂ ਅਤੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ : ਗੁਰਾਂ ਦਿੱਤਾ ਸਿੰਘ ਮਹਿਲ

June 27, 2020 12:07 PM

ਸਿਹਤ-ਸੇਵਾਵਾਂ ਅਤੇ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ : ਗੁਰਾਂ ਦਿੱਤਾ ਸਿੰਘ ਮਹਿਲ


ਸਰੀਰਕ ਰੋਗੀਆਂ ਨੂੰ ਆਪਣੇ ਡਾਕਟਰੀ-ਪੇਸ਼ੇ ਦੁਆਰਾ ਅਤੇ ਪੰਜਾਬੀ ਮਾਂ-ਬੋਲੀ ਦੇ ਪ੍ਰੇਮੀਆਂ ਨੂੰ ਆਪਣੀ ਕਮਾਲ-ਮਈ ਕਲਮ ਦੁਆਰਾ ਤੰਦਰੁਸਤੀਆਂ ਅਤੇ ਹਿਰਦੇ ਨੂੰ ਸਕੂਨ ਦੇਣ ਵਾਲੇ ਪਰ-ਉਪਕਾਰੀ ਕਾਰਜਾਂ ਵਿਚ ਜੁਟੇ ਹੋਏ ਕੋਮਲ ਹਿਰਦੇ ਵਾਲੇ ਗੁਰਾਂ ਦਿੱਤਾ ਸਿੰਘ ਮਹਿਲ ਦਾ ਜਨਮ ਪਿਤਾ ਸ੍ਰ. ਦਰਸ਼ਨ ਸਿੰਘ ਮਹਿਲ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਦੀ ਸੁਲੱਖਣੀ ਕੁੱਖੋਂ ਨਵੰਬਰ, 1974 ਨੂੰ ਪਿੰਡ ਭਾਈ ਰੂਪਾ (ਬਠਿੰਡਾ) ਵਿਚ ਹੋਇਆ। ਮੁੱਢਲੀ ਸਿੱਖਿਆ ਉਸਨੇ ਆਪਣੇ ਨਾਨਕੇ ਪਿੰਡ ਧੂੜਕੋਟ (ਫਰੀਦਕੋਟ) ਤੋਂ ਅਤੇ ਮੈਟ੍ਰਿਕ ਜਿਲਾ ਬਠਿੰਡਾ ਦੇ ਪਿੰਡ ਭਾਈ ਰੂਪਾ ਦੇ ਸਰਕਾਰੀ ਹਾਈ ਸਕੂਲ ਵਿੱਚੋਂ ਕੀਤੀ। ਗੁਰਾਂ ਮਹਿਲ ਦੱਸਦਾ ਹੈ ਕਿ ਉਹ ਪੜਨ ਵਿੱਚ ਕਾਫੀ ਹਸ਼ਿਆਰ ਸੀ, ਪਰ ਘਰ ਦੀ ਆਰਥਿਕ ਤੰਗੀ ਉਸਦੀ ਉਚ-ਪੜਾਈ ਵਿਚ ਰੁਕਾਵਟ ਆ ਬਣੀ। ਪਿੰਡਾਂ ਵਿੱਚ ਸੇਵਾ ਕਰਦੇ ਚੰਗੇ ਉਸਤਾਦ-ਡਾਕਟਰਾਂ ਤੋਂ ਸਿੱਖਿਆ ਲੈ ਕੇ ਫਿਰ ਉਸ ਨੇ ਵਿਰਾਸਤ ਵਿੱਚ ਮਿਲੀ ਗਰੀਬੀ ਨਾਲ ਪੂਰੀ ਮਿਹਨਤ ਅਤੇ ਲਗਨ ਨਾਲ ਜੰਗ ਲੜੀ ਅਤੇ ਡਾਕਟਰੀ ਖਿੱਤੇ ਵਿੱਚ ਕੰਮ ਅਤੇ ਸੇਵਾ ਕਰਕੇ ਜਿੱਤ ਪ੍ਰਾਪਤ ਕਰਦਿਆਂ ਸਮਾਜ ਵਿੱਚ ਬਣਦਾ ਸਨਮਾਨ ਪਾਇਆ। ਨਤੀਜਨ ਅੱਜ ਦਿਨ ਉਹ ਰਾਮਪੁਰਾ ਬਲਾਕ ਮੈਡੀਕਲ ਪ੍ਰੈਕਟੀਸ਼ਨਰ ਯੁਨੀਅਨ 295 ਦੀ ਜਨਰਲ ਸਕੱਤਰ ਦੀ ਸੇਵਾ ਨਿਭਾ ਰਿਹਾ ਹੈ।
ਗੁਰਾਂ ਮਹਿਲ ਨੇ ਇਕ ਮੁਲਾਕਾਤ ਦੌਰਾਨ ਕਿਹਾ, ''ਮੈਨੂੰ ਜਵਾਨੀ ਵਿਚ ਕੁਲਦੀਪ ਮਾਣਕ, ਗਰਦਾਸ ਮਾਨ, ਮੁਹੰਮਦ ਸਦੀਕ-ਰਣਜੀਤ ਕੌਰ, ਸੁਰਿੰਦਰ ਛਿੰਦਾ, ਅਮਰ ਸਿੰਘ ਚਮਕੀਲਾ ਅਤੇ ਨਛੱਤਰ ਛੱਤਾ ਆਦਿ ਜਿਹੇ ਫੰਨਕਾਰਾਂ ਦੇ ਗਾਏ ਗੀਤ ਸੁਣਨੇ ਦੀ ਚੇਟਕ ਲੱਗ ਗਈ। ਦਿਲ ਨੂੰ ਧੂਹ ਪਾਂਉਂਦੀਆਂ ਮਿੱਠੀਆਂ, ਸੁਰੀਲੀਆਂ ਅਤੇ ਦਿਲ-ਕਸ਼ ਅਵਾਜਾਂ ਦੁਆਰਾ ਸੰਗੀਤ ਵਿਚ ਪ੍ਰੋਏ ਇਹ ਗੀਤ ਦਿਲ ਨੂੰ ਸਕੂਨ ਦਿੰਦੇ ਅਤੇ ਕਿਸ ਨੇ ਲਿਖੇ, ਕਿਵੇ ਲਿਖੇ, ਬਾਰੇ ਮੈਂ ਸੋਚਣ ਲੱਗ ਜਾਂਦਾ। ਦਿਲ- ਹੀ- ਦਿਲ ਗੀਤ ਲਿਖਣ ਵਾਲੇ ਗੀਤਕਾਰ ਲਈ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਮਾਣ-ਇੱਜਤ, ਸਤਿਕਾਰ ਬਖ਼ਸ਼ਦਿਆਂ ਹੋਰ ਵੀ ਸੋਚਾਂ ਦੇ ਸਮੁੰਦਰੀਂ ਡੁੱਬ ਕੇ ਆਪਣੇ ਆਪ ਨੂੰ ਕਹਿੰਦਾ,'' ਗੁਰੇ ! ਤੂੰ ਵੀ ਕੁਝ ਕਾਗਜ ਦੀ ਕੋਰੀ ਹਿੱਕੜੀ ਉਤੇ ਲਿਖ ਕੇ ਦਿਲ ਦੇ ਬਾ-ਬਰੋਲੇ ਹੌਲੇ ਕਰ।''
ਗੀਤਕਾਰ ਗੁਰਾਂ ਮਹਿਲ ਇਨਾਂ ਵਿਚਾਰਾਂ ਦਾ ਹੈ ਕਿ ਕੋਈ ਵੀ ਸੱਜਣ ਠੋਕਰ ਖਾਧੇ ਬਿਨ ਲਿਖਾਰੀ ਨਹੀ ਬਣ ਸਕਦਾ। ਇਹ ਠੋਕਰ ਭਾਂਵੇ ਗਰੀਬੀ ਦੀ ਹੋਵੇ ਜਾਂ ਕਿਸੇ ਵੀ ਹੱਡੀਂ ਹੰਢਾਏ ਹੋਰ ਦਰਦ ਦੀ। ਇੱਕ ਗੀਤਕਾਰ ਬਣਨ ਦੀ ਕੋਸ਼ਿਸ਼ ਵਿਚ ਗੁਰਾਂ ਦਿੱਤਾ ਹਰ ਉਸਤਾਦ-ਗੀਤਕਾਰ ਤੋਂ ਕੁੱਝ-ਨਾ-ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸੇ ਕਰਕੇ ਹੀ ਉਹ ਆਪਣੀ ਫੇਸਬੁੱਕ ਉਤੇ ਆਪਣੇ ਲਿਖੇ ਗੀਤ ਪਾਉਂਦਾ ਰਹਿੰਦਾ ਮਣਾਂ-ਮੂੰਹੀ ਪਿਆਰ ਖੱਟਦਾ ਰਹਿੰਦਾ ਹੈ, ਕਲਾ-ਪ੍ਰੇਮੀਆਂ ਪਾਸੋਂ। ਇਕ ਸਵਾਲ ਦਾ ਜੁਵਾਬ ਦਿੰਦਿਆਂ ਉਸ ਕਿਹਾ, ''ਮੇਰੀ ਕਿਸਮਤ ਨੂੰ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜ਼ਿ:) ਨੇ ਆਪਣੇ ਅੱਠਵੇਂ ਕਾਵਿ-ਸੰਗ੍ਰਹਿ,'' ਰੰਗ ਬਰੰਗੀਆਂ ਕਲਮਾਂ'' (267 ਕਲਮਾਂ) ਵਿਚ ਮੈਨੂੰ ਜਗਾ ਦੇ ਕੇ ਨਾ-ਸਿਰਫ ਮੇਰੀ ਕਲਮ ਦੀ ਅਸਲ ਪਹਿਚਾਣ ਹੀ ਬਣਾਈ, ਬਲਕਿ ਮੈਨੂੰ ਅਤੇ ਮੇਰੀ ਕਲਮ ਨੂੰ ਉਡਾਰੀਆਂ ਮਾਰਨ ਲਈ ਜਾਣੋ ਜ਼ਬਰਦਸਤ ਖੰਭ ਲਾ ਕੇ ਰੱਖ ਦਿੱਤੇ। ਮੈਂ ਹਾਰਦਿਕ ਧੰਨਵਾਦੀ ਹਾਂ ਇਸ ਸੰਸਥਾ ਦੇ ਪ੍ਰਧਾਨ ਸੁਪ੍ਰਸਿੱਧ ਗੀਤਕਾਰ ਸ੍ਰ. ਲਾਲ ਸਿੰਘ ਲਾਲੀ ਅਤੇ ਉਨਾਂ ਦੀ ਸਮੁੱਚੀ ਟੀਮ ਦਾ, ਜਿਨਾਂ ਵਲੋਂ ਮਿਲੀ ਹੱਲਾ-ਸ਼ੇਰੀ ਉਪਰੰਤ ਉਡਾਣਾਂ ਭਰਦਿਆਂ ਹੁਣ ਮੇਰੀ ਕਲਮ ਦੇਸ਼-ਵਿਦੋਸ਼ ਦੇ ਰੋਜਾਨਾ, ਸਪਤਾਹਿਕ ਅਤੇ ਮਾਸਿਕ ਪੇਪਰਾਂ ਦਾ ਖ਼ੂਬ ਸ਼ਿੰਗਾਰ ਬਣਦੀ ਜਾ ਰਹੀ ਹੈ, ਦਿਨ-ਪਰ-ਦਿਨ। ਸੰਸਥਾ ਦੇ ਮਿਲੇ ਇਸ ਪਲੇਟਫਾਰਮ ਨਾਲ ਮੈਨੂੰ ਹੋਰ ਵੀ ਵਧੀਆ ਲਿਖਣ ਦੀ ਅਨਰਜੀ ਮਿਲ ਰਹੀ ਹੈ।''
ਸ੍ਰ. ਲਾਲ ਸਿੰਘ ਲਾਲੀ, ਦੇਵ ਥਰੀਕੇ ਵਾਲਾ, ਕਿਰਪਾਲ ਮਾਹਣਾ, ਰਾਜ ਜਗਰਾਂਓਂ ਅਤੇ ਰਾਜੂ ਨਾਹਰ ਵਰਗੇ ਉਸਤਾਦ-ਗੀਤਕਾਰਾਂ ਨੂੰ ਆਪਣੀ ਕਲਮ ਦਾ ਪ੍ਰੇਰਨਾ-ਸ੍ਰੋਤ ਦੱਸਣ ਵਾਲੇ ਗੁਰਾਂ ਦਿੱਤਾ ਮਹਿਲ ਵਲੋਂ ਆਪਣੀ ਪਲੇਠੀ ਛਪਾਈ ਲਈ ਤਿਆਰ ਕੀਤੀ ਜਾ ਰਹੀ ਪੁਸਤਕ ਦੇ ਗੀਤਾਂ ਵਿਚੋਂ ਇਕ ਗੀਤ ਦੀ ਸਥਾਈ ਦੇਖੋ :
''ਸਾਉਣ ਦੀ ਬਹਾਰ, ਸਾਥੋਂ ਹੁੰਦੀ ਨਾ ਸਹਾਰ,
ਗਿਆ ਨਾਗ ਜੁਦਾਈ ਵਾਲਾ ਲੜ ਸੱਜਣਾ।
ਆਉਣੀ ਨਾ ਬਹਾਰ ਕਦੇ ਸਾਡੇ ਪਿਆਰ ਉੱਤੇ,
ਰਹਿਣੀ ਏ ਸਦਾ ਹੀ ਪੱਤਝੜ ਸੱਜਣਾ।''
ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਗੁਰਾਂ ਮਹਿਲ ਨੇ ਕਿਹਾ,'' ਬੀ. ਐਸ ਸੀ. (ਨਾਨ-ਮੈਡੀਕਲ) ਵਿਚ ਪੜਦੀ ਮੇਰੀ ਬੇਟੀ ਨਵਜੋਤ ਕੌਰ ਅਤੇ ਬੀ. ਐਸ ਸੀ. (ਐਗਰੀਕਲਚਰ) ਕਰ ਚੁੱਕੇ ਬੇਟੇ ਦੇਵਿੰਦਰਦੀਪ ਸਿੰਘ ਪਾਸੋਂ ਪੜਾਈ ਪੱਖ ਮੇਰੇ ਅਧੂਰੇ ਰਹਿ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀਆਂ ਮੈਨੂੰ ਪੂਰਨ ਸੰਭਾਵਨਾਵਾਂ ਹਨ।''
ਆਪਣੀ ਧਰਮ-ਪਤਨੀ ਸ੍ਰੀਮਤੀ ਸ਼ਿਵਰਜੀਤ ਕੌਰ ਅਤੇ ਗ੍ਰਹਿਸਥੀ ਬਗ਼ੀਚੀ ਨਾਲ ਜਿਲਾ ਬਠਿੰਡਾ ਦੇ ਪਿੰਡ ਭਾਈ ਰੂਪਾ ਵਿਚ ਖ਼ੁਸ਼ੀਆਂ ਭਰਿਆ ਜੀਵਨ ਗੁਜ਼ਾਰਦਿਆਂ, ਆਪਣੇ ਡਾਕਟਰੀ-ਪੇਸ਼ੇ ਦੁਆਰਾ ਮਰੀਜ਼ਾਂ ਤੋਂ ਕੋਹ-ਕੋਹ ਲੰਬੀਆਂ ਦੁਆਵਾਂ ਖੱਟਦੇ ਰਹਿਣ ਲਈ ਅਤੇ ਗੀਤਕਾਰੀ ਖੇਤਰ ਵਿਚ ਪੰਜਾਬੀ ਮਾਂ-ਬੋਲੀ ਦੀ ਸਰਗਰਮੀ ਨਾਲ ਸੇਵਾ ਕਰਦੇ ਰਹਿਣ ਲਈ ਗੁਰਾਂ ਦਿੱਤਾ ਮਹਿਲ ਨੂੰ ਮੇਰਾ ਓਹ ਪ੍ਰਵਰਦਗਾਰ ਹੋਰ ਵੀ ਬਲ ਬਖ਼ਸ਼ੇ, ਮੇਰੀਆਂ ਦਿਲੀ ਦੁਆਵਾਂ, ਕਾਮਨਾਵਾਂ ਅਤੇ ਜੋਦੜੀਆਂ ਹਨ, ਓਸ ਦੇ ਦਰ 'ਤੇ !
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641
ਸੰਪਰਕ : ਗੁਰਾਂ ਦਿੱਤਾ ਸਿੰਘ ਮਹਿਲ, 9463260058

Have something to say? Post your comment