Thursday, September 24, 2020
FOLLOW US ON

Article

ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ

August 03, 2020 09:52 PM
ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ
 
ਜਿੰਨਾਂ ਲੋਕਾਂ ਨੇ ਜਿੰਦਗੀ ‘ਚ ਕੁਝ ਕਰ ਗੁਜ਼ਰਨਾ ਹੋਵੇ ਤਾਂ ਉਹ ਕਿਸੇ ਦੀਆਂ ਸਲਾਹਾਂ ਨਹੀਂ ਲੈਦੇਂ ਤੇ ਆਪਣਾ ਰਾਹ ਆਪੇ ਹੀ ਤਿਆਰ ਕਰਦੇ ਹਨ।ਅਕਸਰ ਜਿੰਨਾਂ ਨੇ ਛੋਟੀ ਉਮਰ ਵਿੱਚ ਹੀ ਉਚੀਆਂ ਉੱਡਾਣਾਂ ਦੇ ਸੁਪਨੇ ਦੇਖੇ ਹੋਣ ਤਾਂ ਉਹ ਆਪਣਾ ਸੰਘਰਸ਼ ਮੁੱਢੋਂ ਹੀ ਸ਼ੁਰੂ ਕਰ ਦਿੰਦੇ ਹਨ। ਜਦੋਂ ਉਹ ਆਪਣੀ ਮੰਜ਼ਿਲ ਵੱਲ ਤੁਰਦੇ ਹਨ ਤਾਂ ਕੁਝ ਲੋਕ ਹੈਰਾਨ ਹੁੰਦੇ ਅਤੇ ਕੁਝ ਲੋਕ ਲੱਤਾਂ ਖਿੱਚਣ ਵਾਲੇ ਹੁੰਦੇ ਹਨ। ਜਿਹੜਾ ਇਨਸਾਨ ਇਹ ਸਭ ਕੁਝ ਨੂੰ ਅਣਡਿੱਠ ਕਰਕੇ ਆਪਣੀ ਮੰਜ਼ਿਲ ਵੱਲ ਤੁਰਿਆ ਜਾਂਦਾ ਹੈ ਤਾਂ ਉਸ ਨੂੰ ਉਸਦੀ ਮੰਜ਼ਿਲ ਤੇ ਜਾਣੋ ਕੋਈ ਨਹੀਂ ਰੋਕ ਸਕਦਾ ਭਾਂਵੇ ਕਿੰਨੀਆਂ ਹੀ ਔਕੜਾਂ  ਰਾਹਾਂ ‘ਚ ਆ ਜਾਣ।ਕੁਝ ਇਸੇ ਹੀ ਤਰ੍ਹਾਂ  ਆਪਣੀ ਜ਼ਿੰਦਗੀ ਦਾ ਸੰਘਰਸ਼ ਕਰਕੇ ਮੰਜ਼ਿਲ ਨੂੰ ਸਰ ਕਰਨ ਵਾਲੇ ਇਨਸਾਨ ਹਨ , ਅੰਤਰਰਾਸ਼ਟਰੀ ਢਾਡੀ ਸਾਧੂ ਸਿੰਘ ਧੰਮੂ (ਧੂੜਕੋਟ ਵਾਲੇ)
ਜਿੰਨ੍ਹਾਂ ਦਾ ਜਨਮ ਰਾਜੇ ਮਹਾਰਾਜਿਆਂ ਦੀ ਰਿਆਸਤ ਨਾਲ ਜਾਣੇ ਜਾਂਦੇ ਸੂਫ਼ੀ ਫ਼ਕੀਰ ਬਾਬਾ ਫਰੀਦ ਸਾਹਿਬ ਦੀ ਧਰਤੀ ਜਿਲ੍ਹਾਂ ਫਰੀਦਕੋਟ ਦੇ ਵਿੱਚ ਪੈਦੇਂ ਪਿੰਡ ਧੂੜਕੋਟ ਵਿਖੇ ਸ.ਬਿਸ਼ਨ ਸਿੰਘ ਦੇ ਘਰ ,ਮਾਤਾ ਚੰਦ ਕੌਰ ਦੀ ਕੁੱਖੋਂ 28 ਅਪ੍ਰੈਲ 1978 ਨੂੰ ਹੋਇਆ। ਸਾਧੂ ਸਿੰਘ ਧੰਮੂ ਦੇ ਤਿੰਨ ਭੈਣ - ਭਾਈ ਹਨ।
ਜਿਵੇਂ ਬਹੁਤੇ  ਕਾਮਯਾਬ ਇਨਸਾਨ ਦੀ ਕਹਾਣੀ ਇਹ ਹੁੰਦੀ ਹੈ ਕਿ ਉਹ ਅਸਲ ‘ਚ ਅੱਤ ਦਰਜੇ ਦੀ ਗਰੀਬੀ ‘ਚੋਂ ਹੀ ਉਠਦੇ  ਹਨ। ਬਸ ਉਸੇ ਤਰ੍ਹਾਂ ਹੀ ਢਾਡੀ ਸਾਧੂ ਸਿੰਘ ਧੰਮੂ ਨੇ ਵੀ ਗਰੀਬੀ ਨੂੰ ਆਪਣੇ ਪਿੰਡੇ ਤੇ ਹੰਢਾਇਆ ਤੇ ਆਪਣੇ ਪਰਿਵਾਰ ਨੂੰ ਮਾੜੇ ਹਾਲਾਤਾਂ ਵਿੱਚ ਜਿਊਂਦੇ ਦੇਖਿਆ।ਭਾਂਵੇ ਪਿਤਾ ਪੁਰਖੀ ਕਿੱਤਾ ਤਰਖਾਣਾਂ ਕੰਮ ਸੀ ਪਰ ਹਲਾਤ ਬਹੁਤੇ ਚੰਗੇ ਨਹੀਂ ਸੀ।ਫੇਰ ਜਦੋਂ ਇਹਨਾਂ ਦੀ ਸੁਰਤ ਸੰਭਲੀ ਤਾਂ ਇਹਨਾਂ ਆਪਣੇ ਪਿਤਾ ਨਾਲ ਕੰਮਕਾਜ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ ਤੇ ਆਪਣੇ ਭਰਾ ਅਤੇ ਭੈਣਾਂ ਨਾਲ ਮਿਲ ਕੇ ਕੰਮਕਾਜ ਕਰਨਾ। 
ਹਰ ਇਕ ਦਾ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਸ਼ੌਕ ਹੁੰਦਾ ਹੈ ਤਾਂ ਬਚਪਨ ‘ਚ ਇਹਨਾਂ ਨੂੰ ਆਪਣੇ ਸਮੇਂ ਦੇ ਢਾਡੀ ਕਵੀਸ਼ਰਾਂ ਨੂੰ ਸੁਣਨ ਦਾ ਸ਼ੌਕ ਸੀ ਅਤੇ ਗਾਉਣ ਵਜਾਉਣ ਦੀ ਚਾਹਤ ਉਹਨਾਂ ਨੂੰ ਵੀ ਜਾਗੀ ਤੇ ਉਹਨਾਂ ਨੇ ਇਹ ਸ਼ੌਕ ਪੂਰਾ ਕਰਨ ਲਈ ਪਰਿਵਾਰ ਨਾਲੋਂ ਵੀ ਬਾਗੀ ਹੋਣਾ ਪਿਆ। ਸਾਧੂ ਸਿੰਘ ਧੰਮੂ ਦੱਸਦੇ ਹਨ ਕਿ ਜਦੋਂ ਉਹ ਸ਼ੌਕ ਨੂੰ ਪੂਰਾ ਕਰਨ ਲੱਗੇ ਤਾਂ ਉਹਨਾਂ ਦੇ ਆਪਣਿਆਂ ਨੇ ਇਹ ਕਿਹਾ ਆਹ ਕੀ ਕੰਮ ਫੜ ਲਿਆ ਮਰਾਸੀਆਂ ਵਾਲਾ ,ਤੇ ਆਵੀ ਕੋਈ ਕੰਮਾਂ ‘ਚੋ ਕੰਮ ਹੈ ਤਾਂ ਉਹਨਾਂ ਨੂੰ ਮੇਰਾ ਜਵਾਬ ਸੀ ਕੇ ਮੈਂ ਇਸ ਕੰਮ ਨਾਲ ਹੀ   ਆਪਣਾ ਨਾਮ ਬਣਾਵਾਂ ਗਾ। ਇਹ ਇਹਨਾਂ ਗੱਲਾਂ ਨੂੰ ਅਣਸੁਣਿਆਂ ਕਰਕੇ ਆਪਣੇ ਰਸਤੇ ਤੇ ਚੱਲਦੇ ਗਏ ਅਤੇ ਨਾਲ ਹੀ ਤਰਖਾਣਾ ਕੰਮ ਵੀ ਕਰਦੇ , ਅਤੇ ਆਪਣੇ ਸ਼ੌਕ ਨੂੰ ਵੀ ਪੂਰਾ ਕਰਦੇ ਰਹੇ। ਇਹਨਾਂ ਨੇ ਕੁਝ ਕੁ ਸਮਾਂ ਸਕੂਟਰ ਮਕੈਨਿਕ ਦਾ ਕੰਮ ਵੀ ਕੀਤਾ। ਜਦੋਂ ਇਹਨਾਂ ਨੇ ਆਪਣੇ ਹੀ ਪਿੰਡ ਦੇ ਸਮਾਗਮ ਤੇ ਇਕ ਕਵਿਤਾ ਪੜ੍ਹੀ ਤਾਂ ਲੋਕਾਂ ਦਾ ਬੇਹੱਦ ਪਿਆਰ ਮਿਲਿਆ ਤੇ ਫੇਰ ਸਮਾਂ ਐਸਾ ਆਇਆ ਇਹਨਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਡੀ ਕਲਾ ਨੂੰ ਸਮਰਪਿਤ ਕਰ ਦਿੱਤਾ ਅਤੇ ਫੇਰ ਆਗਾਜ਼ ਹੋਇਆ ਢਾਡੀ ਖੇਤਰ ਵਿੱਚ । 
ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹ ਆਪਣੇ ਸਮੇਂ ਦੀਆਂ ਪੰਜ ਪਾਸ ਹਨ ਅੱਗੇ ਦੀ ਪੜ੍ਹਾਈ ਇਹਨਾਂ ਨੇ ਗਰੀਬੀ ਕਰਕੇ ਵਿੱਚੇ ਹੀ ਛੱਡ ਦਿੱਤੀ ਤੇ ਜੋ ਇਹਨਾਂ ਦਾ ਕਿੱਤਾ ਪੇਸ਼ਾ ਸੀ ਉਹ ਕਰਨ ਲੱਗੇ।
ਸਾਧੂ ਸਿੰਘ ਧੰਮੂ ਦੇ ਜੇਕਰ ਧਾਰਮਿਕ ਜੀਵਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਗੁਰਬਾਣੀ ਸੰਥਿਆ ਪਿੰਡ ਦੇ ਹੀ ਗੁਰੂ ਘਰ ‘ਚੋ ਬਾਬਾ ਜਸਵੀਰ ਸਿੰਘ ਚੁੱਪਕੀਤੀ ਤੋਂ ਕੀਤੀ ਅਤੇ ਇਕ ਚੰਗੇ ਆਖੰਡ ਪਾਠੀ ਬਣੇ। ਫੇਰ ਹੌਲੀ -ਹੌਲੀ ਇਹਨਾਂ ਕੀਰਤਨ ਤੇ ਕਵੀਸ਼ਰੀ ਸਿੱਖੀ।
ਕੀਰਤਨ ਕਰਨਾ ਇਹਨਾਂ ਨੇ ਆਪਣੇ ਉਸਤਾਦ ਚਮਕੌਰ ਸਿੰਘ ਮਾਹਲਾਂ ਤੋਂ ਸਿੱਖਿਆ ਤੇ ਕਵੀਸ਼ਰੀ ਕਲਾ ਦੀਆਂ ਬਾਰੀਕੀਆਂ ਉਸਤਾਦ ਕਵੀਸ਼ਰ ਸਰਵਨ ਸਿੰਘ ਖੁਸ਼ਦਿਲ ਜੀ ਤੋਂ ਸਿੱਖੀਆਂ ।ਕਵੀਸ਼ਰ ਸਰਵਨ ਸਿੰਘ ਖੁਸ਼ਦਿਲ ਜੀ ਨੇ ਇਹਨਾਂ ਨੂੰ ਕਵੀਸ਼ਰੀ ਕਲਾ ਦੇ ਬੜੇ ਗੁੱਝੇ ਭੇਦਾਂ ਬਾਰੇ ਦੱਸਿਆ ਤੇ ਕਵਿਤਾਵਾਂ ਦੀ ਛੰਦਾ-ਬੰਦੀ ਬਾਰੇ ਬਹੁਤ ਸੂਖਮਤਾ ਦੇ ਨਾਲ ਸਮਝਾਇਆ ਤੇ ਸਾਧੂ ਸਿੰਘ ਧੰਮੂ ਜੀ ਨੇ ਪੂਰੀ ਲਗਨ ਨਾਲ ਹਰ ਗੱਲ ਨੂੰ ਸਿੱਖਿਆ ਤੇ ਕੁਝ ਚਿਰ ਕਵੀਸ਼ਰੀ ਕੀਤੀ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਵੀ ਕੀਤੀ। ਫੇਰ ਹੌਲੀ ਹੌਲੀ ਉਹਨਾਂ ਨੇ ਆਪਣਾ ਢਾਡੀ ਜੱਥਾ ਤਿਆਰ ਕੀਤਾ। ਉਹਨਾਂ ਨਾਲ ਢਾਡੀ ਜੱਥੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਸਾਥੀ ਹਨ ਜਿੰਨ੍ਹਾਂ ਨੇ ਉਹਨਾਂ ਨਾਲ ਸਮੇਂ ਸਮੇਂ ਤੇ ਕੰਮ ਕੀਤਾ।
ਇਹਨਾਂ ਨੇ ਆਪਣੇ ਢਾਡੀ ਜੱਥੇ ਨਾਲ ਤਕਰੀਬਨ 30 ਤੋਂ ਵੱਧ ਆਡੀਓ ,ਵੀਡੀਓ ਕੈਸਿਟਾਂ ਕੀਤੀਆਂ। ਇਹਨਾਂ ਦੇ ਦੋ ਦਰਜਨਾਂ ਤੋ ਵੱਧ ਸ਼ਗਿਰਦ ਹਨ ਜੋ ਢਾਡੀ ਜਾਂ ਕਵੀਸ਼ਰੀ  ਖੇਤਰ ਵਿੱਚ ਨਾਮਣਾ ਖੱਟ ਰਹੇ ਹਨ।ਇਹਨਾਂ ਨੇ ਢਾਡੀ ਕਲਾ ਨਾਲ ਜੁੜਕੇ ਪੰਜਾਬ ਤੇ ਪੰਜਾਬ ਤੋਂ ਬਹਾਰ ਸੰਗਤਾਂ ਤੋਂ ਢੇਰ ਸਾਰਾ ਪਿਆਰ ਤੇ ਬੇਅੰਤ  ਮਾਣ ਸਨਮਾਣ ਲਿਆ।
ਇਹਨਾਂ ਨੇ ਢਾਡੀ ਕਲਾ ਰਾਹੀਂ ਦੇਸ਼ਾ-ਵਿਦੇਸ਼ਾ ਵਿੱਚ ਗੁਰਇਤਿਹਾਸ ਨਾਲ ਸੇਵਾ ਕੀਤੀ ਤੇ  ਇਹਨਾਂ ਨੇ ਕੈਨੇਡਾ ,ਸਿੰਘਾਪੁਰ ,ਮਲੇਸ਼ੀਆਂ,ਥਾਈਲੈਂਡ ,ਇੰਡੋਨੇਸ਼ੀਆਂ ਵਿੱਚ ਵੀ ਨਾਮਣਾ ਖੱਟਿਆ।
 ਢਾਡੀ ਸਾਧੂ ਸਿੰਘ ਧੰਮੂ ਜੀ ਦੇ ਧਾਰਮਿਕ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਦੀ ਵੀ ਗੱਲ ਕਰੀਏ ਤਾਂ ਇਹਨਾਂ  ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਤੇ ਅੱਜ ਤੱਕ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਦਿਨ ਰਾਤ ਤਤਪਰ ਹਨ। ਇਹਨਾਂ ਨੇ ਧਾਰਮਿਕ ਸਮਾਜਿਕ ਖੇਤਰ ਦੇ ਨਾਲ ਹੀ ਰਾਜਨੀਤਕ ਪਾਸੇ ਵੀ ਪੈਰ ਰੱਖਿਆ ਹੈ ਤੇ ਅੱਜ ਕੱਲ ਲੋਕ ਇੰਨਸਾਫ ਪਾਰਟੀ  ਨਾਲ ਕੰਮ ਕਰ ਰਹੇ ਹਨ ਅਤੇ ਜਿਲ੍ਹਾਂ ਮੋਗਾ ਦੇ ਧਾਰਮਿਕ ਵਿੰਗ ਦੇ  ਪ੍ਰਧਾਨ ਵੀ ਹਨ।
ਜੇਕਰ ਇਹਨਾਂ ਦੀ ਕਲਮ ਦੀ ਗੱਲ ਕਰੀਏ ਤਾਂ ਸਾਹਿਤਕ ਖੇਤਰ ਵਿੱਚ ਵੀ  ਘੱਟ ਨਹੀਂ ਹਨ। ਇਹਨਾਂ ਨੇ  ਬਹੁਤ ਸਾਰੀਆਂ ਸਾਹਿਤਕ ਰਚਨਾਵਾਂ ਰਚੀਆਂ ਤੇ ਇਹਨਾਂ ਦੀਆਂ ਰਚਨਾਵਾਂ ਕਈ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪੀਆਂ । ਇਹਨਾਂ ਨੇ ਸਾਹਿਤ ਵਿੱਚ ਵੀ ਯੋਗਦਾਨ ਪਾਉਂਦਿਆਂ ਤਿੰਨ ਕਿਤਾਬਾਂ  ਲਿਖੀਆਂ ਜਿੰਨ੍ਹਾਂ ਵਿੱਚ ਦੋ ਕਬੱਡੀ ਨਾਲ ਸੰਬੰਧਤ (ਖੇਡ ਬਗੀਚਾ ,ਖਿਆਲ਼ ਕਬੱਡੀ ਦੇ) ਇਕ ਕਿਤਾਬ ਧੰਮੂ ਦੇ ਢਾਡੀ ਪ੍ਰਸੰਗ ਸਰੋਤਿਆਂ ਦੀ ਝੋਲੀ ਪਾਈਆਂ।
ਇਹਨਾਂ ਦੀ  ਸਖਸ਼ੀਅਤ ਨੂੰ ਦੇਖਦੇ ਹੋਏ ਇਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਣ ਮਿਲੇ ਜਿੰਨ੍ਹਾਂ ਵਿੱਚ 2012 ਨੂੰ ਗੁ:ਸੁੱਖ ਸਾਗਰ ਨਿਊ ਵੈਸਟ ਮੈਨਸਟਰ ਬੀ.ਸੀ.ਕਨੇਡਾ ਵਿਖੇ ਵਿਸ਼ੇਸ ਸਨਮਾਣ ਨਾਲ ਨਿਵਾਜਿਆ,2014  ਵਿੱਚ ‘ਮਹਿਕ ਵਤਨ ਦੀ ’ ਅਵਾਰਡ ਮਿਲਿਆ,ਬਾਬਾ ਨਛੱਤਰ ਸਿੰਘ ਵੱਲੋਂ ਭਾਈ ਮਰਦਾਨਾ ਅਵਾਰਡ ਮਿਲਿਆ।ਇਹਨਾਂ ਦੀਆਂ ਪ੍ਰਾਪਤੀਆਂ ਦੀ ਹੋਰ ਗੱਲ ਕਰੀਏ ਤਾਂ ਇਹ ਢਾਢੀ ਕਵੀਸ਼ਰ ਸੰਸਥਾਵਾਂ ਦੇ ਜਿਲ੍ਹਾਂ ਖਜ਼ਾਨਚੀ ਤੋਂ ਲੈ ਕੇ ਕੌਮੀ ਪੱਧਰ ਤੇ ਵਾਇਸ ਚੇਅਰਮੈਨ ਦੀਆਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਹ ਇਕ ਮੈਗਜ਼ੀਨ ਦੇ ਮੌਜੂਦਾ ਧਾਰਮਿਕ ਸੰਪਾਦਿਕ ਵੀ ਹਨ।
ਇਹਨਾਂ ਦੇ ਮਾਣ ਵਾਲੀ ਗੱਲ ਕੇ 2013 ਵਿੱਚ ਇਹਨਾਂ ਨੇ ਢਾਡੀ ਕਵੀਸ਼ਰ ਕਲਾ ਬਚਾਓ ਲਹਿਰ ਦੀ ਨੀਂਹ ਰੱਖੀ ਤੇ ਅਲੋਪ ਹੁੰਦੀ ਜਾ ਰਹੀ ਕਲਾ ਨੂੰ ਬਚਾਉਣ ਲਈ ਸ਼ੂਰਆਤ ਕੀਤੀ ਅਤੇ ਕਲਾ ਨੂੰ ਬਚਾਉਣ ਲਈ ਬਹੁਤ ਸਾਰੇ ਉੱਦਮ ਕੀਤੇ।
ਢਾਡੀ ਸਾਧੂ ਸਿੰਘ ਧੰਮੂ ਅੱਜਕਲ ਆਪਣੀ ਜ਼ਿੰਦਗੀ ਨੂੰ ਪਿੰਡ ਸਮਾਲਸਰ ਵਿਖੇ ( ਜਿੱਥੇ ਕੁਝ ਸਾਲਾਂ ਤੋਂ ਨਵੀਂ ਰਿਹਾਇਸ਼ ਕੀਤੀ) ਆਪਣੇ ਪਰਿਵਾਰ ਬੀਬੀ ਚਰਨਜੀਤ ਕੌਰ ਅਤੇ ਬੇਟਾ ਮਹਿੰਦਰ ਸਿੰਘ ਮੇਹਨਤੀ ਨਾਲ ਜੀਵਨ ਬਤੀਤ ਕਰ ਰਹੇ ਹਨ। 
ਇਹਨਾਂ ਦਾ ਢਾਡੀ ਜੱਥਾ ਅੰਤਰਰਾਸ਼ਟਰੀ ਪੱਧਰ ਤੇ ਜਾਣਿਆਂ ਜਾਂਦਾ ਹੈ ਤੇ ਇਹਨਾਂ ਦੇ ਢਾਡੀ ਜੱਥੇ ਵਿੱਚ ਅੱਜਕਲ ਬੀਬੀ ਚਰਨਜੀਤ ਕੌਰ ,ਬੀਬੀ ਰਾਮਪ੍ਰੀਤ ਕੌਰ ਮੱਲਕੇ ,ਸਾਰੰਗੀਵਾਦਕ ਜਸਵਿੰਦਰ ਸਿੰਘ ਮਾਨਸਾ ਕੰਮ ਕਰ ਰਹੇ ਹਨ।
ਇਹਨਾਂ ਦਾ ਆਖਿਰ ‘ਚ ਆਉਣ ਵਾਲੀ ਪੀੜ੍ਹੀ ਨੂੰ ਕਹਿਣਾ ਹੈ ਕੇ ਹਮੇਸ਼ਾ ਸੱਚ ਕਹਿਣ ਦੀ ਜੁਰਤ ਰੱਖੋ ਅਤੇ ਹਰ ਮਾੜੇ ਕੰਮਾਂ ਤੋਂ ਪਾਸੇ ਹੋ ਕੇ ਆਪਣੇ ਆਪ ਨੂੰ ਵਧੀਆ ਇਨਸਾਨ ਬਣਾਉ। ਖਾਸ ਕਰਕੇ ਨੌਜਵਾਨਾਂ ਨੂੰ ਸੰਦੇਸ਼ ਹੈ  ਕਿ ਅਜੋਕੇ ਸਮੇਂ ਦੀ ਲੱਚਰਤਾ ਵਾਲੀ ਗਾਇਕੀ ਨੂੰ ਸੁਣਨ ਤੋਂ ਪ੍ਰਹੇਜ਼ ਕਰੋ ਤੇ ਚੰਗਾ ਸੁਣੋ ,ਚੰਗਾ ਸਿੱਖੋ।
ਲੇਖਕ - ਰਮੇਸ਼ਵਰ ਸਿੰਘ ਪਟਿਆਲਾ
ਮੋਬਾ:99148-80392
Have something to say? Post your comment