Friday, July 10, 2020
FOLLOW US ON

Article

(ਅਹਿਮ ਮਸਲਾ) ... ਚੰਗੇ ਨਾਗਰਿਕ ਦੀ ਤਲਾਸ਼

June 27, 2020 10:54 PM

(ਅਹਿਮ ਮਸਲਾ) ... ਚੰਗੇ ਨਾਗਰਿਕ ਦੀ ਤਲਾਸ਼
ਮੇਰੇ ਬਹੁਤ ਹੀ ਸਤਿਕਾਰਤ ਦੋਸਤੋ ਅਜੋਕੇ ਮੀਡੀਆ ਦੇ ਯੁੱਗ ਵਿੱਚ ਆਪਾਂ ਸਾਰੇ ਹੀ ਜੇਕਰ ਭਾਵ ਨੜਿਨਵੇਂ ਪ੍ਰਸੈਂਟ ਲੋਕ ਕਹਿ ਲਈਏ ਕਿ ਮੋਬਾਇਲ ਰਾਹੀਂ ਇੰਟਰਨੈੱਟ ਨਾਲ ਜੁੜੇ ਹਾਂ ਤਾਂ ਮੇਰੇ ਖਿਆਲ ਅਨੁਸਾਰ ਕੋਈ ਵੀ ਅਤਿਕਥਨੀ ਨਹੀਂ ਹੋਵੇਗੀ। ਨੋਟ ਤੇ ਗੁਗਲ ਬਾਬਾ ਬਹੁਤ ਹੀ ਭਰਪੂਰ ਜਾਣਕਾਰੀ ਆਂ ਆਪਣੇ ਅੰਦਰ ਸਮੋਈ ਬੈਠਾ ਹੈ, ਸਿਰਫ਼ ਤੇ ਸਿਰਫ਼ ਓਨਾਂ ਨੂੰ ਘੋਖਣ ਦੀ ਲੋੜ ਹੈ ਘਰ ਬੈਠਾ ਬੈਠਾ ਇਨਸਾਨ ਦੁਨੀਆਂ ਦੀ ਸੈਰ ਕਰਨ ਦੇ ਨਾਲ-ਨਾਲ ਅਦਭੁਤ ਜਾਣਕਾਰੀ ਵੀ ਪ੍ਰਾਪਤ ਕਰ ਸਕਦਾ ਹੈ,ਲੋੜ ਹੈ ਇਸ ਨੂੰ ਸਹੀ ਵਰਤਣ ਦੀ ਜਾਂ ਓਹ ਵਰਤਣ ਵਾਲੀ ਜਾਂਚ ਸਿੱਖਣ ਦੀ।
     

  ਮੋਬਾਈਲ ਰਾਹੀਂ ਅਨੇਕਾਂ ਹੀ ਗਰੁੱਪਾਂ ਦੇ ਨਾਲ ਆਪਾਂ ਸਾਰੇ ਹੀ ਜੁੜੇ ਹੋਏ ਹਾਂ।ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਮੋਬਾਇਲ ਜਿਥੇ ਮਨਪ੍ਰਚਾਵੇ ਦਾ ਸਾਧਨ ਬਣ ਗਿਆ ਹੈ ਓਥੇ ਭਰਪੂਰ ਜਾਣਕਾਰੀ ਤੇ ਵਪਾਰੀ ਵਰਗ ਇਹਦੇ ਤੇ ਹੀ ਲੱਖਾਂ ਕਰੋੜਾਂ ਰੁਪਏ ਦੇ ਬਿਜਨੇਸ ਵੀ ਕਰ ਲੈਂਦੇ ਹਨ।ਕਾਰ ਵਿੱਚ ਬੈਠਿਆਂ ਬੈਠਿਆਂ ਇਨਸਾਨ ਨੈਵੀਗੇਸ਼ਨ (ਨਕਸ਼ੇ ਰਾਹੀਂ)ਓਥੇ ਵੀ ਪਹੁੰਚ ਜਾਂਦਾ ਹੈ, ਜਿਥੋਂ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ।
   

 ਚੱਲੋ ਖੈਰ ਆਪਣੇ ਮੁੱਦੇ ਦੀ ਗੱਲ ਤੇ ਆਈਏ, ਮੋਬਾਇਲ ਤੇ"ਰੇਡੀਓ ਸਾਂਝ ਦਿਲਾਂ ਦੀ" ਤੇ ਆਵਾਜ਼ ਦੀ ਦੁਨੀਆਂ "ਦੋ ਬਹੁਤ ਹੀ ਵਧੀਆ ਵਟਸਐਪ ਗਰੁੱਪ ਚੱਲਦੇ ਹਨ, ਜਿਸ ਵਿਚ ਅਸੀਂ ਕਰੀਬ ਪੰਜਾਹ ਤੇ ਪੱਚੀ ਦੋਸਤ ਜੁੜੇ ਹੋਏ ਹਾਂ,ਤੇ ਹਰ ਰੋਜ਼ ਹੀ ਸਾਹਿਤਕ, ਧਾਰਮਿਕ, ਸਮਾਜਿਕ ਤੇ ਦੁਨਿਆਵੀ ਗੱਲਾਂ ਬਾਤਾਂ ਕਰਦੇ ਹਾਂ। ਹੁਣ ਕਰੀਬ ਤਿੰਨ ਮਹੀਨਿਆਂ ਤੋਂਂ ਭਿਆਨਕ ਕੁਦਰਤੀ ਆਈ ਕਰੋਪੀ ਕਰੋਨਾ ਵਾਇਰਸ ਨਾਲ ਇਸ ਗਰੁੱਪਾਂ ਨਾਲ ਜੁੜੇ ਸਾਰੇ ਦੋਸਤਾਂ ਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਕਿ ਕੋਈ ਸਾਹਿਤ ਸਭਾ ਦੀ ਮੀਟਿੰਗ ਨਹੀਂ ਹੋਈ ਸਗੋਂ ਅਸੀਂ ਤਾਂ ਹਰ ਰੋਜ਼ ਹੀ ਇੱਕ ਦੂਸਰੇ ਦੀ ਸੁੱਖ ਸ਼ਾਂਤੀ ਪੁਛਦੇ ਤੇ ਦੱਸਦੇ ਰਹੇ ਹਾਂ।ਓਹ ਗੱਲ ਵੱਖਰੀ ਹੈ ਕਿ ਮੋਬਾਇਲ ਰਾਹੀਂ ਰੋਟੀ ਤਾਂ ਨਸ਼ੀਬ ਨਹੀਂ ਹੁੰਦੀ ਭਾਵ ਕਿਸੇ ਕਾਰੋਬਾਰ ਕੰਮ ਧੰਦੇ ਦੀ ਤਰੱਕੀ ਨਹੀਂ ਹੁੰਦੀ ਪਰ ਘਰ ਬੈਠੇ ਊਬਦੇ ਭਾਵ ਔਖਿਆਈ ਮਹਿਸੂਸ ਨਹੀਂ ਹੋਈ।
     

     ਇਨਾਂ ਦੋਹਾਂ ਚੋਂ ਇਕ ਗਰੁੱਪ"ਰੇਡੀਓ ਸਾਂਝ ਦਿਲਾਂ ਦੀ"ਗਰੁੱਪ ਵਿੱਚ ਹਰ ਰੋਜ਼ ਸ਼ਾਮੀਂ ਸਾਢੇ ਛੇ ਵਜੇ ਇੱਕ ਖ਼ਤ ਰੂਪੀ ਲੇਖ ਪੜ੍ਿਹਆ ਜਾਂਦਾ ਹੈ ਜੋ ਕਿ ਇਸ ਗਰੁੱਪ ਦਾ ਪ੍ਰਾਈਮ ਵਿਸ਼ਾ ਹੈ। ਬਦਲਵੇਂ ਦੋਸਤ ਉਸ ਨੂੰ ਪੇਸ਼ ਕਰਦੇ ਹਨ। ਭਰੂਣ ਹੱਤਿਆਂ, ਪਾਣੀ ਦਾ ਮਸਲਾ, ਦਰੱਖਤਾਂ ਦੀ ਕਟਾਈ ਦਾ ਮਸਲਾ, ਕਿਸੇ ਵੀ ਗੁਰੂ ਸਾਹਿਬਾਨ ਦੇ ਜਨਮ ਦਿਹਾੜੇ ਤੇ ਜੋਤੀ ਜੋਤ ਸਮਾਉਣ, ਕਿਸੇ ਵਧੀਆ ਸ਼ਖ਼ਸੀਅਤ, ਕਿਸੇ ਵਧੀਆ ਗੀਤਕਾਰ ਜਾਂ ਗਾਇਕ ਦੇਸ਼ ਲਈ ਕੁਰਬਾਨੀ ਦੇਣ ਵਾਲੇ ਯੋਧਿਆਂ ਪ੍ਰਤੀ ਜਾਂ ਹੋਰ ਵੀ ਜਿਨੇ ਸਮਾਜਕ ਆਰਥਿਕ ਦੁਨਿਆਵੀ ਗੱਲਾਂ ਇਨਾਂ ਖ਼ਤਾਂ ਵਿਚ ਕੀਤੀਆਂ ਜਾਂਦੀਆਂ ਹਨ,ਪਰ ਰਾਜਨੀਤਿਕ ਕਿਸੇ ਵੀ ਪਾਰਟੀ ਜਾਂ ਸਿਆਸੀ ਗੱਲਾਂ ਬਾਤਾਂ ਦੀ ਸਖ਼ਤ ਮਨਾਹੀ ਹੈ ਭਾਵ ਇਨ੍ਹਾਂ ਵਿਸ਼ਿਆਂ ਤੇ ਕਦੇ ਵੀ ਕਿਸੇ ਕਿਸਮ ਦੀ ਗੱਲਬਾਤ ਨਹੀਂ ਕੀਤੀ ਜਾਂਦੀ।ਇਸ ਗਰੁੱਪ ਵਿੱਚ ਜਿਥੇ ਲੇਖਕ ਦੋਸਤ ਜੁੜੇ ਨੇ ਓਥੇ ਸਮਾਜ ਸੇਵੀ, ਬੁੱਧੀਜੀਵੀ ਵਰਗ, ਗੀਤਕਾਰ ਗਾਇਕ, ਡਾਕਟਰ ਸਾਹਿਬ, ਧਾਰਮਿਕ ਭਾਵਨਾਵਾਂ ਰੱਖਣ ਵਾਲੀਆਂ ਬਹੁਤ ਹੀ ਮਹਾਨ ਸ਼ਖ਼ਸੀਅਤਾਂ ਜੁੜੀਆਂ ਹੋਈਆਂ ਹਨ। ਤੇ ਇਨ੍ਹਾਂ ਦੋਸਤਾਂ ਵਿਚੋਂ ਹੀ ਕਦੇ ਕੋਈ ਕਦੇ ਕੋਈ ਦੋਸਤ ਖ਼ਤ ਪੇਸ਼ ਕਰਦੇ ਹਨ ਜੋ ਕਿ ਬਹੁਤ ਹੀ ਗਿਆਨ ਵਿੱਚ ਵਾਧਾ ਕਰਨ ਵਾਲੀਆਂ ਗੱਲਾਂ ਬਾਤਾਂ ਨਾਲ਼ ਲਬਰੇਜ਼ ਹੁੰਦੇ ਹਨ। ਤੇ ਉਸ ਤੋਂ ਬਾਅਦ ਸਾਰੇ ਹੀ ਐਕਟਿਵ ਦੋਸਤਾਂ ਨੇ ਆਪਣੀ ਆਪਣੀ ਸੋਚ ਮੁਤਾਬਿਕ ਉਸ ਪੇਸ਼ ਕੀਤੇ ਗਏ ਖ਼ਤ ਤੇ ਆਪਣੇ ਵਿਚਾਰ ਦੇਣੇ ਹੁੰਦੇ ਹਨ। ਗਰੁੱਪ ਦਾ ਸਮਾਂ ਸਵੇਰੇ ਪੰਜ ਵਜੇ ਤੋਂ ਰਾਤ ਦੇ ਗਿਆਰਾਂ ਵਜੇ ਤੱਕ ਹੈ।
     

    ਉਪਰੋਕਤ ਵਿਸ਼ੇ ਤੇ ਚੌਵੀ ਜੂਨ ਨੂੰ ਇਸ ਗਰੁੱਪ ਦੇ ਬਹੁਤ ਹੀ ਸਤਿਕਾਰਤ ਦੋਸਤ ਡੈਨੀਅਲ ਦਾਸ ਜੀ ਚੰਡੀਗੜ੍ਹ ਵੱਲੋਂ ਖ਼ਤ ਪੇਸ਼ ਕੀਤਾ ਗਿਆ।ਜਿਸ ਵਿੱਚ ਸਾਰੇ ਹੀ ਸਤਿਕਾਰਤ ਦੋਸਤਾਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।ਜਿਸ ਵਿੱਚ ਜੋ ਗੱਲ ਉਭਰ ਕੇ ਸਾਹਮਣੇ ਆਈ ਓਹ ਇਹ ਕਿ ਇੱਕ ਚੰਗੇ ਤੇ ਵਧੀਆ ਨਾਗਰਿਕ ਪਹਿਲਾਂ ਆਪਣੇ ਆਪ ਤੋਂ ਹੀ ਬਣੀਏਂ ਤੇ ਸਾਡੇ ਸਕੂਲਾਂ ਦੇ ਵਿੱਚ ਵੀ ਇਸ ਵਿਸ਼ੇ ਤੇ ਅਲੱਗ ਤੋਂ ਸਮਾਂ ਦਿੱਤਾ ਜਾਵੇ। ਸਮੇਂ ਦੀਆਂ ਸਰਕਾਰਾਂ ਪ੍ਰਸ਼ਾਸ਼ਨ ਤੇ ਪੁਲਿਸ ਵੱਲੋਂ ਵੀ ਇੱਕ ਵਧੀਆ ਨਾਗਰਿਕ ਬਣਾਉਣ ਲਈ ਭਰਪੂਰ ਯੋਗਦਾਨ ਪਾਉਣਾ ਚਾਹੀਦਾ ਹੈ। ਕਈ ਵਾਰ ਹੀ ਨਹੀਂ ਬਲਕਿ ਅਕਸਰ ਹੀ ਇਹ ਵੇਖਿਆ ਗਿਆ ਹੈ ਅਤੇ ਦਾਸ ਨਾਲ ਖੁਦ ਵੀ ਇਹ ਹੋਇਆ ਹੈ ਕਿ ਜੇਕਰ ਇਨਸਾਨੀਅਤ ਦੇ ਨਾਤੇ ਕਿਸੇ ਜ਼ਖ਼ਮੀ ਨੂੰ  ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਕਈ ਵਾਰ ਲੈਣੇ ਦੇ ਦੇਣੇ ਪੈ ਜਾਏ ਹਨ ਤੇ ਆਮ ਜੋ ਚੰਗਾ ਨਾਗਰਿਕ ਬਨਣਾ ਵੀ ਚਾਹੁੰਦਾ ਹੈ ਉਸ ਨੂੰ ਕਈ ਕਈ ਸਾਲ ਕਚਹਿਰੀਆਂ ਦੇ ਚੱਕਰ ਕੱਢਣੇ ਪੈਂਦੇ ਹਨ।ਜਦ ਕਿ ਉਸ ਨੇ ਕੰਮ ਭਲਾਈ ਦਾ ਕੀਤਾ ਹੁੰਦਾ ਹੈ,ਪਰ ਉਸ ਨੂੰ ਇਨਾਮ ਚ ਥਾਣਿਆਂ ਤੇ ਅਦਾਲਤੀ ਧੱਕੇ ਖਾਣੇ ਪੈਂਦੇ ਹਨ,ਜੋ ਕਿ ਇੱਕ ਚੰਗਾ ਤੇ ਜ਼ਿੰਮੇਵਾਰ ਨਾਗਰਿਕ ਬਨਣ ਵਿੱਚ ਅੜਿੱਕਾ ਪੈਦਾ ਕਰਦਾ ਹੈ, ਸਗੋਂ ਸਮੇਂ ਤੇ ਪ੍ਰਸ਼ਾਸਨ ਤੇ ਪੁਲਿਸ ਅਫਸਰਾਂ ਨੂੰ ਐਸੇ ਨੇਕ ਭਲਾਈ ਦੇ ਕਾਰਜ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।
     

       ਇਸ ਖ਼ਤ ਤੇ ਇੱਕ ਦੋਸਤ  ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਓਹਨਾਂ ਨੇ ਕਿਸੇ ਬਹੁਤ ਦੁਖੀ ਬਜ਼ੁਰਗ ਦੀ ਮਦਦ ਕੀਤੀ ਜਿਸ ਨੂੰ ਕਿ ਉਸ ਦੇ ਉਲਟ ਧਿਰ ਨੇ ਤਰੀਕ ਤੇ ਜਾਂਦਿਆਂ ਕੁੱਟਿਆ ਮਾਰਿਆ ਤੇ ਓਹ ਸੜਕ ਤੇ ਪਿਆ ਕਰਾਹ ਰਿਹਾ ਸੀ,ਤੇ ਮੈਂ ਉਸ ਨੂੰ ਚੱਕਕੇ ਹਸਪਤਾਲ ਪਹੁੰਚਾਇਆ ਤੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।ਜਦ ਹਸਪਤਾਲ ਪਹੁੰਚੇ ਤਾਂ ਬਹੁਤ ਹੀ ਨੇਕ ਦਿਲ ਤੇ ਸੱਚੇ ਸੁੱਚੇ ਡਾਕਟਰ ਸਾਹਿਬ ਨੇ ਮੇਰਾ ਧੰਨਵਾਦ ਕਰਦਿਆਂ ਕਿਹਾ ਕਿ ਬੇਟੇ ਤੂੰ ਬਹੁਤ ਵਧੀਆ ਸੱਚੇ ਸੁੱਚੇ ਨਾਗਰਿਕ ਦਾ ਫਰਜ਼ ਅਦਾ ਕੀਤਾ ਹੈ ਪਰ ਤੂੰ ਜਲਦੀ ਨਾਲ ਹੁਣ ਇਥੋਂ ਚਲਾ ਜਾਹ ਨਹੀਂ ਤਾਂ ਆਪਾਂ ਸਭਨਾਂ ਨੂੰ ਹੀ ਪਤਾ ਹੈ ਕਿ ਕਿਸੇ ਕਿਸਮ ਦੀ ਸਿਰਦਰਦੀ ਤੇਰੇ ਸਿਰ ਹੀ ਨਾ ਪੈ ਜਾਵੇ।ਓਸ ਦੋਸਤ ਦੇ ਦੱਸਣ ਅਨੁਸਾਰ ਤਾਂ ਓਹ ਡਾਕਟਰ ਹੀ ਬਹੁਤ ਸੱਚਾ ਸੁੱਚਾ ਤੇ ਜ਼ਿੰਮੇਵਾਰ ਨਾਗਰਿਕ ਸੀ ਜਿਸ ਨੇ ਮੈਨੂੰ ਸਹੀ ਰਾਇ/ਮਸ਼ਵਰਾ ਦਿੱਤਾ।
   

       ਇਸੇ ਤਰ੍ਹਾਂ ਇਸ ਖ਼ਤ ਤੇ ਇਸੇ ਹੀ ਗਰੁੱਪ ਦੇ ਬਹੁਤ ਹੀ ਸੂਝਵਾਨ ਦੋਸਤ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਦੂਸਰਿਆਂ ਵਿਚੋਂ ਕਿਸੇ ਚੰਗੇ ਨਾਗਰਿਕ ਦੀ ਤਲਾਸ਼ ਕਿਉਂ ਕਰਦੇ ਹਾਂ ਜਦੋਂ ਕਿ ਅਸੀਂ ਆਪ ਹੀ ਖੁਦ ਚੰਗੇ ਇਨਸਾਨ ਨਹੀਂ? ਸਾਨੂੰ ਦੂਸਰਿਆਂ ਚੋਂ ਚੰਗੇ ਨਾਗਰਿਕ ਟੋਲਣ ਜਾਂ ਭਾਲਣ ਦਾ ਕੋਈ ਅਧਿਕਾਰ ਹੀ ਨਹੀਂ ਜਦੋਂ ਕਿ ਅਸੀਂ ਆਪ ਹੀ ਚੰਗੇ ਨਹੀਂ ਬਣ ਸਕੇ।
     

     ਇਸ ਬਹੁਤ ਹੀ ਪਿਆਰੀ ਵਾਰਤਾਲਾਪ ਵਿਚੋਂ ਇੱਕ ਗੱਲ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਜੇਕਰ ਸਮੇਂ ਤੇ ਖੜ੍ਹੀ ਪੁਲਿਸ, ਪ੍ਰਸ਼ਾਸਨ ਤੇ ਸਮੇਂ ਦੀਆਂ ਸਰਕਾਰਾਂ ਚਾਹੁਣ ਤਾਂ ਸਾਡੇ ਦੇਸ਼ ਦਾ ਤਾਣਾ ਬਾਣਾ ਹੀ ਬਦਲ ਸਕਦਾ ਹੈ।ਤੇ ਹਰ ਇੱਕ ਇਨਸਾਨ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਮਰੱਥ ਤੇ ਬੇਝਿਜਕ ਐਸੇ ਨੇਕ ਕਾਰਜਾਂ ਲਈ ਯਤਨਸ਼ੀਲ ਹੋ ਸਕਦਾ ਹੈ।
   

       ਇਥੇ ਇਹ ਵੀ ਦੱਸਣਾ ਕੁਥਾ ਨਹੀਂ ਹੋਵੇਗਾ ਕਿ ਸਾਡੇ ਇਸ ਗਰੁੱਪ ਵਿੱਚ ਦੇਸ਼ ਵਿਦੇਸ਼ ਤੋਂ ਵੀ ਬਹੁਤ ਸੁਹਿਰਦ ਦੋਸਤ ਜੁੜੇ ਹੋਏ ਹਨ ਅਤੇ ਇਸ ਗਰੁੱਪ ਦਾ ਹਿੱਸਾ ਸਾਡੀਆਂ ਭੈਣਾਂ ਵੀ ਹਨ, ਹਿੱਸਾ ਹੀ ਨਹੀਂ ਬਲਕਿ ਸਾਡੇ ਇਸ ਗਰੁੱਪ ਦੀ ਸੰਚਾਲਕ ਵੀ ਇੱਕ ਭੈਣ ਹੈ। ਗੱਲ ਕੀ ਦੋਸਤੋ ਐਸੇ ਗਰੁੱਪਾਂ ਚੋਂ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ ਤੇ ਗਿਆਨ ਦੇ ਵਿੱਚ ਅਥਾਹ ਵਾਧਾ ਹੁੰਦਾ ਹੈ।ਓਹ ਗੱਲ ਵੱਖਰੀ ਹੈ ਕਿ ਜਿਸ ਦੋਸਤ ਕੋਲ ਜਿਨ੍ਹਾਂ ਵੀ ਟਾਈਮ ਹੈ ਹਾਜਰੀ ਓਨੀ ਹੀ ਲਵਾਉਂਦਾ ਹੈ, ਵੈਸੇ ਬੰਦਿਸ਼ ਕੋਈ ਨਹੀਂ ਹੈ ਜੇਕਰ ਕਿਸੇ ਦੋਸਤ ਕੋਲ ਦੋ ਹਾਜ਼ਰੀਆਂ ਦਾ ਸਮਾਂ ਹੈ ਤਾਂ ਦੋ ਲਵਾ ਦੇਵੇ ਤੇ ਜੇ ਕਿਸੇ ਕੋਲ ਦਸ ਹਾਜ਼ਰੀਆਂ ਦਾ ਸਮਾਂ ਹੈ ਦਸ ਲਵਾ ਦੇਵੇ।ਐਸੇ ਗਰੁੱਪਾਂ ਵਿੱਚੋਂ ਸਿੱਖਿਆ ਬਹੁਤ ਕੁੱਝ ਜਾਇਆ ਜਾ ਸਕਦਾ ਹੈ।ਇਸ ਗਰੁੱਪ ਨੂੰ ਨਿਰਵਿਘਨ ਚਲਦੇ ਨੂੰ ਤਕਰੀਬਨ ਤਿੰਨ ਸਾਲ ਦੇ ਲੱਗਪਗ ਸਮਾਂ ਹੋ ਚੁੱਕਾ ਹੈ।ਸਾਰੇ ਦੋਸਤਾਂ ਦਾ ਬਹੁਤ ਪਿਆਰ ਸਤਿਕਾਰ ਕੀਤਾ ਜਾਂਦਾ ਹੈ, ਤੇ ਸਮੇਂ ਸਮੇਂ ਤੇ ਦੋਸਤਾਂ ਮਿੱਤਰਾਂ ਦੇ ਤੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਵੀ ਮਨਾਏ ਜਾਂਦੇ ਹਨ। ਜੇਕਰ ਕਿਸੇ ਦੋਸਤ ਤੇ ਕੋਈ ਦੁੱਖ ਤਕਲੀਫ ਵੀ ਆਉਂਦੀ ਹੈ ਤਾਂ ਉਸ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਵੀ ਕੀਤੀ ਜਾਂਦੀ ਹੈ।ਆਮ ਕਹਾਵਤ ਹੈ ਕਿ ਦਵਾਈ ਨਾਲੋ ਦੁਆ ਜ਼ਿਆਦਾ ਅਸਰ ਕਰਦੀ ਹੈ।ਸੋ ਦੋਸਤੋ ਇਹੋ ਜਿਹੇ ਗਰੁੱਪ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤੇ ਜ਼ਿੰਦਗੀ ਵਿੱਚ ਕੁਝ ਗ੍ਰਹਿਣ ਕਰਨ ਦਾ ਉਪਰਾਲਾ ਕਰਦੇ ਰਹਿਣਾ ਚਾਹੀਦਾ ਹੈ।

   ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

Have something to say? Post your comment