Thursday, September 24, 2020
FOLLOW US ON

Article

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ ।

August 06, 2020 06:17 PM

ਦਲ ਖਾਲਸਾ ਦੇ 42 ਸਾਲ

ਅੱਜ ਛੇ ਅਗਸਤ ਹੈ । ਦਲ ਖਾਲਸਾ ਨੂੰ ਮੁੜ੍ਹ ਹੋਂਦ ਵਿੱਚ ਆਏ ਪੂਰੇ ਬਤਾਲੀ ਸਾਲ ਹੋ ਰਹੇ ਹਨ । ਮੇਰਾ ਖਿਆਲ ਹੈ ਕਿ ਅਕਾਲੀ ਦਲ, ਅਤੇ ਸਿੱਖ ਸਟੂਡੈਂਟਸ ਫਡਰੇਸ਼ਨ ਤੋਂ ਇਲਾਵਾ ਕਿਸੇ ਹੋਰ ਸਿਆਸੀ ਤੇ ਸੰਘਰਸ਼ਸ਼ੀਲ ਸਿੱਖ ਜੱਥੇਬੰਦੀ ਦੀ, ਉਮਰ ਇੰਨੀ ਲੰਮੀ ਨਹੀਂ ਹੈ, ਜਿੰਨੀ ਦਲ ਖਾਲਸਾ ਅੱਜ ਤੱਕ ਬਸਰ ਕਰ ਚੁੱਕਾ ਹੈ । ਦਲ ਖਾਲਸਾ ਦੇ ਇਹ ਬਤਾਲੀ ਸਾਲ, ਲਗਾਤਾਰ ਸੰਘਰਸ਼ ਦੇ ਸਾਲ ਹਨ । ਇਕ ਪਾਸੇ ਖਾਲਸਿਤਾਨ ਦਾ ਝੰਡਾ ਚੁੱਕ ਕੇ ਦਿੱਲੀ ਤਖੱਤ ਨੂੰ ਵੰਗਾਰਨਾ, ਤੇ ਦੂਜੇ ਪਾਸੇ ਪੰਥ ਦੀ ਨੁਮਾਇੰਦਗੀ ਦੀ ਦਾਅਵੇਦਾਰ ਜਮਾਤ ਅਕਾਲੀ ਦੱਲ ਦੀ ਤਿੱਖੀ ਮੁਖਾਲਫਤ ਵੀ ਬਰਦਾਸ਼ਤ ਕਰਨੀ, ਤੇ ਫਿਰ ਲਗਾਤਾਰ ਤੁਰਦੇ ਰਹਿਣਾ, ਇਹ ਆਪਣੇ ਆਪ ਵਿੱਚ ਹੀ ਕੋਈ ਛੋਟੀ ਪ੍ਰਾਪਤੀ ਨਹੀਂ ਹੈ ।

ਇਸ ਪ੍ਰਾਪਤੀ ਲਈ ਜੱਥੇਬੰਦੀ ਦਾ ਨਵਾਂ ਪੁਰਾਣਾ ਹਰ ਸਾਥੀ ਮੁਬਾਰਕਬਾਦ ਦਾ ਹੱਕਦਾਰ ਹੈ । ਮੈਂ ਇਹ ਸ਼ਬਦ ਆਪਣੀ ਪਿੱਠ ਥਾਪੜਨ ਲਈ, ਜਾਂ ਕੋਈ ਦਾਅਵਾ ਕਰਨ ਲਈ, ਜਾਂ ਕਿਸੇ ਨੂੰ ਛੋਟਾ ਸਾਬਿਤ ਕਰਨ ਲਈ ਨਹੀਂ ਲਿੱਖ ਰਿਹਾ, ਸਿਰਫ ਇਕ ਹਕੀਕਤ ਨੂੰ ਹੀ ਬਿਆਨ ਕਰ ਰਿਹਾ ਹਾਂ ।

ਜਦੋਂ ਜੇਲ੍ਹ ਵਿੱਚ ਬੈਠੇ "ਖਾਲਿਸਤਾਨ ਲਹਿਰ ਤੇ ਦਲ ਖਾਲਸਾ" ਕਿਤਾਬਚਾ ਲਿਖਿਆ ਸੀ, ਓਦੋਂ ਵੀ ਕਿਸੇ ਨੰਬਰ ਗੇਮ, ਜਾਂ ਵਿਵਾਦ ਨੂੰ ਛੇੜਨ ਲਈ ਨਹੀਂ ਸੀ ਲਿਖਿਆ, ਕੇਵਲ ਕਿਸੇ ਵੱਲੋਂ ਦਲ ਖਾਲਸਾ ਦੇ ਰੋਲ ਨੂੰ ਛੁਟਿਆਏ ਜਾਣ ਦਾ ਜਵਾਬ ਦਿੱਤਾ ਸੀ ।

ਇਸ ਬਤਾਲੀ ਸਾਲ ਦੇ ਸਫਰ ਵਿੱਚ ਦੋ ਤਿੰਨ ਵਾਰ ਦਲ ਖਾਲਸਾ ਨੂੰ ਨਵੇਂ ਹਾਲਾਤਾਂ ਮੁਤਾਬਕ ਰੀਆਰਗੇਨਾਈਜ਼ ਕਰਨਾ ਪਿਆ ਹੈ । ਪਹਿਲਾਂ ਜੇਲ੍ਹ ਵਿੱਚ ਬੈਠੇ, ਫਿਰ ਜੇਲ੍ਹ ਤੋਂ ਰਿਹਾਈ ਬਾਦ, ਤੇ ਫਿਰ ਪੰਚ ਪ੍ਰਧਾਨੀ ਨਾਲ ਇੱਕਜੁੱਟਤਾ ਬਾਦ । ਪਰ ਦਲ ਖਾਲਸਾ ਦੇ ਨਿਸ਼ਾਨੇ ਵਿੱਚ ਕਦੇ ਕੋਈ ਤਬਦੀਲੀ ਨਹੀਂ ਹੋਈ । ਦਲ ਖਾਲਸਾ ਲਗਾਤਾਰ ਅੱਗੇ ਵੱਧਦਾ ਰਿਹਾ ਹੈ ।

ਦਲ ਖਾਲਸਾ ਦੀ ਸਿਰਜਣਾ ਸਬੰਧੀ ਕਈ ਇਲਜ਼ਾਮ ਲੱਗਦੇ ਰਹੇ ਹਨ, ਤੇ ਲੱਗਦੇ ਰਹਿੰਦੇ ਹਨ । "ਕਾਂਗਰਸ ਦੀ ਪੈਦਾਵਾਰ" ਹੋਣ ਦਾ ਇਲਜ਼ਾਮ ਕਈ ਆਪਣਿਆਂ ਨੇ ਵੀ ਲਗਾਇਆ ਹੈ, ਤੇ ਪਰਾਇਆਂ ਨੇ ਵੀ । ਸ਼ੁਰੂ ਸ਼ੁਰੂ ਵਿੱਚ ਜਦੋਂ ਕਦੇ ਇਹੋ ਜਿਹਾ ਇਲਜ਼ਾਮ ਪੜਨ ਸੁਣਨ ਨੂੰ ਮਿਲਦਾ ਹੁੰਦਾ ਸੀ, ਤਾਂ ਹੈਰਾਨੀ ਵੀ ਹੁੰਦੀ ਸੀ ਤੇ ਦੁੱਖ ਵੀ ਲੱਗਦਾ ਸੀ । ਜੇਲ੍ਹ ਵਿੱਚ ਬੈਠੇ ਕਈ ਵਾਰ ਜਵਾਬ ਲਿਖੇ, ਤੇ ਉਹ ਛੱਪਦੇ ਵੀ ਰਹੇ, ਪਰ ਹੁਣ ਇਹੋ ਜਿਹੇ ਕਿਸੇ ਇਲਜ਼ਾਮ ਦਾ ਜਵਾਬ ਦੇਣ ਤੇ ਦਿੱਲ ਹੀ ਨਹੀਂ ਕਰਦਾ । ਪਹਿਲਾਂ ਦੁੱਖ ਲੱਗਦਾ ਹੁੰਦਾ ਸੀ, ਹੁਣ ਕਈ ਵਾਰੀ ਹਾਸਾ ਆਉਂਦਾ ਹੈ । ਦਲ ਖਾਲਸਾ ਦੀ ਸਿਰਜਣਾ ਸੋਚ ਤੋਂ ਲੈ ਕੇ ਅਮਲ ਤੱਕ ਦਾਸ ਦੇ ਨਾਲ ਸਬੰਧਤ ਰਹੀ ਹੈ, ਇਸ ਇਲਜ਼ਾਮ ਤੇ ਅੱਜ ਹੱਸਾਂ ਨਾ ਤਾਂ ਕੀ ਕਰਾਂ?

ਜ਼ਾਤੀ ਇਲਜ਼ਾਮ ਲਗਾਣ ਵਾਲਿਆਂ ਦੇ ਇਲਜ਼ਾਮਾਂ ਦਾ ਜਵਾਬ ਦੇਣ ਤੋਂ ਮੈਂ ਅਕਸਰ ਗੁਰੇਜ਼ ਕੀਤਾ ਹੈ, ਇਸ ਵਿਸ਼ਵਾਸ ਨਾਲ ਕੇ ਗੁਰੁ ਤੇ ਪੰਥ ਦੀ ਕਚਹਿਰੀ ਵਿੱਚ ਆਪੇ ਨਬੇੜੇ ਹੁੰਦੇ ਰਹਿਣਗੇ ।

ਮੇਰੀ ਨਜ਼ਰ ਵਿੱਚ ਹਰ ਉਹ ਜੱਥੇਬੰਦੀ ਤੇ ਹਰ ਉਹ ਵਿਆਕਤੀ, ਜਿਸ ਨੇ ਕੌਮ ਦੀ ਆਜ਼ਾਦੀ ਲਈ ਸੰਘਰਸ਼ ਹਿੱਤ ਕੁੱਝ ਵੀ ਸੇਵਾ ਨਿਭਾਈ ਹੈ, ਬਣਦੇ ਸਤਿਕਾਰ ਦਾ ਹੱਕਦਾਰ ਹੈ । ਮੈਂ ਐਸੇ ਹਰ ਵਿਅਕਤੀ ਤੇ ਜੱਥੇਬੰਦੀ ਨੂੰ ਸਲਾਮ ਕਰਦਾ ਹਾਂ ।

ਗਜਿੰਦਰ ਸਿੰਘ, ਦਲ ਖਾਲਸਾ ।
6.8.2020
…………………….

Have something to say? Post your comment