Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਤੁਮ ਮੁਝੇ ਯੂੰ ਭੁਲਾ ਨਾ ਪਾਓਗੇ..!

July 28, 2020 05:44 PM
ਅੱਬਾਸ ਧਾਲੀਵਾਲ, 
ਮਲੇਰਕੋਟਲਾ ।
ਸੰਪਰਕ :9855259650 
 
ਤੁਮ ਮੁਝੇ ਯੂੰ ਭੁਲਾ ਨਾ ਪਾਓਗੇ..! 
 
ਜਦੋਂ ਵੀ ਆਵਾਜ਼ ਦੇ ਜਾਦੂਗਰਾਂ ਦੀ ਗੱਲ ਚੱਲਦੀ ਹੈ ਤਾਂ ਇੱਕ ਨਾਂ ਆਪਣੇ ਆਪ ਮੂਹਰੇ ਆ ਖਲੋਂਦਾ ਹੈ, ਉਹ ਹੈ ਬੌਲੀਵੁੱਡ ਦੇ ਪ੍ਰਸਿੱਧ ਪਿੱਠਵਰਤੀ ਮਹਾਨ ਗਾਇਕ ਮੁਹੰਮਦ ਰਫੀ ਸਾਹਿਬ ਦਾ। ਗੀਤ ਹੋਵੇ ਜਾਂ ਗ਼ਜ਼ਲ ਜਾਂ ਫਿਰ ਕੋਈ ਕੱਵਾਲੀ ਜਾਂ ਫਿਰ ਨਾਅਤ ਜਾਂ ਸ਼ਬਦ ਤੇ ਭਜਨ ਹੀ ਕਿਉਂ ਨਾ ਹੋਵੇ , ਰਫੀ ਸਾਹਿਬ ਨੇ ਹਰ ਕਿਸਮ ਦੀ ਗਾਇਕੀ ਵਿੱਚ ਆਪਣਾ ਲੋਹਾ ਮਨਵਾਇਆ।
 
ਰਫੀ ਸਾਹਿਬ ਨੂੰ ਸਾਥੋਂ ਵਿੱਛੜਿਆਂ ਅੱਜ ਲਗਭਗ ਚਾਰ ਦਹਾਕੇ ਬੀਤ ਚੁੱਕੇ ਹਨ। ਪਰ ਅੱਜ ਵੀ ਰਫੀ ਸਾਹਿਬ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ ਜਿਵੇਂ ਕਿ ਸੱਤ ਦਹਾਕੇ ਪਹਿਲਾਂ ਬੋਲਿਆ ਕਰਦਾ ਸੀ। ਅੱਜ ਵੀ ਜਦੋਂ ਕਦੀ ਉਹਨਾਂ ਦੀ ਆਵਾਜ਼ ਰੇਡੀਓ ਤੋਂ ਸੁਣਾਈ ਦਿੰਦੀ ਹੈ ਤਾਂ ਬਿਨਾਂ ਸ਼ੱਕ ਕੰਨਾਂ ਵਿੱਚ ਇੱਕ ਪ੍ਰਕਾਰ ਦਾ ਸ਼ਹਿਦ ਘੋਲਦੀ ਮਹਿਸੂਸ ਹੁੰਦੀ ਹੈ ਅਤੇ ਰੂਹ ਨੂੰ ਜਿਵੇਂ ਤਰੋ ਤਾਜ਼ਗੀ ਦਿੰਦੀ ਜਾਪਦੀ ਹੈ।
 
ਮੁਹੰਮਦ ਰਫੀ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਹਾਜੀ ਅਲੀ ਮੁਹੰਮਦ ਇੱਕ ਬਹੁਤ ਨੇਕ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫੀ ਛੇ ਭਰਾਵਾਂ ਵਿੱਚੋਂ ਦੂਸਰੇ ਨੰਬਰ ’ਤੇ ਸਨ । ਰਫੀ, ਜਿਨ੍ਹਾਂ ਦਾ ਕੱਚਾ-ਨਾਂਅ ‘ਫੀਕੂ’ ਸੀ ਉਨ੍ਹਾਂ ਨੇ ਆਪਣੀ ਮੁਢਲੀ ਵਿੱਦਿਆ ਘਰੇਲੂ ਮਾਹੌਲ ਵਿੱਚ ਹੀ ਹਾਸਲ ਕੀਤੀ। ਰਫੀ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਜਿਸ ਦੇ ਚਲਦਿਆਂ ਪਿੰਡ ਦੇ ਸਕੂਲ ਵਿੱਚ ਦੂਜੀ ਜਮਾਤ ਤੱਕ ਹੀ ਪੜ੍ਹਾਈ ਕਰ ਸਕੇ।
ਰਫੀ ਸਾਹਿਬ ਨੇ ਆਪਣੇ ਗਾਉਣ ਦੀ ਆਦਤ ਦਾ ਖੁਲਾਸਾ ਕਰਦਿਆਂ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਦਸ-ਬਾਰਾਂ ਸਾਲ ਦੇ ਸਨ ਕਿ ਜਦੋਂ ਉਹਨਾਂ ਦੇ ਮੁਹੱਲੇ ਵਿੱਚ ਇੱਕ ਫਕੀਰ ਗੀਤ “ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ” ਗਾ ਕੇ ਭੀਖ ਮੰਗਣ ਲਈ ਆਇਆ ਕਰਦਾ ਸੀ। ਉਸ ਦੀ ਨਕਲ ਕਰਦਿਆਂ ਉਹ ਆਪ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਇਆ ਕਰਦੇ ਸਨ ਤੇ ਕਈ ਵਾਰ ਉਸ ਫਕੀਰ ਦਾ ਪਿੱਛਾ ਕਰਦੇ ਕਰਦੇ ਬਹੁਤ ਦੂਰ ਨਿਕਲ ਜਾਂਦੇ ਸਨ।
 
ਇਸੇ ਦੌਰਾਨ ਰਫੀ ਦੇ ਪਿਤਾ 1935 ਵਿੱਚ ਲਾਹੌਰ ਚਲੇ ਗਏ, ਜਿੱਥੇ ਉਹਨਾਂ ਨੇ ਭੱਟੀ ਗੇਟ ਵਿੱਚ ਨੂਰ ਮਹਿਲਾਂ ਵਿੱਚ ਇੱਕ ਪੁਰਸ਼ਾਂ ਦੇ ਸੈਲੂਨ ਦਾ ਕੰਮ ਸ਼ੁਰੂ ਕੀਤਾ ।
 
ਇਸੇ ਵਿਚਕਾਰ ਰਫੀ ਦੇ ਵੱਡੇ ਭਰਾ ਮੁਹੰਮਦ ਦੀਨ ਦੇ ਇੱਕ ਦੋਸਤ ਅਬਦੁਲ ਹਮੀਦ ਨੇ ਰਫੀ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ। ਅਬਦੁਲ ਹਮੀਦ ਨੇ ਹੀ ਬਾਅਦ ਵਿੱਚ ਰਫੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ। ਰਫੀ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿੱਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿੱਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿੱਚ ਹੰਗਾਮਾ ਸ਼ੁਰੂ ਹੋ ਗਿਆ, ਇਸੇ ਵਿਚਕਾਰ ਰਫੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿੱਚ ਉਨ੍ਹਾਂ ਦੀ ਉੱਚੀ ਅਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕਾਂ ਵਿੱਚ ਜਿਵੇਂ ਇਕ ਕਿਸਮ ਦਾ ਸੰਨਾਟਾ ਛਾ ਗਿਆ ।
 
ਇਸ ਉਪਰੰਤ 1941 ਵਿੱਚ ਰਫੀ ਨੇ ਸ਼ਿਆਮ ਸੁੰਦਰ ਦੇ ਅਧੀਨ ਜੋੜੀ ਵਿੱਚ ਗਾਣਾ ਗਾਇਆ। ਇਹ ਗਾਣਾ ਸੀ “ਸੋਹਣੀਏ ਨੀਂ, ਹੀਰੀਏ ਨੀਂ” ਜੋ ਕਿ ਜ਼ੀਨਤ ਬੇਗਮ ਨਾਲ ਲਾਹੌਰ ਵਿੱਚ ਪੰਜਾਬੀ ਫਿਲਮ ‘ਗੁਲ ਬਲੋਚ’ ਵਾਸਤੇ ਗਾਇਆ ਗਿਆ । ਇਸਦੇ ਨਾਲ ਹੀ ਰਫੀ ਸਾਹਿਬ ਦੀ ਬਤੌਰ ਇਕ ਗਾਇਕ ਦੇ ਤੌਰ ਪਹਿਚਾਣ ਬਨਣੀ ਸ਼ੁਰੂ ਹੋ ਗਈ। ਇਸੇ ਦੌਰਾਨ ਰਫੀ ਸਾਹਿਬ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ। ਆਖਰ 1944 ਵਿੱਚ ਰਫੀ ਸਾਹਿਬ ਮੁੰਬਈ ਚਲੇ ਗਏ। ਉਹਨਾਂ ਨੇ ਅਬਦੁਲ ਹਮੀਦ ਸਹਿਤ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿੱਚ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫੀ ਨੂੰ ਫਿਲਮ ਪ੍ਰੋਡੀਊਸਰ ਅਬਦੁਰ ਰਸ਼ੀਦ ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਆਦਿ ਫਿਲਮ ਇੰਡਸਟਰੀ ਦੇ ਪ੍ਰਸਿੱਧ ਲੋਕਾਂ ਨਾਲ ਮਿਲਵਾਇਆ।
 ਰਫੀ ਜੋ ਕਿ ਅਲੱਗ-ਅਲੱਗ ਗਾਣਿਆਂ ਦੇ ਅੰਦਾਜ਼ ਵਾਸਤੇ ਜਾਣੇ ਜਾਂਦੇ ਸਨ , ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸੀ ਭਰਪੂਰ ਗੀਤਾਂ ਤੋਂ ਲੈ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਰਫੀ ਨੂੰ ਫਿਲਮ ਦੇ ਵੱਖ ਵੱਖ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਅਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।
 
ਆਪਣੀ ਜਾਦੂਈ ਆਵਾਜ਼ ਦੇ ਚਲਦਿਆਂ 1950 ਅਤੇ 1970 ਦੇ ਵਿਚਕਾਰ, ਰਫੀ ਹਿੰਦੀ ਫਿਲਮ ਉਦਯੋਗ ਵਿੱਚ ਸਭ ਤੋਂ ਵੱਧ ਮੰਗ ਵਾਲੇ ਗਾਇਕ ਮੰਨੇ ਜਾਂਦੇ ਸਨ। ਦਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਹਰ ਛੋਟੇ ਬੜੇ ਅਦਾਕਾਰ ਲਈ ਰਫੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ। ਇਹੋ ਕਾਰਨ ਹੈ ਕਿ ਰਫੀ ਦੀ ਮੌਤ ਉਪਰੰਤ ਇੱਕ ਵਾਰ ਯਾ-ਹੂ ਅਦਾਕਾਰ ਸ਼ਮੀ ਕਪੂਰ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ ਅਤੇ ਉਹ ਗੂੰਗੇ ਹੋ ਗਏ ਹਨ।
 
ਮੁਹੰਮਦ ਰਫੀ ਆਮ ਤੌਰ ’ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸਨ , ਜਿਸ ਉੱਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਨ੍ਹਾਂ ਵਿੱਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ, ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ। ਇੱਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਦੂਜੀਆਂ ਭਾਸ਼ਾਵਾਂ ਵਿੱਚ ਇੰਨੀ ਨਿਪੁੰਨਤਾ ਨਾਲ ਕਿਵੇਂ ਗਾ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੂਜੀ ਭਾਸ਼ਾ ਦੇ ਗੀਤਾਂ ਨੂੰ ਉਰਦੂ ਵਿੱਚ ਲਿਖ ਲੈਂਦੇ ਹਨ ਇਸ ਉਪਰੰਤ ਪੂਰੀ ਤਰ੍ਹਾਂ ਰਿਹਰਸਲ ਕਰਦੇ ਹਨ ਫਿਰ ਉਸ ਗੀਤ ਨੂੰ ਗਾਉਂਦੇ ਹਨ। ਆਪਣੇ ਪੈਂਤੀ ਸਾਲਾਂ ਗਾਇਕੀ ਦੇ ਸਫਰ ਦੌਰਾਨ ਰਫੀ ਸਾਹਿਬ ਨੇ ਲਗਭਗ 26000 ਹਜ਼ਾਰ ਗਾਣੇ ਗਾਏ।
 
ਬਹੁਤ ਪਹਿਲਾਂ ਕਹਿੰਦੇ ਇੱਕ ਵਾਰ ਅਖਬਾਰ ਵਿੱਚ ਖਬਰ ਛਪੀ ਕਿ ਕਿਸੇ ਸ਼ਹਿਰ ਵਿੱਚ ਇੱਕ ਫਾਂਸੀ ਦੇ ਮੁਜਰਿਮ ਤੋਂ ਜਦੋਂ ਉਸਦੀ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਕੋਈ ਇੱਛਾ ਜ਼ਾਹਿਰ ਨਹੀਂ ਕੀਤੀ ਜਦੋਂ ਉਸ ਤੋਂ ਦੁਬਾਰਾ ਤਿਬਾਰਾ ਪੁੱਛਿਆ ਗਿਆ ਤਾਂ ਉਸ ਨੇ ਮੁਹੰਮਦ ਰਫੀ ਦਾ ਇੱਕ ਗੀਤ:
 
“ਓ ਦੁਨੀਆ ਕੇ ਰਖਵਾਲੇ, ਸੁਨ ਦਰਦ ਭਰੇ ਮੇਰੇ ਨਾਲੇ।
ਜੀਵਨ ਅਪਨਾ ਵਾਪਸ ਲੇ ਲੇ, ਜੀਵਨ ਦੇਨੇ ਵਾਲੇ।"
ਸੁਣਨ ਦੀ ਇੱਛਾ ਜਤਾਈ ਤਾਂ ਇਸ ਉਪਰੰਤ ਜੇਲ ਵਿੱਚ ਟੇਪ ਰਿਕਾਰਡਰ ਦਾ ਪ੍ਰਬੰਧ ਕੀਤਾ ਗਿਆ ਤੇ ਮੁਹੰਮਦ ਰਫੀ ਦਾ ਉਕਤ ਰਾਗ ਦਰਬਾਰੀ ਵਿੱਚ ਗਾਇਆ ਗੀਤ ਸੁਣਾ ਕੇ ਮੁਜਰਿਮ ਦੀ ਆਖਰੀ ਇੱਛਾ ਪੂਰੀ ਕਰਨ ਉਪਰੰਤ ਸਜ਼ਾ ਦੇ ਹੁਕਮ ਦੀ ਤਾਮੀਲ ਹੋਈ। 
ਰਫੀ ਦੀ ਸ਼ਖ਼ਸੀਅਤ ਵਿੱਚ ਕਿਸ ਕਦਰ ਸਾਦਗੀ ਸੀ, ਇਸਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹਾਂ ਕਿ ਫਿਲਮ ਨਸੀਬ ਦੇ ਗੀਤ “ਚੱਲ ਚੱਲ ਮੇਰੇ ਭਾਈ” ਦੀ ਰਿਕਾਰਡਿੰਗ ਉਪਰੰਤ ਉਨ੍ਹਾਂ ਆਪਣੇ ਘਰ ਆ ਕੇ ਬੇਟੇ ਸ਼ਾਹਿਦ ਰਫੀ ਨੂੰ ਬਹੁਤ ਹੀ ਪੁਰ ਜੋਸ਼ ਅੰਦਾਜ਼ ਵਿੱਚ ਰਫੀ ਨੇ ਕਿਹਾ ਸੀ ਕਿ ਬੇਟਾ ਤੈਨੂੰ ਪਤਾ ਹੈ ਕਿ ਅੱਜ ਮੈਂ ਆਪਣਾ ਇੱਕ ਗੀਤ ਅਮਿਤਾਭ ਬੱਚਨ ਨਾਲ ਰਿਕਾਰਡ ਕਰਵਾ ਕੇ ਆਇਆ ਹਾਂ। ਹਾਲਾਂਕਿ ਸਭ ਜਾਣਦੇ ਹਨ ਕਿ ਰਫੀ ਸਾਹਿਬ ਆਪਣੇ ਆਪ ਵਿੱਚ ਇੱਕ ਮਹਾਨ ਕਲਾਕਾਰ ਸਨ ਪਰ ਇਸਦੇ ਬਾਵਜੂਦ ਉਨ੍ਹਾਂ ਦੇ ਦਿਲ ਵਿੱਚ ਅਮਿਤਾਭ ਬੱਚਨ ਕਦਰ ਸੀ।
 
ਰਫੀ ਸਾਹਿਬ ਇੱਕ ਦਰਵੇਸ਼ ਸਿਫਤ ਧਾਰਮਿਕ ਵਿਰਤੀ ਵਾਲੇ ਇਨਸਾਨ ਸਨ। ਇੱਕ ਵਾਰ ਰਫੀ ਸਾਹਿਬ ਪ੍ਰੋਗਰਾਮ ਦੇ ਸਿਲਸਿਲੇ ਵਿੱਚ ਲਖਨਊ ਗਏ ਤਾਂ ਉੱਥੇ ਉਨ੍ਹਾਂ ਇੱਕ ਰੈਸਟ ਹਾਊਸ ਵਿਖੇ ਇੱਕ ਕਾਰੀ (ਜੋ ਖੂਬਸੂਰਤ ਆਵਾਜ਼ ਵਿੱਚ ਪਵਿੱਤਰ ਕੁਰਾਨ ਪੜਦਾ ਹੋਵੇ) ਦਰਜੀ ਨੂੰ ਆਪਣੇ ਕੁੜਤੇ ਪਜਾਮੇ ਦਾ ਨਾਪ ਦਿੰਦਿਆਂ ਕਿਹਾ ਕਿ ਮੇਰਾ ਕੁੜਤਾ ਪਜਾਮਾ ਖੁੱਲ੍ਹਾ-ਡੁੱਲਾ ਸੀਅ ਦੇਵੀਂ ਕੁੜਤਾ ਪਜਾਮਾ ਮੈਂ ਅਕਸਰ ਨਮਾਜ਼ ਪੜ੍ਹਨ ਲੱਗੇ ਪਹਿਨਦਾ ਹਾਂ। ਸੋ ਉਕਤ ਵਾਕਿਆ ਤੋਂ ਪਤਾ ਲੱਗਦਾ ਹੈ ਕਿ ਇੱਕ ਸੁਹਿਰਦ ਹਿਰਦੇ ਵਾਲੇ ਸੱਚੇ ਸੁੱਚੇ ਵਿਅਕਤੀ ਸਨ।
ਜਦੋਂ ਅਸੀਂ ਉਨ੍ਹਾਂ ਦੇ ਹਿੱਟ ਗੀਤਾਂ ਬਾਰੇ ਗੱਲ ਕਰਦੇ ਹਾਂ ਤਾਂ ਉਹਨਾਂ ਅਜਿਹੇ ਗੀਤਾਂ ਦੀ ਗਿਣਤੀ ਦਾ ਸ਼ੁਮਾਰ ਕਰਨਾ ਮੁਸ਼ਕਿਲ ਹੈ । ਜਿਵੇਂ ਕਿ ‘ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ’, ‘ਕਿਆ ਹੂਆ ਤੇਰਾ ਵਾਅਦਾ’, ‘ਵੋ ਕਸਮ ਵੋ ਇਰਾਦਾ’, ‘ਓ ਦੁਨੀਆਂ ਕੇ ਰਖਵਾਲੇ’, ‘ਦਿਲ ਦੀਯਾ ਦਰਦ ਲੀਆ’, ‘ਲਿਖੇ ਜੋ ਖ਼ਤ ਤੁਝੇ’, ‘ਐ ਮੁਹੱਬਤ ਜ਼ਿੰਦਾਬਾਦ’, ‘ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ’, ‘ਆਦਮੀ ਮੁਸਾਫਿਰ ਹੈ’, ‘ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ’, ‘ਯੇ ਜ਼ੁਲਫ ਅਗਰ ਖਿਲ ਕੇ’, ‘ਜਾਨ ਜਾਨੀ ਜਨਾਧਨ’, ‘ਨਫਰਤ ਕੀ ਦੁਨੀਆ ਕੋ ਛੋੜ ਕਰ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’, ‘ਪੱਥਰ ਕੇ ਸਨਮ’, ‘ਬਾਬੁਲ ਕੀ ਦੁਆਏਂ ਲੇਤੀ ਜਾ’, ‘ਚੌਧਵੀਂ ਕਾ ਚਾਂਦ ਹੋ’, ‘ਵਕਤ ਸੇ ਦਿਨ ਔਰ ਰਾਤ’, ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’, ‘ਚਿੱਟੇ ਦੰਦ ਹੱਸਣੋਂ ਨੀਹੀਂਓ ਰਹਿੰਦੇ’, ‘ਦਾਣਾ ਪਾਣੀ ਖਿੱਚ ਲਿਆਉਂਦਾ’ ਤੇ ਧਾਰਮਿਕ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’, ‘ਨਾਨਕ ਨਾਮ ਜ਼ਹਾਜ ਹੈ’, ‘ਦੁੱਖ ਭੰਜਨ ਤੇਰਾ ਨਾਮ ਜੀ’, ‘ਜਿਸ ਕੇ ਸਿਰ ਉੱਪਰ ਤੂੰ ਸੁਆਮੀ’, ‘ਮੈਂ ਤੇਰੇ ਦਰ ਪੇ ਆਇਆ ਹੂੰ’, ‘ਯਾ ਖੁਦਾ ਸੋਈ ਕਿਸਮਤ ਜਗ੍ਹਾ ਦੇ, ਹਰ ਮੁਸਲਮਾਂ ਕੋ ਹਾਜੀ ਬਨਾ ਦੇ’ ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ।
 
ਰਫੀ ਨੇ ਛੇ ਫਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ। 1967 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
 
ਆਖਿਰਕਾਰ ਆਵਾਜ਼ ਦੀ ਦੁਨੀਆ ਦਾ ਇਹ ਸਿਤਾਰਾ (ਹਾਜੀ ਮੁਹੰਮਦ ਰਫੀ) 31 ਜੁਲਾਈ 1980 ਨੂੰ ਹਾਰਟ ਅਟੈਕ ਹੋਣ ਦੇ ਕਾਰਨ ਮੁੰਬਈ ਦੇ ਇਕ ਹਸਪਤਾਲ ਵਿਖੇ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਗਾਇਕੀ ਦੇ ਖੇਤਰ ਵਿੱਚ ਅਜਿਹਾ ਖਲਾਅ ਪੈਦਾ ਕਰ ਗਿਆ ਜਿਸ ਦੀ ਪੂਰਤੀ ਹੋਣਾ ਨਾ ਮੁਮਕਿਨ ਜਾਪਦਾ ਹੈ। ਇਹੋ ਵਜ੍ਹਾ ਹੈ ਕਿ ਕਲਾ ਅਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਖਲਦੀ ਆ ਰਹੀ ਹੈ । ਰਫੀ ਸਾਹਿਬ ਆਪਣੇ ਬੇਸ਼ਕੀਮਤੀ ਗੀਤਾਂ ਅਤੇ ਹੱਸਮੁਖ ਤੇ ਮਿਲਣਸਾਰ ਸ਼ਖਸੀਅਤ ਕਾਰਨ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਵਸਦੇ ਰਹਿਣਗੇ। ਇਸ ਦਾ ਅਹਿਸਾਸ ਸ਼ਾਇਦ ਰਫੀ ਸਾਹਿਬ ਨੂੰ ਬਾਖੂਬੀ ਸੀ ਤਦੇ ਤਾਂ ਆਪਣੇ ਇਕ ਗੀਤ ਦੌਰਾਨ ਆਖਿਆ ਸੀ ਕਿ :
 
ਤੁਮ ਮੁਝੇ ਯੂੰ ਭੁਲਾ ਨਾ ਪਾਓਗੇ,
ਜਬ ਕਭੀ ਭੀ ਸੁਨੋਗੇ ਗੀਤ ਮੇਰੇ,
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-