Thursday, September 24, 2020
FOLLOW US ON

Article

ਕਸੂਰਵਾਰ ਕੌਣ/ਕਰਮਜੀਤ ਕੌਰ ( ਅੰਜੂ )

September 04, 2020 07:22 PM

ਕਸੂਰਵਾਰ ਕੌਣ/ਕਰਮਜੀਤ ਕੌਰ ( ਅੰਜੂ )


ਲੋਹੇ ਲਾਖੇ ਹੋਈ ਬੰਤੋ ਕੰਧ ਨਾਲ ਲੱਗੀ ਛੋਟੀ ਜਿਹੀ ਪਰ ਮਜ਼ਬੂਤ ਡਾਂਗ ਚੁੱਕਦੀ ਐ--" ਆਖਿਰ ਕਦ ਤੱਕ ਤੇਰੀਆਂ ਸਹਿੰਦੀ ਰਹੁੰਗੀ...?" ਕਹਿੰਦੀ ਹੋਈ ਦੇਹਲੀ ਤੇ ਪਏ ਨਸ਼ੇ ਚ ਧੁੱਤ ਆਪਣੇ ਪਤੀ ਹਰਨਾਮੇ ਤੇ ਵਾਰ ਕਰਨ ਲੱਗਦੀ ਐ, ਉਸਦੀ ਸੱਸ ਮੰਨੋ ਸੋਟੀ ਫੜ੍ਹ ਉਸਨੂੰ ਰੋਕਦੀ ਐ--।" ਨਾ ਨੀ ਧੀਏ, ਨਾ ਮਾਰ,ਮਰਜੂਗਾ--ਇਹ ਤਾਂ ਪਹਿਲਾਂ ਹੀ ਮਰਿਆ ਪਿਆ " ਕਹਿੰਦੀ ਹੋਈ ਆਪਣੇ ਪੁੱਤ ਨੂੰ ਮੋਢੇ ਤੋਂ ਉਠਾਲਦੀ ਹੈ ਪਰ ਉਹ ਹੈ ਕਿ ਟੱਸ ਤੋਂ ਮੱਸ ਨਹੀਂ ਹੋ ਰਿਹਾ।ਬੰਤੋ ਗੁੱਸੇ ਵਿੱਚ ਥਾਂਈ ਸੋਟੀ ਸੁੱਟ ਅੰਦਰ ਨੂੰ ਚਲੀ ਜਾਂਦੀ ਹੈ।
                                           ਹਰਨਾਮਾ ਦੇਹਲੀ ਤੇ ਪਿਆ ਹੀ ਕੂਕਦਾ ਰਹਿੰਦਾ।ਉੱਚੀ-ਉੱਚੀ ਆਵਾਜ਼ ਵਿੱਚ ਬੋਲਦਾ,ਬੁੜਬੁੜਾਉਂਦਾ,ਘਰ ਦਿਆਂ ਨੂੰ ਗਾਲਾਂ ਕੱਢਦਾ।ਪਹਿਲਾਂ ਤਾਂ ਗੁਆਂਢੀ ਉਸ ਨੂੰ ਚੁੱਪ ਕਰਵਾ ਦਿੰਦੇ ਪਰ ਹੁਣ ਤਾਂ ਉਸ ਦਾ ਰੋਜ ਦਾ ਹੀ ਕੰਮ ਹੋ ਗਿਆ।ਗੁਆਂਢੀ ਵੀ ਅਵੇਸਲੇ ਜਿਹੇ ਹੋ ਬੂਹੇ ਭੇੜ ਅੰਦਰ ਹੀ ਬੈਠੇ ਰਹਿੰਦੇ।
                                            ਹਰਨਾਮੇ ਦਾ ਇੱਕ ਪੁੱਤਰ ਤਿੰਨ ਸਾਲ ਦਾ ਸੀ ਤੇ ਦੂਸਰਾ ਬੱਚਾ ਬੰਤੋ ਦੇ ਪੇਟ ਵਿੱਚ।ਮੰਨੋ ਦੁਚਿੱਤੀ ਜਿਹੀ ਵਿੱਚ ਅੰਦਰ ਜਾਂਦੀ ਹੈ।ਬੈੱਡ ਤੇ ਇਕੱਠੀ ਜਿਹੀ ਹੋ ਕੇ ਪਈ ਬੰਤੋ ਨੂੰ ਮੋਢੇ ਤੇ ਹੱਥ ਰੱਖ ਉਠਾਲਦੀ ਹੋਈ ਕਹਿੰਦੀ ਹੈ--" ਆ...ਨੀ ਧੀਏ,ਲੈ ਆਈਏ ਕਲੇਸ਼ੀ ਨੂੰ ਅੰਦਰ,ਕਦੋਂ ਦਾ ਲੱਗਿਆ ਗਲੀ ਚ ਖੱਪ ਪਾਉਣ।" ਬੰਤੋ ਮੂੰਹੋਂ ਕੁੱਝ ਨਾ ਬੋਲੀ।ਉਸਦੇ ਹੰਝੂ ਨਹੀਂ ਸੀ ਰੁਕ ਰਹੇ।" ਕੀ ਕਰਾਂ ਨੀ ਮਾਂ,ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਗਈ,ਕੀ ਕਸੂਰ ਸੀ ਮੇਰਾ,ਮੈਨੂੰ ਨਰਕਾਂ ਵਰਗੀ ਜ਼ਿੰਦਗੀ ਜਿਉਣੀ ਪੈ ਰਹੀ ਐ।ਮੰਨੋ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਘੁੱਟਦੀ ਹੋਈ ਕਹਿੰਦੀ ਹੈ," ਕਿਉਂ ਵਿਆਹਿਆ ਸੀ ਇਸ ਨੂੰ ਏਦੂੰ ਤਾਂ ਕੁਆਰਾ ਹੀ ਰੱਖ ਲੈਂਦੀ--ਐਨੇ ਜੀਆਂ ਦਾ ਸੰਤਾਪ ਤਾਂ ਨਾ ਹੰਢਾਉਂਦੀ, ਤੇਰੇ ਇੱਕ ਗਲਤ ਫੈਸਲੇ ਨੇ ਮੈਨੂੰ ਵੀ ਕੱਖਾਂ ਦਾ ਕਰ ਦਿੱਤਾ।ਹੱਸਦੀ-ਖੇਡਦੀ ਨੂੰ ਬੇਜਾਨ ਬੁੱਤ ਬਣਾ ਕੇ ਰੱਖ ਦਿੱਤਾ।ਆਹ ਦੇਖ ਮਾਂ.....।" ਆਪਣੇ ਤਿੰਨ ਸਾਲਾਂ ਬੱਚੇ ਦੀ ਬਾਂਹ ਫੜ੍ਹ ਰੋਂਦੀ ਹੋਈ ਕਹਿੰਦੀ ਹੈ..." ਪਿਓ ਦਾ ਪਿਆਰ ਕੀ ਹੁੰਦਾ,ਇਸ ਨੂੰ ਨਹੀਂ ਪਤਾ,ਡਰਿਆ ਸਹਿਮਿਆ ਜਿਹਾ ਸਾਹ ਘੁੱਟ ਕੇ ਪਿਆ ਰਹਿੰਦਾ।ਜੇ ਮਾਂ-ਬਾਪ ਤੋਂ ਹੀ ਬੱਚਿਆਂ ਨੂੰ ਸੰਸਕਾਰ ਮਿਲਦੇ ਨੇ ਤਾਂ ਡਰਦੀ ਆਂ ਕਿਧਰੇ ਮੇਰੇ ਦਿੱਤੇ ਸੰਸਕਾਰਾਂ ਤੇ ਪਿਉ ਦੇ ਸੰਸਕਾਰ ਭਾਰੀ ਨਾ ਪੈ ਜਾਣ।ਜੇ ਇਵੇਂ ਹੋ ਗਿਆ ਤਾਂ....." ਮੰਨੋ ਰੋਂਦੀ ਹੋਈ ਬੰਤੋ ਨੂੰ ਚੁੱਪ ਕਰਵਾਉਂਦੀ ਹੈ--" ਨਾ ਨੀ ਧੀਏ,ਐਂਵੇ ਨਾ ਕਹਿ ਸਬਰ ਕਰ।ਮੈਨੂੰ ਕੀ ਪਤਾ ਸੀ ਇਹ ਇਹੋ ਜਿਹਾ ਕਪੂਤ ਨਿਕਲੂਗਾ,ਮੈਂ ਤਾਂ ਸੋਚਦੀ ਸੀ ਕਿ ਕੀਆ ਕੋਈ ਕਰਮਾਂ ਵਾਲੀ ਇਸ ਨੂੰ ਸੁਧਾਰ ਹੀ ਦੇਵੇ।ਕੀਆ ਜੀਵਣ ਸਾਥਣ ਦਾ ਪਿਆਰ ਇਸ ਨੂੰ ਬੁਰਾਈ ਦੇ ਰਾਸਤੇ ਤੋਂ ਵਾਪਿਸ ਮੋੜ ਲਿਆਵੇ, ਖੌਰੇ! ਇਸ ਵਿੱਚ ਕੋਈ ਸੁਧਾਰ ਹੀ ਹੋ ਜਾਵੇ।ਪਰ ਮੈਂ ਗਲਤ ਸੀ।ਤੇਰਾ ਕੋਈ ਕਸੂਰ ਨੀ ਤੂੰ ਤਾਂ ਬਹੁਤ ਕੋਸ਼ਿਸ਼ ਕੀਤੀ ਧੀਏ।ਬੰਦਾ ਕਈ ਵਾਰੀ ਰਾਖਸ਼ ਬਿਰਤੀ ਤਾਂ ਆਸਾਨੀ ਨਾਲ ਅਪਣਾ ਲੈਂਦਾ ਪਰ ਫਿਰ ਮੁੜ ਬੰਦਾ ਬਣਨਾ ਉਸ ਲਈ ਬੜਾ ਮੁਸ਼ਕਿਲ ਹੁੰਦਾ--ਬੜਾ ਮੁਸ਼ਕਿਲ।" ਕਹਿੰਦੀ ਹੋਈ ਗੋਡਿਆਂ ਭਾਰ ਧਰਤੀ ਤੇ ਜਾ ਬਹਿੰਦੀ ਹੈ।
                                                        ਇੰਨੇ ਹਰਨਾਮਾ ਵੀ ਔਖਾ-ਸੌਖਾ ਹੋ ਕੰਧ ਨੂੰ ਹੱਥ ਪਾ ਉੱਠਦਾ ਹੋਇਆ ਅੰਦਰ ਆਉਂਦਾ ਹੈ।ਵਿਹੜੇ ਵਿੱਚ ਮਾਂ ਕੋਲ ਹੀ ਛਪਾਲ ਜਾ ਡਿੱਗਦਾ ਹੈ।ਬੰਤੋ ਚੀਕਦੀ ਹੈ--" ਫਿਰ ਕਸੂਰਵਾਰ ਕੌਣ ਐ ਮਾਂ...ਕਸੂਰਵਾਰ ਕੌਣ ਐ ?" ਉਸਦੀ ਚੀਕ ਹਨੇਰੇ ਵਿੱਚ ਕਿਧਰੇ ਗੁੰਮ ਹੋ ਜਾਂਦੀ ਹੈ।ਰਾਤ ਚੁੱਪ ਹੈ ਤਾਰੇ ਖਾਮੋਸ਼ ਨੇ।ਪਿਛਲੀ ਗਲੀ ਦੇ ਨੁੱਕਰ ਤੇ ਖੁੱਲੇ ਠੇਕੇ ਦੀ ਹਵਾੜ ਉਸਨੂੰ ਅੰਬਰ ਸਾੜਦੀ ਪ੍ਰਤੀਤ ਹੁੰਦੀ ਹੈ।
                  

                                                  ਕਰਮਜੀਤ ਕੌਰ ( ਅੰਜੂ )
                                                         ਮਾਨਸਾ
                                                     ੭੦੦੯੯੨੩੦੩੦

Have something to say? Post your comment