Article

ਸਮਾਜਿਕ ਸਰੋਕਾਰਾਂ ਅਤੇ ਮਾਨਵੀ ਵੇਦਨਾਵਾਂ ਦੀ ਲੇਖਿਕਾ 'ਪ੍ਰਭਜੋਤ ਕੌਰ ਢਿਲੋਂ

August 01, 2020 07:06 PM
ਸਮਾਜਿਕ ਸਰੋਕਾਰਾਂ ਅਤੇ ਮਾਨਵੀ ਵੇਦਨਾਵਾਂ ਦੀ ਲੇਖਿਕਾ 'ਪ੍ਰਭਜੋਤ ਕੌਰ ਢਿਲੋਂ 
 
ਕਹਿੰਦੇ ਹਨ ਕਿ 'ਪਾਣੀ ਵਿੱਚ ਮੇਖ ਗੱਡਣੀ ਅਤੇ ਹਵਾ ਵਿੱਚ ਰੰਗ ਭਰਨੇ ਬਹੁਤ ਅਸੰਭਵ ਕੰਮ ਹੈ ਪਰ ਇਹ ਕੰਮ ਸਿਰਫ ਇੱਕ ਲੇਖਕ ਹੀ ਕਰ ਸਕਦਾ ਹੈ ਹੋਰ ਕੋਈ ਨਹੀਂ। ਕਿਸੇ ਨੇ ਕਿਹਾ ਹੈ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਸਾਹਿਤ ਦਾ ਮੁੱਖ ਉਦੇਸ਼ ਸੁਹਜ-ਸੁਆਦ ਪੈਦਾ ਕਰਨਾ ਅਤੇ ਚੰਗੇ ਜੀਵਨ ਲਈ ਪ੍ਰੇਰਨਾ ਦੇਣਾ ਹੁੰਦਾ ਹੈ। ਸਾਹਿਤ ਨੂੰ ਜਨਤਾ ਦੀ ਡੰਗੋਰੀ ਵੀ ਕਿਹਾ ਜਾਂਦਾ ਹੈ ਇਹ ਮਨੁੱਖੀ ਜਜ਼ਬਿਆਂ ਤੇ ਵਲਵਲਿਆਂ ਦਾ ਬੇ-ਰੋਕ   ਉਛਾਲਾ ਹੁੰਦਾ ਹੈ ਜੋ ਮਨੁੱਖ ਦੇ ਵਿੱਚ ਜਦੋਂ ਖੁਸ਼ੀਆਂ ਤੇ ਗਮੀਆਂ ਦੇ ਤਿੱਖੇ ਵਲਵਲੇ ਬੇ-ਕਾਬੂ ਹੋ ਕੇ ਆਪ ਮੁਹਾਰੇ ਵਹਿ ਤੁਰਦੇ ਹਨ ਤਾਂ ਕਵਿਤਾ, ਕਹਾਣੀ, ਨਾਵਲ ਜਾਂ ਕੋਈ ਹੋਰ ਸਾਹਿਤਕ ਵਿਧਾ ਹੋ ਨਿਬੜਦੇ ਹਨ ਸਾਹਿਤ ਲਿਖਣ ਲਈ ਲੇਖਕ ਅੰਦਰ ਕਿਸੇ ਚੀਸ ਜਾਂ ਵੇਦਨਾ ਦਾ ਹੋਣਾ ਜਰੂਰੀ ਹੈ। ਕਵੀ ਸਮਾਜ ਦਾ ਅਮੁੱਲ ਸਰਮਾਇਆ ਹੁੰਦੇ ਹਨ। ਜਿਹੜਾ ਆਪਣੀ ਕਲਮ ਦੀ ਤਾਕਤ ਨਾਲ ਯੁੱਗ ਪਲਟ ਸਕਦਾ ਹੈ। ਅਜਿਹੀਆਂ ਹੀ ਬੇਅੰਤ ਪੀੜਾਂ, ਵਿਧਵਾਵਾਂ ਅਤੇ ਮਾਨਵੀ ਜਜ਼ਬਾਤਾਂ ਨੂੰ ਆਪਣੇ ਅੰਦਰ ਸਮੇਟੀ ਬੈਠੀ ਹੈ 'ਪ੍ਰਭਜੋਤ ਕੌਰ ਢਿਲੋਂ ਮੁਹਾਲੀ ' ਜਦੋਂ ਉਹ ਇਨ੍ਹਾਂ ਪੀੜਾਂ ਇਨ੍ਹਾਂ ਕਸਕਾਂ ਨਾਲ ਨੱਕੋ-ਨੱਕ ਭਰ ਜਾਂਦੀ ਹੈ ਤਾਂ ਉਸਦੇ ਹੰਝੂ ਭਾਸ਼ਾ ਦਾ ਰੂਪ ਲੈ ਕੋਈ ਕਵਿਤਾ, ਕਹਾਣੀ ਜਾਂ ਲੇਖ ਬਣ ਜਾਂਦੇ ਹਨ। ਲੇਖਿਕਾ ਪ੍ਰਭਜੋਤ ਕੌਰ ਢਿਲੋਂ ਦਾ ਜਨਮ 2 ਦਸੰਬਰ 1958 ਨੂੰ ਪਿੰਡ ਭੁੱਲਰ ਬੇਟ ਜਿਲਾ ਕਪੂਰਥਲਾ ਪਿਤਾ ਸਵਰਗੀ ਸ. ਬਲਵੰਤ ਸਿੰਘ ਭੁੱਲਰ ਅਤੇ ਮਾਤਾ ਸ਼੍ਰੀ ਮਤੀ ਪ੍ਰਿਤਪਾਲ ਕੌਰ ਭੁੱਲਰ (ਸਿਹਤ ਵਿਭਾਗ) ਦੀ ਕੁੱਖੋਂ ਹੋਇਆ। ਆਪ ਜੀ ਨੇ ਦੇ ਪਿਤਾ ਜੀ ਬਤੌਰ ਸਕੂਲ ਮੁੱਖੀ ਰਿਟਾਇਰ ਹੋਏ। ਲੇਖਿਕਾ ਬਚਪਨ ਤੋਂ ਹੀ ਬਹੁਤ ਸੂਖਮ ਸੁਭਾਅ ਦੇ ਮਾਲਕ ਸਨ ਪਰ ਅਚਾਨਕ ਪਿਤਾ ਜੀ ਹਾਰਟ ਅਟੈਕ ਆ ਜਾਣ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹ ਉਨ੍ਹਾਂ ਦੀ ਜਿੰਦਗੀ ਵਿੱਚ ਬਹੁਤ ਨਿਰਾਸ਼ਾਜਨਕ ਅਤੇ ਦੁਖਦਾਇਕ ਪਲ ਸਨ ਜਿੰਨ੍ਹਾਂ ਨੇ ਆਪ ਦੇ ਮਨ ਉੱਪਰ ਬਹੁਤ ਗਹਿਰਾ ਪ੍ਰਭਾਵ ਪਾਇਆ ਅਤੇ ਆਪ ਨੂੰ ਇਨਸਾਨ ਦੀ ਜ਼ਿੰਦਗੀ ਇੱਕ ਰੰਗਮੰਚ ਵਰਗੀ ਲੱਗੀ ਜਿੱਥੇ ਹਰ ਕੋਈ ਆਪਣੇ ਆਪਣੇ ਹਿੱਸੇ ਦਾ ਰੋਲ ਅਦਾ ਕਰਕੇ ਇਸ ਸੰਸਾਰ ਤੋਂ ਹਮੇਸ਼ਾ ਲਈ ਚਲਾ ਜਾਂਦਾ ਹੈ। 
ਭਾਵੇਂ ਇਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਤਾਂ ਬਚਪਨ ਤੋਂ ਹੀ ਸੀ ਪਰ ਇਸ ਸੌਂਕ ਨੇ ਉਸ ਅੰਦਰ ਇੱਕ ਸੰਵੇਦਨਸ਼ੀਲ ਲੇਖਕ ਪੈਦਾ ਕਰ ਦਿੱਤਾ ਇਹ ਉਹ ਖੁਦ ਵੀ ਨਹੀਂ ਜਾਣਦੀ। ਕਾਲਜ ਪੜ੍ਹਨ ਸਮੇਂ ਉਸ ਅੰਦਰ ਕਵਿਤਾ ਅਤੇ ਲੇਖ ਲਿਖਣ ਦੀ ਚੇਟਕ ਲੱਗ ਗਈ। 1980 ਵਿਚ ਡੀ. ਏ. ਵੀ.ਕਾਲਜ ਜਲੰਧਰ ਤੋਂ ਐਮ.ਏ. ਪੰਜਾਬੀ ਤੱਕ ਦੀ ਪੜ੍ਹਾਈ ਕੀਤੀ ਇਸੇ ਸਮੇਂ ਦੌਰਾਨ ਹੀ ਆਪ ਨੂੰ ਡਾਕਟਰ ਤਿਲਕ ਰਾਜ ਸ਼ਿੰਗਾਰੀ ਅਤੇ ਡਾਕਟਰ ਗੁਰਲਾਲ ਸਿੰਘ ਉਸਤਾਦਾਂ ਦੇ ਰੂਪ ਵਿਚ ਸੰਗਤ ਮਿਲੀ ਜਿੰਨ੍ਹਾ ਨੇ ਆਪ ਦੀਆਂ ਰਚਨਾਵਾਂ ਨੂੰ ਸਰਾਹਿਆ ਤੇ ਹੋਰ ਬਰੀਕੀਆਂ  ਦੱਸੀਆਂ ਜਿੰਨ੍ਹਾਂ ਦੀ ਬਦੌਲਤ ਆਪ ਦੀਆਂ ਕਈ ਰਚਨਾਵਾਂ ਕਾਲਜ ਦੇ ਮੈਗਜ਼ੀਨ ਵਿਚ ਛਪੀਆਂ। ਉਸ ਸਮੇਂ ਆਪ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਉਹ ਕਾਲਜ ਵਿੱਚ ਕੁੜੀਆਂ ਦੀ ਗਿੱਧੇ ਦੀ ਟੀਮ ਦੇ ਕਪਤਾਨ ਵੀ ਸਨ ਅਤੇ ਕਈ ਸਥਾਨਾਂ 'ਤੇ ਪ੍ਰੋਗਰਾਮਾਂ ਵਿੱਚ ਅਵੱਲ ਵੀ ਆਉਂਦੇ ਰਹੇ। ਉਹ ਆਪ ਕਹਿੰਦੇ ਹਨ ਕਿ ਸਾਹਿਤ ਪੜ੍ਹਨ ਲਿਖਣ ਦੇ ਨਾਲ-ਨਾਲ ਗਿੱਧਾ ਵੀ ਮੇਰਾ ਖਾਸ ਸੋਂਕ ਹੈ। 1982 ਵਿਚ ਇਹਨਾਂ ਦਾ ਵਿਆਹ ਸ. ਅਮਰਜੀਤ ਸਿੰਘ ਢਿੱਲੋਂ ਵਾਸੀ ਜੱਲੂਵਾਲ ਜਿਲਾ ਅਮ੍ਰਿਤਸਰ ਜੋ ਕਿ ਇੰਡੀਅਨ ਏਅਰ ਫੋਰਸ ਵਿੱਚ ਬਤੌਰ ਫਲਾਈਟ ਲੈਫਟੀਨੈਂਟ ਅਫਸਰ ਸਨ ਨਾਲ ਹੋਇਆ। ਮਾਤਾ ਪਿਤਾ ਤੋਂ ਇਲਾਵਾ ਅਮਰਜੀਤ ਸਿੰਘ ਹੋਂਰੀ ਦੋ ਭਰਾ ਅਤੇ ਦੋ ਭੈਣਾਂ ਹਨ। ਵਿਆਹ ਤੋਂ ਬਾਅਦ ਆਪ ਦੇ ਘਰ ਇੱਕ ਬੇਟੇ ਅਮਨਜੋਤ ਸਿੰਘ ਢਿੱਲੋਂ ਦਾ ਜਨਮ ਹੋਇਆ, ਇੰਨ੍ਹਾਂ  ਨੇ ਉਸਦੀ ਪਰਵਿਸ ਵੀ ਸੁਘੜ ਇਸਤਰੀ ਵਾਂਗ ਕੀਤੀ ਜਿਸਦੀ ਬਦੌਲਤ ਆਪ ਦਾ ਬੇਟਾ ਅੱਜ ਐਚ.ਡੀ.ਐਫ.ਸੀ.ਬੈਂਕ ਵਿਚ ਬਤੌਰ ਸੀਨੀਅਰ ਮੈਨੇਜਰ ਸੇਵਾਵਾਂ ਨਿਭਾ ਰਿਹਾ ਹੈ। ਆਪ ਨੇ ਇੱਕ ਮਾਂ, ਇੱਕ ਨੂੰਹ ਅਤੇ ਇੱਕ ਪਤਨੀ ਦੇ ਰੂਪ ਵਿੱਚ ਸਾਰੇ ਸਮਾਜਿਕ ਰਿਸ਼ਤੇ  ਵੀ ਬਾਖੂਬੀ ਨਿਭਾਏ। 
ਪ੍ਰਭਜੋਤ ਕੌਰ ਢਿਲੋਂ ਦੀ ਲੇਖਣੀ ਵਿੱਚ ਅਸਲ ਨਿਖਾਰ ਉਦੋਂ ਆਇਆ ਜਦੋਂ ਉਨ੍ਹਾਂ ਦੀ ਮੁਲਾਕਾਤ ਸਾਹਿਤਕ ਅਤੇ ਪ੍ਰੈਸ ਰਿਪੋਰਟ ਗੁਰਦਰਸ਼ਨ ਸਿੰਘ ਬਾਹੀਆ ਰਾਮਪੁਰਾ ਫੂਲ ਨਾਲ ਹੋਈ ਉਨ੍ਹਾਂ  ਦੀ ਹੌਸਲਾ ਅਫਜਾਈ ਸਦਕਾ ਇਨ੍ਹਾਂ ਨੂੰ 1989 ਤੋਂ ਅਲੱਗ ਅਲੱਗ ਅਖਬਾਰਾਂ ਅਤੇ ਮੈਗਜ਼ੀਨਾਂ ਵਿਚ ਛਪਣ ਦਾ ਸੁਭਾਗ ਪ੍ਰਾਪਤ ਹੋਇਆ। ਇਨ੍ਹਾਂ ਨੇ ਆਪਣਾ ਜਿਆਦਾਤਰ ਸਮਾਂ ਆਪਣੇ ਪਤੀ ਨਾਲ ਪੰਜਾਬ ਤੋਂ ਬਾਹਰ ਰਹਿ ਕੇ ਹੀ ਬਿਤਾਇਆ। 1995 ਤੋਂ 2005 ਤੱਕ ਆਗਰੇ ਅਤੇ ਵੱਖ ਵੱਖ ਏਅਰ ਫੋਰਸ ਸਟੇਸ਼ਨਾਂ 'ਤੇ ਰਹਿਣ ਕਰਕੇ ਆਪ ਪੰਜਾਬ  ਸਾਹਿਤ ਅਤੇ ਪੰਜਾਬੀਅਤ ਤੋਂ ਕੁਝ ਵਿਰਵੇ ਰਹੇ ਜਿਵੇਂ ਸਿਆਣੇ ਕਹਿੰਦੇ ਹਨ ਕਿ 'ਦੀਵੇ ਤੋਂ ਦੀਵਾ ਬਲ ਪੈਂਦਾ ਹੈ 'ਆਪ ਦੇ ਪਤੀ ਸ. ਅਮਰਜੀਤ ਸਿੰਘ ਢਿੱਲੋਂ ਨੂੰ ਵੀ ਸਾਹਿਤ ਪੜ੍ਹਨ ਦਾ ਬਹੁਤ ਸੋਂਕ ਪੈਦਾ ਹੋ ਗਿਆ । ਉਹਨਾਂ ਨੇ ਆਪ ਨੂੰ ਹਮੇਸ਼ਾ ਪ੍ਰੋਤਸਾਹਿਤ ਕੀਤਾ ਅਤੇ ਸਮਾਜਿਕ ਬੁਰਾਈਆਂ, ਦੱਬੇ ਕੁਚਲੇ ਲੋਕਾਂ, ਮਾਨਸਿਕ ਸ਼ੋਸ਼ਣ ਅਤੇ ਨਿਘਾਰ ਵੱਲ ਜਾ ਰਹੀ ਨੋਜਵਾਨੀ ਵੱਲ ਲਿਖਣ ਲਈ ਪ੍ਰੇਰਿਤ ਕੀਤਾ। ਜਦੋਂ ਜੀਵਨ ਸਾਥੀ ਆਪਣੀ ਸੋਚ ਦਾ ਹਾਣੀ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ। ਫਿਰ ਇਨ੍ਹਾਂ ਦੇ ਪਰਿਵਾਰਕ ਫਰਜ਼ ਅਤੇ ਸਾਹਿਤ ਪ੍ਰਤੀ ਫਰਜ਼ ਸੀਨਾ-ਬਸੀਨਾ ਚੱਲਦੇ ਰਹੇ 
2008 ਵਿੱਚ ਸਰਦਾਰ ਅਮਰਜੀਤ ਸਿੰਘ ਜੀ ਦੀ ਰਿਟਾਇਮੈਂਟ ਦਿੱਲੀ ਤੋਂ ਬਤੌਰ ਕੈਪਟਨ (ਫੌਜ ਦੇ ਫੁੱਲ ਕਰਨਲ )ਦੇ ਅਹੁਦੇ ਤੋਂ ਹੋਈ। ਇਸ ਤੋਂ ਬਾਅਦ ਪ੍ਰਭਜੋਤ ਕੌਰ ਨੂੰ ਆਪਣੇ ਮਨ ਮਸਤਕ ਅੰਦਰ ਉਲਝੇ ਹੋਏ ਕਿੰਨੇ ਹੀ ਵਿਸ਼ਿਆਂ ਉੱਪਰ ਖੁਲ ਕੇ ਲਿਖਣ ਦਾ ਮੌਕਾ ਮਿਲਿਆ।ਇਹਨਾਂ ਨੇ ਆਮ ਤੌਰ ਤੇ ਰਿਸ਼ਵਤਖੋਰੀ, ਭ੍ਰਿਸ਼ਟਾਚਾਰੀ, ਮਹਿੰਗਾਈ, ਗਰੀਬੀ,ਡੰਡਾਤੰਤਰ , ਸਮਾਜਿਕ  ਕੁਰੀਤੀਆਂ, ਨਾਰੀ ਵੇਦਨਾ, ਸਮਾਜਿਕ ਸਰੋਕਾਰ, ਬਿਮਾਰੀਆਂ,ਭਰੂਣ ਹੱਤਿਆ, ਨਿੱਘਰ ਦੇ ਸਿਸਟਮ,ਆਦਿ ਪੇਚੀਦਾ ਵਿਸ਼ਿਆ ਨੂੰ ਉਭਾਰ ਕੇ ਸਾਮਹਣੇ ਲਿਆਂਦਾ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਹਲੂਣ ਕੇ ਰੱਖ ਦਿੱਤਾ। ਇਹਨਾਂ ਨੂੰ ਨਡਾਲਾ ਸਾਹਿਤ ਸਭਾ ਵੱਲੋਂ ਵਧੀਆ ਲੇਖਕ ਦੇ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਆਪ ਕਈ ਲੋਕ ਭਲਾਈ ਟਰੱਸਟਾਂ ਦੇ ਵੀ ਸਰਗਰਮ ਮੈਂਬਰ ਹਨ । ਆਪ ਜ਼ਿਕਰ ਕਰਦੇ ਹਨ ਕੇ ਜਸਵੰਤ ਕੰਵਲ, ਨਰਿੰਦਰ ਸਿੰਘ ਕਪੂਰ  ਅਤੇ ਸ਼ਿਵ ਕੁਮਾਰ ਬਟਾਲਵੀ ਆਪ ਦੇ ਪਸੰਦੀਦਾ ਲੇਖਕ ਹਨ। ਪ੍ਰਭਜੋਤ ਕੌਰ ਦੁਆਰਾ ਭਿੰਨ ਭਿੰਨ ਵਿਸ਼ਿਆ ਉੱਪਰ ਅਣਗਿਣਤ ਲੇਖ ਅਖਬਾਰਾਂ , ਮੈਗਜ਼ੀਨਾਂ ਅਤੇ ਰਸਾਲਿਆਂ ਛਪ ਚੁੱਕੇ ਹਨ ਜਿਨ੍ਹਾਂ ਵਿੱਚ ਆਪ ਦੀ ਨਿਡਰਤਾ ,ਸੱਚਾਈ ,ਨਿਰਪੱਖਤਾ ਅਤੇ ਸਚਾਰੂ ਸੋਚ ਉਭਰ ਕੇ ਸਾਹਮਣੇ ਆਉਂਦੀ ਹੈ। ਸੁਭਾਅ ਦੇ ਪੱਖੋਂ ਆਪ ਮਿੱਠ ਬੋਲੜੇ,ਸਾਊ, ਨਿਸ਼ਪਾਚ ਅਤੇ ਇਨਸਾਨੀਅਤ ਦੇ ਹਮਦਰਦ ਹਨ। ਉਹ ਦੱਸਦੇ ਹਨ ਕੇ ਉਹ ਆਪਣੇ ਪਤੀ ਅਮਰਜੀਤ ਸਿੰਘ ਢਿੱਲੋਂ ,ਸ.ਰਮੇਸ਼ਵਰ ਸਿੰਘ ,ਬਲਜਿੰਦਰ ਸਿੰਘ ਰੇਤਗੜ੍ਹ ਅਤੇ ਭੁਪਿੰਦਰ ਸਿੰਘ ਬੋਪਾਰਾਏ ਨੇ ਮੇਰੇ ਸਾਰੇ ਲੇਖਾਂ ਨੂੰ ਕਿਤਾਬ ਰੂਪ ਦੇਣ ਵਿੱਚ  ਮੇਰੀ ਬਹੁਤ ਮਦਦ ਕੀਤੀ ਹੈ। ਆਪ ਸਾਰਿਆਂ ਦੀਆਂ ਅਸੀਸਾਂ ਅਤੇ ਦੁਆਵਾਂ ਦੀ ਬਦੌਲਤ ਮੈਂ ਆਪਣੀਆਂ ਕਿਤਾਬਾਂ ‘ਜਿੰਮੇਵਾਰ ਕੌਣ’ ਅਤੇ ‘ਆਉ ਆਪਣੀ ਪੀੜੀ ਹੇਠ ਸੋਟਾ ਫੇਰੀਏ ’ ਪਾਠਕਾਂ ਦੀ ਕਚਿਹਰੀ ‘ਚ ਅਪਰਣ ਕਰ ਚੁੱਕੀ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਆਪਣੇ ਇਸ ਫਰਜ਼ ਪ੍ਰਤੀ ਸੁਚੇਤ ਹੋ ਕੇ ਕਾਰਜ ਕਰ ਰਹੀ ਹਾਂ।
ਉਹਨਾਂ  ਦਾ ਕਹਿਣਾ ਹੈ ਕਿ ਸਾਹਿਤ ਉਹ ਹੈ ਜੋ ਧੁਰ ਰੂਹ ਨੂੰ ਝੰਜੋੜ ਕੇ ਰੱਖ ਦੇਵੇ ।ਲੇਖਕਾਂ ਨੂੰ ਹਮੇਸ਼ਾ ਹੀ ਉਸਾਰੂ ,ਸੰਵੇਦਨਸ਼ੀਲ ਅਤੇ ਨਿਰਪੱਖ ਸਾਹਿਤ ਦੀ ਸਿਰਜਣਾ ਕਰਨੀ ਚਾਹੀਦੀ ਹੈ ਤੇ ਪਾਠਕਾਂ ਨੂੰ ਵੀ ਹਮੇਸ਼ਾ ਹੀ ਇਹਨਾਂ ਲੇਖਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਪਾਠਕ ਹੀ ਲੇਖਕ ਦਾ ਅਸਲ ਸਰਮਾਇਆ ਹੁੰਦੇ ਹਨ ਜਿਨ੍ਹਾਂ ਦੀ ਬਦੌਲਤ ਉਹ ਸਮਾਜ ਵਿੱਚ ਫੈਲੀਆਂ ਭੈੜੀਆਂ ਅਲਾਮਤਾਂ ‘ਤੇ ਕਟਾਕਸ਼ ਕਰਦਾ ਹੈ ਆਖਿਰ ਵਿੱਚ ਉਸ ਦਾ ਸੰਦੇਸ਼ ਹੈ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਅੱਗੇ ਆ ਕੇ ਪਿੰਡਾਂ ਸ਼ਹਿਰਾਂ ਵਿੱਚ ਲਾਇਬ੍ਰੇਰੀਆਂ ,ਨੌਜਵਾਨਾਂ ਦੇ ਕਲੱਬ , ਖੇਡ ਗਤੀਵਿਧੀਆਂ  ਅਤੇ ਪੜ੍ਹੇ ਲਿਖੇ ਬੰਦਿਆਂ ਦੇ ਹੱਥ ਵਿੱਚ ਪਿੰਡਾਂ ਸ਼ਹਿਰਾਂ ਦੀ ਵਾਂਗਡੋਰ ਦੇਣੀ ਚਾਹੀਦੀ ਹੈ ਨਾ ਕੇ ਅਨਪੜ੍ਹ ਘਚੁੱਡੂਆਂ ਹੱਥ । ਜੇ ਕਿਸੇ ਵੀ ਚੀਜ਼ ਵਿੱਚ ਬਦਲਾਵ ਲਿਆਉਣਾ ਚਾਹੁੰਦੇ ਹੋ ਤਾਂ ਇਹ ਬਦਲਾਵ ਆਪਣੇ ਆਪ ਤੋਂ ਸ਼ੁਰੂ ਕਰਨਾ ਪਵੇਗਾ। ਸਮੇਂ ਦੀਆਂ ਸਰਕਾਰਾਂ ਨੇ ਜੇ ਸਮਾਂ ਰਹਿੰਦੇ ਆਪਣੀਆਂ ਨੀਤੀਆਂ ਨਾ ਬਦਲੀਆਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੀਆਂ ਕਲਮਾਂ ਤੁਹਾਡੇ ਲਈ ਗਲ ਦੇ ਫੰਦੇ ਬਣ ਜਾਣਗੀਆਂ।
ਲੇਖਕ - ਰਮੇਸ਼ਵਰ ਸਿੰਘ ਪਟਿਆਲਾ
ਮੋਬਾ:99148-80392
Have something to say? Post your comment