Thursday, September 24, 2020
FOLLOW US ON

Article

ਰੱਖੜੀ/ਅਮਰਜੀਤ ਕੌਰ ਵਿਰਕ

August 04, 2020 05:56 PM
ਰੱਖੜੀ/ਅਮਰਜੀਤ ਕੌਰ ਵਿਰਕ
 
ਰੱਖੜੀ ਦੇ ਤਿਉਹਾਰ ਦਾ ਇਤਿਹਾਸ ਕੋਈ ਵੀ ਰਿਹਾ ਹੋਵੇ ਇਸ ਬਾਰੇ ਹੁਣ ਤੱਕ ਸੋਚ ਕੋਈ ਵੀ ਰਹੀ ਹੋਵੇ ਪਰ ਇਹ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਸੱਚੇ ਸੁੱਚੇ ਅਹਿਸਾਸ ਨੂੰ ਸਾਕਾਰ ਕਰਨ ਦਾ ਬੜਾ ਹੀ ਖੂਬਸੂਰਤ ਤਿਉਹਾਰ ਜਾਂ ਬੰਧਨ ਹੈ। ਇਹ ਕੋਈ ਦੇਣ ਲੈਣ ਦਾ ਦਿਨ ਨਹੀਂ ਸਗੋਂ ਇਸ ਦਿਨ ਭੈਣ ਭਰਾ ਆਪਣੀਆਂ ਦਿਲੀ ਭਾਵਨਾਵਾਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਨ। ਭੈਣ ਪਹਿਲੇ ਜਮਾਨੇ ਚ ਆਪਣੇ ਹੱਥੀਂ ਬੜੇ ਹੀ ਪਿਆਰ ਨਾਲ ਰੀਝਾਂ ਨਾਲ ਗੁੰਦ ਕੇ ਰੱਖੜੀ ਲਿਆਉਂਦੀ ਸੀ ਤੇ ਹੁਣ ਸਭ ਤੋਂ ਖੂਬਸੂਰਤ ਰੱਖੜੀ ਆਪਣੇ ਭਰਾ ਦੇ ਗੁੱਟ ਲਈ ਖਰੀਦ ਕੇ ਲਿਆਉਂਦੀ ਹੈ, ਪਿਆਰ ਦੀ ਭਾਵਨਾ ਉਹੀ ਹੁੰਦੀ ਹੈ । ਭੈਣ ਆਪਣੇ ਭਰਾ ਨੂੰ ਇਹ ਪਿਆਰ ਦਾ ਧਾਗਾ ਬੰਨੵ ਕੇ ਉਸ ਪ੍ਤੀ ਆਪਣੇ ਪਿਆਰ, ਵਿਸ਼ਵਾਸ਼ ਨੂੰ ਜਿਤਾਉਂਦੀ ਹੈ ਤੇ ਮਨ ਹੀ ਮਨ ਇਹ ਵਚਨ ਲੈਂਦੀ ਹੈ ਕਿ ਇਹ ਵਿਸ਼ਵਾਸ਼ ਇਹ ਸਾਂਝ ਕਦੇ ਟੁੱਟੇ ਨਾ। ਹਰ ਭੈਣ ਨੂੰ ਇਸ ਗੱਲ ਦਾ ਮਾਣ ਹੁੰਦਾ ਕਿ ਉਸ ਤੇ ਆਈ ਕਿਸੇ ਵੀ ਦੁੱਖ ਮੁਸੀਬਤ ਵੇਲੇ ਭਰਾ ਪੈਰ ਜੁੱਤੀ ਨਹੀਂ ਪਾਵੇਗਾ ਤੇ ਜਿੱਥੇ ਉਹਦਾ ਭਰਾ ਉਹਦੇ ਨਾਲ ਖੜੵ ਗਿਆ ਉਹ ਹਰ ਉਹਦੇ ਵੱਲ ਆਉਂਦੇ ਤੂਫਾਨ ਨੂੰ ਮੋੜ ਦੇਵੇਗਾ। ਭਾਵੇਂ ਕਿ ਕੁੜੀਆਂ ਅੱਜਕੱਲ ਸਵੈ ਨਿਰਭਰ ਹਨ ਤੇ ਆਪਣੀ ਸਵੈ ਸੁਰੱਖਿਆ ਵੀ ਹਰ ਹਾਲ ਵਿੱਚ ਕਰਨ ਦੇ ਯੋਗ ਹਨ ਪਰ ਇਹ ਤਾਂ ਭੈਣ ਭਰਾ ਦੇ ਰਿਸ਼ਤੇ ਦਾ ਉਹ ਵਿਸ਼ਵਾਸ਼ ਆ ਜੋ ਕਦੀ ਵੀ ਨਹੀਂ ਬਦਲਣਾ ਚਾਹੀਦਾ ਤੇ ਇੱਕ ਨਿੱਘਰ ਸਮਾਜ ਦੀ ਸਿਰਜਣਾ ਦੀ ਲੋੜ ਵੀ ਹੈ। ਸ਼ਾਲਾ ਸਾਡੇ ਰਿਸ਼ਤਿਆਂ ਦੀ ਪਵਿੱਤਰਤਾ ਪਿਆਰ ਸਾਂਝਾਂ ਉਮਰਾਂ ਤੱਕ ਬਣੀਆਂ ਰਹਿਣ। ਭਰਾ ਵੀ ਭੈਣ ਨੂੰ ਸ਼ਗਨ ਰੂਪੀ ਪਿਆਰ ਦੇ ਕੇ ਆਪਣੇ ਵਚਨ ਆਪਣੇ ਰਿਸ਼ਤੇ ਦੀ ਪਰਪੱਕਤਾ ਜਾਹਿਰ ਕਰਦਾ ਹੈ ਤੇ ਇਹ ਵੀ ਆਸ ਕਰਦਾ ਹੈ ਕਿ ਭੈਣ ਉਸ ਦੇ ਹਰ ਦੁੱਖ ਸੁੱਖ ਚ ਸ਼ਰੀਕ ਹੋਵੇ ਤੇ ਸਮੇਂ ਦੇ ਬਦਲਵੇਂ ਸਦੰਰਭ ਅਨੁਸਾਰ ਉਸ ਦੀ ਸੱਜੀ ਖੱਬੀ ਬਾਂਹ ਬਣ ਕੇ ਹਰ ਹਾਲ ਚ ਉਸ ਦੇ ਬਰਾਬਰ ਖੜੇ।
ਕਹਿੰਦੇ ਨੇ ਕਿ ਰਿਸ਼ਤਿਆਂ ਰੂਪੀ ਬਾਗ ਵਿੱਚ ਵੀ ਹਰ ਪੌਦੇ ਨੂੰ ਪਿਆਰ ਤੇ ਇਜਹਾਰ ਰੂਪੀ ਖਾਦ ਪਾਣੀ ਦੀ ਸਹੀ ਮੌਕੇ ਮੁਤਾਬਕ ਲੋੜ ਪੈਂਦੀ ਹੈ ਨਹੀਂ ਤਾਂ ਸਾਡੀ ਖਿੜੀ ਬਗੀਚੀ ਇੱਕ ਦਿਨ ਸੁੱਕ ਜਾਵੇਗੀ। ਸਾਡੇ ਤਿੱਥ ਤਿਉਹਾਰ ਇਸੇ ਖਾਦ ਖੁਰਾਕ ਦਾ ਕੰਮ ਕਰਦੇ ਹਨ ਤੇ ਇਹ ਰੱਖੜੀ ਦਾ ਤਿਉਹਾਰ ਵੀ ਭੈਣ ਭਰਾ ਦੇ ਇਸ ਪਵਿੱਤਰ ਰਿਸ਼ਤੇ ਨੂੰ ਹਰਾ ਭਰਾ ਰੱਖਦਾ ਹੈ ਤੇ ਹਰ ਸਾਲ ਪਿਆਰ ਰੂਪੀ ਸਾਂਝਾਂ ਦੇ ਫਲ ਫੁੱਲ ਲਾ ਜਾਂਦਾ ਹੈ।
ਹਰ ਰਿਸ਼ਤੇ ਦੀ ਸਾਂਝ ਹੋਰ ਗੂੜੀ ਹੋਵੇ ਇਹੀ ਅਰਦਾਸ ਹੈ।
ਅਮਰਜੀਤ ਕੌਰ ਵਿਰਕ
Have something to say? Post your comment