Thursday, September 24, 2020
FOLLOW US ON

Article

ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ

August 03, 2020 09:49 PM

ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
/////////////////////////////////////////////////

ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਇਸ ਵਿੱਚ ਸਤਲੁਜ, ਬਿਆਸ, ਰਾਵੀ, ਜਿਹਲਮ ਤੇ ਝਨਾਬ ਦਰਿਆ ਆਉਂਦੇ ਸਨ। 1947 ਦੀ ਵੰਡ ਸਮੇਂ ਇਹ ਢਾੲੀ ਦਰਿਆਵਾਂ ਦਾ ਰਹਿ ਗਿਆ, ਜਿਹਲਮ, ਝਨਾਬ ਤੇ ਅੱਧਾ ਰਾਵੀ ਪਾਕਿਸਤਾਨ ਵਿਚ ਰਹਿ ਗਿਆ ਜਿਸ ਨੂੰ ਪੱਛਮੀ ਪੰਜਾਬ ਕਿਹਾ ਜਾਂਦਾ ਹੈ ਭਾਸ਼ਾ ਦੇ ਆਧਾਰ ਤੇ ਇਸ ਦੀ ਫਿਰ ਵੰਡ ਹੋਈ ਤੇ ਇਸ ਵਿੱਚੋਂ ਹਿਮਾਚਲ ਤੇ ਹਰਿਆਣਾ ਵੀ ਨਿਕਲ ਗਏ ਤੇ ਇਕ ਮਹਾਂਪੰਜਾਬ ਤੋਂ ਛੋਟਾ ਸੂਬਾ ਪੰਜਾਬ ਰਹਿ ਗਿਆ। ਇਸਦੇ ਗੁਰਦਾਸਪੁਰ ਜ਼ਿਲ੍ਹੇ ਨੇ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਪੈਦਾ ਕੀਤੀਆਂ।
ਜਿਨ੍ਹਾਂ ਵਿਚ ਇਕ ਨਾਮ ਗੁਰਮੀਤ ਸਿੰਘ ਪਾਹੜਾ ਦਾ ਵੀ ਆਉਂਦਾ ਹੈ ਉਨ੍ਹਾਂ ਮਾਰਚ 1963 ਵਿੱਚ ਮਾਤਾ ਸ੍ਰੀਮਤੀ ਹਰਬੰਸ ਕੌਰ ਜੀ ਦੀ ਕੁੱਖੋਂ ਪਿਤਾ ਸ੍ਰ ਕਰਨੈਲ ਸਿੰਘ ਦੇ ਘਰ ਪਿੰਡ ਪਾਹੜਾ ਵਿੱਚ ਜਨਮ ਲਿਆ, ਪ੍ਰਾਇਮਰੀ ਸਿੱਖਿਆ ਪਿੰਡ ਦੇ ਸਕੂਲ ਤੋਂ, ਹਾਇਰ ਸੈਕੰਡਰੀ ਸਰਕਾਰੀ ਸਕੂਲ ਗੁਰਦਾਸਪੁਰ ਤੋਂ, ਇਲੈਕਟਰੀਕਲ ਦੀ ਤਕਨੀਕੀ ਸਿੱਖਿਆ ਗੌਰਮਿੰਟ ਉਦਯੋਗਿਕ ਸਿਖਲਾਈ ਸੰਸਥਾ ਗੁਰਦਾਸਪੁਰ ਤੋਂ ਪ੍ਰਾਪਤ ਕਰਕੇ ਨੈਸ਼ਨਲ ਟਰੇਡ ਸੈਰਟੀਫਿਕੇਟ ਹਾਸਲ ਕਰਕੇ ਮਹਿਕਮਾ ਬਿਜਲੀ ਬੋਰਡ ਵਿੱਚ ਲਾਈਨ ਮੈਨ ਨਿਯੁਕਤ ਹੋਇਆ, ਹੁਣ ਇਹ ਜੇ ਈ ਦੇ ਆਹੁਦੇ ਤੇ ਤੈਨਾਤ ਹਨ।
              ਸਰਦਾਰ ਗੁਰਮੀਤ ਸਿੰਘ ਪਾਹੜਾ ਜੀ ਨੂੰ ਵਿਦਿਆਰਥੀ ਯੂਨੀਅਨ ਵਿੱਚ ਬਤੌਰ ਪ੍ਰਧਾਨ ਬਣਨ ਦਾ ਮਾਣ ਪ੍ਰਾਪਤ ਹੋਇਆ, ਵਿਦਿਆਰਥੀ ਮੰਗਾਂ ਤੇ ਲੜਦਿਆਂ ਉਨ੍ਹਾਂ ਨੂੰ ਜੇਲ ਯਾਤਰਾ ਵੀ ਕਰਨੀ ਪਈ। ਇਨ੍ਹਾਂ ਵੱਖ-ਵੱਖ ਸੰਸਥਾਵਾਂ ਜਿਨ੍ਹਾਂ ਵਿੱਚ ਨੌਜਵਾਨ ਭਾਰਤ ਸਭਾ, ਟੈਕਨੀਕਲ ਸਰਵਿਸਿਜ਼ ਯੂਨੀਅਨ, ਸਹੀਦ ਊਧਮ ਸਿੰਘ ਯੂਥ ਕਲੱਬ ਪਾਹੜਾ, ਬਾਬਾ ਸ੍ਰੀ ਚੰਦ ਐਜੂਕੇਸ਼ਨ ਤੇ ਵੈਲਫੇਅਰ ਸੁਸਾਇਟੀ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਤੇ ਨਟਾਲੀ ਰੰਗਮੰਚ ਗੁਰਦਾਸਪੁਰ ਦੇ ਸਨਮਾਨ ਯੋਗ ਅਹੁਦਿਆਂ ਤੇ ਰਹਿ ਚੁੱਕੇ ਹਨ। ਅੱਜ ਕਲ੍ਹ ਇਹ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਦੇ ਪ੍ਰਧਾਨ, ਸਾਹਿਤ ਸਭਾ ਗੁਰਦਾਸਪੁਰ ਦੇ ਜਨਰਲ ਸਕੱਤਰ, ਇੰਟਰਨੈਸ਼ਨਲ ਹਿਊਮਨ ਰਾਇਟਸ ਐਸੋਸੀਏਸ਼ਨ ਦੇ ਸੂਬਾ ਕਮੇਟੀ ਮੈਂਬਰ ਤੇ ਸੇਵਾ ਤੇ ਸਿਖਿਆ ਸੋਸਾਇਟੀ ਗੁਰਦਾਸਪੁਰ ਦੇ ਮੀਤ ਪ੍ਰਧਾਨ  ਵਜੋਂ ਸੇਵਾ ਨਿਭਾਅ ਰਹੇ ਹਨ।
ਸ੍ਰੀ ਪਾਹੜਾ ਜੀ ਨੇ ਆਪਣੇ ਉਸਤਾਦ ਮਰਹੂਮ ਹਾਸ- ਵਿਅੰਗ ਕਵੀ ਤਾਰਾ ਸਿੰਘ ਖੋਜੇਪੁਰੀ ਦੀ ਪ੍ਰੇਰਨਾ ਸਦਕਾ
ਕਵਿਤਾ ਦੇ ਖੇਤਰ ਵਿਚ ਵੀ ਆਪਣਾ ਹੱਥ ਅਜ਼ਮਾਇਆ, ਹੁਣ ਤੱਕ ਦਰਜਨ ਦੇ ਕਰੀਬ ਸਾਂਝੇ ਕਾਵਿ ਸੰਗ੍ਰਹਿ ਵਿਚ ਅਤੇ ਬਹੁਤ ਸਾਰੀਆਂ ਅਖ਼ਬਾਰਾਂ ਤੇ ਰਸਾਲਿਆਂ ਵਿਚ ਆਪਣੀ ਹਾਜ਼ਰੀ ਲਗਵਾ ਚੁੱਕੇ ਹਨ।
ਪਾਹੜਾ ਜੀ ਦਾ ਜ਼ਿਆਦਾ ਧਿਆਨ ਨਾਟਕ ਕਲਾ ਨੂੰ ਬੜਾਵਾ ਦੇਣ ਦਾ ਹੈ ਤੇ ਇਸ ਕੰਮ ਲਈ ਉਹ ਸਮਰਪਿਤ ਹਨ। ਇਹ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਨਾਟਕਕਾਰ ਤੇ ਰੰਗਕਰਮੀ ਸ੍ਰ. ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਤੋਂ ਬਹੁਤ ਪ੍ਰਭਾਵਿਤ ਹਨ। ਇਨ੍ਹਾਂ ਨੇ ਉਨ੍ਹਾਂ ਦੇ ਬਹੁਤ ਸਾਰੇ ਨਾਟਕਾਂ ਵਿੱਚ ਅਦਾਕਾਰੀ ਕੀਤੀ, ਬਹੁਤ ਸਾਰੇ ਗੀਤਾਂ ਵਿੱਚ ਪਿਤਾ ਜੀ ਦਾ ਰੋਲ ਨਿਭਾਇਆ, ਨਵੀਂ ਆਉਣ ਵਾਲੀ ਇੰਡੋ ਕੈਨੇਡੀਅਨ ਪੰਜਾਬੀ ਫਿਲਮ "ਮੁਹੱਬਤਾਂ ਸੱਚੀਆਂ ਨੇ" ਵਿੱਚ ਹੀਰੋ ਦੇ ਪਿਤਾ ਜੀ ਦੇ ਰੋਲ ਵਿੱਚ ਇਹਨਾਂ ਨੂੰ ਦੇਖੋਗੇ। ਜਿਸ ਦੀ ਸ਼ੂਟਿੰਗ ਹੋ ਚੁੱਕੀ ਹੈ। ਕਰੋਨਾ ਦੇ ਸੰਕਟ ਕਰਕੇ ਅਜੇ ਰਲੀਜ਼ ਹੋਣੀ ਬਾਕੀ ਹੈ।
ਪਾਹੜਾ ਜੀ ਨੂੰ ਕਈ ਜਥੇਬੰਦੀਆਂ ਬਣਾਉਣ ਦਾ ਮਾਣ ਹਾਸਲ ਹੈ, ਉਨ੍ਹਾਂ ਗੱਲ-ਬਾਤ ਦੌਰਾਨ ਦੱਸਿਆ ਕਿ ਇਥੇ ਕੲੀ  ਨੈਸ਼ਨਲ ਤੇ ਸਟੇਟ ਪੱਧਰ ਦੀਆਂ ਯੂਨੀਅਨਾਂ ਹਨ ਜੋ ਮਹਿਕਮੇ ਤੇ ਸਰਕਾਰਾਂ ਨਾਲ ਫਰੈਂਡਲੀ ਮੈਚ ਖੇਡਦੀਆਂ ਹਨ ਤੇ ਉਨ੍ਹਾਂ ਦੀ ਪ੍ਰਾਪਤੀ ਜ਼ੀਰੋ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਅੱਜ ਫਿਰ ਸੌੜੇ ਸਿਆਸੀ ਹਿਤਾਂ ਤੋਂ ਉੱਪਰ ਉੱਠ ਕੇ ਆਲ ਡਿਪਾਰਮੈਟ ਆਲ ਇਪਲਾਈਜ ਯੂਨੀਅਨ ਦੀ ਬੇ ਹੱਦ ਲੋੜ ਹੈ, ਹੁਣ ਸ਼ਾਇਦ ਇਸ ਤੇ ਵੀ ਕੰਮ ਕਰਨਾ ਪਵੇਗਾ।
ਪਾਹੜਾ ਜੀ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਬਹੁਤ ਸਾਰੇ ਮਾਣ ਸਨਮਾਨਾਂ ਨਾਲ ਸਨਮਾਨਿਤ ਕਰ ਕੇ ਨਿਵਾਜਿਆ ਗਿਆ ਹੈ। ਉਹ ਸ਼੍ਰੋਮਣੀ ਪੰਜਾਬੀ ਲੇਖਕ ਸਭਾ ਮੁਹਾਲੀ ਵੱਲੋਂ ਮਾਰਚ 2018 ਵਿੱਚ ਮਿਲੇ ਮਸ਼ਹੂਰ ਸ਼ਾਇਰ "ਦੀਵਾਨ ਸਿੰਘ ਮਹਿਰਮ ਅਵਾਰਡ" ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਹਨ। ਪ੍ਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੇ ਇਹ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ।

                ਆਮੀਨ

       ਜਸਪਾਲ ਕੌਰੇਆਣਾ
                   ਬਠਿੰਡਾ ।
    ਮੋਬਾਇਲ ਨੰ: 97808-52097

   ਸੰਪਰਕ, ਗੁਰਮੀਤ ਸਿੰਘ ਪਾਹੜਾ
    (9814305963 )

Have something to say? Post your comment