Thursday, September 24, 2020
FOLLOW US ON

Article

ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ?

August 04, 2020 06:02 PM

ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ?


ਗਾਂ ਨੂੰ ਭਾਰਤੀਆਂ ਅਤੇ ਖਾਸ ਤੌਰ 'ਹਿੰਦੂਆਂ ਵੱਲੋਂ ਪਵਿੱਤਰ ਮੰਨਿਆਂ ਜਾਂਦਾ ਹੈ ਤੇ ਇਸ ਦੀ ਹੱਤਿਆ ਕਰਨੀ ਬ੍ਰਹਮ ਹੱਤਿਆ ਜਾਂ ਬ੍ਰਾਹਮਣ ਦੀ ਹੱਤਿਆ ਕਰਨ ਦੇ ਬਰਾਬਰ ਸਮਝਿਆ ਜਾਂਦਾ ਹੈ। ਭਾਰਤੀ ਸਭਿਅਤਾ ਦੇ ਸ਼ੁਰੂ ਵਿੱਚ ਗਾਂ ਨੂੰ ਇਹ ਦਰਜ਼ਾ ਹਾਸਲ ਨਹੀਂ ਸੀ। ਰਿਗਵੇਦ ਦੇ ਅਨੇਕਾਂ ਸ਼ਲੋਕਾਂ ਵਿੱਚ ਰਾਜਿਆਂ ਵੱਲੋਂ ਗਊ ਮੇਧ ਅਤੇ ਅਸ਼ਵ ਮੇਧ ਯੱਗ ਕਰਨ ਦੇ ਵੇਰਵੇ ਮਿਲਦੇ ਹਨ ਜਿਨ੍ਹਾਂ ਵਿੱਚ ਗਾਂ ਅਤੇ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ। ਪਰ ਕਿਉਂਕਿ ਆਰੀਅਨਾਂ ਦੀ ਅਮੀਰੀ ਗਾਵਾਂ ਦੀ ਗਿਣਤੀ ਤੋਂ ਮਿਥੀ ਜਾਂਦੀ ਸੀ, ਇਸ ਲਈ ਗਾਵਾਂ ਨੂੰ ਮਰਨ ਤੋਂ ਬਚਾਉਣ ਖਾਤਰ ਹੌਲੀ ਹੌਲੀ ਪਵਿੱਤਰ ਘੋਸ਼ਿਤ ਦਿੱਤਾ ਗਿਆ। ਗਾਂ ਹੋਰ ਕਿਸੇ ਵੀ ਜਾਨਵਰ ਨਾਲੋਂ ਇਨਸਾਨ ਲਈ ਵੱਧ ਉਪਯੋਗੀ ਹੈ। ਇਸ ਤੋਂ ਮਿਲਣ ਵਾਲੇ ਦੁੱਧ, ਖੱਲ ਅਤੇ ਗੋਬਰ ਰੂਪੀ ਖਾਦ ਇਨਸਾਨ ਦੇ ਬਹੁਤ ਕੰਮ ਆਉਂਦੇ ਹਨ। ਮਹਾਂਭਾਰਤ ਵਿੱਚ ਵਰਣਿਤ ਦੇਵਤੇ ਕ੍ਰਿਸ਼ਨ ਨੂੰ ਗਾਂ ਪਾਲਕ ਵਿਖਾਇਆ ਗਿਆ ਹੈ ਜਿਸ ਕਾਰਨ ਗਾਵਾਂ ਦੀ ਮਹਾਨਤਾ ਹੋਰ ਵੀ ਵਧ ਗਈ। ਬੁੱਧ ਅਤੇ ਜੈਨ ਧਰਮ ਦੇ ਪ੍ਰਚਾਰ ਪ੍ਰਸਾਰ ਕਾਰਨ ਜਿਆਦਾਤਰ ਭਾਰਤੀ ਸ਼ਾਕਾਹਾਰੀ ਹੋ ਗਏ ਸਨ। ਇਸ ਕਾਰਨ ਕੋਈ ਗਾਂ ਨੂੰ ਮਾਰਨ ਬਾਰੇ ਸੋਚ ਵੀ ਨਹੀਂ ਸਕਦਾ। ਹਿੰਦੂ ਧਰਮ ਵਿੱਚ ਅਨੇਕਾਂ ਜਾਨਵਰਾਂ ਨੂੰ ਦੇਵਤਿਆਂ ਨਾਲ ਸਬੰਧਿਤ ਵਿਖਾਇਆ ਗਿਆ ਹੈ ਜਿਵੇਂ ਗਰੁੜ ਵਿਸ਼ਣੂੰ ਦਾ ਵਾਹਣ ਹੈ, ਹੰਸ ਬ੍ਰਹਮਾ, ਸਾਹਣ ਸ਼ਿਵ ਜੀ, ਉੱਲੂ ਲਕਸ਼ਮੀ, ਝੋਟਾ ਯਮਰਾਜ, ਕੁੱਤਾ ਭੈਰੋਂ, ਮੋਰ ਕਾਰਤੀਕੇਅ, ਗਿੱਧ ਸ਼ਨੀ ਅਤੇ ਚੂਹਾ ਗਣੇਸ਼ ਦਾ ਵਾਹਣ ਹੈ। ਪਰ ਇਨ੍ਹਾਂ ਵਾਹਣਾਂ ਨੂੰ ਗਾਂ ਜਿੰਨਾਂ ਮਹੱਤਵ ਪ੍ਰਾਪਤ ਨਹੀਂ ਹੋ ਸਕਿਆ।
  ਲੰਬੇ ਸਮੇਂ ਤੋਂ ਗਊ ਮੂਤਰ ਅਤੇ ਗੋਬਰ ਨੂੰ ਭਾਰਤ, ਨੇਪਾਲ, ਬਰਮਾ ਅਤੇ ਨਾਈਜ਼ੀਰੀਆ ਵਿੱਚ ਔਸ਼ਧੀ ਗੁਣਾਂ ਨਾਲ ਭਰਪੂਰ ਮੰਨਿਆਂ ਜਾਂਦਾ ਹੈ। ਨਾਈਜ਼ੀਰੀਆ ਵਿੱਚ ਤਾਂ ਕੱਚ ਘਰੜ ਹਕੀਮ ਬੱਚਿਆਂ ਨੂੰ ਦੌਰੇ ਪੈਣ ਦੀ ਬਿਮਾਰੀ ਦਾ ਇਲਾਜ਼ ਕਰਨ ਦੇ ਨਾਮ ਹੇਠ ਤੰਬਾਕੂ, ਕਾਲੇ ਲੂਣ, ਲਸਣ ਅਤੇ ਗਊ ਮੂਤਰ ਦਾ ਘੋਲ ਪਿਲਾ ਕੇ ਹੁਣ ਤੱਕ ਸੈਂਕੜੇ ਬੱਚੇ ਮਾਰ ਚੁੱਕੇ ਹਨ। ਭਾਰਤ ਵਿੱਚ ਘਰ ਅੰਦਰ ਗਊ ਮੂਤਰ ਦਾ ਛਿੜਕਾ ਕਰਨਾ ਕਿਟਾਣੂੰ ਅਤੇ ਬੁਰਾਈ ਨਾਸ਼ਕ ਸਮਝਿਆ ਜਾਂਦਾ ਹੈ। ਆਯੁਰਵੇਦ ਦੇ ਮੁਤਾਬਕ ਗਊ ਮੂਤਰ ਕੋਹੜ, ਬੁਖਾਰ, ਅਲਸਰ, ਜਿਗਰ ਅਤੇ ਗੁਰਦੇ ਦੀਆਂ ਬਿਮਾਰੀਆਂ, ਦਮਾਂ, ਐਲਰਜੀ, ਚਰਮ ਰੋਗ ਅਤੇ ਕੈਂਸਰ ਦੀ ਰਾਮ ਬਾਣ ਦਵਾਈ ਹੈ। ਭਾਰਤ ਵਿੱਚ ਗਊ ਮੂਤਰ ਦਾ ਚਲਣ ਐਨਾ ਵਧਦਾ ਜਾ ਰਿਹਾ ਹੈ ਕਿ ਭਾਰਤ ਦੇ ਵਪਾਰੀ ਬਾਬੇ ਰਾਮ ਦੇਵ ਨੇ ਲੋਕਾਂ ਦੇ ਇਸ ਵਿਸ਼ਵਾਸ਼ ਦਾ ਫਾਇਦਾ ਉਠਾ ਕੇ ਹੁਣ ਤੱਕ ਗਊ ਮੂਤਰ ਵਾਲੇ ਖਾਧ ਪਦਾਰਥ ਅਤੇ ਹੋਰ ਖੇਹ ਸਵਾਹ ਵੇਚ ਕੇ ਕਰੋੜਾਂ ਰੁਪਿਆ ਕਮਾ ਲਿਆ ਹੈ। ਕਾਨਪੁਰ ਦੀ ਹੋਲੀ ਕਾਉ (ਪਵਿੱਤਰ ਗਊ) ਫਾਊਂਡੇਸ਼ਨ ਨਾਮਕ ਇੱਕ ਸੰਸਥਾ ਵੱਲੋਂ ਫਰਸ਼ਾਂ ਸਾਫ ਕਰਨ ਲਈ ਫੀਨਾਈਲ ਦੀ ਜਗ੍ਹਾ ਗਾਂ ਦੇ ਪਿਸ਼ਾਬ ਤੋਂ ਬਣਿਆ ਗਊਨਾਈਲ ਨਾਮਕ ਕੀਟਾਣੂੰ ਨਾਸ਼ਕ ਬਣਾਇਆ ਗਿਆ ਹੈ ਜਿਸ ਦੀ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਸਰਕਾਰੀ ਦਫਤਰਾਂ ਵਿੱਚ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਹੈ। 2015 ਵਿੱਚ ਰਾਜਸਥਾਨ ਦੇ ਸਿਹਤ ਮੰਤਰੀ ਰਜਿੰਦਰ ਸਿੰਘ ਰਾਠੌਰ ਨੇ ਜਾਲੌਰ ਵਿਖੇ 40 ਕਰੋੜ ਰੁਪਏ ਦੀ ਕੀਮਤ ਦੇ ਇੱਕ ਗਊ ਮੂਤਰ ਸ਼ੁੱਧੀ ਕਰਨ ਪਲਾਂਟ ਦਾ ਉਦਘਾਟਨ ਕੀਤਾ ਸੀ। ਇਥੇ ਗਊ ਮੂਤਰ ਹਾਸਲ ਕਰਨ ਲਈ 3000 ਗਾਵਾਂ ਰੱਖੀਆਂ ਗਈ ਹਨ।
  ਅਹਿਮਦਾਬਾਦ (ਗੁਜਰਾਤ) ਵਿੱਚ ਇੱਕ ਕਥਿੱਤ ਆਯੁਰਵੈਦਿਕ ਕੰਪਨੀ ਵੱਲੋਂ ਪਲਾਂਟ ਲਗਾਇਆ ਜਾ ਰਿਹਾ ਹੈ ਜਿੱਥੇ ਸ਼ੁੱਧ ਕੀਤੇ ਗਊ ਮੂਤਰ ਵਿੱਚ ਗੋਬਰ ਅਤੇ ਹੋਰ ਜੜੀ ਬੂਟੀਆਂ ਮਿਲਾ ਕੇ ਗਊ ਜਲ ਨਾਮਕ ਕੋਲਡ ਡਰਿੰਕ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਗੋਬਰ ਅਤੇ ਮੂਤਰ ਨੂੰ ਮਿਲਾ ਕੇ ਸਿਰ ਪੀੜ ਤੋਂ ਲੈ ਕੇ ਕੈਂਸਰ ਤੱਕ ਦੀਆਂ ਦਵਾਈਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਹਨ। ਅਜੇ ਇਸ ਕੋਲਡ ਡਰਿੰਕ ਨੂੰ ਵੇਚਣ ਦੀ ਆਗਿਆ ਸਰਕਾਰ ਕੋਲੋਂ ਨਹੀਂ ਮਿਲੀ। ਇਥੇ ਲੋਕਾਂ ਕੋਲੋਂ ਕੁਝ ਫੀਸ ਲੈ ਕੇ ਗੋਡੇ ਗੋਡੇ ਗਿੱਲੇ ਗੋਬਰ ਵਿੱਚ ਤੁਰਨ ਅਤੇ ਲੋਟ ਪੋਟ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ਜਿਸ ਨਾਲ ਕਈ ਬਿਮਾਰੀਆਂ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਗੋਬਰ ਵਿੱਚ ਲੇਟਣ ਦੇ ਚਾਹਵਾਨਾਂ ਦੀ ਹਮੇਸ਼ਾਂ ਭੀੜ ਲੱਗੀ ਰਹਿੰਦੀ ਹੈ। ਕੰਪਨੀ ਦੇ ਮਾਲਕ ਕੇਸਰੀ ਗੁਮਟ ਦਾ  ਦਾਅਵਾ ਹੈ ਕਿ ਗਊ ਜਲ ਨੂੰ ਪ੍ਰਵਾਨਗੀ ਮਿਲਦੇ ਸਾਰ ਇਹ ਕੋਕ ਅਤੇ ਪੈਪਸੀ ਵਰਗੇ ਵਿਦੇਸ਼ੀ ਕੋਲਡ ਡਰਿੰਕਾਂ ਨੂੰ ਖਤਮ ਕਰ ਕੇ ਰੱਖ ਦੇਵੇਗੀ। ਦਵਾਈਆਂ ਤੋਂ ਇਲਾਵਾ ਗੋਬਰ ਤੇ ਮੂਤਰ ਯੁਕਤ ਸਾਬਣ, ਸ਼ੈਂਪੂ, ਮੱਛਰ ਮਾਰ ਦਵਾਈਆਂ, ਧੂਫ, ਅਬਰਬੱਤੀ, ਸੈਨੇਟਾਈਜ਼ਰ ਅਤੇ ਕਰੀਮਾਂ ਆਦਿ ਵੀ ਬਣਾਈਆਂ ਜਾ ਰਹੀਆਂ ਹਨ। ਇਸ ਕੰਪਨੀ ਦਾ ਮੁਨਾਫਾ ਕਰੋੜਾਂ ਤੱਕ ਪਹੁੰਚ ਚੁੱਕਾ ਹੈ। ਇਸ ਦੀ ਸਫਲਤਾ ਵੱਲ ਵੇਖ ਕੇ ਰਾਸ਼ਟਰੀ ਸੋਇਮ ਸੰਘ ਅਤੇ ਹੋਰ ਕਈ ਹੋਰ ਵਪਾਰੀ ਵੀ ਇਸ ਮੈਦਾਨ ਵਿੱਚ ਕੁੱਦ ਚੁੱਕੇ ਹਨ। ਰਾਸ਼ਟਰੀ ਸੋਇਮ ਸੰਘ ਨੇ ਤਾਂ ਅਜਿਹੀ ਇੱਕ ਫੈਕਟਰੀ ਹਰਿਦਵਾਰ ਵਿੱਚ ਲਗਾ ਵੀ ਲਈ ਹੈ।
  ਹੁਣ ਸਵਾਲ ਇਹ ਉੱਠਦਾ ਹੈ ਕਿ ਜਿਵੇਂ ਦਾਅਵਾ ਕੀਤਾ ਜਾ ਰਿਹਾ ਕੀ ਗਊ ਮੂਤਰ ਅਤੇ ਗੋਬਰ ਵਿੱਚ ਵਾਕਿਆ ਹੀ ਕੋਈ ਚਮਤਕਾਰੀ ਰੋਗ ਨਾਸ਼ਕ ਗੁਣ ਹਨ? ਅਜੇ ਤੱਕ ਕਿਸੇ ਵੀ ਵਿਗਿਆਨੀ ਜਾਂ ਡਾਕਟਰ ਨੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ। ਵੈਸੇ ਪੱਛਮੀ ਲੋਕ ਭਾਰਤ ਦੇ ਇਸ ਦਾਅਵੇ ਦਾ ਰੱਜ ਕੇ ਮਜ਼ਾਕ ਉਡਾਉਂਦੇ ਹਨ। ਜੇ ਇਸ ਵਿੱਚ ਕੋਈ ਗੁਣ ਹੁੰਦਾ ਤਾਂ ਪੱਛਮੀ ਦੇਸ਼ ਜਰੂਰ ਹੀ ਇਸ ਦਾ ਇਸਤੇਮਾਲ ਸ਼ੁਰੂ ਕਰ ਦੇਂਦੇ। ਸੋਸ਼ਲ਼ ਮੀਡੀਆ 'ਤੇ ਇਸ ਸਬੰਧੀ ਇੱਕ ਚੁਟਕਲਾ ਚੱਲ ਰਿਹਾ ਹੈ ਕਿ ਕਿਸੇ ਭਾਰਤੀ ਨੇ ਚੀਨੀ ਨੂੰ ਮਜ਼ਾਕ ਕੀਤਾ ਕਿ ਤੁਸੀਂ ਹਰ ਪ੍ਰਕਾਰ ਦੀ ਸੱਪ ਸਲੂੰਡੀ ਕਿਵੇਂ ਖਾ ਲੈਂਦੇ ਹੋ? ਚੀਨੀ ਨੇ ਠੋਕ ਕੇ ਜਵਾਬ ਦਿੱਤਾ ਕਿ ਉਸੇ ਤਰਾਂ ਜਿਵੇਂ ਤੁਸੀਂ ਗਾਂ ਦਾ ਮੂਤ ਪੀ ਲੈਂਦੇ ਹੋ ਤੇ ਗੋਹਾ ਖਾ ਲੈਂਦੇ ਹੋ। ਭਾਰਤੀ ਵਿਗਿਆਨੀ ਤਾਂ ਲੱਗਦਾ ਹੈ ਕਿ ਕਥਿੱਤ ਗਊ ਭਗਤਾਂ ਦੇ ਗੁੱਸੇ ਤੋਂ ਡਰਦੇ ਹੀ ਇਸ ਸਬੰਧੀ ਸੱਚ ਬੋਲਣ ਤੋਂ ਗੁਰੇਜ਼ ਕਰਦੇ ਹਨ। ਵਿਗਿਆਨਕ ਪ੍ਰਯੋਗਾਂ ਵਿੱਚ ਇਹ ਗੱਲ ਸਪੱਸਟ ਤੌਰ 'ਤੇ ਸਾਹਮਣੇ ਆਈ ਹੈ ਕਿ ਗਾਂ ਦੇ ਮੂਤਰ ਵਿੱਚ 95% ਪਾਣੀ, 2.5% ਯੂਰੀਆ ਤੇ ਬਾਕੀ ਹਾਰਮੋਨ, ਐਨਜ਼ਾਈਮ ਅਤੇ ਮਿਨਰਲ ਹੁੰਦੇ ਹਨ ਜੋ ਸਰੀਰ ਬਾਹਰ ਕੱਢ ਦਿੰਦਾ ਹੈ। ਥੋੜ੍ਹੇ ਬਹੁਤ ਫਰਕ ਨਾਲ ਘਾਹ ਖਾਣ ਵਾਲੇ ਸਾਰੇ ਜਾਨਵਰਾਂ ਦੇ ਪਿਸ਼ਾਬ ਦੀ ਇਹ ਹੀ ਰਚਨਾ ਹੈ। ਇਹ ਉਹ ਪਦਾਰਥ ਹਨ ਜੋ ਸਰੀਰ ਲਈ ਹਾਨੀਕਾਰਕ ਤੇ ਬੇਕਾਰ ਹੁੰਦੇ ਹਨ। ਇਸੇ ਤਰਾਂ ਗੋਹਾ ਵੀ ਸਭ ਘਾਹ ਖਾਣ ਵਾਲੇ ਜਾਨਵਰਾਂ ਦਾ ਇੱਕ ਸਮਾਨ ਹੀ ਹੁੰਦਾ ਹੈ। ਜੇ ਗਾਂ ਦਾ ਪਿਸ਼ਾਬ ਪੀਣਾ ਠੀਕ ਹੈ ਤਾਂ ਫਿਰ ਮੱਝ, ਹਾਥੀ, ਘੋੜੇ ਅਤੇ ਹਿਰਣ ਆਦਿ ਦਾ ਪਿਸ਼ਾਬ ਵੀ ਪੀਤਾ ਜਾ ਸਕਦਾ ਹੈ।
  ਅਸਲ ਵਿੱਚ ਡਿਸਟਲਡ ਕੀਤੇ ਗਏ ਗਊ ਮੂਤਰ ਦਾ ਨਾ ਤਾਂ ਕੋਈ ਲਾਭ ਹੈ ਤੇ ਨਾ ਕੋਈ ਵੱਡਾ ਨੁਕਸਾਨ। ਪਰ ਕਿਸੇ ਗੰਭੀਰ ਬਿਮਾਰੀ ਸਮੇਂ ਠੀਕ ਹੋ ਜਾਣ ਦੀ ਆਸ ਵਿੱਚ ਗਊ ਮੂਤਰ ਪੀਣਾ ਕੋਈ ਜਿਆਦਾ ਸਮਝਦਾਰੀ ਵਾਲੀ ਗੱਲ ਨਹੀਂ। ਜੇ ਗਊ ਮੂਤਰ ਵਿੱਚ ਚਮਤਕਾਰੀ ਗੁਣ ਹੁੰਦੇ ਤਾਂ ਬਾਬੇ ਰਾਮ ਦੇਵ ਦੇ ਖਾਸਮ ਖਾਸ ਚੇਲੇ ਬਾਲ ਕ੍ਰਿਸ਼ਣ ਨੂੰ ਦਿਲ ਦਾ ਬਾਈਪਾਸ ਉਪਰੇਸ਼ਨ ਕਰਾਉਣ ਲਈ ਏਮਜ਼ ਵਿੱਚ ਭਰਤੀ ਨਾ ਹੋਣ ਪੈਂਦਾ। ਬਾਬਾ ਤਾਂ ਉਸ ਨੂੰ ਗੋਹਾ ਤੇ ਗਊ ਮੂਤਰ ਪਿਲਾ ਕੇ ਹੀ ਠੀਕ ਕਰ ਦੇਂਦਾ। ਇਸ ਲਈ ਜੇ ਕੋਈ ਬਿਮਾਰੀ ਹੈ ਤਾਂ ਡਾਕਟਰ ਦੇ ਕੋਲ ਜਾਣਾ ਹੀ ਠੀਕ ਹੈ। ਵੈਸੇ ਵੀ ਸਵੈ ਚਕਿਤਸਾ ਕਰਦਿਆਂ ਕਈ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਬਹੁਤ ਪੁਰਾਣਾ ਅਖਾਣ ਹੈ ਕਿ ਨੀਮ ਹਕੀਮ ਖਤਰਾ ਏ ਜਾਨ। ਬਾਕੀ ਜਨਤਾ ਦੀ ਮਰਜ਼ੀ ਹੈ, ਕਿਉਂਕਿ ਹਰ ਆਦਮੀ ਆਪਣੀ ਸਿਹਤ ਦਾ ਖੁਦ ਜ਼ਿੰਮੇਵਾਰ ਹੈ।
         ਬਲਰਾਜ ਸਿੰਘ ਸਿੱਧੂ ਐਸ.ਪੀ.
         ਪੰਡੋਰੀ ਸਿੱਧਵਾਂ 9501100062
 
 

Have something to say? Post your comment